Monday, March 30, 2026

 ਸਿਆਸੀ ਚੰਦਾ
 ਭਾਜਪਾ ਦੀ ਚਾਂਦੀ, ‘ਆਪ’ ਦਾ ਮੰਦਾ
ਚਰਨਜੀਤ ਭੁੱਲਰ 

ਚੰਡੀਗੜ੍ਹ : ਸਿਆਸੀ ਧਿਰਾਂ ਨੂੰ ਮਿਲੇ ਚੰਦੇ ’ਤੇ ਝਾਤ ਮਾਰੀਏ ਤਾਂ ਪੰਜਾਬ ਵਿੱਚੋਂ ਸਭ ਤੋਂ ਵੱਧ ਸਿਆਸੀ ਚੰਦਾ ਲੈਣ ’ਚ ਭਾਜਪਾ ਮੋਹਰੀ ਹੈ ਅਤੇ ਆਮ ਆਦਮੀ ਪਾਰਟੀ ਨੂੰ ਸੂਬੇ ’ਚੋਂ ਮਾਮੂਲੀ ਚੰਦਾ ਮਿਲਿਆ ਹੈ; ਹਾਲਾਂਕਿ ਪੇਂਡੂ ਪੰਜਾਬ ਦੀ ਭਾਜਪਾ ਪ੍ਰਤੀ ਨਰਾਜ਼ਗੀ ਭਾਵੇਂ ਕਿਸੇ ਤੋਂ ਲੁਕੀ ਨਹੀਂ। ਪੰਜਾਬ ਦੇ ਕਾਰਪੋਰੇਟਾਂ ਤੇ ਕਾਰੋਬਾਰੀ ਘਰਾਣਿਆਂ ਨੇ ਭਾਜਪਾ ਦੀ ਝੋਲੀ ਖੁੱਲ੍ਹੇ ਗੱਫੇ ਪਾਏ ਹਨ। ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ ਦੀਆਂ ਲੰਘੇ ਤਿੰਨ ਸਾਲਾਂ ਦੀਆਂ ਰਿਪੋਰਟਾਂ ਦੀ ਘੋਖ ਤੋਂ ਇਹ ਨਵੇਂ ਤੱਥ ਸਾਹਮਣੇ ਆਏ ਹਨ। 2024-25 ਦੌਰਾਨ ਪੰਜਾਬ ’ਚੋਂ ਭਾਜਪਾ ਨੂੰ 60.29 ਕਰੋੜ ਰੁਪਏ ਚੰਦਾ ਮਿਲਿਆ। ਇਕੱਲੇ ਕਾਰਪੋਰੇਟਾਂ ਨੇ ਤਿੰਨੋਂ ਧਿਰਾਂ ਨੂੰ 57.10 ਕਰੋੜ ਰੁਪਏ ਦਾ ਚੰਦਾ ਦਿੱਤਾ, ਜਿਸ ’ਚੋਂ ਵੱਡਾ ਹਿੱਸਾ ਭਾਜਪਾ ਦੇ ਹਿੱਸੇ ਆਇਆ। 

