Showing posts with label Farmers. Show all posts
Showing posts with label Farmers. Show all posts

Tuesday, October 24, 2017

                                 ਕਰਜ਼ਾ ਮੁਆਫੀ 
                   ਅੱਠ ਸੌ ਕਰੋੜ 'ਚ ਪਏ 'ਲਾਰੇ'
                                 ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਭਰ ਦੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੀ ਝਾਕ ਨੇ ਕਰੀਬ 800 ਕਰੋੜ ਦਾ ਰਗੜਾ ਲਾ ਦਿੱਤਾ ਹੈ ਜਿਨ•ਾਂ ਨੇ 'ਲੰਮੇ ਸਮੇਂ ਦੇ ਕਰਜ਼ੇ' ਚੁੱਕੇ ਹੋਏ ਸਨ। ਕਰਜ਼ਾ ਮੁਆਫ਼ੀ ਦੀ ਆਸ ਨੇ ਕਰੀਬ 33 ਹਜ਼ਾਰ ਨਵੇਂ ਕਿਸਾਨਾਂ ਨੂੰ ਡਿਫਾਲਟਰ ਬਣਾ ਦਿੱਤਾ ਹੈ। ਜਦੋਂ ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਿਰਾਂ ਨੇ ਕਰਜ਼ਾ ਮੁਆਫ਼ੀ ਦੇ ਐਲਾਨ ਕੀਤੇ ਤਾਂ ਰੈਗੂਲਰ ਕਿਸ਼ਤਾਂ ਭਰਨ ਵਾਲੇ ਕਿਸਾਨਾਂ ਨੇ ਵੀ ਕਿਸ਼ਤ ਭਰਨੀ ਬੰਦ ਕਰ ਦਿੱਤੀ। ਕੈਪਟਨ ਸਰਕਾਰ ਨੇ ਹੁਣ ਸਪੱਸ਼ਟ ਕੀਤਾ ਹੈ ਕਿ ਕਰਜ਼ਾ ਮੁਆਫ਼ੀ 'ਚ 'ਲੰਮੇ ਸਮੇਂ ਦੇ ਕਰਜ਼ੇ' ਸ਼ਾਮਲ ਨਹੀਂ ਹਨ ਜਿਸ ਦਾ ਮਤਲਬ ਹੈ ਕਿ ਖੇਤੀ ਵਿਕਾਸ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨ 'ਕਰਜ਼ਾ ਮੁਆਫ਼ੀ' ਦੇ ਘੇਰੇ ਵਿਚ ਨਹੀਂ ਆਉਂਦੇ ਹਨ। ਪੰਜਾਬ ਭਰ 'ਚ 89 ਖੇਤੀ ਵਿਕਾਸ ਬੈਂਕਾਂ ਹਨ ਜਿਨ•ਾਂ ਨੇ ਐਤਕੀਂ ਕਿਸਾਨਾਂ ਤੋਂ 1800 ਕਰੋੜ ਦੀ ਵਸੂਲੀ ਕਰਨੀ ਹੈ। ਵੇਰਵਿਆਂ ਅਨੁਸਾਰ ਜਦੋਂ ਸਿਆਸੀ ਧਿਰਾਂ ਨੇ ਕਰਜ਼ਾ ਮੁਆਫ਼ੀ ਦੇ ਚੋਣਾਂ ਤੋਂ ਪਹਿਲਾਂ ਐਲਾਨ ਕੀਤੇ ਸਨ ਤਾਂ ਉਦੋਂ ਪਹਿਲੀ ਅਕਤੂਬਰ 2016 ਨੂੰ ਪੰਜਾਬ ਵਿਚ ਖੇਤੀ ਵਿਕਾਸ ਬੈਂਕਾਂ ਦੇ ਡਿਫਾਲਟਰ ਕਿਸਾਨਾਂ ਦੀ ਗਿਣਤੀ 59,950 ਸੀ ਜਿਨ•ਾਂ ਦੇ ਸਿਰ 'ਤੇ 652 ਕਰੋੜ ਦਾ ਕਰਜ਼ਾ ਸੀ।
                   ਉਸ ਮਗਰੋਂ ਕਰਜ਼ਾ ਮੁਆਫ਼ੀ ਦੀ ਝਾਕ 'ਚ ਕਿਸਾਨਾਂ ਨੇ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ ਜਿਸ ਦਾ ਨਤੀਜੇ ਵਜੋਂ ਹੁਣ ਇਨ•ਾਂ ਬੈਂਕਾਂ ਦੇ ਡਿਫਾਲਟਰ ਕਿਸਾਨਾਂ ਦੀ ਗਿਣਤੀ ਵਧ ਕੇ 93,778 ਹੋ ਗਈ ਹੈ ਜਿਨ•ਾਂ ਸਿਰ ਕਰਜ਼ਾ ਵਧਕੇ 1440 ਕਰੋੜ ਰੁਪਏ ਹੋ ਗਿਆ ਹੈ। ਮੁਆਫ਼ੀ ਦੀ ਝਾਕ 'ਚ ਡਿਫਾਲਟਰਾਂ ਵਿਚ 33,828 ਕਿਸਾਨ ਨਵੇਂ ਜੁੜ ਗਏ ਅਤੇ ਕਰਜ਼ੇ ਵਿਚ ਵੀ 788 ਕਰੋੜ ਦਾ ਵਾਧਾ ਹੋ ਗਿਆ। ਬੈਂਕ ਅਧਿਕਾਰੀ ਦੱਸਦੇ ਹਨ ਕਿ ਕਰਜ਼ਾ ਮੁਆਫ਼ੀ ਦੀ ਝਾਕ ਨੇ ਤਾਂ 'ਗੁੱਡ ਪੇਅ ਮਾਸਟਰਾਂ' 'ਤੇ ਵੀ ਦਾਗ ਲਾ ਦਿੱਤਾ ਹੈ ਜਿਨ•ਾਂ ਨੂੰ ਰੈਗੂਲਰ ਕਿਸ਼ਤਾਂ ਤਾਰਨ 'ਤੇ ਬੈਂਕ ਵਲੋਂ 0.5 ਫੀਸਦੀ ਤੋਂ ਇੱਕ ਫੀਸਦੀ ਛੋਟ ਦਿੱਤੀ ਜਾਂਦੀ ਸੀ। ਰੈਗੂਲਰ ਕਿਸ਼ਤਾਂ ਤਾਰਨ ਵਾਲੇ ਕਿਸਾਨਾਂ ਦੇ ਮੱਥੇ 'ਤੇ ਹੁਣ ਡਿਫਾਲਟਰ ਹੋਣ ਦਾ ਦਾਗ ਲੱਗ ਗਿਆ ਹੈ। ਪੰਜਾਬ ਭਰ ਦੇ ਖੇਤੀ ਵਿਕਾਸ ਬੈਂਕਾਂ ਦੀ ਕਰਜ਼ਾ ਮੁਆਫ਼ੀ ਨੇ ਚੂਲ ਹਿਲਾ ਕੇ ਰੱਖ ਦਿੱਤਾ ਹੈ। ਪਿਛਲੇ ਵਰੇ• ਦੇ ਝੋਨੇ ਦੀ ਸੀਜ਼ਨ ਵਿਚ ਇਨ•ਾਂ ਬੈਂਕਾਂ ਦੀ ਵਸੂਲੀ ਦਰ ਇਕਦਮ ਡਿੱਗ ਕੇ 17.48 ਫੀਸਦੀ ਰਹਿ ਗਈ।
                   ਐਤਕੀਂ ਕਣਕ ਦੇ ਸੀਜ਼ਨ ਇਹ ਵਸੂਲੀ ਦਰ ਹੋਰ ਘੱਟ ਕੇ 9.58 ਫੀਸਦੀ ਹੀ ਰਹਿ ਗਈ। ਜੋ ਹੁਣ ਵਸੂਲੀ ਸ਼ੁਰੂ ਹੋਈ ਹੈ, ਉਸ 'ਚ ਹੁਣ ਤੱਕ ਸਿਰਫ਼ 6.01 ਫੀਸਦੀ ਵਸੂਲੀ ਹੀ ਹੋਈ ਹੈ।  ਕਰਜ਼ਾ ਮੁਆਫ਼ੀ ਦਾ ਸੱਚ ਬਾਹਰ ਆਉਣ ਮਗਰੋਂ ਖੇਤੀ ਵਿਕਾਸ ਬੈਂਕਾਂ ਦੇ ਕਰਜ਼ਾਈ ਕਿਸਾਨ ਲੁੱਟੇ ਹੋਏ ਮਹਿਸੂਸ ਕਰ ਰਹੇ ਹਨ। ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਮੁਆਫ਼ੀ ਦੀ ਝਾਕ ਨੇ ਕਿਸਾਨਾਂ 'ਤੇ ਦੋਹਰਾ ਬੋਝ ਵਧਾ ਦਿੱਤਾ ਹੈ ਅਤੇ ਇੱਧਰ ਬੈਂਕਾਂ ਦੇ ਖ਼ਜ਼ਾਨੇ ਨੂੰ ਵੀ ਸੱਟ ਵੱਜੀ ਹੈ। ਬੀ.ਕੇ.ਯੂ (ਸਿੱਧੂਪੁਰ) ਦੇ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ ਦਾ ਪ੍ਰਤੀਕਰਮ ਸੀ ਕਿ ਸਰਕਾਰ ਨੇ ਕੀਤੇ ਮੁਕੰਮਲ ਵਾਅਦੇ ਨੂੰ ਲਾਗੂ ਨਹੀਂ ਕੀਤਾ ਅਤੇ ਖੇਤੀ ਵਿਕਾਸ ਬੈਂਕਾਂ ਦੇ ਕਰਜ਼ਾਈ ਕਿਸਾਨਾਂ ਦੇ ਭਾਰ ਹੋਰ ਵਧਾ ਦਿੱਤੇ ਹਨ। ਅਧਿਕਾਰੀ ਦੱਸਦੇ ਹਨ ਕਿ ਕਿਸਾਨਾਂ ਨੇ ਕਰਜ਼ਾ ਮੁਆਫ਼ੀ ਦੇ ਚੱਕਰ ਵਿਚ ਵਿਆਜ ਦਾ ਵਾਧੂ ਬੋਝ ਵਧਾ ਲਿਆ ਹੈ ਜੋ ਕਿਸਾਨਾਂ ਦੀ ਗੱਡੀ ਲੀਹੋਂ ਲਾਹੇਗਾ।
                                ਖੇਤੀ ਵਿਕਾਸ ਬੈਂਕ ਮੁਆਫ਼ੀ ਦੇ ਘੇਰੇ ਤੋਂ ਬਾਹਰ : ਐਮ.ਡੀ
ਖੇਤੀ ਵਿਕਾਸ ਬੈਂਕਾਂ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਹਰਿੰਦਰ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਸਪੱਸ਼ਟ ਅਪੀਲ ਕੀਤੀ ਹੈ ਕਿ ਖੇਤੀ ਵਿਕਾਸ ਬੈਂਕ ਕਰਜ਼ਾ ਮੁਆਫ਼ੀ ਦੇ ਘੇਰੇ ਚੋਂ ਬਾਹਰ ਹਨ ਜਿਸ ਕਰਕੇ ਕਿਸਾਨ ਮੌਜੂਦਾ ਫਸਲ ਦੌਰਾਨ ਬਕਾਇਆ ਕਿਸ਼ਤਾਂ ਤਾਰ ਦੇਣ। ਉਨ•ਾਂ ਆਖਿਆ ਕਿ ਮੁਆਫ਼ੀ ਦੀ ਝਾਕ ਵਿਚ ਡਿਫਾਲਟਰਾਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਇਆ ਹੈ। ਉਨ•ਾਂ ਆਸ ਕੀਤੀ ਕਿ ਐਤਕੀਂ ਫਸਲੀ ਪੈਦਾਵਾਰ ਚੰਗੀ ਹੈ ਤੇ ਕਿਸਾਨ ਕਿਸ਼ਤਾਂ ਤਾਰ ਕੇ ਮੁੜ ਗੱਡੀ ਲੀਹ 'ਤੇ ਪਾ ਸਕਦੇ ਹਨ।
                                   ਡਿਫਾਲਟਰ ਕਿਸਾਨਾਂ ਦੇ ਕਰਜ਼ੇ ਦੀ ਮੌਜੂਦਾ ਸਥਿਤੀ
 ਜ਼ਿਲ•ੇ ਦਾ ਨਾਮ                  ਡਿਫਾਲਟਰ ਕਿਸਾਨਾਂ ਵੱਲ ਖੜ•ੀ ਬਕਾਇਆ ਰਾਸ਼ੀ
1.  ਫਿਰੋਜ਼ਪੁਰ                                          320.87 ਕਰੋੜ
2.  ਮੁਕਤਸਰ                                           131.86 ਕਰੋੜ
3.   ਸੰਗਰੂਰ                                             103.04 ਕਰੋੜ
4.   ਬਠਿੰਡਾ                                              99.69 ਕਰੋੜ
5.   ਮਾਨਸਾ                                              93.77 ਕਰੋੜ
   

Tuesday, September 17, 2013

                                                                                  
                                                                   ਹੰਝੂਆਂ ਦੀ ਰਮਜ਼
                                                ਬੱਸ ਇੱਕ ਤਸਵੀਰ ਹੀ ਬਚੀ ਹੈ...
