Wednesday, December 28, 2011

                                ਚੁਤਰਾਈ
     ਗਾਹਕ ਕਾਰਡਾਂ 'ਤੇ ਬਾਦਲਾਂ ਦੀ ਫੋਟੋ
                           ਚਰਨਜੀਤ ਭੁੱਲਰ
ਬਠਿੰਡਾ : ਪੇਂਡੂ ਲੋਕਾਂ ਦੇ ਬਾਦਲਾਂ ਦੀ ਫੋਟੋ ਵਾਲੇ ਗਾਹਕ ਕਾਰਡ ਬਣਾਏ ਜਾ ਰਹੇ ਹਨ। ਹਾਲਾਂਕਿ ਚੋਣ ਜ਼ਾਬਤਾ ਇਸ ਦੀ ਇਜਾਜ਼ਤ ਨਹੀਂ ਦਿੰਦਾ ਪਰ ਸਰਕਾਰ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ। ਦਿਹਾਤੀ ਖੇਤਰ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਆਰ.ਓ.ਪਲਾਂਟ ਲਗਾਏ ਗਏ ਹਨ ਉਨ੍ਹਾਂ ਦੇ ਪ੍ਰਬੰਧਕਾਂ ਵੱਲੋਂ ਬਾਦਲਾਂ ਦੀ ਫੋਟੋ ਵਾਲੇ ਗਾਹਕ ਕਾਰਡ ਦਿੱਤੇ ਜਾ ਰਹੇ ਹਨ।ਦੱਸਣਯੋਗ ਹੈ ਕਿ ਆਰ.ਓ. ਪਲਾਂਟ ਤੋਂ ਪਾਣੀ ਲੈਣ ਵਾਲੇ ਹਰ ਗਾਹਕ ਨੂੰ ਇੱਕ ਕਾਰਡ ਜਾਰੀ ਕੀਤਾ ਜਾਂਦਾ ਹੈ ਜਿਸ 'ਤੇ ਪਾਣੀ ਦਾ ਨਿੱਤ ਦਾ ਹਿਸਾਬ-ਕਿਤਾਬ ਰੱਖਿਆ ਜਾਂਦਾ ਹੈ। ਨਵੰਬਰ,2011 ਤੱਕ ਆਰ.ਓ. ਪਲਾਂਟਾਂ ਤੋਂ ਜਾਰੀ ਹੋਣ ਵਾਲੇ ਗਾਹਕ ਕਾਰਡਾਂ 'ਤੇ ਕਿਸੇ ਵੀ ਸ਼ਖ਼ਸੀਅਤ ਦੀ ਕੋਈ ਫੋਟੋ ਨਹੀਂ ਸੀ ਪਰ ਹੁਣ ਦਸੰਬਰ,2011 ਤੋਂ ਜਾਰੀ ਹੋਏ ਗਾਹਕ ਕਾਰਡਾਂ 'ਤੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਫੋਟੋ ਛਾਪੀ ਹੋਈ ਹੈ। ਇਨ੍ਹਾਂ ਗਾਹਕ ਕਾਰਡਾਂ 'ਤੇ 'ਰਾਜ ਨਹੀਂ ਸੇਵਾ' ਦਾ ਮਾਟੋ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਦੋਵੇਂ ਤਸਵੀਰਾਂ ਦੇ ਵਿਚਕਾਰ 