Friday, November 4, 2022

                                                    ਸਕੂਲ ਸਿੱਖਿਆ
                             ਕੌਮੀ ਸਰਵੇ ’ਚ ‘ਪੰਜਾਬ ਮਾਡਲ’ ਛਾਇਆ..
                                                     ਚਰਨਜੀਤ ਭੁੱਲਰ     

ਚੰਡੀਗੜ੍ਹ :ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਸਕੂਲ ਸਿੱਖਿਆ ਪ੍ਰਣਾਲੀ ਦੀ ਕਾਰਗੁਜ਼ਾਰੀ ’ਤੇ ਆਧਾਰਿਤ ਜਾਰੀ ਕੌਮੀ ਸਰਵੇ ’ਚ ‘ਪੰਜਾਬ ਮਾਡਲ’ ਬਾਜ਼ੀ ਮਾਰ ਗਿਆ ਹੈ। ਦੇਸ਼ ’ਚੋਂ ਪਹਿਲੇ ਨੰਬਰ ’ਤੇ ਰਹਿਣ ਵਾਲੇ ਤਿੰਨ ਸੂਬਿਆਂ ’ਚ ਪੰਜਾਬ ਵੀ ਸ਼ਾਮਲ ਹੈ, ਜਿਸ ਨੇ ਕੇਰਲਾ ਅਤੇ ਮਹਾਰਾਸ਼ਟਰ ਵਾਂਗ ਇੱਕ ਹਜ਼ਾਰ ਅੰਕਾਂ ’ਚੋਂ 928 ਅੰਕ ਪ੍ਰਾਪਤ ਕੀਤੇ ਹਨ। ਕੌਮੀ ਸਰਵੇ ’ਚ ਦਿੱਲੀ ਅੱਠਵੇਂ ਨੰਬਰ ’ਤੇ ਹੈ ਜਿਸ ਨੇ 899 ਸਕੋਰ ਪ੍ਰਾਪਤ ਕੀਤੇ ਹਨ ਜਦੋਂ ਕਿ ਗੁਜਰਾਤ ਨੇ 903 ਅੰਕਾਂ ਨਾਲ ਪੰਜਵਾਂ ਸਥਾਨ ਹਾਸਲ ਕੀਤਾ ਹੈ। ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ ਵੱਲੋਂ ‘ਪਰਫਾਰਮੈਂਸ ਗਰੇਡਿੰਗ ਇੰਡੈਕਸ-2020-21’ ਵਿੱਚ ਸਕੂਲੀ ਸਿੱਖਿਆ ਦੀ ਕਾਰਗੁਜ਼ਾਰੀ ਅਤੇ ਪ੍ਰਾਪਤੀਆਂ ਨੂੰ ਅਧਾਰ ਬਣਾਇਆ ਗਿਆ ਹੈ। ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਅਤੇ ਨੀਤੀ ਨਿਰਮਾਣ ਵਾਸਤੇ ਇਹ ਕੌਮੀ ਸਰਵੇ ਕੀਤਾ ਜਾਂਦਾ ਹੈ। ਪਰਫਾਰਮੈਂਸ ਗਰੇਡਿੰਗ ਇੰਡੈਕਸ (ਪੀਜੀਆਈ) ’ਚ 70 ਸੂਚਕਾਂ ’ਤੇ ਆਧਾਰਿਤ 1000 ਸਕੋਰ ਸ਼ਾਮਲ ਕੀਤੇ ਜਾਂਦੇ ਹਨ। ਇਹ ਚੌਥਾ ਕੌਮੀ ਸਰਵੇ ਹੈ ਜੋ ਅੱਜ ਗੁਜਰਾਤ ਚੋਣਾਂ ਦੇ ਐਲਾਨ ਮੌਕੇ ਜਾਰੀ ਕੀਤਾ ਗਿਆ ਹੈ।