                                                                    ਚਰਨਜੀਤ ਭੁੱਲਰ
ਬਠਿੰਡਾ : ਬਿਰਧ ਔਰਤ ਗੁਰਮੇਲ ਕੌਰ ਕੋਲ ਹੁਣ ਕੁਝ ਨਹੀਂ ਬਚਿਆ।ਜਦੋਂ ਖੇਤ ਹੀ ਨਹੀਂ ਰਹੇ ਤਾਂ ਉਹ ਨਸੀਬ ਕਿਥੋਂ ਫਰੋਲੇ। ਘਰਾਂ ਦੀ ਬਰਕਤ ਹੀ ਰੁੱਸ ਗਈ, ਉਹ ਕਿਥੋਂ ਧਰਵਾਸ ਲਵੇ। ਪੈਲੀ ਦੇ ਵਾਰਸ ਹੁਣ ਖ਼ਾਲੀ ਹੱਥ ਹੋ ਗਏ ਹਨ। ਖੇਤੀ ਕਰਜ਼ੇ ਨੇ ਇਨ੍ਹਾਂ ਵਾਰਸਾਂ ਤੋਂ ਖੇਤ ਖੋਹ ਲਏ ਹਨ। ਇੱਥੋਂ ਤੱਕ ਕਿ ਕਰਜ਼ੇ ਨੇ ਇਸ ਵਿਧਵਾ ਨੂੰ ਘਰ ਦੀ ਦੇਹਲੀ ਤੋਂ ਵੀ ਬਾਹਰ ਕਰ ਦਿੱਤਾ। ਖੇਤੀ ਕਰਜ਼ੇ ਵਿੱਚ ਟਰੈਕਟਰ ਵਿਕ ਗਿਆ ਅਤੇ ਮਗਰੋਂ ਪਸ਼ੂ ਵੀ ਵੇਚਣੇ ਪੈ ਗਏ।ਨਾ ਘਰ ਬਚਿਆ ਤੇ ਨਾ ਹੀ ਜ਼ਮੀਨ। ਵਿਧਵਾ ਗੁਰਮੇਲ ਕੌਰ ਕੋਲ ਹੁਣ ਸਿਰਫ਼ ਸਿਰ ਦੇ ਸਾਈਂ ਦੀ ਇਕ ਤਸਵੀਰ ਬਚੀ ਹੈ, ਜੋ ਇਸ ਕਰਜ਼ੇ ਤੋਂ ਹਾਰ ਕੇ ਖ਼ੁਦਕੁਸ਼ੀ ਕਰ ਗਿਆ ਸੀ। ਜੇ ਹਕੂਮਤ ਸਭ ਕੁਝ ਗੁਆ ਬੈਠੀ ਇਸ ਵਿਧਵਾ ਦੇ ਹੰਝੂਆਂ ਦੀ ਰਮਜ਼ ਸਮਝਦੀ ਤਾਂ ਅੱਜ ਉਸ ਨੂੰ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀ ਸਰਕਾਰੀ ਕੋਠੀ ਅੱਗੇ ਪਤੀ ਦੀ ਤਸਵੀਰ ਦੀ ਤਖ਼ਤੀ ਬਣਾ ਕੇ ਲਹਿਰਾਉਣਾ ਨਾ ਪੈਂਦਾ। ਪਿੰਡ ਅਕਲੀਆ ਦੀ 65 ਵਰ੍ਹਿਆਂ ਦੀ ਗੁਰਮੇਲ ਕੌਰ ਨੇ ਸਿਰਫ਼ ਏਨਾ ਆਖਿਆ ਕਿ ਬੱਸ ਏਹ ਤਸਵੀਰ ਹੀ ਬਚੀ ਹੈ, ਹੋਰ ਕੁਝ ਨਹੀਂ। ਉਸ ਨੇ ਭਰੇ ਮਨ ਨਾਲ ਆਖਿਆ ਕਿ ਸਰਕਾਰ ਨੇ ਉਨ੍ਹਾਂ ਦੀ ਕਦੇ ਬਾਂਹ ਨਹੀਂ ਫੜੀ, ਸ਼ਾਇਦ ਇਹ ਤਸਵੀਰ ਹੀ ਸਰਕਾਰ ਨੂੰ ਜਗਾ ਦੇਵੇ। ਉਸ ਦਾ ਪਤੀ ਗੁਰਮੇਲ ਸਿੰਘ ਵਿਤੋਂ ਬਾਹਰ ਹੋਏ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਗਿਆ ਸੀ। ਹੁਣ ਇਹ ਪਰਿਵਾਰ ਕਿਰਾਏ ਦੇ ਮਕਾਨ ਵਿੱਚ ਬੈਠਾ ਹੈ। ਗੁਰਮੇਲ ਕੌਰ ਦੇ ਦੋ ਲੜਕੇ ਹਨ, ਜੋ ਦਿਹਾੜੀ ਕਰਨ ਵਾਸਤੇ ਮਜਬੂਰ ਹਨ। ਇਕਲੌਤੀ ਲੜਕੀ ਨੂੰ ਇਸ ਵਿਧਵਾ ਦੇ ਪੇਕਿਆਂ ਨੇ ਬੂਹੇ ਤੋਂ ਉਠਾਇਆ ਹੈ।
                 ਪਿੰਡ ਕੇਸਰ ਸਿੰਘ ਵਾਲਾ ਦੀ ਵਿਧਵਾ ਹਰਪਾਲ ਕੌਰ ਦਾ ਖੇਤਾਂ ਦੇ ਕਰਜ਼ੇ ਨੇ ਮਾਨਸਿਕ ਤਵਾਜ਼ਨ ਵਿਗਾੜ ਦਿੱਤਾ ਹੈ। ਘਰ ਦੀ ਸਾਰੀ 9 ਏਕੜ ਜ਼ਮੀਨ ਖੇਤੀ ਕਰਜ਼ੇ ਨੇ ਖਾ ਲਈ। ਜਦੋਂ ਇਸ ਔਰਤ ਦਾ ਪਤੀ ਮੱਖਣ ਸਿੰਘ ਖ਼ੁਦਕੁਸ਼ੀ ਕਰ ਗਿਆ ਤਾਂ ਉਹ ਇਕੱਲੀ ਹੋ ਗਈ। ਉਹ ਦੱਸਦੀ ਹੈ ਕਿ ਉਹ ਹੁਣ ਮਾਨਸਿਕ ਤੌਰ ਤੇ ਠੀਕ ਨਹੀਂ ਤੇ ਜ਼ਿੰਦਗੀ ਦੀ ਗੱਡੀ ਦਵਾਈ ਸਹਾਰੇ ਚੱਲਦੀ ਹੈ। ਇਸ ਔਰਤ ਨੇ ਦੱਸਿਆ ਕਿ ਆਮਦਨ ਦਾ ਕੋਈ ਜ਼ਰੀਆ ਨਹੀਂ ਬਚਿਆ। ਉਸ ਨੇ ਆਪਣੀ ਪਤੀ ਦੀ ਤਸਵੀਰ ਦਿਖਾਈ ਤੇ ਆਖਿਆ ਸਿਰਫ਼ ਇਹ ਇਕ ਯਾਦ ਬਚੀ ਹੈ। ਉਸ ਦੇ ਬੱਚੇ ਵੀ ਹਾਲੇ ਸਕੂਲਾਂ ਵਿੱਚ ਪੜ੍ਹ ਰਹੇ ਹਨ। ਉਹ ਆਖਦੀ ਹੈ ਕਿ ਪੇਕਿਆਂ ਤੋਂ ਸਹਾਰਾ ਨਾ ਮਿਲਦਾ ਤਾਂ ਸ਼ਾਇਦ ਬੱਚਿਆਂ ਨੂੰ ਸਕੂਲ ਵੇਖਣਾ ਵੀ ਨਸੀਬ ਨਹੀਂ ਹੋਣਾ ਸੀ। ਉਹ ਖ਼ੁਦ ਆਂਗਨਵਾੜੀ ਕੇਂਦਰ ਵਿੱਚ ਕੰਮ ਕਰਦੀ ਹੈ। ਇਹ ਔਰਤ ਵੀ ਆਪਣੇ ਪਤੀ ਦੀ ਤਸਵੀਰ ਨੂੰ ਬਠਿੰਡਾ ਵਿੱਚ ਵਿਧਵਾ ਔਰਤਾਂ ਦੇ ਹੋਏ ਇਕੱਠ ਵਿੱਚ ਚੁੱਕ ਕੇ ਵਾਰ ਵਾਰ ਦਿਖਾ ਰਹੀ ਸੀ।