Sunday, December 4, 2011

                ਬਾਦਲ ਖਾਨ ! ਹੁਣ ਦੇਖ ਬਾਦਲ
                                  ਚਰਨਜੀਤ ਭੁੱਲਰ
ਬਠਿੰਡਾ : ਆਓ, ਪੁਰਾਣੇ ਪਿੰਡ ਬਾਦਲ ਚੱਲੀਏ ਜੋ ਕਦੇ ਜੰਗਲ ਦੇਸ਼ ਵਿੱਚ ਸੀ। ਇਹ ਪਿੰਡ ਬਾਦਲ ਖਾਨ ਦਾ ਸੀ। ਚਾਰ ਚੁਫੇਰੇ ਟਿੱਬੇ ਹੀ ਟਿੱਬੇ ਸਨ। ਕੱਚੇ ਰਾਹ ਅਤੇ ਇਨ•ਾਂ ਰਾਹਾਂ ਤੇ ਚੱਲਦੇ ਊਠ ਘੋੜੇ ਹੀ ਪਿੰਡ ਦਾ ਨਸੀਬ ਸਨ। ਪਿੰਡ ਦਾ ਕੱਚਾ ਖੂਹ ਤਾਂ ਬਾਦਲ ਖਾਨ ਦੇ ਪਿੰਡ ਦੀ ਪੁਰਾਣੀ ਨਿਸ਼ਾਨੀ ਸੀ। ਜਿਥੋਂ ਮਗਰੋਂ ਗਹਿਣਾ ਮੁਸਲਮਾਨ ਮਸ਼ਕਾਂ ਨਾਲ ਪਾਣੀ ਢੋਂਹਦਾ ਰਿਹਾ ਹੈ। ਮਾਲਵੇ ਦੇ ਕਾਫੀ ਹਿੱਸੇ ਨੂੰ 16ਵੀਂ ਤੇ 17ਵੀਂ ਸਦੀ 'ਚ ਜੰਗਲ ਦੇਸ ਜਾਂ ਲੱਖੀ ਜੰਗਲ ਦੇ ਇਲਾਕੇ ਵਜੋਂ ਜਾਣਿਆ ਜਾਂਦਾ ਸੀ। ਬਾਦਲ ਖਾਨ ਦਾ ਪਿੰਡ ਬਾਦਲ ਵੀ ਇਸੇ ਦਾ ਹਿੱਸਾ ਸੀ। ਬਾਦਲ ਖਾਨ ਨੇ ਪਿੰਡ ਬਾਦਲ ਬੰਨਿ•ਆ ਜਦੋਂ ਕਿ ਉਸ ਦੀ ਭੈਣ ਬੀਦੋ ਨੇ ਗੁਆਂਢੀ ਪਿੰਡ ਬੀਦੋਵਾਲੀ। ਵੇਲਾ ਬਹੁਤਾ ਦੂਰ ਨਹੀਂ ਲੰਘਿਆ ਜਦੋਂ ਦਾਸ਼ ਤੇ ਪਾਸ ਵੀ ਇੱਕੋ ਊਠ 'ਤੇ ਬੈਠ ਕੇ ਜਾਂਦੇ ਹੁੰਦੇ ਸਨ। ਊਠ ਦੀ ਮੁਹਾਰ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਹੁੰਦੀ ਸੀ। ਸਰੋਤਾਂ ਅਨੁਸਾਰ 1830 ਦੇ ਨੇੜੇ ਤੇੜੇ ਬਾਬੇ ਘੁੱਦੇ ਦੀ ਔਲਾਦ ਨੇ ਪਿੰਡ ਬਾਦਲ ਖ਼ਰੀਦਿਆ ਸੀ। ਪਿੰਡ ਘੁੱਦਾ ਤੋਂ ਬਾਬੇ ਘੁੱਦੇ ਦੀ ਚੌਥੀ ਪੀੜ•ੀ ਵਿਚੋਂ ਮਹਾਂ ਸਿੰਘ ਪਿੰਡ ਬਾਦਲ ਜਾ ਵਸੇ। ਜਿਆਦਾ ਪਰਿਵਾਰ ਢਿਲੋਂ ਗੋਤ ਦੇ ਸਨ। ਉਹ ਆਪਣੇ ਨਾਲ ਹਰ ਜਾਤ ਤੇ ਮਜ਼ਹਬ ਦਾ ਇੱਕ ਇੱਕ ਪਰਿਵਾਰ ਨਾਲ ਲੈ ਕੇ ਗਏ ਸਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਬੇ ਘੁੱਦੇ ਦੀ ਅੱਠਵੀਂ ਪੀੜ•ੀ ਵਿਚੋਂ ਹਨ ਜਦੋਂ ਕਿ ਨੌਵੀਂ ਪੀੜ•ੀ ਚੋਂ ਸੁਖਬੀਰ ਸਿੰਘ ਬਾਦਲ। ਤਾਹੀਓਂ ਪਿੰਡ ਘੁੱਦਾ ਨੂੰ ਬਾਦਲ ਪਰਿਵਾਰ ਦੇ ਪੁਰਖਿਆਂ ਦਾ ਪਿੰਡ ਆਖਿਆ ਜਾਂਦਾ ਹੈ ਜਿਥੇ ਹੁਣ ਲਹਿਰ ਬਹਿਰ ਹੈ। 1900 ਦੇ ਆਸ ਪਾਸ ਪ੍ਰਕਾਸ਼ ਸਿੰਘ ਬਾਦਲ ਦੇ ਦਾਦੇ ਰਣਜੀਤ ਸਿੰਘ ਤੇ ਉਸਦੇ ਭਰਾ ਜਗਜੀਤ ਸਿੰਘ ਨੇ ਪਿੰਡ 'ਚ ਦੋ ਹਵੇਲੀਆਂ ਪਾਈਆਂ ਸਨ ਜਿਥੇ ਮਗਰੋਂ 9 ਢਿਲੋਂ ਪਰਿਵਾਰ ਇਕੱਠੇ ਰਹਿੰਦੇ ਰਹੇ ਹਨ। ਦਾਸ ਤੇ ਪਾਸ ਅੱਜ ਕੱਲ ਇਸੇ ਘਰ ਨੂੰ 'ਬਰਕਤਾਂ ਵਾਲਾ ਘਰ' ਆਖਦੇ ਹਨ।