          ਪੰਜਾਬ ’ਚ ਕਾਂਗਰਸੀ ਹਕੂਮਤ ਦੇ ਚੌਥੇ ਵਰ੍ਹੇ 2020-21 ਦੇ ਸਮੇਂ ਦੀ ਸਕੂਲ ਸਿੱਖਿਆ ਦੀ ਕਾਰਗੁਜ਼ਾਰੀ ਨੂੰ ਇਸ ਕੌਮੀ ਸਰਵੇ ਦਾ ਅਧਾਰ ਬਣਾਇਆ ਗਿਆ ਹੈ। ਇਹ ਕੌਮੀ ਸਰਵੇ ਜਿੱਥੇ ਪੰਜਾਬ ਲਈ ਖੁਸ਼ਖਬਰ ਹੈ, ਉੱਥੇ ਕਾਂਗਰਸੀ ਇਸ ਸਰਵੇ ਦੇ ਆਧਾਰ ’ਤੇ ਦਮਗਜ਼ੇ ਮਾਰਨਗੇ। ਰਿਪੋਰਟ ਅਨੁਸਾਰ ਇਸ ਕੌਮੀ ਸਰਵੇ ’ਚ ਮੁਲਾਂਕਣ ਵਾਸਤੇ ਦਸ ਗਰੇਡ ਬਣਾਏ ਗਏ ਹਨ। ਇੱਕ ਹਜ਼ਾਰ ਅੰਕਾਂ ’ਚੋਂ 951-1000 ਦਰਮਿਆਨ ਸਕੋਰ ਲੈਣ ਵਾਲੇ ਨੂੰ ਗਰੇਡ ਲੈਵਲ ਇੱਕ ਰੱਖਿਆ ਗਿਆ ਹੈ ਅਤੇ ਇਸ ਲੈਵਲ ’ਚ ਕੋਈ ਵੀ ਸੂਬਾ ਥਾਂ ਨਹੀਂ ਲੈ ਸਕਿਆ ਹੈ। 901 ਤੋਂ 950 ਅੰਕ ਹਾਸਲ ਕਰਨ ਵਾਲੇ ਸੂਬਿਆਂ ਨੂੰ ਲੈਵਲ-ਟੂ ਵਿਚ ਰੱਖਿਆ ਗਿਆ ਹੈ ਜਿਸ ਵਿਚ ਸੱਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਥਾਂ ਲਈ ਹੈ, ਜੋ ਸਭ ਤੋਂ ਸਿਖਰ ’ਤੇ ਰਹੇ ਹਨ। ਇਨ੍ਹਾਂ ਵਿਚ ਪੰਜਾਬ, ਗੁਜਰਾਤ, ਆਂਧਰਾ ਪ੍ਰਦੇਸ਼, ਕੇਰਲਾ, ਮਹਾਰਾਸ਼ਟਰ, ਰਾਜਸਥਾਨ ਅਤੇ ਚੰਡੀਗੜ੍ਹ ਸ਼ਾਮਲ ਹਨ। 851 ਤੋਂ 900 ਅੰਕ ਪ੍ਰਾਪਤ ਕਰਨ ਵਾਲੇ 12 ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ, ਜਿਨ੍ਹਾਂ ਵਿਚ ਦਿੱਲੀ ਵੀ ਸ਼ਾਮਲ ਹੈ। 