'ਅਸਾਂ ਚੁੱਕਿਆ ਤੁਹਾਡੀ ਨਰੋਈ ਸਿਹਤ ਦਾ ਜ਼ਿੰਮਾ' ਵੀ ਲਿਖਿਆ ਹੋਇਆ ਹੈ। ਸ਼ਹਿਰੀ ਖੇਤਰ 'ਚ ਬਿਨਾਂ ਫੋਟੋ ਵਾਲੇ ਗਾਹਕ ਕਾਰਡ ਦਿੱਤੇ ਜਾ ਰਹੇ ਹਨ ਤਾਂ ਜੋ ਕੋਈ ਰੌਲਾ ਰੱਪਾ ਨਾ ਪਵੇ।
          ਪੰਜਾਬ ਭਰ ਵਿੱਚ ਇਸ ਵੇਲੇ 585 ਆਰ.ਓ. ਪਲਾਂਟ ਚੱਲ ਰਹੇ ਹਨ ਜਿਨ੍ਹਾਂ 'ਚੋਂ ਜ਼ਿਲ੍ਹਾ ਬਠਿੰਡਾ ਦੇ ਪੇਂਡੂ ਖੇਤਰ ਵਿੱਚ 124 ਆਰ.ਓ. ਪਲਾਂਟ ਚੱਲ ਰਹੇ ਹਨ। ਪੇਂਡੂ ਖੇਤਰ ਵਿੱਚ ਨੰਦੀ ਫਾਊਡੇਂਸ਼ਨ ਅਤੇ ਐਸ.ਆਰ.ਪਰਿਆਵਰਨ ਇੰਜਨੀਅਰਜ਼ ਪ੍ਰਾਈਵੇਟ ਲਿਮਟਿਡ ਵੱਲੋਂ ਆਰ.ਓ. ਪਲਾਂਟ ਲਗਾਏ ਗਏ ਹਨ। ਅਧਿਕਾਰੀਆਂ ਵੱਲੋਂ ਜ਼ਿਆਦਾ ਰੁਚੀ ਐਸ.ਆਰ.ਪਰਿਆਵਰਨ ਵਿੱਚ ਦਿਖਾਈ ਗਈ ਹੈ। ਅਫਸਰੀ ਸਹਿਯੋਗ ਜ਼ਿਆਦਾ ਇਸੇ ਕੰਪਨੀ ਨੂੰ ਰਿਹਾ ਹੈ। ਹੁਣ ਐਸ.ਆਰ.ਪਰਿਆਵਰਨ ਕੰਪਨੀ ਵੱਲੋਂ ਆਰ.ਓ. ਪਲਾਂਟ ਦਾ ਪਾਣੀ ਲੈਣ ਵਾਲੇ ਗਾਹਕਾਂ ਨੂੰ ਜੋ ਗਾਹਕ ਕਾਰਡ ਵੰਡੇ ਜਾ ਰਹੇ ਹਨ ਉਨ੍ਹਾਂ 'ਤੇ ਬਾਦਲਾਂ ਦੀ ਫੋਟੋ ਹੈ। ਜ਼ਿਲ੍ਹਾ ਮਾਨਸਾ ਦੇ ਪੇਂਡੂ ਸੈਕਟਰ ਵਿੱਚ 148 ਦੇ ਕਰੀਬ ਆਰ.ਓ. ਪਲਾਂਟ ਚੱਲਦੇ ਹਨ।ਪੰਜਾਬੀ ਟ੍ਰਿਬਿਊਨ ਵੱਲੋਂ ਪਿੰਡ ਨਸੀਬਪੁਰਾ 'ਚੋਂ 26 ਦਸੰਬਰ,2011 ਨੂੰ ਲਾਭਪਾਤਰੀ ਕੋਡ 61 ਵਾਲਾ ਇੱਕ ਗਾਹਕ ਕਾਰਡ ਜਾਰੀ ਕਰਵਾਇਆ ਗਿਆ ਜਿਸ ਕਾਰਡ 'ਤੇ ਦੋਹਾਂ ਬਾਦਲਾਂ ਦੀ ਫੋਟੋ ਸੀ। ਜਦੋਂ ਇਸੇ ਪਿੰਡ 'ਚੋਂ ਜਗਸੀਰ ਸਿੰਘ ਨਾਂ ਦੇ ਵਿਅਕਤੀ ਜਿਸ ਦਾ ਲਾਭਪਾਤਰੀ ਕੋਡ 19 ਹੈ, ਦਾ ਨਵੰਬਰ 2011 'ਚ ਜਾਰੀ ਹੋਇਆ ਗਾਹਕ ਕਾਰਡ ਦੇਖਿਆ ਗਿਆ ਤਾਂ ਉਸ 'ਤੇ ਕਿਸੇ ਵੀ ਸ਼ਖ਼ਸੀਅਤ ਦੀ ਫੋਟੋ ਨਹੀਂ ਸੀ। ਇਸ ਕੰਪਨੀ ਵੱਲੋਂ ਦਸੰਬਰ ਮਹੀਨੇ ਤੋਂ ਪਹਿਲਾਂ ਵਾਲੇ ਸਾਧਾਰਨ ਗਾਹਕ ਕਾਰਡ ਵੰਡੇ ਗਏ ਸਨ।
