Monday, December 5, 2011

                                 ਵਿਸ਼ੇਸ਼ ਮੁਲਾਕਾਤ 
     ਪਾਸ਼ ਲੰਬੀ ਹਲਕਾ ਛੱਡ ਦੇਵੇ- ਦਾਸ਼
                             ਚਰਨਜੀਤ ਭੁੱਲਰ                    
ਬਠਿੰਡਾ : ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਨੇ ਆਖਿਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕਾ ਛੱਡ ਦੇਣ ਤਾਂ ਉਨ੍ਹਾਂ ਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਜਿਸ ਭਰਾ ਦੀ ਖਾਤਰ ਉਨ੍ਹਾਂ ਨੇ ਸਾਰੀ ਉਮਰ ਲਗਾ ਦਿੱਤੀ,ਉਸ ਖਿਲਾਫ ਚੋਣ ਲੜਨ ਵਿਚ ਉਨ੍ਹਾਂ ਨੂੰ ਕੋਈ ਖੁਸ਼ੀ ਨਹੀਂ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਚੰਗਾ ਹੋਵੇਗਾ ਜੇਕਰ ਪ੍ਰਕਾਸ਼ ਸਿੰਘ ਬਾਦਲ ਖੁਦ ਹੀ ਲੰਬੀ ਹਲਕਾ ਛੱਡ ਜਾਣ ਤੇ ਕਿਤੋਂ ਹੋਰੋਂ ਚੋਣ ਲੜ ਲੈਣ। ਇਸ ਨਾਲ ਭਰਾਵਾਂ ਦੀ ਆਹਮੋ ਸਾਹਮਣੀ ਟੱਕਰ ਟਲ ਜਾਵੇਗੀ ਅਤੇ ਜਗ ਹਸਾਈ ਵੀ ਨਹੀਂ ਹੋਵੇਗੀ। ਿੰਡ ਬਾਦਲ ਵਿਖੇ ਵਿਸ਼ੇਸ਼ ਗੱਲਬਾਤ ਦੌਰਾਨ ਸ੍ਰੀ ਗੁਰਦਾਸ ਸਿੰਘ ਬਾਦਲ  ਦ੍ਰਿੜਤਾ ਨਾਲ ਆਖਿਆ ਕਿ ਉਹ ਲੰਬੀ ਹਲਕੇ ਤੋਂ ਹੀ ਚੋਣ ਲੜਨਗੇ। ਲੰਬੀ ਉਨ੍ਹਾਂ ਦੀ ਕਰਮ ਭੂਮੀ ਹੈ ਅਤੇ ਇਸ ਨੂੰ ਹੀ ਉਹ ਆਪਣੀ ਰਣ-ਭੂਮੀ ਵਜੋਂ ਵਰਤਣਗੇ। ਉਨ੍ਹਾਂ ਇਹ ਵੀ ਆਖਿਆ, 'ਬਾਦਲ ਸਾਹਿਬ ਦੇ ਹੁਣ ਵੱਸ ਦਾ ਰੋਗ ਨਹੀਂ ਰਿਹਾ ਹੈ, ਉਹ ਸਿਰਫ ਰਬੜ ਦੀ ਮੋਹਰ ਬਣ ਗਏ ਹਨ। 'ਬਾਹਰਲੇ ਪਰਿਵਾਰ' ਦਾ ਪ੍ਰਭਾਵ ਵੱਧਣ ਕਰਕੇ ਮੁੱਖ ਮੰਤਰੀ ਮਜਬੂਰ ਹੋ ਗਏ ਹਨ।' ਉਨ੍ਹਾਂ ਨੇ ਟੇਢੇ ਢੰਗ ਨਾਲ ਮਜੀਠੀਆ ਪਰਿਵਾਰ ਦੀ ਗੱਲ ਕਰਦਿਆਂ ਆਖਿਆ ਕਿ ਇਸ ਪਰਿਵਾਰ ਨੇ ਬਾਦਲ ਪਰਿਵਾਰ ਲਈ ਚੰਗੀ ਭੂਮਿਕਾ ਨਹੀਂ ਨਿਭਾਈ।ਸ੍ਰੀ ਗੁਰਦਾਸ ਸਿੰਘ ਬਾਦਲ ਨੇ ਦਾਅਵੇ ਨਾਲ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਾਰੀ ਉਮਰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਸਕਦਾ ਕਿਉਂਕਿ ''ਉਸ ਕੋਲ ਸਭਨਾਂ ਨੂੰ ਨਾਲ ਰੱਖਣ ਦੀ ਸਮਰੱਥਾ ਨਹੀਂ ਹੈ। ਨੇਤਾ ਉਹੋ ਹੀ ਬਣਦਾ ਹੈ ਜੋ ਪਾਰਟੀਬਾਜ਼ੀ ਨੂੰ ਰੋਕੇ। ਸੁਖਬੀਰ ਸਿੰਘ ਬਾਦਲ ਨੂੰ ਡਰ ਸੀ ਕਿ ਮਨਪ੍ਰੀਤ ਦੇ ਹੁੰਦੇ ਉਸ ਨੂੰ ਮੁੱਖ ਮੰਤਰੀ ਦਾ ਮੌਕਾ ਨਹੀਂ ਮਿਲ ਸਕਦਾ ਕਿਉਂਕਿ ਮਨਪ੍ਰੀਤ ਸੀਨੀਅਰ ਸੀ ਅਤੇ ਚੌਥੀ ਦਫਾ ਵਿਧਾਇਕ ਬਣ ਚੁੱਕਾ ਹੈ।
            ਅਸਲੀਅਤ ਇਹ ਸੀ ਕਿ ਮਨਪ੍ਰੀਤ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਨਹੀਂ ਸੀ ਬਲਕਿ ਉਹ ਤਾਂ ਮੁੱਖ ਮੰਤਰੀ ਦਾ ਪੀ.ਏ. ਬਣਨ ਦਾ ਇੱਛੁਕ ਸੀ।'' ਉਨ੍ਹਾਂ ਪੇਸ਼ੀਨਗੋਈ ਕੀਤੀ ਕਿ ਅਗਾਮੀ ਅਸੈਂਬਲੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਹਾਰੇਗਾ ਅਤੇ ਇਸ ਹਾਰ ਦੀ ਵਜ੍ਹਾ ਸੁਖਬੀਰ ਸਿੰਘ ਬਾਦਲ ਹੀ ਹੋਵੇਗਾ। ਇਹ ਗੱਲ ਤੈਅ ਹੈ ਕਿ ਅਗਲੀ ਵਜ਼ਾਰਤ ਮਨਪ੍ਰੀਤ ਦੀ ਮਦਦ ਬਿਨਾਂ ਨਹੀਂ ਬਣੇਗੀ।
           ਸ੍ਰੀ ਗੁਰਦਾਸ ਸਿੰਘ ਬਾਦਲ ਨੇ ਇਹ ਦਾਅਵਾ ਵੀ ਕੀਤਾ ਕਿ ਭਾਵੇਂ ਹੁਣ ਤਾਂ ਗਿੱਦੜਬਾਹਾ 'ਚ ਸਾਰੇ ਮਨਪ੍ਰੀਤ ਨੂੰ ਕਮਜ਼ੋਰ ਕਰਨ ਵਿੱਚ ਜੁਟੇ ਹੋਏ ਹਨ ਪ੍ਰੰਤੂ ਹਲਕੇ ਦੇ ਲੋਕਾਂ ਦਾ ਮਨਪ੍ਰੀਤ ਨਾਲ ਪਿਆਰ ਸਭ ਯਤਨਾਂ ਨੂੰ ਫੇਲ੍ਹ ਕਰ ਦੇਵੇਗਾ। ਉਨ੍ਹਾਂ ਇਹ ਗੱਲ ਸਾਫ ਆਖੀ ਕਿ ਉਹ ਆਪਣੇ ਵੱਡੇ ਭਰਾ ਨਾਲ ਸਿਆਸੀ ਤੌਰ 'ਤੇ ਹੁਣ ਕਦੇ ਇਕੱਠੇ ਨਹੀਂ ਹੋ ਸਕਦੇ ਹਨ ਕਿਉਂਕਿ ਮਨਪ੍ਰੀਤ ਨੂੰ ਬਿਨਾਂ ਕਸੂਰ ਤੋਂ ਸਾਜ਼ਿਸ਼ ਤਹਿਤ ਜਿਸ ਤਰ੍ਹਾਂ ਪਾਰਟੀ ਵਿਚੋਂ ਕੱਢਿਆ ਗਿਆ,ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਮੰਨਿਆ ਕਿ ਦੋਵਾਂ ਬਾਦਲ ਭਰਾਵਾਂ ਦਾ ਪਿਆਰ ਹੀ ਏਨਾ ਹੈ ਕਿ ਅੱਜ ਵੀ ਮੁੱਖ ਮੰਤਰੀ ਲੋਕਾਂ ਕੋਲੋਂ ਉਸ ਦਾ ਹਾਲ-ਚਾਲ ਪੁੱਛਦੇ ਹਨ। ਉਨ੍ਹਾਂ ਆਖਿਆ ਕਿ  ਮੁੱਖ ਮੰਤਰੀ ਨੇ ਪੂਰੀ ਜ਼ਿੰਦਗੀ 'ਚ ਉਨ੍ਹਾਂ (ਗੁਰਦਾਸ) ਦੀ ਕੋਈ ਗੱਲ ਨਹੀਂ ਮੋੜੀ ਅਤੇ ''ਮੈਂ ਭਰਾ ਦੀ ਖੁਸ਼ੀ ਲਈ ਆਪਣੇ ਆਪ ਨੂੰ ਹਮੇਸ਼ਾਂ ਪਿਛੇ ਰੱਖਿਆ।'' ਉਨ੍ਹਾਂ ਦੱਸਿਆ ਕਿ ਪਿੰਡ ਬਾਦਲ ਵਿਚਲਾ ਉਨ੍ਹਾਂ ਦਾ ਪੁਰਾਣਾ ਘਰ ਅਸਲ ਵਿਚ 'ਬਰਕਤਾਂ ਵਾਲਾ ਘਰ' ਸੀ ਜਿਸ ਨੂੰ ਛੱਡਣ ਮਗਰੋਂ ਹੀ ਪਰਿਵਾਰ 'ਚ ਤਰੇੜਾਂ ਬਣੀਆਂ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪਿੰਡ ਬਾਦਲ ਵਿਚਲੇ ਪੁਰਾਣੇ ਘਰ ਵਿੱਚ ਰਹਿਣਾ ਚਾਹੁੰਦੇ ਸਨ ਜਿਸ ਕਰਕੇ ਉਨ੍ਹਾਂ ਨੇ ਥੋੜ੍ਹੀ ਬਹੁਤ ਮੁਰੰਮਤ ਵੀ ਪੁਰਾਣੇ ਘਰ ਦੀ ਕਰਾਈ ਸੀ, ਪ੍ਰੰਤੂ ਸੁਖਬੀਰ ਉਨ੍ਹਾਂ ਨੂੰ ਨਵੇਂ ਘਰ ਵਿੱਚ ਲਿਜਾਣਾ ਚਾਹੁੰਦਾ ਸੀ। ਉਨ੍ਹਾਂ ਆਖਿਆ ਕਿ ਪੁਰਾਣਾ ਘਰ ਛੱਡਣ ਮਗਰੋਂ ਮੁੱਖ ਮੰਤਰੀ ਨੇ ਉਨ੍ਹਾਂ (ਗੁਰਦਾਸ) ਕੋਲ ਇਹ ਗੱਲ ਬੜੀ ਭਾਵੁਕਤਾ ਨਾਲ ਕੀਤੀ ਸੀ, ' ਤੇਰੇ ਬਿਨਾਂ ਜ਼ਿੰਦਗੀ 'ਚ ਜੀਅ ਨਹੀਂ ਲੱਗਦਾ ਹੈ।'
           ਸ੍ਰੀ ਗੁਰਦਾਸ ਸਿੰਘ ਬਾਦਲ ਨੇ ਦੱਸਿਆ ਕਿ ਮਨਪ੍ਰੀਤ ਵੀ ਉਨ੍ਹਾਂ ਨੂੰ ਢਾਣੀ 'ਚ ਲਿਜਾਣਾ ਚਾਹੁੰਦਾ ਸੀ, ਪ੍ਰੰਤੂ ਉਨ੍ਹਾਂ ਨੇ ਸਾਫ ਨਾਂਹ ਕਰ ਦਿੱਤੀ। ਉਨ੍ਹਾਂ ਆਖਿਆ, 'ਇਸ ਪੁਰਾਣੇ ਘਰ 'ਚੋਂ ਹੀ ਬਾਦਲ ਪਰਿਵਾਰ ਨੂੰ ਬਰਕਤ ਮਿਲੀ ਹੈ।' ਰਿਸ਼ਤੇ ਦੀਆਂ ਤਰੇੜਾਂ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਭਰਾ ਦੀ ਤਾਰੀਫ ਕਰਦਿਆਂ ਆਖਿਆ,'ਮੁੱਖ ਮੰਤਰੀ ਵਰਗਾ ਸਿਆਣਾ ਕੋਈ ਜੱਗ 'ਤੇ ਨਹੀਂ ਹੈ। ਉਹ ਮੁਸ਼ਕਲ ਸਮੇਂ ਵੀ ਬਾਗੋ-ਬਾਗ ਰਹਿੰਦਾ ਹੈ।' ਉਨ੍ਹਾਂ ਆਖਿਆ ਕਿ ਉਹ ਤਾਂ ਹਾਲੇ ਵੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲਾਂ ਵਰਗੀ ਇੱਜ਼ਤ ਕਰਦੇ ਹਨ। ਕੁਝ ਦਿਨ ਪਹਿਲਾਂ ਉਹ ਕਾਂਗਰਸ ਦੀ ਰੈਲੀ ਕੋਲੋਂ ਲੰਘ ਰਹੇ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਉੱਚੀ-ਉੱਚੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਬੋਲ ਰਿਹਾ ਸੀ। ਜਜ਼ਬਾਤੀ ਰੌਂਅ 'ਚ ਉਨ੍ਹਾਂ ਕਿਹਾ, ''ਉਹਦੇ ਕੁਬੋਲ ਸੁਣ ਕੇ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ।''

1 comment:

  1. bhulr sahb satsiri akall g/ jo hoia rab de bhanne vich hoia /rab jo krda a changa karda a/aage dekho ki hunda a

    ReplyDelete