         ਪੰਜਾਬ ’ਚ ਹਮੇਸ਼ਾ ‘ਦਿੱਲੀ ਮਾਡਲ’ ਦੀ ਧੂਮ ਪੈਂਦੀ ਰਹੀ ਹੈ ਜਦੋਂ ਕਿ ਇਸ ਕੌਮੀ ਸਰਵੇ ਦਾ ਅਧਾਰ ਬਣੇ ਪੰਜ ਡੋਮੇਨਾਂ ’ਚ ਪੰਜਾਬ ਨੇ ਦਿੱਲੀ ਨੂੰ ਪਛਾੜ ਦਿੱਤਾ ਹੈ। ਇਨ੍ਹਾਂ ਸਮਿਆਂ ’ਚ ਸਕੂਲ ਸਿੱਖਿਆ ਦੀ ਵਾਗਡੋਰ ਤਤਕਾਲੀ ਸਕੱਤਰ ਕ੍ਰਿਸ਼ਨ ਕੁਮਾਰ ਦੇ ਹੱਥ ਰਹੀ ਸੀ। ਕੌਮੀ ਸਰਵੇ ’ਚ ‘ਬੱਚਿਆਂ ਦੇ ਸਿੱਖਣ ਅਤੇ ਗੁਣਵੱਤਾ’ ਦੇ 180 ਅੰਕ ਰੱਖੇ ਗਏ ਸਨ ਜਿਨ੍ਹਾਂ ਚੋਂ ਪੰਜਾਬ ਨੇ 126 ਅੰਕ ਪ੍ਰਾਪਤ ਕੀਤੇ ਜਦੋਂ ਕਿ ਦਿੱਲੀ ਨੂੰ 124 ਅੰਕ ਹਾਸਲ ਹੋਏ ਹਨ। ਗੁਜਰਾਤ ਨੂੰ 152 ਅੰਕ ਮਿਲੇ ਹਨ। ਸਕੂਲੀ ਸਿੱਖਿਆ ਦੇ ‘ਬੁਨਿਆਦੀ ਢਾਂਚੇ ਅਤੇ ਸਹੂਲਤਾਂ’ ਦੇ ਕੁੱਲ 150 ਅੰਕਾਂ ਚੋਂ ਪੰਜਾਬ ਨੇ 150 ਸਕੋਰ ਪ੍ਰਾਪਤ ਕੀਤੇ ਹਨ ਜਦੋਂ ਕਿ ਦਿੱਲੀ ਨੂੰ 148 ਅੰਕ ਮਿਲੇ ਹਨ। ਗੁਜਰਾਤ ਨੂੰ 123 ਅੰਕ ਪ੍ਰਾਪਤ ਹੋਏ ਹਨ। ਇਸੇ ਤਰ੍ਹਾਂ ‘ਸਕੂਲੀ ਸਿੱਖਿਆ ਤੱਕ ਪਹੁੰਚ’ ਦੇ 80 ਅੰਕ ਰੱਖੇ ਗਏ ਹਨ ਜਿਨ੍ਹਾਂ ਚੋਂ ਪੰਜਾਬ ਅਤੇ ਦਿੱਲੀ ਦੇ ਬਰਾਬਰ 79-79 ਅੰਕ ਪ੍ਰਾਪਤ ਕੀਤੇ ਹਨ। 

          ਇਸ ਤੋਂ ਇਲਾਵਾ ‘ਪ੍ਰਬੰਧਕੀ ਸੁਧਾਰ’ ਦੇ 360 ਅੰਕਾਂ ’ਚੋਂ ਪੰਜਾਬ ਨੂੰ 348 ਅੰਕ ਮਿਲੇ ਹਨ ਜਦੋਂ ਕਿ ਦਿੱਲੀ ਨੂੰ 324 ਅੰਕ ਪ੍ਰਾਪਤ ਹੋਏ ਹਨ। ਗੁਜਰਾਤ ਨੂੰ 331 ਸਕੋਰ ਪ੍ਰਾਪਤ ਹੋਏ ਹਨ।ਪਰਫਾਰਮੈਂਸ ਗਰੇਡਿੰਗ ਇੰਡੈਕਸ ਵਿੱਚ 230 ਨੰਬਰ ‘ਸਿੱਖਿਆ ਦੇ ਸਮਾਨ ਮੌਕੇ’ ਲਈ ਰੱਖੇ ਗਏ ਸਨ ਜਿਨ੍ਹਾਂ ਚੋਂ ਪੰਜਾਬ ਨੇ 225 ਅਤੇ ਦਿੱਲੀ ਨੇ 224 ਅੰਕ ਹਾਸਲ ਕੀਤੇ ਹਨ ਜਦੋਂ ਕਿ ਗੁਜਰਾਤ ਨੂੰ 214 ਅੰਕ ਮਿਲੇ ਹਨ। ਇਹ ਕੌਮੀ ਸਰਵੇ ਉਨ੍ਹਾਂ ਖੇਤਰਾਂ ਦੀ ਵੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਸੂਬਿਆਂ ਨੂੰ ਸੁਧਾਰ ਕਰਨ ਦੀ ਲੋੜ ਹੈ। ਪੰਜਾਬ ਦੇ ਸਿੱਖਿਆ ਮਾਡਲ ਨੇ ਇਸ ਕੌਮੀ ਸਰਵੇ ਵਿਚ ਸਿਖਰਲੀ ਥਾਂ ਹਾਸਲ ਕਰਕੇ ਪੂਰੇ ਮੁਲਕ ਭਰ ਵਿਚ ਆਪਣੀ ਸ਼ਾਨ ਬਣਾ ਲਈ ਹੈ। ਇਸ ਤੋਂ ਪਹਿਲਾਂ ਨੈਸ਼ਨਲ ਅਚੀਵਮੈਂਟ ਸਰਵੇ ਵਿਚ ਵੀ ਪੰਜਾਬ ਨੇ ਝੰਡੀ ਲਈ ਸੀ।

No comments:

Post a Comment