          ਸੂਤਰਾਂ ਮੁਤਾਬਕ ਚੋਣਾਂ ਦਾ ਮੌਸਮ ਹੋਣ ਕਰਕੇ ਤਸਵੀਰਾਂ ਵਾਲੇ ਗਾਹਕ ਕਾਰਡ ਵੰਡੇ ਜਾ ਰਹੇ ਹਨ। ਬਠਿੰਡਾ ਜ਼ਿਲ੍ਹੇ ਦੇ ਭਾਗੀ ਵਾਂਦਰ, ਕੋਟਸ਼ਮੀਰ, ਕਟਾਰ ਸਿੰਘ ਵਾਲਾ, ਜੱਜਲ ਤੇ ਗੁਲਾਬਗੜ੍ਹ ਆਦਿ ਪਿੰਡਾਂ ਵਿੱਚ ਵੀ ਐਸ.ਆਰ. ਪਰਿਆਵਰਨ ਕੰਪਨੀ ਵੱਲੋਂ ਹੀ ਪਾਣੀ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ  ਬਠਿੰਡਾ ਜ਼ਿਲ੍ਹੇ ਦੇ ਕਈ ਪਿੰਡਾਂ 'ਚ ਪਾਣੀ ਵਾਲੀਆਂ ਟੈਂਕੀਆਂ 'ਤੇ ਵੀ ਉਪ ਮੁੱਖ ਮੰਤਰੀ ਦੇ ਨਾਂ ਅਤੇ ਮਾਟੋ ਲਿਖੇ ਹੋਏ ਹਨ।ਇਸ ਸਬੰਧੀ ਜਨ ਸਿਹਤ ਵਿਭਾਗ ਬਠਿੰਡਾ ਦੇ ਨਿਗਰਾਨ ਇੰਜਨੀਅਰ  ਐਨ.ਐਸ.ਪੰਡੋਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਐਕਸੀਅਨਾਂ ਨੂੰ ਹਦਾਇਤ ਕੀਤੀ ਹੈ ਕਿ ਤੁਰੰਤ ਚੋਣ ਜ਼ਾਬਤੇ ਦੀ ਪਾਲਣਾ ਕਰਾਈ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਆਰ.ਓ. ਪਲਾਂਟਾਂ ਤੋਂ ਤਸਵੀਰਾਂ ਵਾਲੇ ਗਾਹਕ ਕਾਰਡ ਵੰਡੇ ਜਾ ਰਹੇ ਹਨ ਉਨ੍ਹਾਂ ਨੂੰ ਫੌਰੀ ਰੋਕਣ ਵਾਸਤੇ ਆਖ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੋ ਪਾਣੀ ਵਾਲੀਆਂ ਟੈਂਕੀਆਂ 'ਤੇ ਮਾਟੋ ਲਿਖੇ ਗਏ ਹਨ ਉਨ੍ਹਾਂ ਨੂੰ ਕਵਰ ਕਰਨ ਲਈ ਵੀ ਹਦਾਇਤ ਕੀਤੀ ਗਈ ਹੈ।

No comments:

Post a Comment