Thursday, December 15, 2011

                             ਸ਼ਹੀਦਾਂ ਦੇ ਬੁੱਤ ਲਾਉਂਦੇ ਨੇ ਪੁੱਤ ਦਿਹਾੜੀ ਕਰ ਕਰ ਕੇ..
                                                                    ਚਰਨਜੀਤ ਭੁੱਲਰ
ਬਠਿੰਡਾ :  ਵਿਧਵਾ ਮਾਂ ਰੂਪ ਕੌਰ ਕੋਲ ਹੁਣ ਇੱਕੋ ਯਾਦ ਬਚੀ ਹੈ। ਸ਼ਹੀਦ ਪਤੀ ਦੀ ਆਖਰੀ ਚਿੱਠੀ ਤੇ ਫੌਜੀ ਵਰਦੀ। ਉਂਝ ਤਾਂ ਰਾਸ਼ਟਰਪਤੀ ਵਲੋਂ ਦਿੱਤੇ ਮੈਡਲ ਵੀ ਹਨ। ਕਾਸ਼ ! ਮੈਡਲ ਰੋਟੀ ਬਣ ਜਾਂਦੇ ਤਾਂ ਇਸ ਵਿਧਵਾ ਨੂੰ ਧਰਵਾਸ ਬੱਝ ਜਾਂਦਾ। ਨੇਤਾ ਆਪਣੇ ਬਣ ਜਾਂਦੇ,ਕੋਈ ਗਿਲਾ ਨਹੀਂ ਹੋਣਾ ਸੀ। ਸੈਨਿਕ ਪ੍ਰਸ਼ਾਸਨ ਬਾਂਹ ਫੜ ਲੈਂਦਾ ਤਾਂ ਦੁੱਖ ਭੁੱਲ ਜਾਂਦੇ।  ਕਿਧਰੋਂ ਵੀ ਕੋਈ ਠੰਢਾ ਬੁੱਲਾ ਨਾ ਆਇਆ। ਵਖਤਾਂ ਦੇ ਵਾ ਵਰੋਲੇ ਪੈਰ ਪੈਰ 'ਤੇ ਪ੍ਰੀਖਿਆ ਲੈਂਦੇ ਰਹੇ। ਸ਼ਹੀਦੀ ਦਾ ਮਾਣ ਵੀ ਵੱਡਾ ਹੈ ਜੋ ਵਿਧਵਾ ਮਾਂ ਦੇ ਪੈਰ ਉਖੜਨ ਨਹੀਂ ਦਿੰਦਾ। ਜਾਂ ਫਿਰ ਸ਼ਹੀਦ ਪਤੀ ਦਾ ਇੱਕੋ ਬੁੱਤ ਹੈ। ਜਿਸ ਚੋਂ ਉਹ ਜ਼ਿੰਦਗੀ ਦੇਖਦੀ ਹੈ। ਤਾਬੂਤਾਂ ਚੋਂ ਵੱਢੀ ਖਾਣ ਵਾਲੇ ਤਾਂ ਹੁਣ ਇਨ੍ਹਾਂ ਬੁੱਤਾਂ ਤੋਂ ਵੀ ਭੈਅ ਮੰਨਦੇ ਹਨ। ਸ਼ਾਇਦ ਇਹੋ ਵਜ੍ਹਾ ਹੈ ਕਿ ਵਿਧਵਾ ਮਾਂ ਨੂੰ ਇੱਕ ਬੁੱਤ ਖਾਤਰ ਦਰ ਦਰ ਜਾਣਾ ਪਿਆ। ਉਹ ਤਾਂ ਸੁਹਾਗ ਦਾ ਚੂੜਾ ਉੱਤਰਨ ਤੋਂ ਪਹਿਲਾਂ ਹੀ ਵਿਧਵਾ ਹੋ ਗਈ ਸੀ। Àੁਸ ਨੂੰ ਤਾਂ ਸ਼ਹੀਦ ਪਤੀ ਦਾ ਆਖਰੀ ਦਫ਼ਾ ਮੂੰਹ ਦੇਖਣਾ ਵੀ ਨਸੀਬ ਨਾ ਹੋ ਸਕਿਆ। ਕਿੰਨੇ ਬਦਨਸੀਬ ਸਨ ਉਹ ਪਲ ਜਦੋਂ ਪਤੀ ਦੀ ਥਾਂ ਉਸ ਦੀ ਵਰਦੀ ਤੇ ਬਿਸਤਰਾ ਘਰ ਪੁੱਜ ਗਏ ਸਨ। ਚੰਦਰੀ ਜੰਗ ਨੇ ਤਾਂ ਇਸ ਵਿਧਵਾ ਦੇ ਅਰਮਾਨਾਂ ਤੇ ਸੱਧਰਾਂ ਨੂੰ ਵੀ ਨਹੀਂ ਬਖਸ਼ਿਆ। ਨਾਇਕ ਗੁਰਬਚਨ ਸਿੰਘ ਨੂੰ ਸ਼ਹੀਦ ਹੋਏ ਨੂੰ 40 ਵਰ੍ਹੇ ਗੁਜ਼ਰ ਚੱਲੇ ਹਨ। ਵਿਧਵਾ ਪਤਨੀ ਦੀ ਕੁਰਬਾਨੀ ਵੀ ਕੋਈ ਘੱਟ ਨਹੀਂ ਹੈ। ਪੂਰੀ ਜ਼ਿੰਦਗੀ ਉਸ ਸ਼ਹੀਦ ਨੂੰ ਅਰਪਣ ਹੋਣ ਦੀ ਸਹੁੰ ਖਾ ਲਈ। ਮੁੜ ਵਿਆਹ ਕਰਾਉਣਾ ਉਸ ਨੂੰ ਸ਼ਹੀਦ ਦੀ ਤੌਹੀਨ ਲੱਗਿਆ। ਰਾਸ਼ਟਰਪਤੀ ਵਲੋਂ 1974 'ਚ ਵਿਧਵਾ ਰੂਪ ਕੌਰ ਨੂੰ ਨਵੀਂ ਦਿੱਲੀ 'ਚ ਸੈਨਾ ਮੈਡਲ ਦਿੱਤਾ ਗਿਆ।
          ਸੈਨਾ ਮੈਡਲ ਮਾਣ ਤਾਂ ਉੱਚਾ ਕਰਦਾ ਹੈ। ਇਹ ਮੈਡਲ ਗੁਜਾਰਾ ਨਹੀਂ ਬਣ ਸਕਿਆ ਹੈ। ਰੋਟੀ ਨੂੰ ਤਾਂ ਛੱਡੋ, ਸਰਕਾਰ ਨੇ ਤਾਂ ਇਸ ਸ਼ਹੀਦ ਨੂੰ ਬੁੱਤ ਜੋਗਾ ਵੀ ਨਹੀਂ ਸਮਝਿਆ ਹੈ। ਜਦੋਂ ਪੁੱਤ ਦੀ ਸੁਰਤ ਸੰਭਲੀ ਤਾਂ ਵਿਧਵਾ ਮਾਂ ਦਾ ਇੱਕੋ ਸੁਆਲ ਸੀ, 'ਪੁੱਤ ,ਸੁਣਿਐ ਕਿ ਜੋ ਦੇਸ਼ ਲਈ ਸ਼ਹੀਦ ਹੁੰਦੇ ਨੇ ,ਉਨ੍ਹਾਂ ਦੇ ਬੁੱਤ ਲੱਗਦੇ ਨੇ, ਫੇਰ ਤੇਰੇ ਬਾਪ ਦਾ ਬੁੱਤ ਕਿਉਂ ਨਹੀਂ ਲੱਗਿਐ।' ਗੋਦ ਲਏ ਪੁੱਤ ਟਹਿਲ ਸਿੰਘ ਦੀ ਉਮਰ ਛੋਟੀ ਤੇ ਮਾਂ ਦਾ ਇਹ ਸੁਆਲ ਵੱਡਾ ਸੀ। ਇਕੱਲਾ ਸੁਆਲ ਨਹੀਂ ਸੀ,ਮਾਂ ਦਾ ਇੱਕ ਸੁਪਨਾ ਵੀ ਸੀ। ਪੁੱਤ ਟਹਿਲ ਸਿੰਘ ਨੂੰ ਆਪਣੇ ਭਵਿੱਖ ਨਾਲੋਂ ਮਾਂ ਦਾ ਸੁਪਨਾ ਵੱਡਾ ਦਿਖਿਆ। ਫਿਰ ਇੱਥੋਂ ਹੀ ਸ਼ੁਰੂ ਹੁੰਦੀ ਹੈ ਬੁੱਤ ਲਾਏ ਜਾਣ ਦੀ ਜੰਗ। ਉਹ ਅਕਾਲੀਆਂ ਦੇ ਬੂਹੇ ਤੇ ਵੀ ਗਿਆ ਤੇ ਕਾਂਗਰਸੀ ਲੀਡਰਾਂ ਕੋਲ ਵੀ। ਥਾਂ ਥਾਂ ਸ਼ਹੀਦ ਬਾਪ ਦਾ ਇਕੱਲਾ ਇਕੱਲਾ ਮੈਡਲ ਵੀ ਦਿਖਾਇਆ। ਘਰ ਦੀ ਗੁਰਬਤ ਦੀ ਗੱਲ ਵੀ ਕੀਤੀ। ਉਸ ਨੇ ਤਾਂ ਵਿਧਵਾ ਮਾਂ ਦੀ ਆਖਰੀ ਇੱਛਾ ਦਾ ਵਾਸਤਾ ਵੀ ਪਾਇਆ। ਕੋਈ ਸਿਰ ਹਾਂ ਵਿਚ ਨਾ ਹਿੱਲਿਆ। ਇੱਥੋਂ ਤੱਕ ਕਿ ਸੈਨਿਕ ਭਲਾਈ ਮਹਿਕਮੇ ਤੇ ਫੌਜ ਪ੍ਰਸ਼ਾਸਨ ਦਾ ਵੀ। ਕਿਧਰੋਂ ਵੀ ਆਸ ਦੀ ਕੋਈ ਕਿਰਨ ਨਾ ਦਿਖੀ। ਟਹਿਲ ਸਿੰਘ ਦੱਸਦਾ ਹੈ ਕਿ ਉਦੋਂ ਹੀ ਉਸ ਦੀ ਦਿਨ ਰਾਤ ਦੀ ਚੈਨ  ਮੁੱਕ ਗਈ ਸੀ। ਬੱਸ ਇੱਕੋ ਇੱਕ ਖਿਆਲ ਘੁੰਮਦਾ ਸੀ ਕਿ ਸ਼ਹੀਦ ਬਾਪ ਦਾ ਬੁੱਤ ਲੱਗ ਜਾਏ। ਬਾਪ ਦਾ ਬੁੱਤ ਲਾਉਣ ਖਾਤਰ ਉਸ ਨੇ ਥੋੜੇ ਸਮੇਂ ਮਗਰੋਂ ਡਰਾਈਵਰੀ ਕਰਨੀ ਸ਼ੁਰੂ ਕਰ ਦਿੱਤੀ। ਤੰਗੀ ਤੁਰਸ਼ੀ ਤੇ ਉਪਰੋਂ ਮਸਲਾ ਵਿਧਵਾ ਦੀ ਇੱਕੋ ਇੱਕ ਚਾਹਤ ਨੂੰ ਪੂਰਾ ਕਰਨ ਦਾ ਬਣ ਗਿਆ। ਅੱਠ ਜਮਾਤਾਂ ਪਾਸ ਕਰਨ ਮਗਰੋਂ ਪੜਾਈ ਵਿਚਕਾਰੇ ਛੱਡਣੀ ਪਈ। ਡਰਾਈਵਰੀ ਚੋਂ ਕੁਝ ਪੈਸੇ ਨਾਲ ਘਰ ਦਾ ਖਰਚਾ ਕੱਢਦਾ। ਹਰ ਮਹੀਨੇ ਕੁਝ ਪੈਸਾ ਬਚਾ ਕੇ ਰੱਖਣੇ ਸ਼ੁਰੂ ਕਰ ਦਿੱਤੇ। ਕੁਝ ਅਰਸੇ 'ਚ ਉਸ ਕੋਲ ਕੁਝ ਬੱਚਤ ਪੂੰਜੀ ਇਕੱਠੀ ਹੋ ਗਈ। ਉਹ ਦੱਸਦਾ ਹੈ ਕਿ ਉਸ ਨੇ ਬਾਪ ਦਾ ਬੁੱਤ ਲਾਉਣ ਖਾਤਰ ਦਿਨ ਰਾਤ ਦਿਹਾੜੀ ਵੀ ਕੀਤੀ।
        ਜ਼ਿਲ੍ਹਾ ਸੰਗਰੂਰ ਦੇ ਪਿੰਡ ਡਸਕਾ ਦੇ ਸ਼ਹੀਦ ਨਾਇਕ ਗੁਰਬਚਨ ਸਿੰਘ ਦੇ ਬੁੱਤ ਲਈ ਗੋਦ ਲਏ ਪੁੱਤ ਨੂੰ ਬਹੁਤ ਪਾਪੜ ਵੇਲਣੇ ਪਏ। ਪਤੀ ਦੀ ਸ਼ਹੀਦੀ ਮਗਰੋਂ ਹੀ ਵਿਧਵਾ ਮਾਂ ਰੂਪ ਕੌਰ ਆਪਣੇ ਗੋਦ ਲਏ ਪੁੱਤ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਹੀਰੋ ਖੁਰਦ (ਜ਼ਿਲ੍ਹਾ ਮਾਨਸਾ) ਆ ਗਈ ਸੀ। ਹੀਰੋ ਖੁਰਦ ਦੇ ਇੱਕ ਡੇਰੇ ਵਾਲਿਆਂ ਨੇ ਟਹਿਲ ਸਿੰਘ ਨੂੰ ਜੈਪੁਰ ਬੁੱਤ ਬਣਦੇ ਹੋਣ ਦੀ ਦੱਸ ਪਾਈ।  