     ਸੱਤਾ ’ਚ ਹੋਣ ਦੇ ਬਾਵਜੂਦ ‘ਆਪ’ ਨੂੰ 71 ਲੱਖ ਰੁਪਏ ਚੰਦਾ ਮਿਲਿਆ, ਜਦੋਂ ਕਿ ਸੂਬੇ ’ਚ ਦੂਜੇ ਨੰਬਰ ’ਤੇ ਰਹੀ ਕਾਂਗਰਸ ਨੂੰ 3.73 ਕਰੋੜ ਰੁਪਏ ਮਿਲੇ ਹਨ। ਲੰਘੇ ਤਿੰਨ ਵਰ੍ਹਿਆਂ (2022-23 ਤੋਂ 2024-25) ’ਚ ਭਾਜਪਾ ਨੂੰ ਸਭ ਤੋਂ ਵੱਧ 65.95 ਕਰੋੜ ਰੁਪਏ ਚੰਦਾ ਮਿਲਿਆ, ‘ਆਪ’ ਨੂੰ 1.27 ਕਰੋੜ ਅਤੇ ਕਾਂਗਰਸ ਨੂੰ 6.71 ਕਰੋੜ ਰੁਪਏ ਚੰਦਾ ਮਿਲਿਆ। ਤਿੰਨ ਸਾਲਾਂ ਦੌਰਾਨ ਪੰਜਾਬ ਦੇ ਇਕੱਲੇ ਕਾਰਪੋਰੇਟਾਂ ਅਤੇ ਕਾਰੋਬਾਰੀਆਂ ਨੇ ਤਿੰਨੋ ਪ੍ਰਮੁੱਖ ਪਾਰਟੀਆਂ ਨੂੰ 62.58 ਕਰੋੜ ਦਾ ਚੰਦਾ ਦਿੱਤਾ ਹੈ, ਵਿਅਕਤੀਗਤ ਤੌਰ ’ਤੇ 11.46 ਕਰੋੜ ਰੁਪਏ ਦਾ ਚੰਦਾ ਦਿੱਤਾ ਗਿਆ ਹੈ। ਗੁਆਂਢੀ ਸੂਬੇ ਹਰਿਆਣਾ ’ਚ ਵੀ ਭਾਜਪਾ ਨੂੰ ਚੰਦੇ ਦੇ ਗੱਫੇ ਮਿਲੇ ਹਨ। ਲੰਘੇ ਤਿੰਨ ਸਾਲਾਂ ਵਿੱਚ ਹਰਿਆਣਾ ’ਚ ਭਾਜਪਾ ਨੂੰ 196.40 ਕਰੋੜ, ਕਾਂਗਰਸ ਨੂੰ 40 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ।

      ਆਮ ਆਦਮੀ ਪਾਰਟੀ ਨੂੰ ਹਰਿਆਣਾ ’ਚ ਪੰਜਾਬ ਨਾਲੋਂ ਕਿਤੇ ਵੱਧ ਚੰਦਾ ਮਿਲਿਆ ਹੈ, ਜੋ 12.29 ਕਰੋੜ ਰੁਪਏ ਹੈ। ਹਰਿਆਣਾ ਵਿੱਚ ਤਿੰਨ ਸਾਲਾਂ ਦੌਰਾਨ ਕਾਰਪੋਰੇਟਾਂ ਨੇ ਸਭ ਧਿਰਾਂ ਨੂੰ ਕੁੱਲ 186.31 ਕਰੋੜ ਰੁਪਏ ਚੰਦਾ ਦਿੱਤਾ। ਇਸੇ ਤਰ੍ਹਾਂ ਦਿੱਲੀ ’ਚ ਤਿੰਨ ਸਾਲਾਂ ਦੌਰਾਨ ਭਾਜਪਾ ਨੂੰ 3453.35 ਕਰੋੜ, ਕਾਂਗਰਸ ਨੂੰ 412.15 ਕਰੋੜ ਅਤੇ ਆਮ ਆਦਮੀ ਪਾਰਟੀ ਨੂੰ 37.07 ਕਰੋੜ ਰੁਪਏ ਚੰਦਾ ਮਿਲਿਆ। ਆਮ ਆਦਮੀ ਪਾਰਟੀ ਨੂੰ ਜ਼ਿਆਦਾ ਚੰਦਾ ਪਰਚੂਨ ’ਚ ਮਿਲਿਆ ਹੈ, ਕਾਰਪੋਰੇਟਾਂ ਨੇ ਭਾਜਪਾ ਨੂੰ ਖੁੱਲ੍ਹੇ ਗੱਫੇ ਵਰਤਾਏ ਹਨ। ਸਿਆਸੀ ਵਿਸ਼ਲੇਸ਼ਕ ਪ੍ਰੋ. ਜਗਰੂਪ ਸਿੰਘ ਸੇਖੋਂ ਆਖਦੇ ਹਨ ਕਿ ਸਿਆਸੀ ਚੰਦਾ ਆਮ ਤੌਰ ’ਤੇ ਕਾਰਪੋਰੇਟ ਹੀ ਦਿੰਦੇ ਹਨ, ਜੋ ਹਵਾ ਦਾ ਰੁਖ਼ ਦੇਖ ਕੇ ਹੀ ਵਿੱਤੀ ਮਦਦ ਦਾ ਫ਼ੈਸਲਾ ਕਰਦੇ ਹਨ।

       ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸਾਲ 2024-25 ਦੌਰਾਨ ਪੰਜਾਬ ਵਿੱਚੋਂ ‘ਆਪ’ ਨਾਲੋਂ ਵੱਧ ਚੰਦਾ ਮਿਲਿਆ ਹੈ। ਚੋਣ ਕਮਿਸ਼ਨ ਦੀ ਰਿਪੋਰਟ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੂੰ ਸਾਲ 2024-25 ਦੌਰਾਨ 4.06 ਕਰੋੜ ਦਾ ਚੰਦਾ ਮਿਲਿਆ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਵੱਧ ਚੰਦਾ 1.81 ਕਰੋੜ ਔਰਬਿਟ ਰਿਜਾਰਜ ਲਿਮਟਿਡ ਨੇ ਦਿੱਤਾ ਹੈ ਅਤੇ ਔਰਬਿਟ ਏਵੀਏਸ਼ਨ ਨੇ 10 ਲੱਖ ਰੁਪਏ ਦਾ ਚੰਦਾ ਦਿੱਤਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪਾਰਟੀ ਨੂੰ ਮਿਲੇ ਚੰਦੇ ਤੋਂ ਇਹ ਸਾਫ਼ ਹੈ ਕਿ ਪੰਜਾਬ ਦੇ ਸਨਅਤ ਮਾਲਕਾਂ ਨੂੰ ਭਾਜਪਾ ਤੋਂ ਹੀ ਉਮੀਦਾਂ ਹਨ। ਸੂਬੇ ’ਚੋਂ ਸਨਅਤੀ ਘਰਾਣੇ ਪਰਵਾਸ ਕਰ ਰਹੇ ਹਨ ਅਤੇ ਇਹ ਰੁਝਾਨ ਇਸ ਗੱਲ ਦਾ ਗਵਾਹ ਹੈ ਕਿ ਸਨਅਤਕਾਰਾਂ ਦਾ ਭਰੋਸਾ ਭਾਜਪਾ ’ਤੇ ਬੱਝਾ ਹੋਇਆ ਹੈ। ਸੂਬੇ ’ਚ ਸਨਅਤੀ ਵਿਕਾਸ ਲਈ ਸਨਅਤਕਾਰਾਂ ਦੀ ਭਾਜਪਾ ’ਤੇ ਟੇਕ ਹੈ।

                        ਫੈਡਰਲ ਏਜੰਸੀਆਂ ਦਾ ਡਰ ਵੱਡਾ: ਮੀਤ ਹੇਅਰ

‘ਆਪ’ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਭਾਜਪਾ ਦੇ ਖ਼ੌਫ਼ ਕਾਰਨ ਸਨਅਤ ਮਾਲਕਾਂ ਨੂੰ ਮਜਬੂਰੀ ਵੱਸ ਚੰਦਾ ਦੇਣਾ ਪੈਂਦਾ ਹੈ, ਉਦਯੋਗਪਤੀ ‘ਆਪ’ ਸਰਕਾਰ ਨਾਲ ਅਪਣੱਤ ਰੱਖਦੇ ਹਨ। ਕੇਂਦਰ ਦੀ ਭਾਜਪਾ ਸਰਕਾਰ ਕੋਲ ਫੈਡਰਲ ਏਜੰਸੀਆਂ ਸਭ ਤੋਂ ਵੱਡਾ ਹਥਿਆਰ ਹੈ, ਜਿਸ ਦੇ ਬਲਬੂਤੇ ਸਭ ਕੁੱਝ ਚੱਲਦਾ ਹੈ।

                      ਪੰਜਾਬ ’ਚੋਂ ਪ੍ਰਾਪਤ ਸਿਆਸੀ ਚੰਦਾ

ਵਿੱਤੀ ਸਾਲ        ਭਾਜਪਾ          ਕਾਂਗਰਸ          ਆਮ ਆਦਮੀ ਪਾਰਟੀ

2024-25      60.29 ਕਰੋੜ        3.73 ਕਰੋੜ           71 ਲੱਖ

2023-24       5.34 ਕਰੋੜ        1.92 ਕਰੋੜ         11.50 ਲੱਖ

2022-23       32.12 ਲੱਖ        1.06 ਕਰੋੜ         44.60 ਲੱਖ

ਕੁੱਲ          65.95 ਕਰੋੜ        6.71 ਕਰੋੜ          1.27 ਕਰੋੜ

No comments:

Post a Comment