            ਬਾਦਲ ਖਾਨ ਦਾ ਪਿੰਡ ਬਾਦਲ ਉਦੋਂ ਤਕਲੀਫ਼ਾਂ ਵੰਡਦਾ ਸੀ। ਮਿਹਨਤਾਂ ਦੇ ਗੁਰ ਵੰਡਦਾ ਸੀ। ਮੁਸੀਬਤਾਂ ਸਮੇਂ ਲੋਕਾਂ ਨੂੰ ਹੌਸਲਾ ਤੇ ਦ੍ਰਿੜ•ਤਾ ਵੰਡਦਾ ਸੀ। ਕਬਰਾਂ ਚੋਂ ਉਠ ਕੇ ਕਿਤੇ ਹੁਣ ਬਾਦਲ ਖਾਨ ਪਿੰਡ ਬਾਦਲ ਆਵੇ। ਉਸ ਨੂੰ ਦਿਨ ਦੇ ਚਾਣਨ 'ਚ ਵੀ ਸਭ ਕੁਝ ਸੁਪਨਾ ਲੱਗੇਗਾ। ਜਦੋਂ ਸੁਣੇਗਾ ਕਿ ਉਸ ਦਾ ਪਿੰਡ ਹੁਣ ਮੁੱਖ ਮੰਤਰੀ ਬਣਾਉਂਦਾ ਹੈ। ਉਸਨੂੰ ਪਿੰਡ ਬਾਦਲ ਤੋਂ ਬਠਿੰਡਾ ਨੂੰ ਜਾਂਦਾ ਕੱਚਾ ਰਾਹ ਨਹੀਂ ਲੱਭੇਗਾ। ਛੱਲਾਂ ਮਾਰਦੀ ਨਹਿਰ ਉਸ ਦੀ ਭੁੱਖ ਮਿਟਾਉਣ ਵਾਂਗ ਹੋਵੇਗੀ। ਬਾਦਲ ਖਾਨ ਮਾਣ 'ਚ ਗਦ ਗਦ ਹੋ ਉਠੇਗਾ। ਪਰ ਏਨਾ ਵੀ ਜ਼ਰੂਰ ਸੋਚੇਗਾ ਕਿ ਕਾਸ਼! ਪੰਜਾਬ ਦਾ ਹਰ ਪਿੰਡ ਮੇਰੇ ਬਾਦਲ ਵਰਗਾ ਹੁੰਦਾ। ਸਭ ਕੁਝ ਰਾਤੋਂ ਰਾਤ ਨਹੀਂ ਹੋਇਆ ਹੈ। ਬੜਾ ਪੈਂਡਾ ਤੈਅ ਕਰਨਾ ਪਿਆ ਇਸ ਪਿੰਡ ਨੂੰ। ਸਾਬਕਾ ਐਮ.ਪੀ ਗੁਰਦਾਸ ਸਿੰਘ ਬਾਦਲ ਇਸ਼ਾਰਾ ਕਰਕੇ ਦੱਸਦੇ ਹਨ ਕਿ ਔਹ ਜੋ ਪਿੰਡ ਬਾਦਲ ਖਿਉਵਾਲੀ ਸੜਕ ਹੈ। ਇੱਥੇ ਕੱਚਾ ਰਾਹ ਸੀ। 'ਮੈਂ ਤੇ ਬਾਦਲ ਸਾਹਿਬ ਇੱਕੋ ਉੂਠ 'ਤੇ ਜਾਂਦੇ ਹੁੰਦੇ ਸੀ।' ਜਦੋਂ ਕੈਰੋਂ ਦੀ ਵਜ਼ਾਰਤ ਸੀ, ਉਦੋਂ ਸਭ ਤੋਂ ਪਹਿਲਾਂ ਇਹੋ ਸੜਕ ਬਣੀ। ਅੰਗਰੇਜ਼ਾਂ ਵੇਲੇ ਨਹਿਰਾਂ ਆ ਗਈਆਂ ਸਨ। ਸਾਲ 1957 ਮਗਰੋਂ ਜਲ ਘਰ ਪਿੰਡ ਬਾਦਲ 'ਚ ਬਣਿਆ ਸੀ। ਤੱਥਾਂ ਅਨੁਸਾਰ ਪਿੰਡ ਬਾਦਲ 'ਚ ਹੁਣ ਹਰ ਮਜ਼ਹਬ ਤੇ ਜਾਤ ਦਾ ਪ੍ਰਵਾਰ ਵਸਦਾ ਹੈ। ਢਿੱਲੋਂ ਪਰਿਵਾਰ ਜੋ ਕਿ ਸਰਦਾਰਾਂ ਦੇ ਪਰਿਵਾਰ ਵਜੋਂ ਜਾਣੇ ਜਾਂਦੇ ਹਨ,ਪਿੰਡ ਉਨ•ਾਂ ਦੀ ਮਰਜ਼ੀ 'ਤੇ ਸੌਂਦਾ ਜਾਗਦਾ ਹੈ। ਅਮੀਰਾਂ ਤੇ ਗਰੀਬਾਂ ਦਾ ਸੰਸਾਰ ਵੀ ਪਿੰਡ ਬਾਦਲ ਚੋਂ ਦਿੱਖਦਾ ਹੈ। ਕੋਈ ਤਾਂ ਊਠ ਘੋੜਿਆਂ ਤੋਂ ਜਹਾਜ਼ਾਂ ਤੱਕ ਪੁੱਜ ਗਿਆ ਹੈ। ਕੋਈ ਅੱਜ ਵੀ ਫਿਕਰਾਂ 'ਚ ਹੀ ਸੌਂਦਾ ਹੈ। ਹੁਣ ਏਨਾ ਮਸ਼ਹੂਰ ਹੈ ਕਿ ਇਹ ਪਿੰਡ ਦੁਨੀਆਂ ਦੇ ਨਕਸ਼ੇ 'ਤੇ ਛਾ ਗਿਆ ਹੈ।
