Wednesday, December 7, 2011

                                   'ਫਖਰੇ-ਏ-ਕੌਮ' ਕਾਹਲੀ 'ਚ ਦਿੱਤਾ-ਜਥੇਦਾਰ
                                                                   ਚਰਨਜੀਤ ਭੁੱਲਰ
ਬਠਿੰਡਾ :  ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 'ਪੰਥ ਰਤਨ ਫ਼ਖ਼ਰ-ਏ-ਕੌਮ' ਦੀ ਉਪਾਧੀ ਦੇਣ ਦੇ ਢੰਗ ਤਰੀਕੇ 'ਤੇ ਇਤਰਾਜ਼ ਕੀਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਉਪਾਧੀ ਦੇਣ ਨੂੰ 'ਕਾਹਲੀ ਨਾਲ ਲਿਆ ਗਿਆ ਫੈਸਲਾ' ਦੱਸਿਆ ਹੈ। ਦੱਸਣਯੋਗ ਹੈ ਕਿ  ਕੱਲ੍ਹ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖ਼ਤ 'ਤੇ ਸ੍ਰੀ ਬਾਦਲ ਨੂੰ 'ਪੰਥ ਰਤਨ ਫਖਰ-ਏ-ਕੌਮ' ਦੀ ਉਪਾਧੀ ਨਾਲ ਸਨਮਾਨਿਆ ਗਿਆ ਸੀ। ਸਨਮਾਨ ਕਰਨ ਮੌਕੇ ਚਾਰ ਤਖ਼ਤਾਂ ਦੇ ਜਥੇਦਾਰ ਹਾਜ਼ਰ ਸਨ ਜਦੋਂ ਕਿ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਹਾਜ਼ਰ ਨਹੀਂ ਸਨ। ਉਨ੍ਹਾਂ ਦੀ ਗੈਰਹਾਜ਼ਰੀ ਦੀ ਵਜ੍ਹਾ ਸਿਹਤ ਦਾ ਠੀਕ ਨਾ ਹੋਣਾ ਦੱਸੀ ਗਈ ਸੀ।
            ਅੱਜ ਇਕ ਵਿਸ਼ੇਸ਼ ਮੁਲਾਕਾਤ 'ਚ ਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਉਪਾਧੀ ਦੇਣ ਦਾ ਫੈਸਲਾ ਲੈਣ ਲਈ ਸਿੰਘ ਸਾਹਿਬਾਨ ਦੀ ਕੋਈ ਮੀਟਿੰਗ ਨਹੀਂ ਸੀ ਹੋਈ।  ਉਨ੍ਹਾਂ ਸਪਸ਼ਟ ਕੀਤਾ ਕਿ ਉਹ ਮੁੱਖ ਮੰਤਰੀ ਨੂੰ ਇਹ ਸਨਮਾਨ ਦਿੱਤੇ ਜਾਣ ਦੇ ਹੱਕ ਵਿੱਚ ਹਨ ਪਰ ਸਨਮਾਨ ਦੇਣ ਦਾ ਤਰੀਕਾ ਗਲਤ ਸੀ। ਮੁੱਖ ਮੰਤਰੀ ਵੱਲੋਂ ਸਿੱਖ ਇਤਿਹਾਸ ਨਾਲ ਜੁੜੀਆਂ ਉਨ੍ਹਾਂ ਯਾਦਗਾਰਾਂ ਦੀ ਉਸਾਰੀ ਕਰਾਈ ਗਈ ਹੈ ਜਿਨ੍ਹਾਂ ਦਾ ਕਿਸੇ ਸਰਕਾਰ ਨੂੰ ਪਹਿਲਾਂ ਚੇਤਾ ਹੀ ਨਹੀਂ ਸੀ। ਇਸ ਲਈ ਉਹ ਇਸ ਉਪਾਧੀ ਦੇ ਹੱਕਦਾਰ ਹਨ। ਉਂਜ ਮੁੱਖ ਮੰਤਰੀ ਨੂੰ ਇਹ ਉਪਾਧੀ ਦਿੱਤੇ ਜਾਣ ਤੋਂ  ਪਹਿਲਾਂ ਸਿੰਘ ਸਾਹਿਬਾਨ ਦੀ ਬਕਾਇਦਾ ਮੀਟਿੰਗ ਹੋਣੀ ਚਾਹੀਦੀ ਸੀ। ਮੀਟਿੰਗ ਵਿੱਚ ਪੂਰੇ ਮਾਮਲੇ 'ਤੇ ਢੁੱਕਵਾਂ ਵਿਚਾਰ-ਵਟਾਂਦਰਾ ਕੀਤਾ ਜਾਣਾ ਚਾਹੀਦਾ ਸੀ। ਸਾਰੇ ਪੱਖਾਂ 'ਤੇ ਸੋਚ-ਵਿਚਾਰ ਹੋਣੀ ਚਾਹੀਦੀ ਸੀ।
           ਜਥੇਦਾਰ ਨੰਦਗੜ੍ਹ ਨੇ ਆਖਿਆ ਕਿ ਸਾਰੇ ਸਿੰਘ ਸਾਹਿਬਾਨ ਆਨੰਦਪੁਰ ਸਮਾਗਮਾਂ ਤੋਂ ਪਹਿਲਾਂ ਆਨੰਦਪੁਰ ਸਾਹਿਬ ਵਿਖੇ ਇਕੱਠੇ ਹੋਏ ਸਨ। ਮੁੱਖ ਮੰਤਰੀ ਨਾਲ ਆਨੰਦਪੁਰ ਸਮਾਗਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ। ਜਦੋਂ ਆਨੰਦਪੁਰ ਸਾਹਿਬ ਵਿਖੇ ਮੀਟਿੰਗ ਖਤਮ ਹੋ ਗਈ ਤਾਂ ਮੁੱਖ ਮੰਤਰੀ ਦੇ ਜਾਣ ਮਗਰੋਂ ਸ੍ਰੀ ਬਾਦਲ ਨੂੰ 'ਫ਼ਖਰ-ਏ-ਕੌਮ ਦੀ ਉਪਾਧੀ ਨਾਲ ਸਨਮਾਨੇ ਜਾਣ ਦੀ ਗੱਲ ਤੋਰ ਦਿੱਤੀ ਗਈ। ਉਨ੍ਹਾਂ ਨੇ ਵੀ ਉਸ ਮੌਕੇ ਆਖ ਦਿੱਤਾ ਸੀ ਕਿ ਮੁੱਖ ਮੰਤਰੀ ਨੂੰ ਇਸ ਉਪਾਧੀ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ, ਪਰ ਚੰਗਾ ਹੁੰਦਾ ਜੇ ਇਸ ਬਾਰੇ ਰਸਮੀ ਮੀਟਿੰਗ ਰੱਖ ਕੇ ਐਲਾਨ ਕਰਨ ਸਬੰਧੀ ਸਾਰੀ ਰੂਪ-ਰੇਖਾ ਵੀ ਉਲੀਕ ਲਈ ਜਾਂਦੀ।
           ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਉਹ ਕੱਲ੍ਹ ਗ਼ੈਰਹਾਜ਼ਰ ਕਿਉਂ ਹੋਏ ਤਾਂ ਉਨ੍ਹਾਂ ਆਖਿਆ ਕਿ ਉਹ ਜਦੋਂ ਅੰਮ੍ਰਿਤਸਰ ਜਾਣ ਵਾਸਤੇ ਤਿਆਰ ਹੋਏ ਤਾਂ ਅਚਾਨਕ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੱਧ ਗਿਆ। ਮੌਕੇ 'ਤੇ ਡਾਕਟਰ ਬੁਲਾਇਆ ਗਿਆ ਅਤੇ ਡਾਕਟਰ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦੇ ਦਿੱਤੀ ਜਿਸ ਕਰਕੇ ਉਹ ਅੰਮ੍ਰਿਤਸਰ ਨਹੀਂ ਜਾ ਸਕੇ। ਉਨ੍ਹਾਂ ਇਹ ਵੀ ਆਖਿਆ ਕਿ ਬਹੁਤ ਸਾਰੇ ਲੋਕ ਚਾਪਲੂਸ ਹਨ ਜਿਨ੍ਹਾਂ ਵੱਲੋਂ ਮੁੱਖ ਮੰਤਰੀ  ਨੂੰ ਵੀ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ ਜਾਂਦਾ ਹੈ। ਆਨੰਦਪੁਰ ਸਮਾਗਮਾਂ ਵਿੱਚ ਮੁੱਖ ਮੰਤਰੀ ਦੀ ਵੱਡੀ ਫੋਟੋ ਰੱਖੇ ਜਾਣ ਵਾਲਾ ਕੰਮ ਵੀ ਚਾਪਲੂਸਾਂ ਦਾ ਹੀ ਸੀ।

No comments:

Post a Comment