ਰੇਲ ਪਟੜੀ ਤੋਂ ਜ਼ਿੰਦਗੀ ਦੀ ਤਲਾਸ਼
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਕਿਸਾਨ ਤੇ ਮਜ਼ਦੂਰ ਰੇਲ ਮਾਰਗਾਂ ਤੋਂ ਜ਼ਿੰਦਗੀ ਤਲਾਸ਼ ਰਹੇ ਹੈ। ਇਹੋ ਰੇਲ ਮਾਰਗ ਹਨ, ਜਿਨ੍ਹਾਂ 'ਤੇ ਕੁੱਦ ਕੇ ਸੈਂਕੜੇ ਕਿਸਾਨ ਖੁਦਕੁਸ਼ੀ ਕਰ ਗਏ ਹਨ। ਅੱਜ ਇਨ੍ਹਾਂ ਰੇਲ ਮਾਰਗਾਂ 'ਤੇ ਹੀ ਖ਼ੁਦਕੁਸ਼ੀ ਪੀੜਤ ਪਰਿਵਾਰ ਬੈਠੇ ਹਨ, ਜੋ ਸਰਕਾਰ ਤੋਂ ਆਪਣੇ ਕਮਾਊ ਜੀਅ ਦੇ ਚਲੇ ਜਾਣ ਦਾ ਮੁਆਵਜ਼ਾ ਮੰਗ ਰਹੇ ਹਨ। ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰ ਬਠਿੰਡਾ-ਅੰਬਾਲਾ ਰੇਲ ਮਾਰਗ 'ਤੇ ਪਿੰਡ ਜੇਠੂਕੇ ਕੋਲ ਪੰਜ ਦਸੰਬਰ ਤੋਂ ਬੈਠੇ ਹਨ। ਕਿਸਾਨ ਖੇਤਾਂ ਦੀ ਬਰਕਤ ਨੂੰ ਮੋੜਾ ਦੇਣ ਲਈ ਰੇਲ ਪਟੜੀ 'ਤੇ ਉਤਰੇ ਹਨ। ਜਿਨ੍ਹਾਂ ਕਿਸਾਨਾਂ ਦੇ ਖੇਤ ਰੁਸ ਗਏ ,ਉਨ੍ਹਾਂ ਕਿਸਾਨ ਪ੍ਰਵਾਰਾਂ ਨੂੰ ਸਰਕਾਰਾਂ ਨੇ ਵੀ ਕਦੇ ਢਾਰਸ ਨਾ ਦਿੱਤੀ। ਜਦੋਂ ਚਾਰ ਚੁਫੇਰਿਓ ਰਾਹ ਬੰਦ ਹੋ ਜਾਂਦੇ ਹਨ ਤਾਂ ਕਿਸਾਨਾਂ ਨੂੰ ਫਿਰ ਰੇਲ ਪਟੜੀ ਹੀ ਦਿੱਖਦੀ ਹੈ। ਇਹੋ ਰੇਲ ਪਟੜੀ ਸੰਘਰਸ਼ਾਂ ਨੂੰ ਕਿਸੇ ਤਣ ਪੱਤਣ ਲਾਉਂਦੀ ਹੈ। ਕਿਸਾਨ ਰੇਲ ਪਟੜੀ ਨੂੰ ਅਖੀਰਲਾ ਰਾਹ ਮੰਨਦੇ ਹਨ।
ਸਰਕਾਰੀ ਸੂਚਨਾ ਹੈ ਕਿ ਬਠਿੰਡਾ ਜ਼ਿਲ੍ਹੇ ਵਿੱਚ ਹੁਣ ਤੱਕ ਸਿਰਫ ਪੰਜ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ। ਪੰਜਾਬ ਖੇਤੀਬਾੜੀ 'ਵਰਸਿਟੀ ਦੀ ਸਰਵੇਖਣ ਰਿਪੋਰਟ ਹੈ ਕਿ ਬਠਿੰਡਾ ਜ਼ਿਲ੍ਹੇ 'ਚ ਖੁਦਕੁਸ਼ੀ ਕਰਨ ਵਾਲੇ 1800 ਤੋਂ ਉਪਰ ਕਿਸਾਨ ਤੇ ਮਜ਼ਦੂਰ ਹਨ। ਸਾਲ 2001-02 ਦੇ ਬਜਟ ਵਿੱਚ ਸਰਕਾਰ ਨੇ ਇਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਦੋ ਦੋ ਲੱਖ ਰੁਪਏ ਦੀ ਮਾਲੀ ਮਦਦ ਦੇਣ ਦੀ ਵਿਵਸਥਾ ਕੀਤੀ ਸੀ। ਅਮਲੀ ਰੂਪ ਵਿੱਚ ਕਿਸੇ ਨੂੰ ਕੋਈ ਰਾਸ਼ੀ ਨਹੀਂ ਮਿਲੀ। ਪਿੰਡ ਮਾਈਸਰਖਾਨਾ ਦਾ ਇਕਬਾਲ ਸਿੰਘ ਠੰਢੀਆਂ ਰਾਤਾਂ ਵਿੱਚ ਰੇਲ ਮਾਰਗ 'ਤੇ ਬੈਠਣ ਲਈ ਮਜਬੂਰ ਹੈ। ਉਸ ਦਾ ਬਾਪ ਹਾਕਮ ਸਿੰਘ ਖੇਤੀਬਾੜੀ ਵਿੱਚ ਪਏ ਘਾਟੇ ਮਗਰੋਂ ਸਦਾ ਲਈ ਤੁਰ ਗਿਆ। ਉਸ ਦਾ ਲੜਕਾ ਇਕਬਾਲ ਸਿੰਘ ਹੁਣ ਮੁਆਵਜ਼ੇ ਲਈ ਰੇਲ ਮਾਰਗ 'ਤੇ ਰਾਤਾਂ ਕੱਟ ਰਿਹਾ ਹੈ। 61 ਵਰ੍ਹਿਆਂ ਦਾ ਬਜ਼ੁਰਗ ਸ਼ੇਰ ਸਿੰਘ ਜੋ ਸੰਗਰੂਰ ਦੇ ਪਿੰਡ ਰੋਗਲ ਤੋਂ ਹੈ, ਕਈ ਦਿਨਾਂ ਤੋਂ ਰੇਲ ਮਾਰਗ 'ਤੇ ਡਟਿਆ ਹੋਇਆ ਹੈ। ਇਸ ਬਜ਼ੁਰਗ ਦਾ ਨੌਜਵਾਨ ਪੁੱਤ ਜਗਦੇਵ ਸਿੰਘ ਖੁਦਕੁਸ਼ੀ ਕਰ ਗਿਆ ਸੀ। ਪਿੰਡ ਕੋਟੜਾ ਕੌੜਿਆ ਵਾਲਾ ਦਾ ਬੱਚਾ ਜਗਤ ਸਿੰਘ ਹੁਣ ਸਕੂਲ ਨਹੀਂ ਜਾਂਦਾ। ਉਹ ਸਕੂਲ ਦੀ ਥਾਂ ਕਈ ਦਿਨਾਂ ਤੋਂ ਰੇਲ ਮਾਰਗ 'ਤੇ ਬੈਠਾ ਹੈ। ਉਸ ਦਾ ਦਾਦਾ ਦਲੀਪ ਸਿੰਘ ਖੁਦਕੁਸ਼ੀ ਕਰ ਗਿਆ ਸੀ। ਮਾਨਸਾ ਦੇ ਪਿੰਡ ਬੁਰਜ ਹਰੀ ਦਾ ਮੱਖਣ ਸਿੰਘ ਵੀ ਰੇਲ ਮਾਰਗਾਂ 'ਤੇ ਬਿਸਤਰ ਵਿਛਾਈ ਬੈਠਾ ਹੈ, ਜਿਸ ਦਾ ਭਰਾ ਦਰਸ਼ਨ ਸਿੰਘ ਖੇਤੀ ਸੰਕਟ ਕਾਰਨ ਖੁਦਕੁਸ਼ੀ ਦੇ ਰਾਹ ਚਲਾ ਗਿਆ ਸੀ। ਏਦਾਂ ਦੇ ਸੈਂਕੜੇ ਪਰਿਵਾਰ ਹਨ, ਜਿਨ੍ਹਾਂ ਨੂੰ ਸਰਕਾਰ ਨੇ ਇਕ ਦਹਾਕੇ ਤੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਹੈ।