ਪਿੰਡ ਸਿਰੀਏ ਵਾਲਾ ਦੀ ਵਿਧਵਾ ਸੁਰਜੀਤ ਕੌਰ ਕੋਲੋਂ ਪਤੀ ਵੀ ਖੁਸ ਗਿਆ ਅਤੇ ਜ਼ਮੀਨ ਵੀ। ਕਰਜ਼ੇ ਨੇ ਸਭ ਕੁਝ ਖੋਹ ਲਿਆ। ਕਿਸਾਨ ਬਲਦੇਵ ਸਿੰਘ ਦੇ ਸਿਰ 9 ਲੱਖ ਦਾ ਕਰਜ਼ਾ ਸੀ। ਉਸ ਦੀ ਵਿਧਵਾ ਸੁਰਜੀਤ ਕੌਰ ਦੇ ਤਿੰਨ ਧੀਆਂ ਹਨ। ਅੱਜ ਇਨ੍ਹਾਂ ਨੰਨ੍ਹੀਆਂ ਛਾਂਵਾਂ ਦੀ ਮਾਂ ਖ਼ੁਦ ਧੁੱਪ ਵਿੱਚ ਬੈਠ ਕੇ ਆਪਣੇ ਦੁੱਖਾਂ ਦੀ ਪੋਟਲੀ ਫਰੋਲ ਰਹੀ ਸੀ। ਇਸ ਉਮੀਦ ਨਾਲ ਕਿ ਸਰਕਾਰੀ ਦਰਬਾਰ ਵਿੱਚੋਂ ਸ਼ਾਇਦ ਕੋਈ ਠੰਢਾ ਬੁੱਲਾ ਆ ਜਾਵੇ।
                   ਪਿੰਡ ਕੋਠਾ ਗੁਰੂ ਦੇ ਕਿਸਾਨ ਸੁਖਦੇਵ ਸਿੰਘ ਦੀ ਜ਼ਿੰਦਗੀ ਨੂੰ ਵੀ ਵਕਤ ਨੇ ਹਲੂਣ ਦਿੱਤਾ। ਜਦੋਂ ਕਰਜ਼ੇ ਵਿੱਚ ਇਕ ਏਕੜ ਜ਼ਮੀਨ ਵਿਕ ਗਈ ਤਾਂ ਉਸ ਦੀ ਪਤਨੀ ਸੁਖਪ੍ਰੀਤ ਕੌਰ ਸਦਮੇ ਵਿੱਚ ਖ਼ੁਦਕੁਸ਼ੀ ਕਰ ਗਈ। ਸੁਖਪ੍ਰੀਤ ਕੌਰ ਦੀ ਸੱਸ ਕੋਲ ਹੁਣ ਸਿਰਫ਼ ਸੁਫਨੇ ਹੀ ਬਚੇ ਹਨ, ਜੋ ਦਿਨ ਰਾਤ ਡਰਾਉਂਦੇ ਹਨ।ਨੌਜਵਾਨ ਭਾਰਤ ਸਭਾ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਿਰਧ ਬੱਸ ਹੁਣ ਪਿੰਡ ਵਿੱਚ ਸਰਦਾਰਾਂ ਦੇ ਘਰਾਂ ਵਿੱਚ ਪੋਚੇ ਲਾਉਣ ਲਈ ਮਜਬੂਰ ਹਨ। ਪਿੰਡ ਕੇਸਰ ਸਿੰਘ ਵਾਲਾ ਦੇ ਮਜ਼ਦੂਰ ਪਰਿਵਾਰ ਦੀ ਵੀਰਪਾਲ ਕੌਰ ਦਾ ਪਤੀ ਵੀ ਇਸ ਦੁਨੀਆ ਵਿੱਚ ਨਹੀਂ ਰਿਹਾ। ਉਸ ਦੇ ਤਿੰਨ ਛੋਟੇ ਬੱਚੇ ਹਨ, ਜਿਨ੍ਹਾਂ ਨੂੰ ਪੜ੍ਹਾਉਣ ਲਈ ਉਹ ਪਾਪੜ ਵੇਲ ਰਹੀ ਹੈ। ਪਿੰਡ ਦੇ ਆਂਗਨਵਾੜੀ ਕੇਂਦਰ ਵਿੱਚ ਉਹ ਕੰਮ ਕਰਦੀ ਹੈ, ਜਿਸ ਕਰ ਕੇ ਸਰਕਾਰ ਨੇ ਉਸ ਦੀ ਵਿਧਵਾ ਪੈਨਸ਼ਨ ਕੱਟ ਦਿੱਤੀ ਹੈ ਅਤੇ ਨਾਲ ਹੀ ਬੱਚਿਆਂ ਨੂੰ ਮਿਲਦੀ ਮਾਲੀ ਇਮਦਾਦ ਵੀ ਬੰਦ ਹੋ ਗਈ ਹੈ। ਏਦਾਂ ਦੀ ਕਹਾਣੀ ਹਰ ਵਿਧਵਾ ਔਰਤ ਦੀ ਹੈ, ਜਿਨ੍ਹਾਂ ਦੇ ਪਤੀ ਖੇਤਾਂ ਦੇ ਸੰਕਟ ਨੇ ਖ਼ੁਦਕਸ਼ੀ ਦੇ ਰਾਹ ਪਾ ਦਿੱਤੇ ਸਨ। ਕਈ ਬਿਰਧ ਔਰਤਾਂ ਦੇ ਹੱਥਾਂ ਵਿੱਚ ਜਵਾਨ ਪੁੱਤਾਂ ਦੀ ਤਸਵੀਰ ਵੀ ਫੜੀ ਹੋਈ ਸੀ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਇਨ੍ਹਾਂ ਵਿਧਵਾ ਔਰਤਾਂ ਦੇ ਦੁੱਖ ਵੰਡਾਏ ਹਨ ਅਤੇ ਇਨ੍ਹਾਂ ਦੀ ਲਾਮਬੰਦੀ ਕਰ ਕੇ ਸਰਕਾਰ ਤੋਂ ਹੱਕ ਮੰਗਣ ਵਾਸਤੇ ਸੰਘਰਸ਼ੀ ਰਾਹ ਤਿਆਰ ਕੀਤੇ ਹਨ।
                                                            ਨੰਨ੍ਹੀ ਛਾਂ ਨੂੰ ਲੱਗੇ ਰਗੜੇ  
ਨੰਨ੍ਹੀ ਛਾਂ ਮੁਹਿੰਮ ਦੀ ਸੰਸਥਾਪਕ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵਿਧਵਾ ਔਰਤਾਂ ਨੇ ਚੰਗੇ ਰਗੜੇ ਲਾਏ। ਮਹਿਲਾ ਬੁਲਾਰਿਆਂ ਨੇ ਤਾਂ ਗੱਲ ਗੱਲ 'ਤੇ ਨੰਨ੍ਹੀ ਛਾਂ ਆਖ ਕੇ ਸੰਬੋਧਨ ਕੀਤਾ। ਸੰਸਦ ਮੈਂਬਰ ਨੂੰ ਸੰਬੋਧਨ ਹੁੰਦੇ ਹਰਿੰਦਰ ਕੌਰ ਬਿੰਦੂ ਨੇ ਆਖਿਆ ਕਿ ਨੰਨ੍ਹੀ ਛਾਂ ਦਾ ਰੌਲਾ ਪਾਉਣ ਵਾਲੀ ਆਗੂ ਅੱਜ ਧੁੱਪ ਵਿੱਚ ਬੈਠੀਆਂ ਇਨ੍ਹਾਂ ਨੰਨ੍ਹੀਆਂ ਛਾਂਵਾਂ ਦੇ ਚਿਹਰੇ ਪੜ੍ਹੇ, ਜਿਨ੍ਹਾਂ ਦੇ ਬਾਬਲ ਉਨ੍ਹਾਂ ਦੇ ਹੋਸ਼ ਸੰਭਾਲਣ ਤੋਂ ਪਹਿਲਾਂ ਹੀ ਜ਼ਿੰਦਗੀ ਤੋਂ ਵਿਦਾ ਹੋ ਗਏ। ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਘਰ ਅੱਗੇ ਕੀਤੇ ਮੁਜ਼ਾਹਰੇ ਵਿੱਚ ਵਿਧਵਾ ਔਰਤਾਂ ਦੇ ਨਾਲ ਉਨ੍ਹਾਂ ਦੇ ਛੋਟੇ ਬੱਚੇ ਵੀ ਸਨ, ਜਿਨ੍ਹਾਂ ਦੇ ਹੱਥਾਂ ਵਿੱਚ ਪਿਤਾ ਦੀ ਤਸਵੀਰ ਵਾਲੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ।