ਫਿਰ ਕੀ ਸੀ ਕਿ ਉਹ ਸ਼ਹੀਦ ਬਾਪ ਦਾ ਬੁੱਤ ਬਣਾਉਣ ਖਾਤਰ ਜੈਪੁਰ ਦੇ ਕ੍ਰਿਸ਼ਨਾ ਮੂਰਤੀ ਬਾਜ਼ਾਰ ਪੁੱਜ ਗਿਆ। ਇੱਕ ਬੁੱਤਸਾਜ ਨੇ ਉਸ ਨੂੰ ਦੱਸਿਆ ਕਿ ਉਹ ਪਹਿਲਾ ਗ੍ਰਾਹਕ ਹੈ ਜੋ ਕਿ ਕਿਸੇ ਸ਼ਹੀਦ ਫੌਜੀ ਦਾ ਬੁੱਤ ਬਣਾਉਣ ਆਇਆ ਹੈ। ਜਦੋਂ ਟਹਿਲ ਸਿੰਘ ਨੇ ਆਪਣੀ ਰਾਮ ਕਹਾਣੀ ਦੱਸੀ ਤਾਂ ਦੁਕਾਨ ਮਾਲਕ ਨੇ ਉਸ ਨੂੰ ਪੰਜ ਹਜ਼ਾਰ ਰੁਪਏ ਦੀ ਛੋਟ ਦੇ ਦਿੱਤੀ। ਉਸ ਤੋਂ ਟਰਾਂਸਪੋਰਟ ਦਾ ਵੀ ਕੋਈ ਖਰਚਾ ਨਾ ਲਿਆ। ਪੂਰੇ 45 ਹਜ਼ਾਰ ਰੁਪਏ 'ਚ ਉਸ ਨੂੰ ਸ਼ਹੀਦ ਬਾਪ ਦਾ ਤਿਆਰ ਬੁੱਤ ਮਿਲ ਗਿਆ। ਬੁੱਤ ਲਗਾਉਣ ਖਾਤਰ ਫਿਰ ਜਗ੍ਹਾ ਦੀ ਲੋੜ ਪਈ। ਪਿੰਡ ਡਸਕਾ ਦੀ ਪੰਚਾਇਤ ਨੇ ਪਿੰਡ ਦੇ ਬੱਸ ਅੱਡੇ ਪਿਛੇ ਪਈ ਛੋਟੀ ਜੇਹੀ ਜਗ੍ਹਾ ਬੁੱਤ ਲਗਾਉਣ ਲਈ ਦੇ ਦਿੱਤੀ। ਟਹਿਲ ਸਿੰਘ ਦੇ ਦੋਸਤ ਨੇ ਬੁੱਤ ਖਾਤਰ 10 ਬੋਰੀਆਂ ਸੀਮਿੰਟ ਦਾਨ 'ਚ ਦੇ ਦਿੱਤੀਆਂ। ਜਦੋਂ ਜੈਪੁਰ ਤੋਂ ਸ਼ਹੀਦ ਫੌਜੀ ਦਾ ਬੁੱਤ ਘਰ ਪੁੱਜਾ ਤਾਂ ਵਿਧਵਾ ਮਾਂ ਨੂੰ ਸੱਚਮੁੱਚ ਆਪਣੇ ਪਤੀ ਦੇ ਘਰ ਆਉਣ ਦਾ ਅਹਿਸਾਸ ਹੋਇਆ ਜੋ ਜਲਦੀ ਮੁੜਨ ਦਾ ਵਾਅਦਾ ਕਰ ਸਿੱਧਾ ਜੰਗ ਦੇ ਮੈਦਾਨ ਚਲਾ ਗਿਆ ਸੀ। ਜਦੋਂ ਡਸਕਾ ਪਿੰਡ 'ਚ ਸ਼ਹੀਦ ਬੁੱਤ ਲੱਗ ਗਿਆ ਤਾਂ ਉਸ ਵੇਲੇ ਦਾ ਤਤਕਾਲੀ ਕਾਂਗਰਸੀ ਵਿਧਾਇਕ ਬੁੱਤ ਤੋਂ ਪਰਦਾ ਹਟਾਉਣ ਲਈ ਬਿਨਾਂ ਦੇਰੀ ਪੁੱਜ ਗਿਆ ਸੀ। ਪਰਦਾ ਹਟਾਉਣ ਮਗਰੋਂ ਵੀ ਉਸ ਨੂੰ ਕੋਈ ਸੰਗ ਸ਼ਰਮ ਨਾ ਆਈ।
           ਪੁੱਤ ਟਹਿਲ ਸਿੰਘ ਆਖਦਾ ਹੈ ਕਿ ਬੁੱਤ ਲਈ ਢੁਕਵੀਂ ਜਗ੍ਹਾ ਨਹੀਂ ਮਿਲ ਸਕੀ। ਬੁੱਤ ਦੇ ਅੱਗੇ ਜੋ ਬੱਸ ਅੱਡਾ ਹੈ, ਉਸ ਦੀ ਹਾਲਤ ਖਸਤਾ ਹੈ। ਸਾਲ 2004 'ਚ ਅਕਾਲੀ ਵਿਧਾਇਕ ਨੇ 50 ਹਜ਼ਾਰ ਦੀ ਗਰਾਂਟ ਐਲਾਨੀ, ਜੋ 7 ਵਰ੍ਹਿਆਂ ਮਗਰੋਂ ਵੀ ਪੁੱਜ ਨਹੀਂ ਸਕੀ ਹੈ। ਵਿਧਵਾ ਮਾਂ ਆਖਦੀ ਹੈ ਕਿ ਉਸ ਨੂੰ ਬੁੱਤ ਲਗਾਏ ਜਾਣ ਮਗਰੋਂ ਤਸੱਲੀ ਬਣੀ ਹੈ। ਉਹ ਆਖਦੀ ਹੈ ਕਿ ਉਹ ਵੀ ਤਾਂ 40 ਵਰ੍ਹਿਆਂ ਤੋਂ ਜ਼ਿੰਦਗੀ ਦੀ ਜੰਗ ਹੀ ਲੜ ਰਹੀ ਹੈ। ਸਿਰਫ਼ ਸ਼ਹੀਦ ਦਾ ਨਾਮ ਰਹਿੰਦੀ ਦੁਨੀਆਂ ਤੱਕ ਚੱਲਦਾ ਰਹੇ,ਇਹੋ ਉਸ ਦੀ ਆਖਰੀ ਇੱਛਾ ਹੈ। ਜਵਾਨ ਪੁੱਤ ਸਰਕਾਰੀ ਬੇਰੁਖੀ 'ਤੇ ਖਫ਼ਾ ਹੈ। ਉਹ ਆਖਦਾ ਹੈ ਕਿ ਲੀਡਰਾਂ 'ਤੇ ਹੁਣ ਕੋਈ ਭਰੋਸਾ ਨਹੀਂ ਰਿਹਾ ਹੈ। ਇਹ ਪਰਿਵਾਰ 11 ਵਰ੍ਹਿਆਂ ਤੋਂ ਪਿੰਡ ਡਸਕਾ 'ਚ ਹਰ ਸਾਲ ਸ਼ਹੀਦ ਦੀ ਬਰਸੀ ਮਨਾ ਰਿਹਾ ਹੈ।
           ਸਰਕਾਰ ਵਲੋਂ 10 ਏਕੜ ਜ਼ਮੀਨ ਐਲਾਨੀ ਗਈ ਜੋ ਕਿ ਚਾਰ ਦਹਾਕੇ ਮਗਰੋਂ ਵੀ ਮਿਲ ਨਹੀਂ ਸਕੀ ਸੀ। ਆਖਰ ਹੁਣ ਇਸ ਪ੍ਰਵਾਰ ਨੇ ਜ਼ਮੀਨ ਲੈਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਪਾਈ ਹੈ। ਵਿਧਵਾ ਮਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਤੇ ਉਹ ਆਪਣਾ ਪਰਿਵਾਰ ਪੈਨਸ਼ਨ ਸਹਾਰੇ ਪਾਲ ਰਹੀ ਹੈ। ਸਾਲ 2005 'ਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਲੱਖ ਰੁਪਏ ਦੀ ਮਾਲੀ ਮਦਦ ਦੇ ਦਿੱਤੀ ਸੀ ਜਿਸ ਨਾਲ ਉਨ੍ਹਾਂ ਨੇ ਪਿੰਡ 'ਚ ਇੱਕ ਮਕਾਨ ਖਰੀਦ ਲਿਆ ਸੀ। ਨਾਇਕ ਗੁਰਬਚਨ ਸਿੰਘ ਸਾਲ 1963 ਵਿੱਚ ਭਰਤੀ ਹੋਇਆ ਸੀ। ਉਸ ਨੇ ਪਹਿਲਾਂ ਭਾਰਤ ਚੀਨ ਜੰਗ ਲੜੀ। ਵਿਆਹ ਹੋਣ ਮਗਰੋਂ ਜਦੋਂ ਉਹ ਦੋ ਮਹੀਨੇ ਦੀ ਛੁੱਟੀ ਕੱਟਣ ਆਇਆ ਤਾਂ ਛੁੱਟੀ ਕੈਂਸਲ ਕਰਕੇ ਉਸ ਨੂੰ ਭਾਰਤ ਪਾਕਿ ਜੰਗ 'ਚ ਬੁਲਾ ਲਿਆ ਗਿਆ। ਇਸੇ ਜੰਗ 'ਚ ਉਹ ਸ਼ਹੀਦੀ ਜਾਮ ਪੀ ਗਿਆ। ਜਰਾ ਸੋਚੇ ਤੇ ਫਿਰ ਪੁੱਛੋ ਉਨ੍ਹਾਂ ਆਗੂਆਂ ਨੂੰ ਜੋ ਜੰਗਾਂ ਦੀ ਗੱਲ ਕਰਦੇ ਹਨ। ਆਪਣੇ ਪੁੱਤਾਂ ਨੂੰ ਤੱਤੀ ਵਾ ਨਹੀਂ ਲੱਗਣ ਦਿੰਦੇ। ਗਰੀਬਾਂ ਦੇ ਪੁੱਤਾਂ ਨੂੰ ਵਤਨ ਲਈ ਮਰ ਮਿਟਣ ਦਾ ਪਾਠ ਪੜਾਉਂਦੇ ਹਨ। ਕੋਈ ਬੋਫੋਰਜ਼ ਚੋਂ ਜੇਬਾਂ ਭਰ ਗਿਆ ਤੇ ਕੋਈ ਤਾਬੂਤਾਂ ਚੋਂ। ਗਰੀਬਾਂ ਦੇ ਹਿੱਸੇ ਤਾਂ ਸ਼ਹੀਦੀ ਹੀ ਆਈ ਹੈ। ਜੋ ਪਿਛੇ ਬਚ ਗਏ,ਉਨ੍ਹਾਂ ਦੇ ਪੱਲੇ ਗੁਰਬਤ ਬਚੀ ਹੈ। ਵਿਧਵਾ ਰੂਪ ਕੌਰ ਦਾ ਪ੍ਰਵਾਰ ਇਨ੍ਹਾਂ ਚੋਂ ਇੱਕ ਹੈ। ਇਹ ਕੇਹਾ ਵਤਨ ਹੈ ਜਿਸ 'ਚ ਪੁੱਤਾਂ ਨੂੰ ਦਿਹਾੜੀ ਕਰ ਕਰ ਕੇ ਬੁੱਤ ਲਾਉਣੇ ਪੈਂਦੇ ਹਨ। ਮੁੱਖ ਮੰਤਰੀ ਪੰਜਾਬ ਦੀਆਂ ਕਾਰਾਂ ਦਾ ਕਾਫਲਾ ਇੱਕੋ ਦਿਨ 'ਚ 65 ਹਜ਼ਾਰ ਦਾ ਤੇਲ ਪੀ ਜਾਂਦਾ ਹੈ ਜਦੋਂ ਕਿ ਬੁੱਤ ਦੀ ਕੀਮਤ ਇਸ ਤੋਂ ਕਿਤੇ ਘੱੱਟ ਹੁੰਦੀ ਹੈ।
           ਕਾਰਗਿਲ ਜੰਗ ਦੇ ਪਹਿਲੇ ਸ਼ਹੀਦ ਅਜੇ ਆਹੂਜਾ ਦਾ ਬੁੱਤ ਤਾਂ ਬਠਿੰਡਾ 'ਚ 12 ਵਰ੍ਹਿਆਂ ਮਗਰੋਂ ਵੀ ਨਹੀਂ ਲੱਗ ਸਕਿਆ ਹੈ। ਭਾਰਤੀ ਹਵਾਈ ਫੌਜ ਦਾ ਸਕੈਅਡਰਨ ਲੀਡਰ ਅਜੇ ਆਹੂਜਾ 27 ਮਈ 1999 ਨੂੰ ਕਾਰਗਿਲ ਜੰਗ ਦੌਰਾਨ ਸ਼ਹੀਦ ਹੋ ਗਿਆ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੈਡ ਕਰਾਸ ਬਠਿੰਡਾ ਨੂੰ ਸ਼ਹੀਦ ਦੇ ਬੁੱਤ ਖਾਤਰ 50 ਹਜ਼ਾਰ ਰੁਪਏ ਦੇ ਫੰਡ ਦੇਣ ਲਈ ਆਖ ਦਿੱਤਾ। ਵਾਅਦਾ ਵੀ ਕੀਤਾ ਕਿ ਉਹ ਰੈਡ ਕਰਾਸ ਨੂੰ ਪੈਸੇ ਉਪਰੋਂ ਭੇਜ ਦੇਣਗੇ। ਰੈਡ ਕਰਾਸ ਬਠਿੰਡਾ ਨੇ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਦੇ ਫੰਡਾਂ ਚੋਂ ਮਿਤੀ 14 ਜੂਨ 1999 ਨੂੰ 50 ਹਜ਼ਾਰ ਦੇ ਫੰਡ ਬੁੱਤ ਲਈ ਪ੍ਰਵਾਨ ਕਰ ਦਿੱਤੇ ਸਨ। ਰੈਡ ਕਰਾਸ ਨੇ ਨਗਰ ਕੌਸ਼ਲ ਬਠਿੰਡਾ ਦੇ ਮਿਊਸਪਲ ਇੰਜੀਨੀਅਰ ਸ੍ਰੀ ਬੀ.ਡੀ.ਸਿੰਗਲਾ ਨੂੰ ਪੱਤਰ ਨੰਬਰ 1959 ਮਿਤੀ 15 ਜੂਨ 1999 ਰਾਹੀਂ ਨਵੀਂ ਦਿੱਲੀ ਦੀ ਫਰਮ ਮੈਸਰਜ਼ ਗੁਰੂ ਹੈਂਡੀਕਰਾਫਟਸ ਦੇ ਨਾਮ ਬੁੱਤ ਲਈ 50 ਹਜ਼ਾਰ ਦਾ ਡਰਾਫਟ ਬਣਾ ਕੇ ਦੇ ਦਿੱਤਾ ਸੀ। ਅੱਜ ਤੱਕ ਨਾ ਬੁੱਤ ਆਇਆ ਹੈ ਤੇ ਨਾ ਰੈਡ ਕਰਾਸ ਕੋਲ ਰਾਸ਼ੀ। ਅਖੀਰ ਰੈਡ ਕਰਾਸ ਬਠਿੰਡਾ ਨੇ ਨਗਰ ਕੌਸ਼ਲ ਨੂੰ ਪੱਤਰ ਨੰਬਰ 3169 ਮਿਤੀ 5 ਮਈ 2000 ਨੂੰ ਲਿਖ ਕੇ ਆਖਿਆ ਕਿ ਜੋ ਲੋਨ ਦੇ ਰੂਪ 'ਚ ਬੁੱਤ ਵਾਸਤੇ 50 ਹਜ਼ਾਰ ਦੀ ਰਾਸ਼ੀ ਲਈ ਗਈ ਹੈ,ਉਹ ਵਾਪਸ ਕੀਤੀ ਜਾਵੇ।
            ਮੁੱਖ ਮੰਤਰੀ ਨੇ ਅੱਜ ਤੱਕ ਬੁੱਤ ਲਈ ਰਾਸ਼ੀ ਨਹੀਂ ਭੇਜੀ। ਪਤਾ ਲੱਗਾ ਹੈ ਕਿ ਬੁੱਤ ਦੀ ਕੀਮਤ ਤਿੰਨ ਲੱਖ ਤੋਂ ਉਪਰ ਸੀ ਜਿਸ ਦਾ ਕੋਈ ਪ੍ਰਬੰਧ ਨਾ ਹੋ ਸਕਿਆ। ਕੁਝ ਰਾਸ਼ੀ ਤਾਂ ਦਿੱਲੀ ਦੀ ਫਰਮ ਨੂੰ ਬੁੱਤ ਤਿਆਰ ਕਰਨ ਵਾਸਤੇ ਦੇ ਦਿੱਤੀ ਗਈ ਸੀ ਅਤੇ ਬਕਾਇਆ ਰਕਮ ਦੇਣ ਮਗਰੋਂ ਹੀ ਬੁੱਤ ਤਿਆਰ ਹੋਣਾ ਸੀ। ਉਧਰ ਅਜੇ ਆਹੂਜਾ ਦੀ ਵਿਧਵਾ ਅਲਕਾ ਆਹੂਜਾ ਅਤੇ ਇਕਲੌਤੇ ਬੱਚੇ ਅੰਕੁਸ਼ ਆਹੂਜਾ ਨੂੰ ਆਪਣੇ ਬਾਪ ਦਾ ਬੁੱਤ ਲੱਗਣ ਦੀ 12 ਵਰ੍ਹਿਆਂ ਮਗਰੋਂ ਵੀ ਉਡੀਕ ਬਣੀ ਹੋਈ ਹੈ। ਇਹ ਤਾਂ ਇੱਕਾ ਦੁੱਕਾ ਮਿਸਾਲਾਂ ਹਨ। ਤਸਵੀਰ ਦਾ ਦੂਜਾ ਪਾਸਾ ਦੇਖੋ। ਪੰਜਾਬ ਹਰਿਆਣਾ ਸੀਮਾਂ 'ਤੇ ਕਿੱਲਿਆ ਵਾਲੀ 'ਚ ਚੌਧਰੀ ਦੇਵੀ ਲਾਲ ਦਾ ਬੁੱਤ ਲਾਉਣ ਲਈ ਸਰਕਾਰ ਨੇ ਕੋਈ ਢਿੱਲ ਨਹੀਂ ਦਿਖਾਈ। ਬਿਜਲੀ ਬੋਰਡ ਦਾ ਦਫ਼ਤਰ ਢਾਹ ਕੇ ਪਹਿਲਾਂ ਚੌਧਰੀ ਦੇਵੀ ਲਾਲ ਦਾ ਬੁੱਤ ਲਾਇਆ। ਹੁਣ ਇਸ ਸਮਾਰਕ ਦੇ ਸਾਰੇ ਖਰਚੇ ਸਰਕਾਰ ਚੁੱਕ ਰਹੀ ਹੈ। ਮੁੱਖ ਮੰਤਰੀ ਪੰਜਾਬ ਦੇ ਸਟਾਫ ਦੇ ਇੱਕ ਮੈਂਬਰ ਦਾ ਬਾਪ ਬਠਿੰਡਾ ਜ਼ਿਲੇ ਦਾ ਇੱਕ ਸਧਾਰਨ ਅਕਾਲੀ ਸੀ। ਉਸ ਦੀ ਮੌਤ ਮਗਰੋਂ ਸਰਕਾਰ ਨੇ ਹੱਥੋਂ ਹੱਥੀ ਉਸ ਅਕਾਲੀ ਵਰਕਰ ਦੇ ਨਾਮ 'ਤੇ ਪਿੰਡ ਦੇ ਸਕੂਲ ਦਾ ਨਾਮਕਰਨ ਕਰ ਦਿੱਤਾ। ਕੂਕਾ ਲਹਿਰ ਦੇ ਅੱਧੀ ਦਰਜਨ ਸ਼ਹੀਦਾਂ ਦੇ ਨਾਮ 'ਤੇ ਸਰਕਾਰੀ ਸਕੂਲਾਂ ਦਾ ਨਾਮਕਰਨ ਕੀਤੇ ਜਾਣ ਦੀ ਕਾਰਵਾਈ ਦੋ ਵਰ੍ਹਿਆਂ ਤੋਂ ਫਾਈਲਾਂ 'ਚ ਹੀ ਅਟਕੀ ਹੋਈ ਹੈ।
          ਦਿਨ ਫਿਰਨਗੇ। ਜਦੋਂ ਸ਼ਹੀਦਾਂ ਦੇ ਬੁੱਤ ਬੋਲਣਗੇ ਤਾਂ ਲੋਕ ਰਾਜ ਦੇ 'ਸੇਵਕਾਂ' ਨੂੰ ਥਾਂ ਨਹੀਂਓ ਲੱਭਣੀ। ਦੇਰ ਹੈ, ਅੰਧੇਰ ਨਹੀਂ। ਰਾਤ ਹੈ ਤਾਂ ਸਵੇਰ ਵੀ ਹੈ।      

1 comment:

  1. ਜਰਾ ਸੋਚੇ ਤੇ ਫਿਰ ਪੁੱਛੋ ਉਨ੍ਹਾਂ ਆਗੂਆਂ ਨੂੰ ਜੋ ਜੰਗਾਂ ਦੀ ਗੱਲ ਕਰਦੇ ਹਨ। ਆਪਣੇ ਪੁੱਤਾਂ ਨੂੰ ਤੱਤੀ ਵਾ ਨਹੀਂ ਲੱਗਣ ਦਿੰਦੇ। ਗਰੀਬਾਂ ਦੇ ਪੁੱਤਾਂ ਨੂੰ ਵਤਨ ਲਈ ਮਰ ਮਿਟਣ ਦਾ ਪਾਠ ਪੜਾਉਂਦੇ ਹਨ। ਕੋਈ ਬੋਫੋਰਜ਼ ਚੋਂ ਜੇਬਾਂ ਭਰ ਗਿਆ ਤੇ ਕੋਈ ਤਾਬੂਤਾਂ ਚੋਂ। ਗਰੀਬਾਂ ਦੇ ਹਿੱਸੇ ਤਾਂ ਸ਼ਹੀਦੀ ਹੀ ਆਈ ਹੈ। ਜੋ ਪਿਛੇ ਬਚ ਗਏ,ਉਨ੍ਹਾਂ ਦੇ ਪੱਲੇ ਗੁਰਬਤ ਬਚੀ ਹੈ।........ਇੱਕ ਇੱਕ ਸ਼ਬਦ ਕਰੋੜਾਂ ਰੁਪਏ ਦਾ ਹੈ.....ਅਤੇ ਰੱਤੀ ਰੱਤੀ ਸਚ........

    ReplyDelete