Saturday, December 31, 2011

              ਹੁਣ ਔਰਬਿਟ ਹੈਲੀਕਾਪਟਰ ਵੀ
                                 ਚਰਨਜੀਤ ਭੁੱਲਰ
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਨੇ ਚੋਣ ਪ੍ਰਚਾਰ ਲਈ 'ਔਰਬਿਟ' ਹੈਲੀਕਾਪਟਰ ਵਰਤਣਾ ਸ਼ੁਰੂ ਕੀਤਾ ਹੋਇਆ ਹੈ। ਪੰਜਾਬ 'ਚ ਪਹਿਲਾਂ 'ਔਰਬਿਟ' ਬੱਸਾਂ ਦੀ ਚਰਚਾ ਰਹੀ ਹੈ, ਹੁਣ ਹਵਾਈ ਸੇਵਾਵਾਂ ਵਿਚ ਵੀ ਇਸੇ ਦਾ ਨਾਂ ਚਲਦਾ ਹੈ। ਹਵਾਈ ਖੇਤਰ 'ਚ 'ਔਰਬਿਟ ਏਵੀਏਸ਼ਨਜ਼ ਪ੍ਰਾਈਵੇਟ ਲਿਮਟਿਡ' ਨਾਮ ਦੀ ਕੰਪਨੀ ਚੱਲ ਰਹੀ ਹੈ ਜਿਸ ਦਾ ਹੈਲੀਕਾਪਟਰ 2009 ਦੀਆਂ ਲੋਕ ਸਭਾ ਚੋਣਾਂ  'ਚ ਵੀ ਵਰਤਿਆ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਰਤ ਦੇ ਚੋਣ ਕਮਿਸ਼ਨ ਨੂੰ ਜੋ ਪੱਤਰ (ਨੰਬਰ 01 ਐਸ.ਏ.ਡੀ/2010 ਮਿਤੀ 4 ਜਨਵਰੀ 2010) ਸੌਂਪਿਆ ਗਿਆ ਅਤੇ ਜਿਸ ਰਾਹੀਂ ਨੂੰ ਮਾਲੀ ਸਾਲ 2008-09 ਦੀ ਜੋ ਬੈਲੈਂਸ ਸ਼ੀਟ ਜਮ੍ਹਾਂ ਕਰਾਈ ਗਈ ਹੈ, ਉਸ 'ਚ 'ਔਰਬਿਟ ਏਵੀਏਸ਼ਨਜ਼ ਪ੍ਰਾਈਵੇਟ ਲਿਮਟਿਡ' ਦੀ ਸ਼੍ਰੋਮਣੀ ਅਕਾਲੀ ਦਲ ਤੋਂ 26,57,263 ਰੁਪਏ ਦੀ ਲੈਣਦਾਰੀ ਦਿਖਾਈ ਗਈ ਹੈ ਅਕਾਲੀ ਦਲ ਵੱਲੋਂ ਇਸ ਤੋਂ ਇਲਾਵਾ ਚੋਣ ਕਮਿਸ਼ਨ ਕੋਲ ਜੋ ਲੋਕ ਸਭਾ ਚੋਣਾਂ 2009 ਦੀ 'ਖਰਚ ਰਿਪੋਰਟ' ਜਮ੍ਹਾਂ ਕਰਾਈ ਗਈ ਹੈ, ਉਸ ਮੁਤਾਬਕ ਪਾਰਟੀ ਵੱਲੋਂ ਚੋਣ ਪ੍ਰਚਾਰ ਖਾਤਰ ਦੋ ਹਵਾਈ ਕੰਪਨੀਆਂ ਤੋਂ ਹੈਲੀਕਾਪਟਰ ਭਾੜੇ 'ਤੇ ਲਏ ਗਏ ਸਨ। ਚੋਣ ਪ੍ਰਚਾਰ ਲਈ ਵਰਤੇ ਹੈਲੀਕਾਪਟਰਾਂ/ ਜਹਾਜ਼ਾਂ ਦਾ ਕੁੱਲ ਖਰਚਾ 1,34,68,613 ਰੁਪਏ ਦਿਖਾਇਆ ਗਿਆ ਸੀ। ਬੈਲੇਂਸ ਸ਼ੀਟ ਅਨੁਸਾਰ 'ਔਰਬਿਟ ਏਵੀਏਸ਼ਨਜ਼ ਪ੍ਰਾਈਵੇਟ ਲਿਮਟਿਡ' ਨੂੰ 9,77,340 ਰੁਪਏ ਦੀ ਅਦਾਇਗੀ ਕੀਤੀ ਗਈ ਜਦੋਂ ਕਿ ਏਅਰ ਕਿੰਗ ਚਾਰਟਰਜ਼ ਕੰਪਨੀ ਨੂੰ 1,24,91,273 ਰੁਪਏ ਦੀ ਅਦਾਇਗੀ ਕੀਤੀ ਗਈ ਸੀ।