                                                       ਚੋਣਾਂ ਨੇ ਅਫ਼ਸਰਾਂ ਦੇ ਹੱਥ ਬੰਨ੍ਹੇ
ਲੋਕ ਸਭਾ ਚੋਣਾਂ ਨੇ ਬਠਿੰਡਾ ਦੇ ਅਫਸਰਾਂ ਦੇ ਹੱਥ ਬੰਨ੍ਹ ਦਿੱਤੇ ਹਨ। ਬਠਿੰਡਾ ਦੇ ਵੱਡੇ ਸਿਵਲ ਤੇ ਪੁਲੀਸ ਅਫਸਰ ਜੋ ਮਿੰਨੀ ਸਕੱਤਰੇਤ ਲਾਗੇ ਕਿਸੇ ਸੰਘਰਸ਼ੀ ਨੂੰ ਫਟਕਣ ਨਹੀਂ ਦਿੰਦੇ ਸਨ, ਅੱਜ ਉਨ੍ਹਾਂ ਖ਼ੁਦ ਕਿਸਾਨਾਂ ਦੀਆਂ ਵਿਧਵਾਵਾਂ ਨੂੰ ਮੁਜ਼ਾਹਰੇ ਕਰਨ ਵਾਸਤੇ ਮਿੰਨੀ ਸਕੱਤਰੇਤ ਦੇ ਨਾਲ ਜਗ੍ਹਾ ਦੀ ਚੋਣ ਕਰ ਕੇ ਦਿੱਤੀ। ਜ਼ਿਲ੍ਹਾ ਮੈਜਿਸਟਰੇਟ ਨੇ ਦਫ਼ਾ 144 ਲਾਈ ਹੋਈ ਹੈ ਅਤੇ ਪ੍ਰਸ਼ਾਸਨ ਨੇ ਧਰਨਿਆਂ-ਮੁਜ਼ਾਹਰਿਆਂ ਵਾਸਤੇ ਸ਼ਹਿਰ ਤੋਂ ਦੂਰ ਜਗ੍ਹਾ ਵੀ ਅਲਾਟ ਕੀਤੀ ਹੋਈ ਹੈ। ਪਹਿਲਾਂ ਤਾਂ ਸੰਘਰਸ਼ੀ ਲੋਕਾਂ ਨੂੰ ਇਥੇ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਹੁਣ ਸਰਕਾਰ ਲੋਕ ਸਭਾ ਚੋਣਾਂ ਕਰ ਕੇ ਕਿਸੇ ਨਵੇਂ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦੀ।

Saturday, December 22, 2012

                             ਕਾਰਪੋਰੇਟੀ ਦਬਦਬਾ
      ਪੈਲ਼ੀਆਂ ਚੋ ਬਾਹਰ ਕੀਤੇ ਖੇਤਾਂ ਦੇ ਪੁੱਤ
                                ਚਰਨਜੀਤ ਭੁੱਲਰ
ਬਠਿੰਡਾ : ਪ੍ਰਾਈਵੇਟ ਕੰਪਨੀਆਂ ਵੱਲੋਂ ਤਾਪ ਬਿਜਲੀ ਘਰ ਲਾਉਣ ਲਈ ਪੰਜਾਬ ਦੀ ਕਰੀਬ ਪੰਜ ਹਜ਼ਾਰ ਏਕੜ ਜ਼ਮੀਨ 'ਚੋਂ ਕਿਸਾਨਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ। ਪੰਜਾਬ ਦੇ 5136 ਏਕੜ ਰਕਬੇ ਦੀ ਮਾਲਕੀ ਜੋ ਪਹਿਲਾਂ ਕਿਸਾਨਾਂ ਦੇ ਨਾਂ ਬੋਲਦੀ ਸੀ,ਉਨ੍ਹਾਂ ਜ਼ਮੀਨਾਂ ਦੀ ਮਾਲਕੀ ਹੁਣ ਪ੍ਰਾਈਵੇਟ ਕੰਪਨੀਆਂ ਕੋਲ ਆ ਗਈ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕੰਪਨੀਆਂ ਨੂੰ ਜ਼ਮੀਨ ਲੈ ਕੇ ਦੇਣ ਵਾਸਤੇ ਵਿਚੋਲਗੀ ਕੀਤੀ ਗਈ ਹੈ। ਰਾਜ ਸਰਕਾਰ ਨੇ ਇਨ੍ਹਾਂ ਜ਼ਮੀਨਾਂ ਨੂੰ ਐਕੁਆਇਰ ਕੀਤਾ ਹੈ ਤੇ ਕੰਪਨੀਆਂ ਹਵਾਲੇ ਕਰ ਦਿੱਤਾ ਗਿਆ ਹੈ। ਪ੍ਰਾਈਵੇਟ ਕੰਪਨੀਆਂ ਹੁਣ ਪਿੰਡਾਂ ਵਿੱਚ ਜ਼ਮੀਨਾਂ ਦੀਆਂ ਮਾਲਕ ਬਣ ਗਈਆਂ ਹਨ ਜਦੋਂ ਕਿ ਜ਼ਮੀਨਾਂ ਦੇ ਅਸਲੀ ਮਾਲਕ ਹੁਣ ਪਿੰਡ ਤੋਂ ਬਾਹਰ ਕਰ ਦਿੱਤੇ ਗਏ ਹਨ। ਕਿਸਾਨਾਂ ਨੂੰ ਜੋ ਮੁਆਵਜ਼ਾ ਦਿੱਤਾ ਗਿਆ ਹੈ,ਉਹ ਪ੍ਰਾਈਵੇਟ ਕੰਪਨੀਆਂ ਦੇ ਖ਼ਜ਼ਾਨੇ 'ਚੋਂ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਇਨ੍ਹਾਂ ਤਾਪ ਬਿਜਲੀ ਘਰਾਂ ਵਾਸਤੇ ਕੋਈ ਵੀ ਧੇਲਾ ਖਰਚ ਨਹੀਂ ਕੀਤਾ।ਪੰਜਾਬ ਵਿੱਚ ਨਵੇਂ ਲੱਗ ਰਹੇ ਚਾਰ ਤਾਪ ਬਿਜਲੀ ਘਰਾਂ ਵਾਸਤੇ 5136 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਹੈ ਜਿਸ ਦਾ ਕਿਸਾਨਾਂ ਨੂੰ 1045.37 ਕਰੋੜ ਰੁਪਏ ਮੁਆਵਜ਼ਾ ਦਿੱਤਾ ਗਿਆ ਹੈ।