ਬਜ਼ੁਰਗ ਸ਼ੇਰ ਸਿੰਘ ਆਖਦਾ ਹੈ ਕਿ ਉਸ ਕੋਲ ਕੋਈ ਰਾਹ ਨਹੀਂ ਬਚਿਆ, ਜਿਸ ਕਰਕੇ ਉਸ ਨੂੰ ਹੁਣ ਰੇਲ ਮਾਰਗ ਸਹਾਰਾ ਦਿੱਸਦੇ ਹਨ। ਪਿੰਡ ਗੋਬਿੰਦਪੁਰਾ ਦੀ 70 ਵਰ੍ਹਿਆਂ ਦੀ ਬੇਬੇ ਸੁਖਦੇਵ ਕੌਰ ਦਾ ਰੇਲ ਮਾਰਗ 'ਤੇ ਬੈਠਣਾ ਕੋਈ ਸ਼ੌਕ ਨਹੀਂ ਹੈ। ਜ਼ਿੰਦਗੀ ਦੇ ਆਖਰੀ ਮੋੜ 'ਤੇ ਪੁੱਜੀ ਮਾਂ ਹੁਣ ਬੱਚਿਆਂ ਲਈ ਸਰਕਾਰ ਤੋਂ ਮੁਆਵਜ਼ਾ ਮੰਗ ਰਹੀ ਹੈ। ਪਿੰਡ ਭੂੰਦੜ ਦੀ ਵਿਧਵਾ ਸ਼ਿੰਦਰ ਕੌਰ 5 ਦਿਨਾਂ ਤੋਂ ਰੇਲ ਮਾਰਗ 'ਤੇ ਬੈਠੀ ਹੈ। ਉਸ ਦਾ ਪਤੀ ਖੁਦਕੁਸ਼ੀ ਕਰ ਗਿਆ ਸੀ ਅਤੇ ਮਗਰੋਂ ਉਸ ਨੂੰ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ। ਮੁਕਤਸਰ ਦੇ ਪਿੰਡ ਖੁੰਨਣ ਖੁਰਦ ਦਾ ਸਿਕੰਦਰ ਸਿੰਘ ਅੱਜ ਵੀ ਬਿਜਲੀ ਬਿਨਾਂ ਖਾਲੀ ਹੱਥ ਹੈ। ਉਸ ਨੇ ਪੂਰੀ ਜ਼ਿੰਦਗੀ ਦੀਵੇ ਦੀ ਲੋਅ ਵਿੱਚ ਹੀ ਗੁਜ਼ਾਰ ਲਈ ਹੈ। ਉਹ ਆਪਣੇ ਘਰ ਰੋਸ਼ਨੀ ਦੇਖਣ ਵਾਸਤੇ ਰੇਲ ਮਾਰਗ 'ਤੇ ਬੈਠਾ ਸੀ। 15 ਵਰ੍ਹਿਆਂ ਦੀ ਮਜ਼ਦੂਰ ਬੱਚੀ ਸਿਮਰਜੀਤ ਕੌਰ ਅਤੇ 14 ਵਰ੍ਹਿਆਂ ਦੀ ਮਮਤਾ ਰਾਣੀ ਵੀ ਆਪਣੇ ਮਾਪਿਆਂ ਦਾ ਦੁੱਖ ਵੰਡਾਉਣ ਖਾਤਰ ਖ਼ੁਦ ਰੇਲ ਮਾਰਗ 'ਤੇ ਬੈਠੀਆਂ ਹਨ। ਪੜ੍ਹਨ ਲਿਖਣ ਦੀ ਉਮਰੇ ਇਹ ਬੱਚੇ ਰੇਲ ਮਾਰਗਾਂ 'ਤੇ ਉਤਰੇ ਹੋਏ ਹਨ। ਏਦਾਂ ਦੇ ਬਹੁਤੇ ਪਰਿਵਾਰ ਜੇਠੂਕੇ ਵਿਖੇ ਰੇਲ ਮਾਰਗ ਤੋਂ ਭਵਿੱਖ ਲੱਭ ਰਹੇ ਹਨ।ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਕਿਸਾਨਾਂ ਤੇ ਮਜ਼ਦੂਰਾਂ ਦੇ ਦੁੱਖਾਂ ਦਰਦਾਂ ਦੇ ਹੱਲ ਲਈ ਉਨ੍ਹਾਂ ਨੂੰ ਰੇਲ ਮਾਰਗਾਂ ਅਤੇ ਸੜਕਾਂ 'ਤੇ ਉਤਰਨਾ ਪਿਆ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਉਹ ਕਰੋ ਜਾਂ ਮਰੋ ਦਾ ਮਸਲਾ ਲੈ ਕੇ ਰੇਲ ਮਾਰਗ 'ਤੇ ਉਤਰੇ ਹਨ।

No comments:
Post a Comment