Saturday, December 10, 2011

         ਰੁਜ਼ਗਾਰ ਨਹੀਂ, ਜੇਲ੍ਹ ਮਿਲੀ
                      ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਹਰ ਜੇਲ੍ਹ ਦਿਖਾ ਦਿੱਤੀ ਗਈ ਹੈ। ਉਹ ਸਰਕਾਰ ਤੋਂ ਰੁਜ਼ਗਾਰ ਮੰਗਦੇ ਸਨ ਪਰ ਉਨ੍ਹਾਂ ਨੂੰ ਬਦਲੇ ਵਿੱਚ ਜੇਲ੍ਹ ਦਿਖਾ ਦਿੱਤੀ ਜਾਂਦੀ ਰਹੀ। ਇਹ ਹੋਣੀ ਉਨ੍ਹਾਂ ਦਰਜਨਾਂ ਬੇਰੁਜ਼ਗਾਰ ਲਾਈਨਮੈਨਾਂ ਦੀ ਹੈ, ਜੋ ਬਠਿੰਡਾ ਵਿੱਚ ਪੰਜ ਦਸੰਬਰ ਤੋਂ ਭੁੱਖ ਹੜਤਾਲ 'ਤੇ ਬੈਠੇ ਹਨ। ਉਨ੍ਹਾਂ ਨੇ ਆਪਣੇ ਹੱਕ ਬਦਲੇ ਥਾਂ ਥਾਂ ਭੁੱਖ ਹੜਤਾਲਾਂ ਕੀਤੀਆਂ। ਹਾਕਮ ਧਿਰ ਦੇ ਲੀਡਰਾਂ ਤੋਂ ਉਨ੍ਹਾਂ ਨੂੰ ਲਾਰੇ ਹੀ ਮਿਲੇ, ਜਿਸ ਕਰਕੇ ਅੱਜ ਉਨ੍ਹਾਂ ਨੂੰ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਲਈ ਬਠਿੰਡਾ ਦੇ ਮਿੰਨੀ ਸਕੱਤਰੇਤ ਅੱਗੇ ਮੁੜ ਕੁੱਦਣਾ ਪਿਆ। 32 ਵਰ੍ਹਿਆਂ ਦੇ ਬੇਰੁਜ਼ਗਾਰ ਲਾਈਨਮੈਨ ਵਿਪਨ ਨਾਮਧਾਰੀ ਨੇ ਚਾਰ ਜੇਲ੍ਹਾਂ ਵੇਖ ਲਈਆਂ ਹਨ। ਉਹ ਆਖਦਾ ਹੈ ਕਿ ਪਤਾ ਨਹੀਂ ਹੋਰ ਕਿੰਨੀਆਂ ਕੁ ਜੇਲ੍ਹਾਂ ਸਰਕਾਰ ਵਿਖਾਏਗੀ। ਉਸ ਨੇ ਦੱਸਿਆ ਕਿ ਉਸ ਨੂੰ ਸੰਘਰਸ਼ 'ਚ ਕੁੱਦਣ ਬਦਲੇ ਪਿਛਲੇ ਤਿੰਨ ਵਰ੍ਹਿਆਂ ਤੋਂ ਜੇਲ੍ਹੀਂ ਜਾਣਾ ਪਿਆ ਹੈ। ਉਹ ਸਾਲ 2008 ਵਿੱਚ ਬਰਨਾਲਾ ਜੇਲ੍ਹ, ਸਾਲ 2009 ਵਿੱਚ ਬਠਿੰਡਾ ਜੇਲ੍ਹ, ਸਾਲ 2010 ਵਿੱਚ ਪਟਿਆਲਾ ਜੇਲ੍ਹ ਅਤੇ ਸਾਲ 2011 ਵਿੱਚ ਫਿਰ ਬਠਿੰਡਾ ਜੇਲ੍ਹ ਜਾ ਚੁੱਕਾ ਹੈ। ਉਸ ਦਾ ਕਹਿਣਾ ਸੀ ਕਿ ਉਸ ਨੇ ਤਾਂ ਸਰਕਾਰ ਤੋਂ ਰੁਜ਼ਗਾਰ ਮੰਗਿਆ ਸੀ ਨਾ ਕਿ ਜੇਲ੍ਹ।ਵਿਪਨ ਨਾਮਧਾਰੀ ਦਾ ਕਹਿਣਾ ਸੀ ਕਿ ਉਸ ਦੇ ਪੁਰਖਿਆਂ ਦਾ ਇਤਿਹਾਸ ਤਾਂ ਹੱਕ ਸੱਚ ਲਈ ਮਰ ਮਿਟਣ ਵਾਲਾ ਰਿਹਾ ਹੈ, ਜਿਸ ਕਰਕੇ ਸਰਕਾਰ ਦੀ ਜੇਲ੍ਹ ਡੱਕਣ ਦੀ ਨੀਤੀ ਉਸ ਦਾ ਕੁਝ ਵਿਗਾੜ ਨਹੀਂ ਸਕਦੀ। ਉਸ ਨੇ ਦੱਸਿਆ ਕਿ ਜੇਲ੍ਹਾਂ ਦੇ ਚੱਕਰ ਵਿੱਚ ਉਸ ਦੀ ਬੱਚੀ ਦਾ ਬਚਪਨ ਵੀ ਰੁਲ ਗਿਆ ਹੈ।
