Showing posts with label harsimrat badal. Show all posts
Showing posts with label harsimrat badal. Show all posts

Thursday, May 17, 2012

                              ਬੇਰੁੱਤਾ ਸੋਕਾ
                 ਮੁਰਝਾ ਗਈ 'ਨੰਨ੍ਹੀ ਛਾਂ'
                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿੱਚ 'ਨੰਨ੍ਹੀ ਛਾਂ' ਪ੍ਰਾਜੈਕਟ ਹੁਣ ਫੰਡਾਂ ਬਿਨਾਂ ਮੁਰਝਾ ਗਿਆ ਹੈ। ਕਰੀਬ ਇੱਕ ਵਰ੍ਹੇ ਤੋਂ ਇਹ ਪ੍ਰਾਜੈਕਟ ਬੰਦ ਪਿਆ ਹੈ। ਦਮਦਮਾ ਸਾਹਿਬ ਦੀ ਨਰਸਰੀ ਬੰਦ ਹੋ ਗਈ ਹੈ ਅਤੇ ਬਾਕੀ ਨਰਸਰੀਆਂ ਵੀ ਫੰਡਾਂ ਦੀ ਤੋਟ ਝੱਲ ਰਹੀਆਂ ਹਨ। ਜੰਗਲਾਤ ਮਹਿਕਮੇ ਕੋਲ ਪੌਦਿਆਂ ਦੀ ਮੰਗ ਨਹੀਂ ਆ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਗਲਾਤ ਵਿਭਾਗ ਨੂੰ ਫੰਡ ਨਹੀਂ ਦਿੱਤੇ ਜਾ ਰਹੇ ਹਨ। ਐਤਕੀਂ ਵਿਸਾਖੀ ਮੌਕੇ ਤਾਂ ਦਮਦਮਾ ਸਾਹਿਬ ਵਿਖੇ ਪੌਦਿਆਂ ਦਾ ਪ੍ਰਸ਼ਾਦ ਵੀ ਨਹੀਂ ਵੰਡਿਆ ਗਿਆ। 'ਨੰਨ੍ਹੀ ਛਾਂ' ਪ੍ਰੋਗਰਾਮ ਵਿੱਚ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਵੀ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਹੈ।
         ਪ੍ਰਾਪਤ ਜਾਣਕਾਰੀ ਅਨੁਸਾਰ 'ਨੰਨ੍ਹੀ ਛਾਂ' ਪ੍ਰਾਜੈਕਟ ਲਈ ਸ਼੍ਰੋਮਣੀ ਕਮੇਟੀ ਅਤੇ ਜੰਗਲਾਤ ਵਿਭਾਗ ਪੰਜਾਬ ਵਿਚਾਲੇ 14 ਸਤੰਬਰ, 2009 ਨੂੰ ਸਮਝੌਤਾ ਹੋਇਆ ਸੀ, ਜਿਸ ਦਾ ਮਕਸਦ ਨੰਨ੍ਹੇ ਬੂਟਿਆਂ ਦੀ ਰੱਖਿਆ ਕਰਨਾ ਅਤੇ ਉਨ੍ਹਾਂ ਨੂੰ ਪਾਲ ਪੋਸ ਕੇ ਵੱਡਾ ਕਰਨਾ ਸੀ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ 'ਨੰਨ੍ਹੀ ਛਾਂ' ਮੁਹਿੰਮ ਪ੍ਰਚਾਰੀ ਜਾ ਰਹੀ ਹੈ। ਸਮਝੌਤੇ ਤਹਿਤ 'ਨੰਨ੍ਹੀ ਛਾਂ' ਪ੍ਰੋਗਰਾਮ ਤਹਿਤ ਤਲਵੰਡੀ ਸਾਬੋ, ਅੰਮ੍ਰਿਤਸਰ,ਫਤਿਹਗੜ੍ਹ ਸਾਹਿਬ ਅਤੇ ਆਨੰਦਪੁਰ ਸਾਹਿਬ ਵਿਖੇ ਨਰਸਰੀਆਂ ਸਥਾਪਤ ਕੀਤੀਆਂ ਗਈਆਂ ਸਨ। ਨਰਸਰੀਆਂ ਲਈ ਜਗ੍ਹਾ ਸ਼੍ਰੋਮਣੀ ਕਮੇਟੀ ਵੱਲੋਂ   ਦਿੱਤੀ ਗਈ ਸੀ। ਜੰਗਲਾਤ ਮਹਿਕਮੇ ਵੱਲੋਂ ਪੰਜ ਰੁਪਏ ਪ੍ਰਤੀ ਪੌਦਾ ਦਿੱਤਾ ਜਾ ਰਿਹਾ ਸੀ। ਜੰਗਲਾਤ ਵਿਭਾਗ ਤੋਂ ਸੂਚਨਾ ਅਧਿਕਾਰ ਤਹਿਤ ਮਿਲੇ ਵੇਰਵਿਆਂ ਅਨੁਸਾਰ ਦਮਦਮਾ ਸਾਹਿਬ ਵਿਖੇ 'ਨੰਨ੍ਹੀ ਛਾਂ' ਪ੍ਰਾਜੈਕਟ ਤਹਿਤ ਸਥਾਪਤ ਕੀਤੀ ਨਰਸਰੀ ਬੰਦ ਹੋ ਗਈ ਹੈ। ਇਹ ਨਰਸਰੀ 2009 ਵਿੱਚ ਚਾਲੂ ਕੀਤੀ ਗਈ ਸੀ ਅਤੇ ਸ਼੍ਰੋਮਣੀ ਕਮੇਟੀ ਨੇ ਮੁੱਢਲੇ ਪੜਾਅ ਵਿੱਚ ਨਰਸਰੀ ਵਾਸਤੇ ਇੱਕ ਲੱਖ ਰੁਪਏ ਦਿੱਤੇ ਸਨ। ਉਸ ਮਗਰੋਂ ਕੋਈ ਫੰਡ ਨਹੀਂ ਮਿਲਿਆ ਹੈ, ਜਿਸ ਕਰਕੇ ਨਰਸਰੀ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਦਿਹਾੜੀ ਵੀ ਨਹੀਂ ਦਿੱਤੀ ਜਾ ਰਹੀ ਹੈ। ਇਨ੍ਹਾਂ ਮਜ਼ਦੂਰਾਂ ਦੇ 72,887 ਰੁਪਏ ਜੰਗਲਾਤ ਮਹਿਕਮੇ ਵੱਲ ਬਕਾਇਆ ਖੜ੍ਹੇ ਹਨ। ਸ਼੍ਰੋਮਣੀ ਕਮੇਟੀ ਨੇ ਇਹ ਰਾਸ਼ੀ ਨਹੀਂ ਤਾਰੀ ਹੈ। ਦਮਦਮਾ ਸਾਹਿਬ ਵਿਖੇ ਪੌਦੇ ਵੰਡਣ ਲਈ ਜੋ ਕੈਬਿਨ ਸਥਾਪਤ ਕੀਤਾ ਗਿਆ ਸੀ, ਉਹ ਬੰਦ ਹੋ ਗਿਆ ਹੈ।  ਜੰਗਲਾਤ ਮਹਿਕਮੇ ਨੇ ਪੌਦੇ ਵੰਡਣ ਵਾਸਤੇ ਤਾਇਨਾਤ ਕੀਤੇ ਮੁਲਾਜ਼ਮ ਵਾਪਸ ਬੁਲਾ ਲਏ ਹਨ।
          ਵਣ ਵਿਭਾਗ ਅੰਮ੍ਰਿਤਸਰ ਵੱਲੋਂ ਫਤਾਹਪੁਰ ਵਿੱਚ ਇਸ ਪ੍ਰਾਜੈਕਟ ਤਹਿਤ ਨਰਸਰੀ ਤਿਆਰ ਕੀਤੀ ਗਈ ਅਤੇ ਉਸ ਵਿੱਚ ਛੇ ਮਜ਼ਦੂਰ ਅਤੇ ਤਿੰਨ ਮੁਲਾਜ਼ਮ ਤਾਇਨਾਤ ਹਨ। ਨਰਸਰੀ 'ਤੇ 6.96 ਲੱਖ ਰੁਪਏ ਖਰਚ ਆਏ। ਨਵੰਬਰ 2011 ਤੱਕ ਇਸ ਨਰਸਰੀ ਦੇ ਮਜ਼ਦੂਰਾਂ ਦੀ 36,592 ਰੁਪਏ ਬਕਾਇਆ ਰਕਮ ਖੜ੍ਹੀ ਸੀ।'ਨੰਨ੍ਹੀ ਛਾਂ' ਪ੍ਰਾਜੈਕਟ ਦੀ 14 ਅਕਤੂਬਰ 2011 ਨੂੰ ਉਚ ਪੱਧਰੀ ਮੀਟਿੰਗ ਵੀ ਹੋਈ ਸੀ, ਜਿਸ ਦੀ ਕਾਰਵਾਈ ਦੀ ਪ੍ਰਾਪਤ ਕਾਪੀ ਅਨੁਸਾਰ ਵਣ ਮੰਡਲ ਅੰਮ੍ਰਿਤਸਰ ਦੀ 1.57 ਲੱਖ ਰੁਪਏ ਦੀ ਰਾਸ਼ੀ ਸ੍ਰੋਮਣੀ ਕਮੇਟੀ ਵੱਲ ਬਕਾਇਆ ਖੜ੍ਹੀ ਹੈ। ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਦਾ ਕਹਿਣਾ ਸੀ ਕਿ ਜੰਗਲਾਤ ਮਹਿਕਮੇ ਵੱਲੋਂ ਉਚਿਤ ਫਾਰਮ ਵਿੱਚ ਬਿੱਲ ਨਹੀਂ ਭੇਜੇ ਜਾਂਦੇ ਹਨ। ਵੱਖਰੇ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਨੰਦਪੁਰ ਸਾਹਿਬ ਵਿਖੇ ਸਥਾਪਤ ਕੀਤੀ ਨਰਸਰੀ ਲਈ ਫੰਡ ਨਹੀਂ ਮਿਲ ਰਹੇ ਹਨ, ਜਿਸ ਕਰਕੇ ਨਰਸਰੀ ਨੂੰ ਚੱਲਦਾ ਰੱਖਣਾ ਔਖਾ ਹੋ ਗਿਆ ਹੈ। ਅਦਾਇਗੀ ਰੁਕੀ ਪਈ ਹੈ ਅਤੇ ਕਰੀਬ ਇੱਕ ਵਰ੍ਹੇ ਤੋਂ ਪੌਦਿਆਂ ਦੀ ਮੰਗ ਵੀ ਨਹੀਂ ਹੋ ਰਹੀ ਹੈ। ਫਤਹਿਗੜ੍ਹ ਸਾਹਿਬ ਵਿਖੇ ਸਥਾਪਤ ਨਰਸਰੀ ਦੇ ਪੁਰਾਣੇ ਬਕਾਏ ਰੁਕੇ ਹੋਣ ਦੀ ਗੱਲ ਕਹੀ ਜਾ ਰਹੀ ਹੈ ਜਦਕਿ ਮੌਜੂਦਾ ਅਦਾਇਗੀ ਹੋ ਗਈ ਹੈ।
          ਸ੍ਰੋਮਣੀ ਕਮੇਟੀ ਨੇ ਤਾਂ ਜੰਗਲਾਤ ਮਹਿਕਮੇ ਕੋਲ ਇਹ ਵੀ ਇੱਛਾ ਜ਼ਾਹਰ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਆਪਣੀ ਕਰੀਬ 4500 ਏਕੜ ਜ਼ਮੀਨ ਵਿੱਚ ਵੀ ਪੌਦੇ ਲਾਉਣਾ ਚਾਹੁੰਦੀ ਹੈ। ਜੰਗਲਾਤ ਮਹਿਕਮੇ ਨੇ ਇਸ ਵਾਸਤੇ ਪੌਦੇ ਮਾਰਚ 2013 ਮਗਰੋਂ ਸਪਲਾਈ ਕਰਨ ਦੀ ਹਾਮੀ ਭਰੀ ਹੈ। ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਕੈਂਪਸ ਵਿੱਚ ਕਰੀਬ ਇੱਕ ਲੱਖ ਪੌਦਾ ਲਾਏ ਜਾਣ ਦੀ ਤਜਵੀਜ਼ ਦਾ ਖੁਲਾਸਾ ਕੀਤਾ ਹੈ। ਸ਼੍ਰੋਮਣੀ ਕਮੇਟੀ ਹੁਣ ਨਵੇਂ ਸਿਰਿਓਂ ਇਸ ਮੁਹਿੰਮ ਨੂੰ ਸ਼ੁਰੂ ਕਰਨਾ ਚਾਹੁੰਦੀ ਹੈ ਪਰ ਦੂਜੇ ਪਾਸੇ ਜੰਗਲਾਤ ਮਹਿਕਮਾ ਫੰਡਾਂ ਦੀ ਮੰਗ ਕਰ ਰਿਹਾ ਹੈ ਤਾਂ ਜੋ ਨਰਸਰੀਆਂ ਨੂੰ ਚਾਲੂ ਰੱਖਿਆ ਜਾ ਸਕੇ।