            ਪਾਵਰਕੌਮ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਦਿੱਤੇ ਗਏ ਹਨ,ਉਨ੍ਹਾਂ ਮੁਤਾਬਿਕ ਪੰਜਾਬ ਸਰਕਾਰ ਨੇ ਇਨ੍ਹਾਂ ਚਾਰ ਤਾਪ ਬਿਜਲੀ ਘਰਾਂ ਵਾਸਤੇ 2008 ਵਿੱਚ ਹੀ ਜ਼ਮੀਨਾਂ ਐਕੁਆਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਅਣਗਿਣਤ ਕਿਸਾਨ ਇਨ੍ਹਾਂ ਪ੍ਰਾਈਵੇਟ ਕੰਪਨੀਆਂ ਦੀ ਮਾਰ ਹੇਠ ਆ ਗਏ ਹਨ। ਪੰਜਾਬ ਸਰਕਾਰ ਇਨ੍ਹਾਂ ਪ੍ਰਾਈਵੇਟ ਕੰਪਨੀਆਂ ਦੇ ਸਹਾਰੇ ਪੰਜਾਬ ਨੂੰ ਬਿਜਲੀ ਪੈਦਾਵਾਰ ਵਿੱਚ ਸਰਪਲੱਸ ਸੂਬਾ ਬਣਾਉਣਾ ਚਾਹੁੰਦੀ ਹੈ। ਪਾਵਰਕੌਮ ਵੱਲੋਂ ਕੋਈ ਵੀ ਨਵਾਂ ਤਾਪ ਬਿਜਲੀ ਘਰ ਨਹੀਂ ਲਾਇਆ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਵਿੱਚ ਇੱਕ ਪ੍ਰਾਈਵੇਟ ਕੰਪਨੀ ਨੂੰ ਜ਼ਮੀਨ ਦੇਣ ਵਾਸਤੇ ਸਰਕਾਰ ਨੇ ਜਬਰ ਦਾ ਹਥਿਆਰ ਵੀ ਵਰਤਿਆ। ਮਾਲ ਵਿਭਾਗ ਦੇ ਕਾਗਜ਼ਾਂ ਵਿੱਚ ਹੁਣ ਕਿਸਾਨਾਂ ਦੀ ਥਾਂ ਪ੍ਰਾਈਵੇਟ ਕੰਪਨੀਆਂ ਦਾ ਨਾਂ ਬੋਲਣ ਲੱਗਾ ਹੈ। ਸੂਚਨਾ ਅਨੁਸਾਰ ਤਲਵੰਡੀ ਸਾਬੋ ਥਰਮਲ ਪ੍ਰਾਜੈਕਟ ਲਈ 2113 ਏਕੜ,5 ਕਨਾਲ ਤੇ 4 ਮਰਲੇ ਜ਼ਮੀਨ ਐਕੁਆਇਰ ਕੀਤੀ ਗਈ ਹੈ ਤੇ ਇੱਥੇ ਨਹਿਰੀ ਜ਼ਮੀਨ ਦਾ ਮੁਆਵਜ਼ਾ ਪ੍ਰਤੀ ਏਕੜ 10.40 ਲੱਖ ਰੁਪਏ ਦਿੱਤਾ ਗਿਆ ਹੈ। ਪਿੰਡ ਬਣਾਵਾਲੀ ਸਮੇਤ ਤਿੰਨ ਪਿੰਡਾਂ ਦੀ ਜ਼ਮੀਨ ਸਰਕਾਰ ਨੇ ਫਰਵਰੀ 2008 ਵਿੱਚ ਐਕੁਆਇਰ ਕੀਤੀ। ਪ੍ਰਾਈਵੇਟ ਕੰਪਨੀ ਨੇ ਇਨ੍ਹਾਂ ਕਿਸਾਨਾਂ ਨੂੰ 282.63 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ। ਇਨ੍ਹਾਂ ਪਿੰਡਾਂ ਦੇ ਮਾਲਕ ਕਈ ਕਿਸਾਨਾਂ ਨੂੰ ਤਾਂ ਪੰਜਾਬ ਵੀ ਛੱਡਣਾ ਪੈ ਗਿਆ ਹੈ। ਉਹ ਹੁਣ ਹਰਿਆਣਾ ਵਿੱਚ ਖੇਤੀ ਕਰਨ ਲੱਗੇ ਹਨ।
             ਇੰਡੀਆ ਬੁੱਲ ਲਿਮਟਿਡ ਨਵੀਂ ਦਿੱਲੀ ਕੰਪਨੀ ਵੱਲੋਂ ਪਿੰਡ ਗੋਬਿੰਦੁਪਰਾ ਵਿੱਚ 871 ਏਕੜ,9 ਕਨਾਲ,10 ਮਰਲੇ ਜ਼ਮੀਨ ਦੀ ਮਾਲਕ ਬਣ ਚੁੱਕੀ ਹੈ। ਇਸ ਕੰਪਨੀ ਵਲੋਂ 187 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਕਰ ਦਿੱਤੀ ਗਈ ਹੈ। ਕਾਫ਼ੀ ਕਿਸਾਨਾਂ ਨੇ ਇਹ ਅਦਾਇਗੀ ਲੈਣ ਤੋਂ ਇਨਕਾਰ ਵੀ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਪ੍ਰਾਈਵੇਟ ਕੰਪਨੀ ਦੇ ਤਾਪ ਬਿਜਲੀ ਘਰ ਵਾਸਤੇ ਪਿੰਡ ਗੋਬਿੰਦਪੁਰਾ ਦੀਆਂ ਨੌਜਵਾਨ ਧੀਆਂ 'ਤੇ ਵੀ ਪੁਲੀਸ ਕੇਸ ਦਰਜ ਕਰਾ ਦਿੱਤੇ ਸਨ। ਇਸ ਪਿੰਡ ਦੀ ਨਹਿਰੀ ਜ਼ਮੀਨ ਦਾ ਮੁਆਵਜ਼ਾ ਪ੍ਰਤੀ ਏਕੜ 14 ਲੱਖ ਰੁਪਏ ਦਿੱਤਾ ਗਿਆ ਸੀ। ਮੁਆਵਜ਼ਾ ਰਾਸ਼ੀ ਦਾ ਸਾਰਾ ਪੈਸਾ ਪ੍ਰਾਈਵੇਟ ਕੰਪਨੀ ਵੱਲੋਂ ਦਿੱਤਾ ਗਿਆ ਹੈ।ਪੰਜਾਬ ਸਰਕਾਰ ਵੱਲੋਂ ਰਾਜਪੁਰਾ ਤਾਪ ਬਿਜਲੀ ਪ੍ਰਾਜੈਕਟ 1078 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਹੈ। ਇਨ੍ਹਾਂ ਜ਼ਮੀਨਾਂ ਦੇ ਮਾਲਕ ਕਿਸਾਨਾਂ ਨੂੰ ਪ੍ਰਾਈਵੇਟ ਕੰਪਨੀ ਤਰਫ਼ੋਂ ਹੀ 411.67 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ। ਇਸ ਜ਼ਮੀਨ ਦਾ ਭਾਅ 2008 'ਚ ਕਿਸਾਨਾਂ ਨੂੰ ਪ੍ਰਤੀ ਏਕੜ 24 ਲੱਖ ਰੁਪਏ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੀ ਗੋਇੰਦਵਾਲ ਸਾਹਿਬ ਥਰਮਲ ਪਾਵਰ ਪ੍ਰਾਜੈਕਟ ਲਈ 1074 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਹੈ ਜਿਸ ਦਾ ਮੁਆਵਜ਼ਾ 164.07 ਕਰੋੜ ਰੁਪਏ ਕਿਸਾਨਾਂ ਨੂੰ ਪ੍ਰਾਈਵੇਟ ਕੰਪਨੀ ਵੱਲੋਂ ਦਿੱਤਾ ਗਿਆ ਹੈ।
                                                     ਕੰਪਨੀਆਂ ਵੱਲੋਂ ਬਿਜਲੀ ਦਾ ਰੇਟ ਤੈਅ
ਪ੍ਰਾਈਵੇਟ ਕੰਪਨੀਆਂ ਵੱਲੋਂ ਪੰਜਾਬ ਸਰਕਾਰ ਨੂੰ ਬਿਜਲੀ ਵੇਚੀ ਜਾਏਗੀ ਜਿਸ ਦਾ ਬਕਾਇਦਾ ਰੇਟ ਤੈਅ ਹੋ ਚੁੱਕਾ ਹੈ। ਰਾਜਪੁਰਾ ਤਾਪ ਬਿਜਲੀ ਘਰ ਦੀ ਬਿਜਲੀ ਦੀ ਖਰੀਦ ਦਾ ਲੈਵਲਾਈਜ਼ਡ ਰੇਟ 2.890 ਰੁਪਏ ਪ੍ਰਤੀ ਯੂਨਿਟ ਹੈ ਜਦੋਂਕਿ ਤਲਵੰਡੀ ਸਾਬੋ ਥਰਮਲ ਪ੍ਰਾਜੈਕਟ ਦੀ ਬਿਜਲੀ ਦੀ ਖਰੀਦ ਦਾ ਲੈਵਲਾਈਜ਼ਡ ਰੇਟ 2.864 ਰੁਪਏ ਪ੍ਰਤੀ ਯੂਨਿਟ ਹੈ। ਗੋਇੰਦਵਾਲ ਤਾਪ ਬਿਜਲੀ ਪ੍ਰਾਜੈਕਟ ਦੀ ਬਿਜਲੀ ਦੀ ਖਰੀਦ ਰੇਟ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਅਸਲ ਖਰਚੇ ਦੇ ਆਧਾਰ 'ਤੇ ਪ੍ਰਾਜੈਕਟ ਖਤਮ ਹੋਣ ਮਗਰੋਂ ਨਿਰਧਾਰਤ ਕੀਤਾ ਜਾਣਾ ਹੈ।

Sunday, December 11, 2011

                                               ਰੇਲ ਪਟੜੀ ਤੋਂ ਜ਼ਿੰਦਗੀ ਦੀ ਤਲਾਸ਼
                                                                   ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਕਿਸਾਨ ਤੇ ਮਜ਼ਦੂਰ ਰੇਲ ਮਾਰਗਾਂ ਤੋਂ ਜ਼ਿੰਦਗੀ ਤਲਾਸ਼ ਰਹੇ ਹੈ। ਇਹੋ ਰੇਲ ਮਾਰਗ ਹਨ, ਜਿਨ੍ਹਾਂ 'ਤੇ ਕੁੱਦ ਕੇ ਸੈਂਕੜੇ ਕਿਸਾਨ ਖੁਦਕੁਸ਼ੀ ਕਰ ਗਏ ਹਨ। ਅੱਜ ਇਨ੍ਹਾਂ ਰੇਲ ਮਾਰਗਾਂ 'ਤੇ ਹੀ ਖ਼ੁਦਕੁਸ਼ੀ ਪੀੜਤ ਪਰਿਵਾਰ ਬੈਠੇ ਹਨ, ਜੋ ਸਰਕਾਰ ਤੋਂ ਆਪਣੇ ਕਮਾਊ ਜੀਅ ਦੇ ਚਲੇ ਜਾਣ ਦਾ ਮੁਆਵਜ਼ਾ ਮੰਗ ਰਹੇ ਹਨ। ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰ ਬਠਿੰਡਾ-ਅੰਬਾਲਾ ਰੇਲ ਮਾਰਗ 'ਤੇ ਪਿੰਡ ਜੇਠੂਕੇ ਕੋਲ ਪੰਜ ਦਸੰਬਰ ਤੋਂ ਬੈਠੇ ਹਨ। ਕਿਸਾਨ ਖੇਤਾਂ ਦੀ ਬਰਕਤ ਨੂੰ ਮੋੜਾ ਦੇਣ ਲਈ ਰੇਲ ਪਟੜੀ 'ਤੇ ਉਤਰੇ ਹਨ। ਜਿਨ੍ਹਾਂ ਕਿਸਾਨਾਂ ਦੇ ਖੇਤ ਰੁਸ ਗਏ ,ਉਨ੍ਹਾਂ ਕਿਸਾਨ ਪ੍ਰਵਾਰਾਂ ਨੂੰ ਸਰਕਾਰਾਂ ਨੇ ਵੀ ਕਦੇ ਢਾਰਸ ਨਾ ਦਿੱਤੀ। ਜਦੋਂ ਚਾਰ ਚੁਫੇਰਿਓ ਰਾਹ ਬੰਦ ਹੋ ਜਾਂਦੇ ਹਨ ਤਾਂ ਕਿਸਾਨਾਂ ਨੂੰ ਫਿਰ ਰੇਲ ਪਟੜੀ ਹੀ ਦਿੱਖਦੀ ਹੈ। ਇਹੋ ਰੇਲ ਪਟੜੀ ਸੰਘਰਸ਼ਾਂ ਨੂੰ ਕਿਸੇ ਤਣ ਪੱਤਣ ਲਾਉਂਦੀ ਹੈ। ਕਿਸਾਨ ਰੇਲ ਪਟੜੀ ਨੂੰ ਅਖੀਰਲਾ ਰਾਹ ਮੰਨਦੇ ਹਨ।
          ਸਰਕਾਰੀ ਸੂਚਨਾ ਹੈ ਕਿ ਬਠਿੰਡਾ ਜ਼ਿਲ੍ਹੇ ਵਿੱਚ ਹੁਣ ਤੱਕ ਸਿਰਫ ਪੰਜ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ। ਪੰਜਾਬ ਖੇਤੀਬਾੜੀ 'ਵਰਸਿਟੀ ਦੀ ਸਰਵੇਖਣ ਰਿਪੋਰਟ ਹੈ ਕਿ ਬਠਿੰਡਾ ਜ਼ਿਲ੍ਹੇ 'ਚ ਖੁਦਕੁਸ਼ੀ ਕਰਨ ਵਾਲੇ 1800 ਤੋਂ ਉਪਰ ਕਿਸਾਨ ਤੇ ਮਜ਼ਦੂਰ ਹਨ। ਸਾਲ 2001-02 ਦੇ ਬਜਟ ਵਿੱਚ ਸਰਕਾਰ ਨੇ ਇਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਦੋ ਦੋ ਲੱਖ ਰੁਪਏ ਦੀ ਮਾਲੀ ਮਦਦ ਦੇਣ ਦੀ ਵਿਵਸਥਾ ਕੀਤੀ ਸੀ। ਅਮਲੀ ਰੂਪ ਵਿੱਚ ਕਿਸੇ ਨੂੰ ਕੋਈ ਰਾਸ਼ੀ ਨਹੀਂ ਮਿਲੀ। ਪਿੰਡ ਮਾਈਸਰਖਾਨਾ ਦਾ ਇਕਬਾਲ ਸਿੰਘ ਠੰਢੀਆਂ ਰਾਤਾਂ ਵਿੱਚ ਰੇਲ ਮਾਰਗ 'ਤੇ ਬੈਠਣ ਲਈ ਮਜਬੂਰ ਹੈ। ਉਸ ਦਾ ਬਾਪ ਹਾਕਮ ਸਿੰਘ ਖੇਤੀਬਾੜੀ ਵਿੱਚ ਪਏ ਘਾਟੇ ਮਗਰੋਂ ਸਦਾ ਲਈ ਤੁਰ ਗਿਆ। ਉਸ ਦਾ ਲੜਕਾ ਇਕਬਾਲ ਸਿੰਘ ਹੁਣ ਮੁਆਵਜ਼ੇ ਲਈ ਰੇਲ ਮਾਰਗ 'ਤੇ ਰਾਤਾਂ ਕੱਟ ਰਿਹਾ ਹੈ। 