          ਇਸ ਤਰ੍ਹਾਂ ਜਤਿੰਦਰ ਜਲੂਰ ਨੇ ਚਾਰ ਜੇਲ੍ਹਾਂ ਵੇਖ ਲਈਆਂ ਹਨ। ਉਸ ਨੇ ਆਖਿਆ ਹੈ ਕਿ ਉਨ੍ਹਾਂ ਦੇ ਦਾਦੇ ਪੜਦਾਦੇ ਨੇ ਤਾਂ ਕਦੇ ਥਾਣੇ ਦਾ ਮੂੰਹ ਨਹੀਂ ਵੇਖਿਆ ਸੀ ਪਰ ਸਰਕਾਰ ਨੇ ਚਾਰ ਜੇਲ੍ਹਾਂ ਵਿਖਾ ਦਿੱਤੀਆਂ ਹਨ। ਉਸ ਦਾ ਕਹਿਣਾ ਸੀ ਕਿ ਉਹ ਮਾਪਿਆਂ ਦਾ ਇਕਲੌਤਾ ਪੁੱਤ ਹੈ ਅਤੇ ਉਸ ਦੇ ਜੇਲ੍ਹ ਜਾਣ ਮਗਰੋਂ ਖੇਤੀ ਵੀ ਰੁਲਦੀ ਰਹੀ ਹੈ। ਨੌਜਵਾਨ ਜਤਿੰਦਰ ਜਲੂਰ ਮਰਨ ਵਰਤ 'ਤੇ ਵੀ ਬੈਠ ਚੁੱਕਾ ਹੈ। ਜੇਲ੍ਹ ਜਾਣ ਵਾਲਿਆਂ ਵਿੱਚ ਦਰਜਨਾਂ ਤਾਂ ਮਾਪਿਆਂ ਦੇ ਇਕਲੌਤੇ ਪੁੱਤ ਹੀ ਹਨ। ਫਾਜ਼ਿਲਕਾ ਦਾ ਰਾਕੇਸ਼ ਕੁਮਾਰ ਵੀ ਚਾਰ ਜੇਲ੍ਹਾਂ ਵੇਖ ਚੁੱਕਾ ਹੈ। ਉਹ ਬਠਿੰਡਾ ਜੇਲ੍ਹ ਤੋਂ ਇਲਾਵਾ ਲੁਧਿਆਣਾ ਜੇਲ੍ਹ ਵੀ ਵੇਖ ਚੁੱਕਾ ਹੈ। ਉਸ ਦਾ ਕਹਿਣਾ ਸੀ ਕਿ ਸਰਕਾਰ ਨੇ ਜੇਲ੍ਹ ਦਾ ਦਾਗ਼ ਉਸ ਦੇ ਮੱਥੇ 'ਤੇ ਹਮੇਸ਼ਾ ਲਈ ਲਾ ਦਿੱਤਾ ਹੈ। ਉਸ ਦਾ ਕਹਿਣਾ ਸੀ ਕਿ ਏਨੇ ਸੰਘਰਸ਼ ਮਗਰੋਂ ਵੀ ਉਹ ਸੜਕਾਂ 'ਤੇ ਹਨ। ਉਨ੍ਹਾਂ ਆਖਿਆ ਕਿ ਉਹ ਘਰ ਜਾ ਕੇ ਵੀ ਕੀ ਕਰਨਗੇ।  ਪਿੰਡ ਜਲੂਰ ਦੇ ਚੇਤ ਸਿੰਘ ਨੇ ਤਾਂ ਪੁਲੀਸ ਦੀ ਕੁੱਟ ਵੀ ਝੱਲੀ ਹੈ।
           ਨੌਜਵਾਨ ਚੇਤ ਸਿੰਘ ਹੁਣ ਤੱਕ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਦੀ ਜੇਲ੍ਹ ਵੇਖ ਚੁੱਕਾ ਹੈ। ਜਦੋਂ ਵੀ ਬੇਰੁਜ਼ਗਾਰ ਲਾਈਨਮੈਨ ਸੰਘਰਸ਼ ਵਿੱਚ ਕੁੱਦਦੇ ਸਨ ਤਾਂ ਉਦੋਂ ਹੀ ਉਨ੍ਹਾਂ ਨੂੰ ਜੇਲ੍ਹੀ ਭੇਜ ਦਿੱਤਾ ਜਾਂਦਾ ਰਿਹਾ ਹੈ। ਚੇਤ ਸਿੰਘ ਤਾਂ ਲੇਬਰ ਕਰਕੇ ਆਪਣਾ ਪਰਿਵਾਰ ਪਾਲਦਾ ਹੈ। ਜੇਲ੍ਹ ਜਾਣ ਕਰਕੇ ਉਸ ਦੇ ਪਰਿਵਾਰ ਨੂੰ ਰੋਟੀ ਰੋਜ਼ੀ ਦੀ ਸਮੱਸਿਆ ਵੀ ਬਣਦੀ ਰਹੀ ਹੈ। ਇਸ ਤੋਂ ਇਲਾਵਾ ਪਿੰਡ ਸੰਘੇੜਾ ਦਾ ਅਮਨਦੀਪ ਸਿੰਘ ਵੀ ਬਠਿੰਡਾ ਅਤੇ ਪਟਿਆਲਾ ਦੀ ਜੇਲ੍ਹ ਵੇਖ ਚੁੱਕਾ ਹੈ। ਜਦੋਂ ਉਹ ਜੇਲ੍ਹ ਵਿੱਚ ਸੀ ਤਾਂ ਉਦੋਂ ਉਸ ਦਾ ਬੱਚਾ ਵੀ ਛੋਟਾ ਹੀ ਸੀ। ਅਮਨਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਹੈ। ਉਸ ਦਾ ਕਹਿਣਾ ਸੀ ਕਿ ਮਾਪਿਆਂ ਨੂੰ ਹੁਣ ਇਹੋ ਝੋਰਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਜੇਲ੍ਹ ਵੇਖਣੀ ਪੈ ਗਈ ਹੈ। ਇਸ ਤਰ੍ਹਾਂ ਦੇ ਸੈਂਕੜੇ ਨੌਜਵਾਨ ਹਨ, ਜਿਨ੍ਹਾਂ ਨੇ ਸੰਘਰਸ਼ ਵਿੱਚ ਕਈ ਕਈ ਜੇਲ੍ਹਾਂ ਵੇਖ ਲਈਆਂ ਹਨ ਪਰ ਉਹ ਡੋਲੇ ਨਹੀਂ ਹਨ। ਹਾਲੇ ਵੀ ਉਹ ਸਰਕਾਰ ਨਾਲ ਆਪਣੇ ਹੱਕਾਂ ਖਾਤਰ ਟੱਕਰ ਲੈਣ ਦੇ ਰੌਂਅ ਵਿੱਚ ਹਨ।
         ਬਠਿੰਡਾ ਦੇ ਮਿੰਨੀ ਸਕੱਤਰੇਤ ਅੱਗੇ ਇਹ ਨੌਜਵਾਨ ਆਪਣੇ ਹੱਕ ਲਈ ਸਰਦ ਰੁੱਤ ਵਿੱਚ ਵੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ 'ਤੇ ਬੈਠ ਗਏ ਹਨ। ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੀ ਅਗਵਾਈ ਵਿੱਚ ਇਹ ਨੌਜਵਾਨ ਸੰਘਰਸ਼ ਦੇ ਰਾਹ 'ਤੇ ਹਨ ਅਤੇ ਇਨ੍ਹਾਂ ਵਿੱਚੋਂ 700 ਦੇ ਕਰੀਬ ਬੇਰੁਜ਼ਗਾਰ ਨੌਜਵਾਨ ਜੇਲ੍ਹ ਜਾ ਚੁੱਕੇ ਹਨ। ਉਹ ਤਿੰਨ ਵਰ੍ਹਿਆਂ ਤੋਂ ਸੰਘਰਸ਼ ਕਰ ਰਹੇ ਹਨ।ਯੂਨੀਅਨ ਦੇ ਸੂਬਾਈ ਪ੍ਰਧਾਨ ਪਿਰਪਲ ਸਿੰਘ ਦਾ ਕਹਿਣਾ ਸੀ ਕਿ ਉਹ ਹੁਣ ਆਰ ਪਾਰ ਦੀ ਲੜਾਈ ਲੜਨਗੇ। ਉਨ੍ਹਾਂ ਦੱਸਿਆ ਕਿ ਸਰਕਾਰ ਨੇ 14 ਜਨਵਰੀ 2011 ਨੂੰ ਲਾਈਨਮੈਨਾਂ ਦੀਆਂ ਪੰਜ ਹਜ਼ਾਰ ਅਸਾਮੀਆਂ ਕੱਢੀਆਂ ਸਨ, ਜਿਨ੍ਹਾਂ ਦੀ ਸਾਰੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ।ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਕ ਹਜ਼ਾਰ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਹਨ, ਜਦੋਂ ਕਿ ਚਾਰ ਹਜ਼ਾਰ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਉਹ ਨਿਯੁਕਤੀ ਪੱਤਰ ਲੈਣ ਵਾਸਤੇ ਹੀ ਲੜਾਈ ਲੜ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਹੁਣ ਰੋਜ਼ਾਨਾ 40 ਲਾਈਨਮੈਨ ਭੁੱਖ ਹੜਤਾਲ 'ਤੇ ਬੈਠਦੇ ਹਨ।

No comments:

Post a Comment