             ਪਿੰਡ ਬਾਦਲ 'ਚ 19 ਸਾਲ ਮੁੱਖ ਅਧਿਆਪਕ ਰਹੇ ਬਲਜੀਤ ਸਿੰਘ ਦੱਸਦੇ ਹਨ ਕਿ ਇਸ 'ਚ ਸਭ ਤੋਂ ਪਹਿਲਾਂ ਜ਼ਿਲ•ਾ ਬੋਰਡ ਦਾ ਚਾਰ ਜਮਾਤਾਂ ਵਾਲਾ ਪ੍ਰਾਇਮਰੀ ਸਕੂਲ ਖੁੱਲਿਆ ਸੀ ਜਿਸ 'ਚ ਪ੍ਰਕਾਸ਼ ਸਿੰਘ ਬਾਦਲ ਪੜ•ਦੇ ਰਹੇ ਹਨ। ਜਾਣਕਾਰੀ ਅਨੁਸਾਰ ਲਾਹੌਰ ਤੋਂ ਪੜ ਕੇ ਜਦੋਂ ਪ੍ਰਕਾਸ਼ ਸਿੰਘ ਬਾਦਲ ਪਿੰਡ ਆਏ ਤਾਂ ਲੋਕਾਂ ਨੇ 'ਪੜਿ•ਆ ਲਿਖਿਆ' ਹੋਣ ਕਰਕੇ ਸਰਬ ਸੰਮਤੀ ਨਾਲ ਉਨ•ਾਂ ਨੂੰ ਪਿੰਡ ਬਾਦਲ ਦਾ ਸਰਪੰਚ ਬਣਾ ਦਿੱਤਾ ਸੀ। ਮਗਰੋਂ ਪਿੰਡ ਦੀ ਸਰਪੰਚੀ ਸਰਦਾਰਾਂ ਦੇ ਘਰਾਂ ਚੋਂ ਹੀ ਬਾਹਰ ਨਾ ਨਿਕਲ ਸਕੀ। ਆਖਰ ਸਾਲ 2007 'ਚ ਕਾਨੂੰਨ ਨੇ ਇਹ ਸਰਪੰਚੀ ਦਲਿਤ ਪ੍ਰਵਾਰਾਂ ਕੋਲ ਪਹੁੰਚਾ ਦਿੱਤੀ। ਪਿੰਡ ਦਾ ਪਹਿਲਾ ਦਲਿਤ ਸਰਪੰਚ ਹੁਣ ਦੁਰਗਾ ਸਿੰਘ ਹੈ। ਪਿੰਡ ਦਾ 90 ਵਰਿ•ਆਂ ਦਾ ਜਰਨੈਲ ਸਿੰਘ ਦੱਸਦਾ ਹੈ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਪਹਿਲੀ ਅਤੇ ਦੂਸਰੀ ਦਫ਼ਾ ਮੁੱਖ ਮੰਤਰੀ ਬਣੇ ਸਨ, ਤਾਂ ਉਦੋਂ ਕੋਈ ਬਹੁਤੀ ਤਰੱਕੀ ਪਿੰਡ ਨੇ ਨਹੀਂ ਕੀਤੀ ਸੀ। ਸਾਲ 1997-2002 ਦੌਰਾਨ ਪਿੰਡ ਬਾਦਲ ਦੇ ਦਿਨ ਫਿਰੇ ਹਨ। ਹੁਣ ਵਾਲੀ ਵਜ਼ਾਰਤ ਨੇ ਤਾਂ ਕਸਰਾਂ ਹੀ ਕੱਢ ਦਿੱਤੀਆਂ ਹਨ। ਅੱਜ ਦਾ ਪਿੰਡ ਬਾਦਲ ਤਾਂ ਕਿਸੇ ਪੇਂਡੂ ਪੰਜਾਬ ਦੀ ਰਾਜਧਾਨੀ ਦਾ ਭੁਲੇਖਾ ਪਾਉਂਦਾ ਹੈ। ਪਿੰਡ ਬਾਦਲ 'ਚ ਸਭ ਕੁਝ ਹੈ। ਸੁੱਖ ਸਹੂਲਤਾਂ ਅਤੇ ਉਨ•ਾਂ ਨੂੰ ਮਾਣਨ ਵਾਲੇ ਲੋਕ ਵੀ। ਬਠਿੰਡਾ ਬਾਦਲ ਵਾਲਾ ਕੱਚਾ ਰਾਹ ਹੁਣ ਚਹੁੰ ਮਾਰਗੀ ਸੜਕ 'ਚ ਬਦਲ ਗਿਆ ਹੈ। ਹੁਣ ਪਿੰਡ ਬਾਦਲ 'ਚ ਊਠ ਘੋੜੇ ਨਹੀਂ ਦਿਖਦੇ ਬਲਕਿ ਹੈਲੀਕਾਪਟਰ ਦਿੱਖਦੇ ਹਨ। ਦਿਨ ਰਾਤ ਵੱਜਦੇ ਹੂਟਰ ਅਤੇ ਲਾਲ ਬੱਤੀਆਂ ਦਾ ਹੜ• ਪਿੰਡ ਦੇ ਮਾਹੌਲ ਨੂੰ ਰਾਜਧਾਨੀ ਵਰਗਾ ਬਣਾ ਦਿੰਦਾ ਹੈ।
            ਪਿੰਡ ਬਾਦਲ ਨੇ ਬਹੁਤ ਧੁੱਪਾਂ ਛਾਂਵਾਂ ਦੇਖੀਆਂ ਹਨ। ਅਕਾਲੀ ਹਕੂਮਤ ਦੀ ਚੌਧਰ ਵੀ ਦੇਖੀ ਹੈ ਅਤੇ ਕਾਂਗਰਸੀ ਰਾਜ ਭਾਗ ਵੇਲੇ ਵਿਜੀਲੈਂਸ ਅਫਸਰਾਂ ਦੇ ਦਬਕੇ ਵੀ ਸੁਣੇ ਹਨ। ਬਾਦਲ ਪਰਿਵਾਰ ਦਾ 50 ਸਾਲ ਪੁਰਾਣਾ ਲਾਂਗਰੀ ਮਿੱਡਾ ਸਿੰਘ ਦੱਸਦਾ ਹੈ ਕਿ ਉਸ ਨੇ ਦਾਸ ਤੇ ਪਾਸ ਵਰਗਾ ਇਸ ਯੁੱਗ 'ਚ ਕਦੇ ਪਿਆਰ ਨਹੀਂ ਦੇਖਿਆ। ਨਾਲੋਂ ਨਾਲ ਉਸ ਨੇ ਸੁਖਬੀਰ ਤੇ ਮਨਪ੍ਰੀਤ ਦੀ ਦੁਸ਼ਮਣੀ ਦੀ ਵੀ ਗੱਲ ਵੀ ਕੀਤੀ। ਉਹ ਦੱਸਦਾ ਹੈ ਕਿ ਜਦੋਂ ਸੁਖਬੀਰ ਤੇ ਮਨਪ੍ਰੀਤ ਨਿੱਕੇ ਹੁੰਦੇ ਸਨ ਤਾਂ ਉਹ ਸਾਇਕਲ 'ਤੇ ਉਨ•ਾਂ ਨੂੰ ਡਬਵਾਲੀ ਲੈ ਕੇ ਜਾਂਦਾ ਰਿਹਾ ਹੈ। ਦੇਖਿਆ ਜਾਵੇ ਤਾਂ ਹੁਣ ਤੱਕ ਪਿੰਡ ਬਾਦਲ ਇੱਕ ਮੁੱਖ ਮੰਤਰੀ,ਉਪ ਮੁੱਖ ਮੰਤਰੀ,ਤਿੰਨ ਐਮ.ਪੀ ਬਣਾ ਚੁੱਕਾ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਚਾਚਾ ਗੁਰਰਾਜ ਸਿੰਘ ਪਹਿਲੇ ਐਮ.ਪੀ ਬਣੇ ਸਨ। ਉਸ ਮਗਰੋਂ ਪ੍ਰਕਾਸ਼ ਸਿੰਘ ਬਾਦਲ ਸਰਪੰਚ ਬਣਨ ਮਗਰੋਂ ਵਿਧਾਇਕ ਬਣੇ। ਹੁਣ ਚੌਥੀ ਦਫ਼ਾ ਮੁੱਖ ਮੰਤਰੀ ਹਨ। ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਅਤੇ ਹਰਸਿਮਰਤ ਕੌਰ ਬਾਦਲ ਨੂੰ ਐਮ.ਪੀ ਵੀ ਇਸ ਪਿੰਡ ਦੇ ਅਸ਼ੀਰਵਾਦ ਨੇ ਬਣਾਇਆ ਹੈ। ਬਜ਼ੁਰਗ ਜਰਨੈਲ ਸਿੰਘ ਦੱਸਦੇ ਹਨ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਵਿਆਹ ਹੋਇਆ ਸੀ ਤਾਂ ਉਦੋਂ ਪਿੰਡ ਦੇ ਹਰ ਘਰ ਖੰਡ ਦਾ ਪ੍ਰਸ਼ਾਦ ਵੰਡਿਆ ਗਿਆ ਸੀ। ਹੁਣ ਵੱਡੇ ਅਹੁਦੇ ਮਿਲਣ 'ਤੇ ਇਹ ਪ੍ਰਵਾਰ ਇਸ ਤਰੀਕੇ ਨਾਲ ਪਿੰਡ 'ਚ ਖੁਸ਼ੀ ਸਾਂਝੀ ਨਹੀਂ ਕਰਦਾ। ਪਿੰਡ ਵਾਲਿਆਂ ਨੂੰ ਚਾਅ ਜ਼ਰੂਰ ਹੁੰਦਾ ਹੈ। ਐਤਕੀਂ ਦੀ ਵਜ਼ਾਰਤ ਤੋਂ ਤਾਂ ਪਿੰਡ ਦੇ ਚਾਰ ਚੁਫੇਰੇ ਪੁਲੀਸ ਦਾ ਪਹਿਰਾ ਵੀ ਲੱਗ ਗਿਆ ਹੈ। ਬੇਰੁਜ਼ਗਾਰ ਮੁੰਡੇ ਅਤੇ ਮੁਲਾਜ਼ਮ ਧਿਰਾਂ ਦੇ ਨਿਸ਼ਾਨੇ 'ਤੇ ਪਿੰਡ ਬਾਦਲ ਹੈ। ਪਿੰਡ ਬਾਦਲ ਤਾਂ ਹੁਣ ਪੁਲੀਸ ਹੱਥੋਂ ਜਲੀਲ ਹੁੰਦੇ ਹੱਕ ਮੰਗਣ ਵਾਲਿਆਂ ਨੂੰ ਵੀ ਦੇਖ ਰਿਹਾ ਹੈ।
            ਪਿੰਡ ਬਾਦਲ 'ਚ ਸਰਕਾਰੀ ਸਕੂਲ ਤੋਂ ਇਲਾਵਾ ਦਸ਼ਮੇਸ਼ ਪਬਲਿਕ ਸਕੂਲ ਹੈ ਜੋ ਕਿ ਸਾਲ 1981 ਵਿੱਚ ਬਣਿਆ। ਮਗਰੋਂ ਦਸਮੇਸ਼ ਡਿਗਰੀ ਕਾਲਜ, ਦਸਮੇਸ਼ ਬੀ.