Sunday, January 8, 2012

                                                          ਵੱਡੇ ਘਰਾਂ ਦੀਆਂ ਨੂੰਹਾਂ
                                                                    ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਚੋਣਾਂ ਵਿੱਚ ਵੱਡੇ ਘਰਾਂ ਦੀਆਂ ਨੂੰਹਾਂ ਪਰਿਵਾਰਾਂ ਲਈ ਸਟਾਰ ਪ੍ਰਚਾਰਕ ਬਣ ਗਈਆਂ ਹਨ। ਜਦੋਂ ਕੋਈ ਛੋਟੀ ਵੱਡੀ ਚੋਣ ਆਉਂਦੀ ਹੈ ਤਾਂ ਇਹ ਨੂੰਹਾਂ ਵੋਟਾਂ ਖਾਤਰ ਘਰੋਂ ਘਰੀਂ ਜਾਂਦੀਆਂ ਹਨ। ਹੁਣ ਫਿਰ ਇਹ ਨੂੰਹਾਂ ਆਪਣਿਆਂ ਦੀ ਜਿੱਤ ਲਈ ਮੈਦਾਨ ਵਿੱਚ ਕੁੱਦ ਪਈਆਂ ਹਨ। ਕੋਈ ਸਹੁਰੇ ਦੀ ਜਿੱਤ ਲਈ ਅਤੇ ਕੋਈ ਪਤੀ ਦੀ ਜਿੱਤ ਲਈ ਦਿਨ ਰਾਤ ਜਾਗ ਰਹੀ ਹੈ। ਬਾਦਲ ਪਰਿਵਾਰ ਦੀਆਂ ਨੂੰਹਾਂ ਨੂੰ ਆਪੋ ਆਪਣੇ ਪਤੀ ਦਾ ਹੀ ਨਹੀਂ, ਸਗੋਂ ਸਹੁਰਿਆਂ ਦਾ ਵੀ ਫਿਕਰ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਚੋਣ ਪ੍ਰਚਾਰ ਲਈ ਕੋਈ ਨਵੀਂ ਸਟਾਰ ਨਹੀਂ ਹੈ। ਲੰਮਾ ਸਮਾਂ ਉਸ ਨੇ ਆਪਣੇ ਪਤੀ ਲਈ ਘਰੋਂ ਘਰੀਂ ਜਾ ਕੇ ਵੋਟਾਂ ਮੰਗੀਆਂ। ਉਸ ਮਗਰੋਂ ਆਪਣੇ ਲਈ ਅਤੇ ਹੁਣ ਸਹੁਰੇ ਲਈ ਵੋਟਾਂ ਮੰਗ ਰਹੀ ਹੈ।ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਤਾਂ ਹੁਣ ਆਪਣੇ ਦਿਓਰ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਵੀ ਖੁੱਲ੍ਹ ਕੇ ਬੋਲਣ ਲੱਗੀ ਹੈ। ਮਾਮਲਾ ਜਦੋਂ ਕੁਰਸੀ ਦਾ ਹੋਵੇ ਤਾਂ ਰਿਸ਼ਤੇ ਛੋਟੇ ਪੈ ਜਾਂਦੇ ਹਨ। ਜਦੋਂ ਸੁਖਬੀਰ ਸਿੰਘ ਬਾਦਲ ਨੇ ਫ਼ਰੀਦਕੋਟ ਹਲਕੇ ਤੋਂ ਪਹਿਲੀ ਦਫ਼ਾ ਚੋਣ ਲੜੀ ਸੀ ਤਾਂ ਉਦੋਂ ਹੀ ਉਸ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਸੀ। ਉਹ ਮੁਕਤਸਰ ਹਲਕੇ ਵਿੱਚ ਜ਼ਿਆਦਾ ਸਮਾਂ ਪ੍ਰਚਾਰ ਵਿੱਚ ਰਹੀ ਹੈ। ਦੂਜੇ ਪਾਸੇ ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਦੀ ਨੂੰਹ ਵੀਨੂੰ ਬਾਦਲ ਵੀ ਆਪਣੇ ਪਤੀ ਮਨਪ੍ਰੀਤ ਸਿੰਘ ਬਾਦਲ ਦੇ ਚੋਣ ਪ੍ਰਚਾਰ ਲਈ ਘਰੋਂ ਘਰੀਂ ਜਾ ਰਹੀ ਹੈ। ਨਾਲੋਂ ਨਾਲ ਆਪਣੇ ਸਹੁਰੇ ਗੁਰਦਾਸ ਸਿੰਘ ਬਾਦਲ ਲਈ ਵੀ ਚੋਣ ਪ੍ਰਚਾਰ ਕਰ ਰਹੀ ਹੈ। ਵੀਨੂੰ ਬਾਦਲ ਨਾਲ ਜਦੋਂ ਹਰਸਿਮਰਤ ਕੌਰ ਬਾਦਲ ਬਾਰੇ ਗੱਲ ਕੀਤੀ ਤਾਂ ਉਸ ਨੇ ਏਨਾ ਕੁ ਆਖਿਆ ਕਿ ਉਹ ਤਾਂ ਹਰਸਿਮਰਤ ਨੂੰ ਸਿਰਫ਼ ਦੋ ਤਿੰਨ ਦਫ਼ਾ ਹੀ ਮਿਲੀ ਹੈ ਅਤੇ ਬਹੁਤਾ ਉਨ੍ਹਾਂ ਦੇ ਸੁਭਾਅ ਬਾਰੇ ਨਹੀਂ ਜਾਣਦੀ। ਉਨ੍ਹਾਂ ਹਰਸਿਮਰਤ ਬਾਰੇ ਕੋਈ ਹੋਰ ਟਿੱਪਣੀ ਨਾ ਕੀਤੀ। ਦਰਾਣੀ-ਜਠਾਣੀ ਦਾ ਐਤਕੀਂ ਵੱਕਾਰ ਦਾਅ 'ਤੇ ਲੱਗਿਆ ਹੋਇਆ ਹੈ।
          ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨੂੰਹ ਰੇਸ਼ਮਾ ਵੀ ਚੋਣ ਪ੍ਰਚਾਰ ਦੇ ਖੇਤਰ ਵਿੱਚ ਕੋਈ ਨਵੀਂ ਨਹੀਂ ਹੈ। ਉਹ ਆਪਣੇ ਪਤੀ ਰਣਇੰਦਰ ਸਿੰਘ ਲਈ ਬਠਿੰਡਾ ਸੰਸਦੀ ਹਲਕੇ ਵਿੱਚ ਚੋਣ ਪ੍ਰਚਾਰ ਕਰ ਚੁੱਕੀ ਹੈ। ਹੁਣ ਰਣਇੰਦਰ ਸਿੰਘ ਹਲਕਾ ਸਮਾਣਾ ਤੋਂ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਦੇ ਚੋਣ ਪ੍ਰਚਾਰ ਲਈ ਉਨ੍ਹਾਂ ਦੀ ਪਤਨੀ ਫਿਰ ਡਟ ਰਹੀ ਹੈ। ਉਹ ਆਪਣੇ ਸਹੁਰੇ ਅਤੇ ਸੱਸ ਲਈ ਵੀ ਵੋਟਾਂ ਮੰਗ ਚੁੱਕੀ ਹੈ। ਏਦਾਂ ਹੀ ਢੀਂਡਸਾ ਪਰਿਵਾਰ ਦੀ ਨੂੰਹ ਗਗਨਦੀਪ ਕੌਰ ਢੀਂਡਸਾ ਵੀ ਚੋਣ ਪ੍ਰਚਾਰ ਵਿੱਚ ਡਟ ਗਈ ਹੈ। ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਨੂੰਹ ਵੀ ਚੋਣ ਪ੍ਰਚਾਰ ਕਰ ਰਹੀ ਹੈ। ਹੁਣ ਉਹ ਹਲਕਾ ਸੁਨਾਮ ਤੋਂ ਆਪਣੇ ਪਤੀ ਪਰਮਿੰਦਰ ਸਿੰਘ ਢੀਂਡਸਾ ਦਾ ਚੋਣ ਪ੍ਰਚਾਰ ਕਰ ਰਹੀ ਹੈ। ਉਹ ਆਪਣੇ ਸਹੁਰੇ ਸੁਖਦੇਵ ਸਿੰਘ ਢੀਂਡਸਾ ਲਈ ਵੀ ਵੋਟਾਂ ਮੰਗਦੀ ਰਹੀ ਹੈ।