            ਸਿਆਸੀ ਧਿਰਾਂ ਨੇ ਚੋਣ ਪ੍ਰਚਾਰ ਲਈ ਹੈਲੀਕਾਪਟਰਾਂ ਦੀ ਵਰਤੋਂ ਜ਼ਿਆਦਾ ਵਧਾ ਦਿੱਤੀ ਹੈ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੇ ਪਾਰਟੀ ਦੀ ਤਰਫੋਂ ਹੈਲੀਕਾਪਟਰ ਵਰਤਣੇ ਸ਼ੁਰੂ ਕਰ ਦਿੱਤੇ ਹਨ ਜਦੋਂ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪਾਰਟੀ ਕੰਮਾਂ ਲਈ ਆਉਣ-ਜਾਣ ਵਾਸਤੇ ਹੈਲੀਕਾਪਟਰ ਹੀ ਵਰਤਦੇ ਆ ਰਹੇ ਹਨ।  ਚੋਣ ਕਮਿਸ਼ਨ ਨੇ ਹਦਾਇਤ ਕੀਤੀ ਹੈ ਕਿ ਹੈਲੀਕਾਪਟਰ ਦੀ ਹਰ ਉਡਾਣ ਦੀ 24 ਘੰਟੇ ਪਹਿਲਾਂ ਸੂਚਨਾ ਦਿੱਤੀ ਜਾਵੇ। ਸ਼੍ਰੋਮਣੀ ਅਕਾਲੀ ਦਲ ਵੱਲੋਂ 27 ਦਸੰਬਰ ਨੂੰ ਉਪ ਮੁੱਖ ਮੰਤਰੀ ਦੀ ਪਿੰਡ ਕਾਲਝਰਾਨੀ ਵਿਖੇ ਲੈਂਡਿੰਗ ਅਤੇ 29 ਦਸੰਬਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੈਲੀਕਾਪਟਰ ਦੀ ਭੁੱਚੋ ਮੰਡੀ ਵਿਖੇ ਲੈਂਡਿੰਗ ਦੀ ਸੂਚਨਾ ਮੁੱਖ ਚੋਣ ਅਫਸਰ ਪੇਸ਼ਗੀ ਤੌਰ 'ਤੇ ਭੇਜ ਦਿੱਤੀ ਗਈ ਸੀ। ਕੌਮੀ ਪਾਰਟੀਆਂ ਦੇ ਕੇਂਦਰੀ ਨੇਤਾਵਾਂ ਵੱਲੋਂ ਤਾਂ ਪਹਿਲਾਂ ਹੀ ਲੋਕ ਸਭਾ ਚੋਣਾਂ ਵਿੱਚ ਹੈਲੀਕਾਪਟਰ ਵਰਤੇ ਜਾਂਦੇ ਰਹੇ ਹਨ। ਹੁਣ ਅਸੈਂਬਲੀ ਚੋਣਾਂ ਵਿੱਚ ਵੀ ਹੈਲੀਕਾਪਟਰ ਚੋਣ ਪ੍ਰਚਾਰ ਲਈ ਆਸਾਨ ਸਾਧਨ ਬਣ ਗਏ ਹਨ। ਹਵਾਈ ਕੰਪਨੀਆਂ ਦੀ ਚੋਣਾਂ ਦੇ ਦਿਨਾਂ ਵਿੱਚ ਚਾਂਦੀ ਬਣ ਜਾਂਦੀ ਹੈ। ਪੰਜਾਬ ਤੋਂ ਪਹਿਲਾਂ ਹਰਿਆਣਾ ਵਿੱਚ ਅਸੈਂਬਲੀ ਚੋਣਾਂ ਦੌਰਾਨ ਵੀ ਹੈਲੀਕਾਪਟਰ ਵਰਤੇ ਗਏ ਸਨ।
ਸਿਆਸੀ ਧਿਰਾਂ ਵੱਲੋਂ ਚੋਣ ਕਮਿਸ਼ਨ ਭਾਰਤ ਸਰਕਾਰ ਕੋਲ ਜਮ੍ਹਾਂ ਕਰਾਈਆਂ ਰਿਟਰਨਾਂ ਮੁਤਾਬਕ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵੱਲੋਂ ਹਰਿਆਣਾ ਚੋਣਾਂ ਦੌਰਾਨ 'ਇੰਡੋ ਪੈਸੇਫਿਕ ਏਵੀਏਸ਼ਨ ਲਿਮਟਿਡ ਕੰਪਨੀ' ਦਾ ਹੈਲੀਕਾਪਟਰ ਵਰਤਿਆ ਗਿਆ ਹੈ। ਪਾਰਟੀ ਵੱਲੋਂ ਇਸ ਹੈਲੀਕਾਪਟਰ ਕੰਪਨੀ ਨੂੰ 19.95 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਹੈ।
          ਬਹੁਜਨ ਸਮਾਜ ਪਾਰਟੀ ਨੇ ਵੀ ਹਰਿਆਣਾ ਚੋਣਾਂ ਵਿੱਚ ਵਰਤੇ ਹੈਲੀਕਾਪਟਰ ਦੀ 2,75,750 ਰੁਪਏ ਦੀ ਅਦਾਇਗੀ ਕੀਤੀ ਤਾਂ ਕਮਿਊਨਿਸਟ ਨੇਤਾ ਵੀ ਚੋਣ ਪ੍ਰਚਾਰ ਲਈ ਹੈਲੀਕਾਪਟਰ ਵਰਤਣ ਲੱਗੇ ਹਨ। ਸੀ.ਪੀ.ਆਈ. ਨੇ ਹਰਿਆਣਾ ਅਤੇ ਮਹਾਂਰਾਸ਼ਟਰ ਦੀਆਂ ਅਸੈਂਬਲੀ ਚੋਣਾਂ ਵਿੱਚ ਹੈਲੀਕਾਪਟਰ ਭਾੜੇ 'ਤੇ ਲਏ ਗਏ ਸਨ ਜਿਨ੍ਹਾਂ ਦਾ ਕਿਰਾਇਆ-ਭਾੜਾ 18.34 ਲੱਖ ਰੁਪਏ ਤਾਰਿਆ ਗਿਆ ਸੀ। 2009 ਦੀਆਂ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਜ਼ਿਆਦਾ ਹੈਲੀਕਾਪਟਰ ਅਤੇ ਜਹਾਜ਼ ਕਾਂਗਰਸ ਵੱਲੋਂ ਭਾੜੇ 'ਤੇ ਲਏ ਗਏ ਸਨ। ਇਸ ਪਾਰਟੀ ਨੇ ਦੇਸ਼ ਭਰ ਵਿੱਚ ਚੋਣ ਪ੍ਰਚਾਰ ਖਾਤਰ 16 ਹਵਾਈ ਕੰਪਨੀਆਂ ਤੋਂ ਹੈਲੀਕਾਪਟਰ ਤੇ ਜਹਾਜ਼ ਲਏ ਸਨ ਜਿਨ੍ਹਾਂ ਦਾ ਕਿਰਾਇਆ113 ਕਰੋੜ ਰੁਪਏ ਤਾਰਿਆ ਗਿਆ।। ਭਾਜਪਾ ਵਲੋਂ ਲੋਕ ਸਭਾ ਚੋਣਾਂ 2009 ਵਿੱਚ 11 ਕੰਪਨੀਆਂ ਤੋਂ ਹੈਲੀਕਾਪਟਰ ਕਿਰਾਏ ਤੇ ਲਏ ਗਏ ਜਿਨ੍ਹਾਂ ਨੂੰ 80 ਕਰੋੜ ਰੁਪਏ ਦਾ ਕਿਰਾਇਆ ਤਾਰਿਆ ਗਿਆ। ਆਉਂਦੇ ਦਿਨ੍ਹਾਂ ਵਿੱਚ ਪੰਜਾਬ ਦੇ ਅੰਬਰ ਤੇ ਵੀ ਸਿਆਸੀ ਲੀਡਰਾਂ ਦੇ ਹੈਲੀਕਾਪਟਰ ਨਜ਼ਰ ਆਉਣਗੇ।

No comments:

Post a Comment