ਐਡ ਕਾਲਜ ਬਣਿਆ। ਸ਼ਾਨਦਾਰ ਹੋਸਟਲ ਵੀ ਪਿੰਡ 'ਚ ਬਣੇ ਹੋਏ ਹਨ। ਸਪੋਰਟਸ ਅਥਾਰਟੀ ਆਫ਼ ਇੰਡੀਆਂ ਦਾ ਸੈਂਟਰ ਵੀ ਪਿੰਡ ਬਾਦਲ ਵਿੱਚ ਹੈ। ਕਰੋੜਾਂ ਰੁਪਏ ਦੀ ਲਾਗਤ ਵਾਲੀ ਕੌਮਾਂਤਰੀ ਮਿਆਰ ਦੀ ਸ਼ੂਟਿੰਗ ਰੇਂਜ ਵੀ ਇੱਥੇ ਹੀ ਬਣੀ ਹੋਈ ਹੈ। ਹਾਕੀ ਦਾ ਐਸਟ੍ਰੋਟਰਫ ਵੀ ਇੱਥੇ ਹੈ। ਸਭ ਤੋਂ ਪਹਿਲਾਂ ਬਣਿਆ ਗੁਰੂ ਗੋਬਿੰਦ ਸਿੰਘ ਸਟੇਡੀਅਮ ਵੀ ਹੈ। ਪੰਜ ਕਰੋੜ ਦੀ ਲਾਗਤ ਨਾਲ ਬਣਿਆ 100 ਬਿਸਤਰਿਆਂ ਦਾ ਹਸਪਤਾਲ ਹੈ ਅਤੇ ਪਿੰਡ 'ਚ ਨਰਸਿੰਗ ਇੰਸਟੀਚੂਟ ਵੀ ਹੈ। ਦੋ ਨਵੇਂ ਸਕੂਲ ਬਣੇ ਹਨ ਜੋ ਕਿ ਮਾਤਾ ਜਸਵੰਤ ਕੌਰ ਦੇ ਨਾਮ 'ਤੇ ਹਨ ਜਿਨ•ਾਂ 'ਚ ਗਰੀਬ ਬੱਚਿਆਂ ਨੂੰ ਅੰਗਰੇਜ਼ੀ ਮੀਡੀਅਮ  ਪੜਾਇਆ ਜਾਂਦਾ ਹੈ। ਇੱਕ ਬਿਰਧ ਆਸ਼ਰਮ ਵੀ ਆਲੀਸ਼ਾਨ ਬਣਿਆ ਹੋਇਆ ਹੈ। ਬਿਜਲੀ ਬੋਰਡ ਦਾ ਮਹਿਲ ਵਰਗਾ ਰੈਸਟ ਹਾਊਸ ਵੀ ਹੈ। ਪੂਰੇ ਪਿੰਡ 'ਚ ਹੁਣ ਸੀਵਰੇਜ ਪੈ ਰਿਹਾ ਹੈ ਅਤੇ ਅੰਡਰ ਗਰਾਊਂਡ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਪਿੰਡ 'ਚ ਸੋਲਰ ਲਾਈਟਾਂ ਵੀ ਲੱਗੀਆਂ ਹੋਈਆਂ ਹਨ।  ਪਿੰਡ ਦੇ ਘਰਾਂ ਦੇ 100 ਫੀਸਦੀ ਮੀਟਰ ਬਾਹਰ ਕੱਢੇ ਜਾ ਚੁੱਕੇ ਹਨ। ਅੱਗੇ ਚੱਲੀਏ ਤਾਂ ਪਿੰਡ 'ਚ ਮਿਲਕ ਚਿਲਿੰਗ ਸੈਂਟਰ, ਕਿੰਨੂ ਵੈਕਸਿੰਗ ਪਲਾਂਟ, ਵੱਡੀ ਟੈਲੀਫੂਨ ਐਕਸਚੇਂਜ ਅਤੇ ਵੱਡਾ ਪੰਚਾਇਤ ਘਰ ਵੀ ਹੈ।  ਵੱਡਾ ਜਲ ਘਰ ਵੀ ਹੈ ਤੇ ਆਰ.ਓ ਸਿਸਟਮ ਵੀ ਲੱਗਾ ਹੋਇਆ ਹੈ।
           ਜ਼ਿਲ•ੇ ਪੱਧਰ ਦਾ ਵੈਟਰਨਰੀ ਹਸਪਤਾਲ ਵੀ ਪਿੰਡ ਬਾਦਲ ਵਿੱਚ ਹੀ ਹੈ ਜਦੋਂ ਕਿ ਬਾਕੀ ਪੰਜਾਬ ਵਿੱਚ ਇਹ ਹਸਪਤਾਲ ਜ਼ਿਲ•ਾ ਹੈੱਡਕੁਆਟਰ 'ਤੇ ਹੁੰਦੇ ਹਨ। ਹੁਣ ਤਾਂ ਪਿੰਡ ਵਿੱਚ ਘੋੜਿਆਂ ਦਾ ਹਸਪਤਾਲ ਵੀ ਬਣ ਗਿਆ ਹੈ। ਪਿੰਡ ਬਾਦਲ 'ਚ ਅੱਜ ਕੱਲ ਸਭ ਤੋਂ ਵੱਧ ਬਾਦਲ ਪਰਿਵਾਰ ਵਲੋਂ ਬਣਾਇਆ ਮਹਿਲ ਨੁਮਾ ਆਲੀਸ਼ਾਨ ਘਰ ਜਿਸ ਨੂੰ ਪਿੰਡ ਦੇ ਲੋਕ 'ਲਾਲ ਕਿਲਾ' ਵੀ ਆਖਦੇ ਹਨ। ਪਿੰਡ ਬਾਦਲ ਨੂੰ ਆਉਂਦੀ ਜਾਂਦੀ ਹਰ ਸੜਕ ਪੱਕੀ ਹੈ। ਬਠਿੰਡਾ ਤੋਂ ਚੰਡੀਗੜ• ਵਾਲੀ ਸੜਕ ਚਹੁੰਮਾਰਗੀ ਨਹੀਂ ਬਣ ਸਕੀ ਹੈ। ਲੇਕਿਨ ਬਠਿੰਡਾ ਤੋਂ ਬਾਦਲ ਵਾਲੀ ਸੜਕ ਚਹੁੰ ਮਾਰਗੀ ਬਣ ਗਈ ਹੈ। ਪਿੰਡ ਬਾਦਲ ਨੂੰ ਜਾਣ ਵਾਲੀ ਟਰੈਫ਼ਿਕ ਦੀ ਸੁਵਿਧਾ ਲਈ ਬਠਿੰਡਾ ਵਿਖੇ 23 ਕਰੋੜ ਰੁਪਏ ਦੀ ਲਾਗਤ ਨਾਲ ਓਵਰ ਬਰਿੱਜ ਵੀ ਬਣਿਆ ਹੈ। ਇੱਕ ਹੋਰ ਓਵਰ ਬਰਿੱਜ ਬਣਾਇਆ ਜਾ ਰਿਹਾ ਹੈ। ਕਿੰਨੂਆਂ ਦੇ ਬਾਗ ਵੀ ਪਿੰਡ ਦੇ ਰਕਬੇ ਵਿੱਚ ਕਾਫੀ ਹਨ ਅਤੇ ਨਹਿਰੀ ਦੀ ਤਾਂ ਕੋਈ ਕਮੀ ਹੀ ਨਹੀਂ ਹੈ। ਕਮੀ ਤਾਂ ਪਿੰਡ ਨੂੰ ਬਿਜਲੀ ਦੀ ਵੀ ਨਹੀਂ ਕਿਉਂਕਿ ਪਿੰਡ ਨੂੰ 24 ਘੰਟੇ ਸਪਲਾਈ ਹੈ। ਕੌਮੀ ਅਤੇ ਕੌਮਾਂਤਰੀ ਸ਼ਖਸੀਅਤਾਂ ਵੀ ਇਸ ਪਿੰਡ 'ਚ ਫੇਰਾ ਪਾ ਚੁੱਕੀਆਂ ਹਨ। ਦਰਜਨਾਂ ਕੌਮਾਂਤਰੀ ਪੱਧਰ ਦੇ ਖਿਡਾਰੀ ਵੀ ਇਸੇ ਪਿੰਡ ਦੀ ਦੇਣ ਹੈ। ਪਿੰਡ ਬਾਦਲ ਦਾ ਸਰਪੰਚ ਦੁਰਗਾ ਸਿੰਘ ਆਖਦਾ ਹੈ ਕਿ ਬਾਦਲ ਸਾਹਿਬ, ਲੋੜ ਮੁਤਾਬਿਕ ਪਿੰਡ ਨੂੰ ਗਰਾਂਟਾਂ ਦਿੰਦੇ ਹਨ ਅਤੇ ਉਨ•ਾਂ ਨੂੰ ਤਾਂ ਪਿੰਡ ਬਾਦਲ ਵਾਂਗ ਪੰਜਾਬ ਦੇ ਹਰ ਪਿੰਡ ਦਾ ਹੀ ਫਿਕਰ ਹੈ।
                                                     ਬਾਦਲ 'ਚ ਗਰੀਬਾਂ ਦਾ ਸੰਸਾਰ
ਪਿੰਡ ਬਾਦਲ 'ਚ ਇੱਕ ਗਰੀਬਾਂ ਦਾ ਸੰਸਾਰ ਹੈ। ਜਿਥੋਂ ਦਲਿਤ ਵਿਹੜਾ ਸ਼ੁਰੂ ਹੁੰਦਾ ਹੈ, ਉਥੇ ਹੀ ਇੱਕ ਗੰਦੇ ਪਾਣੀ ਵਾਲਾ ਛੱਪੜ ਹੈ ਜੋ ਕਿ ਵਰਿ•ਆਂ ਤੋਂ ਉਵੇਂ ਹੀ ਹੈ। ਜਦੋਂ ਮੀਂਹ ਆਉਂਦੇ ਹਨ ਤਾਂ ਛੱਪੜ ਭਰ ਜਾਂਦਾ ਹੈ। ਦਲਿਤ ਵਿਹੜੇ ਦੀ ਗਲੀ ਦੇ ਇੱਕ ਪਾਸੇ ਰੂੜੀਆਂ ਅਤੇ ਛਟੀਆਂ ਪਈਆਂ ਹਨ ਜੋ ਕਿ ਇਨ•ਾਂ ਦੇ ਸੰਸਾਰ ਸ਼ੁਰੂ ਹੋਣ ਦੀ ਨਿਸ਼ਾਨੀ ਹਨ। ਦਲਿਤ ਪਰਿਵਾਰਾਂ ਨੂੰ ਰੂੜੀਆਂ ਵਾਸਤੇ ਥਾਂ ਨਹੀਂ ਮਿਲ ਸਕੀ ਹੈ। ਇਨ•ਾਂ ਰੂੜੀਆਂ ਤੋਂ ਹੀ ਮੱਖੀ ਮੱਛਰ ਪੈਦਾ ਹੋ ਜਾਂਦਾ ਹੈ। ਬਹੁਤੇ ਦਲਿਤ ਪਰਿਵਾਰ ਪਿੰਡ ਦੇ ਢਿੱਲੋਂ ਸਰਦਾਰਾਂ ਨਾਲ ਜੁੜੇ ਹੋਏ ਹਨ। ਕਾਫੀ ਪਰਿਵਾਰ ਤਾਂ ਮਹੇਸ਼ਇੰਦਰ ਸਿੰਘ ਬਾਦਲ ਦਾ ਆਸਰਾ ਤੱਕਦੇ ਹਨ। ਪਿੰਡ ਦਾ ਜੋ ਸਰਕਾਰੀ ਸਕੂਲ ਹੈ, ਉਸ 'ਚ ਜਿਆਦਾ ਬੱਸੇ ਗਰੀਬਾਂ ਦੇ ਹੀ ਪੜ•ਦੇ ਹਨ। ਜੋ ਅੰਗਰੇਜ਼ੀ ਮੀਡੀਅਮ ਵਾਲਾ ਪਿੰਡ ਵਿੱਚ ਪ੍ਰਾਈਵੇਟ ਸਕੂਲ ਬਣਿਆ ਹੈ, ਉਸ ਵਿੱਚ ਪਿੰਡ ਦੇ ਗਰੀਬ ਬੱਚਿਆਂ ਦੀ ਗਿਣਤੀ ਘੱਟ ਹੈ। ਭਾਵੇਂ ਪਿੰਡ ਬਾਦਲ 'ਚ ਗਰੀਬ ਲੋਕਾਂ ਲਈ ਇੱਕ ਕਲੋਨੀ ਵੀ ਬਣਾਈ ਗਈ ਹੈ ਪ੍ਰੰਤੂ ਉਥੇ ਜਿਆਦਾ ਵੱਡੇ ਪਰਿਵਾਰਾਂ ਨਾਲ ਸਬੰਧਿਤ ਲੋਕ ਹੀ ਰਹਿੰਦੇ ਹਨ। ਪਿੰਡ 'ਚ ਹਰਿਆਣਾ ਅਤੇ ਰਾਜਸਥਾਨ ਚੋਂ ਕਾਫੀ ਲੋਕ ਪਿੰਡ ਬਾਦਲ ਵਿੱਚ ਵਸਦੇ ਹਨ। ਵਿਹੜੇ ਵਾਲੇ ਹਿੱਸੇ 'ਚ ਤਾਂ ਸੋਲਰ ਲਾਈਟਾਂ ਵੀ ਘੱਟ ਹੀ ਹਨ ਜਦੋਂ ਕਿ ਬਾਕੀ ਪਿੰਡ ਵਿੱਚ ਸੋਲਰ ਲਾਈਟਾਂ ਦੀ ਕੋਈ ਕਮੀ ਨਹੀਂ ਹੈ। ਗਰੀਬ ਲੋਕਾਂ ਦਾ ਸ਼ਿਕਵਾ ਹੈ ਕਿ ਉਨ•ਾਂ ਵੱਲ ਪੂਰਾ ਧਿਆਨ ਨਹੀਂ ਦਿੱਤਾ ਜਾਂਦਾ ਹੈ। ਕਈ ਆਖਦੇ ਹਨ ਕਿ ਵਿਹੜੇ ਨੂੰ ਵੀ ਸਿਆਸਤ ਵਿੱਚ ਵੰਡ ਦਿੱਤਾ ਗਿਆ ਹੈ। ਜੋ ਅਕਾਲੀ ਪੱਖੀ ਲੋਕ ਹਨ, ਉਨ•ਾਂ ਦੀ ਬੁਢਾਪਾ ਪੈਨਸ਼ਨ ਲਗਾ ਦਿੱਤੀ ਜਾਂਦੀ ਹੈ। ਪਿੰਡ ਦਾ ਸਰਪੰਚ ਦੁਰਗਾ ਸਿੰਘ ਵੀ ਦਲਿਤ ਪਰਿਵਾਰ ਚੋਂ ਹੈ। ਉਸ ਦਾ ਕਹਿਣਾ ਸੀ ਕਿ ਸਰਕਾਰ ਨੇ ਗਰੀਬਾਂ ਨੂੰ ਮਕਾਨਾਂ ਵਾਸਤੇ ਪੈਸੇ ਦਿੱਤੇ ਹਨ ਅਤੇ ਇਨ•ਾਂ ਪਰਿਵਾਰਾਂ ਦੀ ਹਰ ਸਮੱਸਿਆ ਹੱਲ ਕੀਤੀ ਜਾਂਦੀ ਹੈ।  ਉਨ•ਾਂ ਦੱਸਿਆ ਕਿ ਸਰਕਾਰ ਵਲੋਂ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਹੈ।
                                                  ਖ਼ਜ਼ਾਨੇ ਦੀ 'ਮਿਹਰ' ਪਿੰਡ ਬਾਦਲ 'ਤੇ।
ਸਰਕਾਰੀ ਖ਼ਜ਼ਾਨੇ ਦੀ 'ਮਿਹਰ' ਹਮੇਸ਼ਾ ਪਿੰਡ ਬਾਦਲ 'ਤੇ ਰਹੀ ਹੈ। ਜੋ ਵੱਡੇ ਪ੍ਰੋਜੈਕਟ ਅਤੇ ਵੱਡੀਆਂ ਗਰਾਂਟਾਂ ਹਨ, ਉਨ•ਾਂ ਤੋਂ ਵੱਖਰੇ ਜੋ ਫੰਡ ਪਿਛਲੇ ਸਮੇਂ 'ਚ ਟੁੱਟਵੇਂ ਰੂਪ ਵਿੱਚ ਪਿੰਡ ਬਾਦਲ ਨੂੰ ਮਿਲੇ ਹਨ, ਉਹ 9.73 ਕਰੋੜ ਰੁਪਏ ਦੇ ਹਨ। ਪਿੰਡ ਬਾਦਲ ਵਿੱਚ ਜੋ ਕੌਮਾਂਤਰੀ ਪੱਧਰ ਦੀ ਸ਼ੂਟਿੰਗ ਰੇਂਜ ਹੈ, ਉਸ ਨੂੰ 9 ਅਪਰੈਲ 2007 ਤੋਂ 24 ਦਸੰਬਰ 2010 ਤੱਕ ਅੱਠ ਗਰਾਂਟਾਂ ਦੇ ਰੂਪ ਵਿੱਚ 3.53 ਕਰੋੜ ਰੁਪਏ ਦਿੱਤੇ ਗਏ ਹਨ। ਲੋਕ ਸਭ ਤੇ ਰਾਜ ਸਭਾ ਦੇ ਮੈਂਬਰਾਂ ਵਲੋਂ ਆਪਣੇ ਅਖ਼ਤਿਆਰੀ ਕੋਟੇ ਚੋਂ ਪਿੰਡ  ਬਾਦਲ ਲਈ ਸਾਲ 1999 ਤੋਂ 2008 ਤੱਕ 1.76 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਹਨ। ਸੰਸਦ ਮੈਂਬਰਾਂ ਨੇ ਇਸ ਸਮੇਂ ਦੌਰਾਨ ਵੱਖ ਵੱਖ ਸਮੇਂ 'ਤੇ ਪਿੰਡ ਬਾਦਲ ਨੂੰ 27 ਗਰਾਂਟਾਂ ਦਿੱਤੀਆਂ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਪਿੰਡ ਬਾਦਲ ਨੂੰ ਸੰਗਤ ਦਰਸ਼ਨਾਂ 'ਚ ਸਾਲ 2007 ਤੋਂ 2011 ਦੌਰਾਨ 3.69 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਹਨ। ਚਾਰ ਸੰਗਤ ਦਰਸ਼ਨਾਂ ਪ੍ਰੋਗਰਾਮਾਂ ਵਿੱਚ ਪਿੰਡ ਬਾਦਲ ਦੇ 40 ਕੰਮਾਂ ਵਾਸਤੇ ਫੰਡ ਦਿੱਤੇ ਗਏ ਹਨ।  ਪੰਜਾਬ ਸਰਕਾਰ ਵਲੋਂ 33 ਹੋਰ ਗਰਾਂਟਾਂ ਦੇ ਰੂਪ ਵਿੱਚ 50 ਲੱਖ ਰੁਪਏ ਜਾਰੀ ਕੀਤੇ ਗਏ ਹਨ। ਦਿਹਾਤੀ ਵਿਕਾਸ ਫੰਡ ਅਤੇ ਸੀ.ਡੀ 2.32 ਫੰਡਾਂ ਚੋਂ ਤਿੰਨ ਸਾਲਾਂ ਦੌਰਾਨ 25 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈ। ਇਹ ਫੰਡ ਸਰਕਾਰ ਵਲੋਂ ਧਰਮਸਾਲਾਵਾਂ,ਛੱਪੜਾਂ ਅਤੇ ਸ਼ਮਸ਼ਾਨ ਘਾਟ ਆਦਿ ਲਈ ਦਿੱਤੇ ਗਏ ਹਨ। ਇਨ•ਾਂ 'ਚ ਵੱਡੇ ਫੰਡ ਅਤੇ ਪ੍ਰੋਜੈਕਟ ਸ਼ਾਮਲ ਨਹੀਂ ਹਨ। ਪਿੰਡ ਬਾਦਲ ਲਈ ਕਦੇ ਵੀ ਫੰਡਾਂ ਦੀ ਤੋਟ ਨਹੀਂ ਰਹੀ ਹੈ। ਜਦੋਂ ਕਾਂਗਰਸ ਦੀ ਵਜ਼ਾਰਤ ਹੁੰਦੀ ਹੈ,ਉਦੋਂ ਅਕਾਲੀ ਸੰਸਦ ਮੈਂਬਰ ਪਿੰਡ ਬਾਦਲ 'ਤੇ ਮਿਹਰ ਕਰਦੇ ਹਨ।
                                                      ਇੱਕ ਝਾਤ : ਪਿੰਡ ਬਾਦਲ
ਪਿੰਡ ਬਾਦਲ ਦੀ ਆਬਾਦੀ ਪਿਛਲੀ ਜਨਗਣਨਾ ਸਮੇਂ 2816 ਸੀ। ਪਿੰਡ ਦਾ ਰਕਬਾ 1495 ਹੈਕਟੇਅਰ ਹੈ ਜਿਸ ਚੋਂ ਤਕਰੀਬਨ ਰਕਬਾ ਨਹਿਰੀ ਸਿੰਜਾਈ ਹੇਠ ਹੈ। ਪਿੰਡ ਦਾ ਕਾਫੀ ਰਕਬਾ ਬਾਗਾਂ ਹੇਠ ਹੈ। ਪਿੰਡ ਬਾਦਲ ਦੇ ਖੇਤਾਂ ਵਿੱਚ 153 ਮੋਟਰਾਂ ਦੇ ਕੁਨੈਕਸ਼ਨ ਹਨ ਜਦੋਂ ਕਿ ਘਰੇਲੂ ਬਿਜਲੀ ਦੇ ਕੁਨੈਕਸ਼ਨ ਇਸ ਪਿੰਡ 'ਚ 705 ਹਨ। ਇਸ ਪਿੰਡ ਵਿੱਚ 75 ਵਪਾਰਿਕ ਕੁਨੈਕਸ਼ਨ ਵੀ ਹਨ।
     

3 comments:

  1. ਭੁੱਲਰ ਸਾਹਿਬ, ਬੜਾ ਯਥਾਰਥਮਈ ਨਕਸ਼ਾ ਬੰਨਿਆ ਹੈ ਪਿੰਡ ਬਾਦਲ ਦਾ

    ReplyDelete
  2. wonderful job brother ====rajay

    ReplyDelete
  3. its awesome brother, kaafi mehnat keeti lagdi hai is topic te, i really appreciate your job,.... Jaswinder

    ReplyDelete