          ਮਰਹੂਮ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਬਰਾੜ ਖ਼ੁਦ ਚੋਣ ਮੈਦਾਨ ਵਿੱਚ ਹੈ। ਉਹ ਆਪਣੇ ਪਤੀ ਸਨੀ ਬਰਾੜ ਲਈ ਵੀ ਚੋਣ ਪ੍ਰਚਾਰ ਕਰਦੀ ਰਹੀ ਹੈ ਅਤੇ ਆਪਣੇ ਮਰਹੂਮ ਸਹੁਰੇ ਦੇ ਹੱਕ ਵਿੱਚ ਵੀ ਪਿੰਡਾਂ ਤੇ ਸ਼ਹਿਰਾਂ ਵਿੱਚ ਜਾਂਦੀ ਰਹੀ ਹੈ। ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਦੀ ਨੂੰਹ ਨੇਹਾ ਸਿੱਧੂ ਵੀ ਐਤਕੀਂ ਲਹਿਰਾਗਾਗਾ ਹਲਕੇ ਵਿੱਚ ਡਟ ਗਈ ਹੈ। ਬੀਬੀ ਭੱਠਲ ਦੇ ਲੜਕੇ ਅਤੇ ਨੂੰਹ ਨੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ। ਇਹ ਨੂੰਹਾਂ ਜਿਥੇ ਹੁਣ ਆਪੋ ਆਪਣੇ ਪਰਿਵਾਰਾਂ ਲਈ ਪ੍ਰਚਾਰ ਕਰ ਰਹੀਆਂ ਹਨ, ਉਥੇ ਭਵਿੱਖ ਵਿੱਚ ਨੇਤਾ ਬਣਨ ਦੀ ਸਿਖਲਾਈ ਵੀ ਨਾਲੋਂ ਨਾਲ ਲੈ ਰਹੀਆਂ ਹਨ। ਵੱਡੇ ਲੀਡਰਾਂ ਵਾਲੇ ਦਾਅ ਪੇਚ ਇਹ ਨੂੰਹਾਂ ਵੀ ਸਿੱਖ ਗਈਆਂ ਹਨ।
          ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦੀ ਨੂੰਹ ਵੀਰਪਾਲ ਕੌਰ ਪੋਸਟ ਗਰੈਜੂਏਟ ਹੈ ਅਤੇ ਉਹ ਵੀ ਹਲਕਾ ਸਰਦੂਲਗੜ੍ਹ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ। ਉਹ ਪਹਿਲਾਂ ਆਪਣੇ ਸਹੁਰੇ ਲਈ ਅਤੇ ਹੁਣ ਆਪਣੇ ਪਤੀ ਦਿਲਰਾਜ ਸਿੰਘ ਭੂੰਦੜ ਲਈ ਵੋਟਾਂ ਮੰਗ ਰਹੀ ਹੈ। ਭੂੰਦੜ ਦੀ ਵੱਡੀ ਨੂੰਹ ਜਸਪਾਲ ਕੌਰ ਐਤਕੀਂ ਚੋਣ ਪ੍ਰਚਾਰ ਤੋਂ ਦੂਰ ਹੈ ਕਿਉਂਕਿ ਉਹ ਸੂਚਨਾ ਕਮਿਸ਼ਨਰ ਦੇ ਅਹੁਦੇ 'ਤੇ ਹੈ। ਕਾਂਗਰਸੀ ਨੇਤਾ ਲਾਲ ਸਿੰਘ ਦੀ ਨੂੰਹ ਵੀ ਐਤਕੀਂ ਚੋਣ ਪ੍ਰਚਾਰ ਤੋਂ ਦੂਰ ਹੈ ਕਿਉਂਕਿ ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਮੈਂਬਰ ਹੈ। ਪਹਿਲਾਂ ਇਹ ਨੂੰਹਾਂ ਵੀ ਪ੍ਰਚਾਰ ਵਿੱਚ ਹਿੱਸਾ ਲੈਂਦੀਆਂ ਰਹੀਆਂ ਹਨ। ਜ਼ਿਲ੍ਹਾ ਜਲੰਧਰ ਤੋਂ ਚੌਧਰੀ ਜਗਜੀਤ ਸਿੰਘ ਦੀ ਨੂੰਹ ਵੀ ਪ੍ਰਚਾਰ ਵਿੱਚ ਉਤਰੀ ਹੋਈ ਹੈ। ਇਸ ਤਰ੍ਹਾਂ ਪੰਜਾਬ ਦੇ ਹੋਰ ਕਾਫ਼ੀ ਸੀਨੀਅਰ ਆਗੂਆਂ ਦੀਆਂ ਨੂੰਹਾਂ ਵੀ ਪਰਿਵਾਰਾਂ ਦੀ ਸਫ਼ਲਤਾ ਲਈ ਹੱਥ ਵਟਾ ਰਹੀਆਂ ਹਨ।

Saturday, August 20, 2011

      ਲੋਕਾਂ ਦੀ ਸਿਹਤ ਨੂੰ ਧੱਕੇ, ਸ਼ਮਸ਼ਾਨਘਾਟਾਂ ਨੂੰ ਗੱਫੇ
                                       ਚਰਨਜੀਤ ਭੁੱਲਰ
ਬਠਿੰਡਾ : ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਿਹਤ ਸੇਵਾਵਾਂ ਲਈ ਇਕ ਧੇਲਾ ਨਹੀਂ ਵੰਡਿਆ ਹੈ, ਜਦੋਂ ਕਿ ਉਨ੍ਹਾਂ ਸ਼ਮਸ਼ਾਨਘਾਟਾਂ ਲਈ ਲੱਖਾਂ ਦੇ ਗੱਫੇ ਵੰਡ ਦਿੱਤੇ ਹਨ। ਗੱਲ ਸੰਸਦੀ ਕੋਟੇ ਦੇ ਫੰਡਾਂ ਦੀ ਹੈ, ਜਿਨ੍ਹਾਂ ਵਿੱਚੋਂ ਜ਼ਿਲ੍ਹਾ ਬਠਿੰਡਾ ਵਿੱਚ ਹੁਣ ਤੱਕ 1.32 ਕਰੋੜ ਰੁਪਏ ਵੰਡੇ ਗਏ ਹਨ। ਉਪ ਅਰਥ ਅਤੇ ਅੰਕੜਾ ਸਲਾਹਕਾਰ ਵੱਲੋਂ ਦਿੱਤੇ ਸਰਕਾਰੀ ਵੇਰਵੇ ਹਨ ਕਿ ਜ਼ਿਲ੍ਹਾ ਬਠਿੰਡਾ ਵਿੱਚ ਇਨ੍ਹਾਂ ਫੰਡਾਂ ਵਿੱਚੋਂ ਸਿਹਤ ਸੇਵਾਵਾਂ ਲਈ ਕੋਈ ਰਾਸ਼ੀ ਜਾਰੀ ਨਹੀਂ ਕੀਤੀ ਗਈ। ਹਾਲਾਂਕਿ ਉਨ੍ਹਾਂ ਕੋਟਫੱਤਾ ਦੇ ਪਸ਼ੂ ਹਸਪਤਾਲ ਨੂੰ ਵੀ ਇਕ ਲੱਖ ਰੁਪਏ ਦੇ ਫੰਡ ਜਾਰੀ ਕੀਤੇ ਹਨ। ਸੰਸਦੀ ਹਲਕਾ ਬਠਿੰਡਾ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਲਗਾਤਾਰ ਪਿੰਡਾਂ ਵਿੱਚ ਸੰਗਤ ਦਰਸ਼ਨ ਕੀਤੇ ਜਾ ਰਹੇ ਹਨ। ਇਨ੍ਹਾਂ ਸੰਗਤ ਦਰਸ਼ਨਾਂ ਵਿੱਚ ਉਹ ਜ਼ਿਆਦਾ ਪੰਜਾਬ ਸਰਕਾਰ ਦੇ ਫੰਡ ਵੰਡ ਰਹੇ ਹਨ, ਜਦੋਂ ਕਿ ਸੰਸਦੀ ਕੋਟੇ ਦੇ ਫੰਡ ਟਾਵੇਂ ਵੰਡੇ ਜਾ ਰਹੇ ਹਨ। ਉਨ੍ਹਾਂ ਚੋਣ ਜ਼ਾਬਤੇ ਤੋਂ ਪਹਿਲਾਂ ਜੋ ਆਖਰੀ ਮੌਕੇ 