61 ਵਰ੍ਹਿਆਂ ਦਾ ਬਜ਼ੁਰਗ ਸ਼ੇਰ ਸਿੰਘ ਜੋ ਸੰਗਰੂਰ ਦੇ ਪਿੰਡ ਰੋਗਲ ਤੋਂ ਹੈ, ਕਈ ਦਿਨਾਂ ਤੋਂ ਰੇਲ ਮਾਰਗ 'ਤੇ ਡਟਿਆ ਹੋਇਆ ਹੈ। ਇਸ ਬਜ਼ੁਰਗ ਦਾ ਨੌਜਵਾਨ ਪੁੱਤ ਜਗਦੇਵ ਸਿੰਘ ਖੁਦਕੁਸ਼ੀ ਕਰ ਗਿਆ ਸੀ। ਪਿੰਡ ਕੋਟੜਾ ਕੌੜਿਆ ਵਾਲਾ ਦਾ ਬੱਚਾ ਜਗਤ ਸਿੰਘ ਹੁਣ ਸਕੂਲ ਨਹੀਂ ਜਾਂਦਾ। ਉਹ ਸਕੂਲ ਦੀ ਥਾਂ ਕਈ ਦਿਨਾਂ ਤੋਂ ਰੇਲ ਮਾਰਗ 'ਤੇ ਬੈਠਾ ਹੈ। ਉਸ ਦਾ ਦਾਦਾ ਦਲੀਪ ਸਿੰਘ ਖੁਦਕੁਸ਼ੀ ਕਰ ਗਿਆ ਸੀ। ਮਾਨਸਾ ਦੇ ਪਿੰਡ ਬੁਰਜ ਹਰੀ ਦਾ ਮੱਖਣ ਸਿੰਘ ਵੀ ਰੇਲ ਮਾਰਗਾਂ 'ਤੇ ਬਿਸਤਰ ਵਿਛਾਈ ਬੈਠਾ ਹੈ, ਜਿਸ ਦਾ ਭਰਾ ਦਰਸ਼ਨ ਸਿੰਘ ਖੇਤੀ ਸੰਕਟ ਕਾਰਨ ਖੁਦਕੁਸ਼ੀ ਦੇ ਰਾਹ ਚਲਾ ਗਿਆ ਸੀ। ਏਦਾਂ ਦੇ ਸੈਂਕੜੇ ਪਰਿਵਾਰ ਹਨ, ਜਿਨ੍ਹਾਂ ਨੂੰ ਸਰਕਾਰ ਨੇ ਇਕ ਦਹਾਕੇ ਤੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਹੈ।
         ਬਜ਼ੁਰਗ ਸ਼ੇਰ ਸਿੰਘ ਆਖਦਾ ਹੈ ਕਿ ਉਸ ਕੋਲ ਕੋਈ ਰਾਹ ਨਹੀਂ ਬਚਿਆ, ਜਿਸ ਕਰਕੇ ਉਸ ਨੂੰ ਹੁਣ ਰੇਲ ਮਾਰਗ ਸਹਾਰਾ ਦਿੱਸਦੇ ਹਨ। ਪਿੰਡ ਗੋਬਿੰਦਪੁਰਾ ਦੀ 70 ਵਰ੍ਹਿਆਂ ਦੀ ਬੇਬੇ ਸੁਖਦੇਵ ਕੌਰ ਦਾ ਰੇਲ ਮਾਰਗ 'ਤੇ ਬੈਠਣਾ ਕੋਈ ਸ਼ੌਕ ਨਹੀਂ ਹੈ। ਜ਼ਿੰਦਗੀ ਦੇ ਆਖਰੀ ਮੋੜ 'ਤੇ ਪੁੱਜੀ ਮਾਂ ਹੁਣ ਬੱਚਿਆਂ ਲਈ ਸਰਕਾਰ ਤੋਂ ਮੁਆਵਜ਼ਾ ਮੰਗ ਰਹੀ ਹੈ। ਪਿੰਡ ਭੂੰਦੜ ਦੀ ਵਿਧਵਾ ਸ਼ਿੰਦਰ ਕੌਰ 5 ਦਿਨਾਂ ਤੋਂ ਰੇਲ ਮਾਰਗ 'ਤੇ ਬੈਠੀ ਹੈ। ਉਸ ਦਾ ਪਤੀ ਖੁਦਕੁਸ਼ੀ ਕਰ ਗਿਆ ਸੀ ਅਤੇ ਮਗਰੋਂ ਉਸ ਨੂੰ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ। ਮੁਕਤਸਰ ਦੇ ਪਿੰਡ ਖੁੰਨਣ ਖੁਰਦ ਦਾ ਸਿਕੰਦਰ ਸਿੰਘ ਅੱਜ ਵੀ ਬਿਜਲੀ ਬਿਨਾਂ ਖਾਲੀ ਹੱਥ ਹੈ। ਉਸ ਨੇ ਪੂਰੀ ਜ਼ਿੰਦਗੀ ਦੀਵੇ ਦੀ ਲੋਅ ਵਿੱਚ ਹੀ ਗੁਜ਼ਾਰ ਲਈ ਹੈ। ਉਹ ਆਪਣੇ ਘਰ ਰੋਸ਼ਨੀ ਦੇਖਣ ਵਾਸਤੇ ਰੇਲ ਮਾਰਗ 'ਤੇ ਬੈਠਾ ਸੀ। 15 ਵਰ੍ਹਿਆਂ ਦੀ ਮਜ਼ਦੂਰ ਬੱਚੀ ਸਿਮਰਜੀਤ ਕੌਰ ਅਤੇ 14 ਵਰ੍ਹਿਆਂ ਦੀ ਮਮਤਾ ਰਾਣੀ ਵੀ ਆਪਣੇ ਮਾਪਿਆਂ ਦਾ ਦੁੱਖ ਵੰਡਾਉਣ ਖਾਤਰ ਖ਼ੁਦ ਰੇਲ ਮਾਰਗ 'ਤੇ ਬੈਠੀਆਂ ਹਨ। ਪੜ੍ਹਨ ਲਿਖਣ ਦੀ ਉਮਰੇ ਇਹ ਬੱਚੇ ਰੇਲ ਮਾਰਗਾਂ 'ਤੇ ਉਤਰੇ ਹੋਏ ਹਨ। ਏਦਾਂ ਦੇ ਬਹੁਤੇ ਪਰਿਵਾਰ ਜੇਠੂਕੇ ਵਿਖੇ ਰੇਲ ਮਾਰਗ ਤੋਂ ਭਵਿੱਖ ਲੱਭ ਰਹੇ ਹਨ।ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਕਿਸਾਨਾਂ ਤੇ ਮਜ਼ਦੂਰਾਂ ਦੇ ਦੁੱਖਾਂ ਦਰਦਾਂ ਦੇ ਹੱਲ ਲਈ ਉਨ੍ਹਾਂ ਨੂੰ ਰੇਲ ਮਾਰਗਾਂ ਅਤੇ ਸੜਕਾਂ 'ਤੇ ਉਤਰਨਾ ਪਿਆ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਉਹ ਕਰੋ ਜਾਂ ਮਰੋ ਦਾ ਮਸਲਾ ਲੈ ਕੇ ਰੇਲ ਮਾਰਗ 'ਤੇ ਉਤਰੇ ਹਨ।