8.50 ਕਰੋੜ ਦੇ ਫੰਡ ਪੰਚਾਇਤਾਂ ਨੂੰ ਵੰਡੇ ਹਨ, ਉਹ ਪੰਜਾਬ ਸਰਕਾਰ ਦੇ ਫੰਡ ਹੀ ਹਨ। ਜ਼ਿਲ੍ਹਾ ਬਠਿੰਡਾ ਦੇ ਕੇਵਲ ਦਰਜਨ ਪਿੰਡਾਂ ਵਿੱਚ ਸੰਸਦੀ ਕੋਟੇ ਦੇ ਫੰਡ ਪੁੱਜੇ ਹਨ, ਜਦੋਂ ਕਿ 300 ਦੇ ਕਰੀਬ ਪਿੰਡ ਇਨ੍ਹਾਂ ਫੰਡਾਂ ਤੋਂ ਸੱਖਣੇ ਹਨ।
         ਸੰਸਦ ਮੈਂਬਰ ਵੱਲੋਂ ਸੰਸਦੀ ਕੋਟੇ ਦੇ ਫੰਡਾਂ ਵਿੱਚੋਂ ਸਭ ਤੋਂ ਵੱਡਾ ਗੱਫਾ ਗੋਨਿਆਣਾ ਮੰਡੀ ਦੇ ਜਲ ਘਰ ਨੂੰ ਹਾਟ ਲਾਈਨ ਕੁਨੈਕਸ਼ਨ ਦੇਣ ਵਾਸਤੇ ਦਿੱਤਾ ਗਿਆ। ਉਨ੍ਹਾਂ ਹਾਟਲਾਈਨ ਲਈ 23 ਜੁਲਾਈ ਨੂੰ 20 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਸੀ। ਬੀਬੀ ਬਾਦਲ ਵੱਲੋਂ  ਸਿੱਖਿਆ ਲਈ ਵੀ ਆਪਣੇ ਫੰਡ ਬਹੁਤੇ ਨਹੀਂ ਵੰਡੇ ਗਏ ਹਨ। ਇਸ ਖਿੱਤੇ ਵਿੱਚ ਲੋਕ ਜਿਸ ਤਰ੍ਹਾਂ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਦੇਖਦੇ ਹੋਏ ਸੰਸਦੀ ਕੋਟੇ ਵਿੱਚੋਂ ਸਿਹਤ ਲਈ ਫੰਡ ਬਿਲਕੁੱਲ ਪ੍ਰਾਪਤ ਨਹੀਂ ਹੋ ਸਕੇ ਹਨ। ਸੰਸਦ ਮੈਂਬਰ ਨੇ ਸਿੱਖਿਆ ਲਈ ਕੇਵਲ 7.45 ਲੱਖ ਰੁਪਏ ਦੇ ਫੰਡ ਵੰਡੇ ਹਨ। ਦੂਸਰੀ ਤਰਫ ਤਲਵੰਡੀ ਸਾਬੋ ਦੀ ਸ਼ਮਸ਼ਾਨਘਾਟ ਲਈ 9 ਜਨਵਰੀ 2010 ਨੂੰ 9 ਲੱਖ ਰੁਪਏ ਜਾਰੀ ਕਰ ਦਿੱਤੇ। ਇਸ ਤਰ੍ਹਾਂ ਇੱਥੋਂ ਦੇ ਇਕ ਹੋਰ ਸ਼ਮਸ਼ਾਨਘਾਟ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ। ਕੋਟਫੱਤਾ ਦੀ ਸ਼ਮਸ਼ਾਨਘਾਟ ਲਈ 1.70 ਲੱਖ ਰੁਪਏ ਅਤੇ ਰਾਮਾਂ ਮੰਡੀ ਦੀ ਸ਼ਮਸ਼ਾਨਘਾਟ ਲਈ 75 ਹਜ਼ਾਰ ਰੁਪਏ ਜਾਰੀ ਕੀਤੇ ਗਏ। ਸੰਸਦ ਮੈਂਬਰ ਦੀ ਵੱਡੀ ਤਰਜੀਹ ਧਰਮਸ਼ਾਲਾਵਾਂ ਰਹੀਆਂ ਹਨ। ਉਨ੍ਹਾਂ ਆਪਣੇ ਸੰਸਦੀ ਕੋਟੇ ਦੇ ਫੰਡਾਂ ਵਿੱਚੋਂ 48.50 ਲੱਖ ਰੁਪਏ ਇਕੱਲੇ ਧਰਮਸ਼ਾਲਾਵਾਂ ਦੀ ਉਸਾਰੀ ਅਤੇ ਉਨ੍ਹਾਂ ਦੀ ਮੁਰੰਮਤ ਲਈ ਵੰਡ ਦਿੱਤੇ ਹਨ।ਸੰਸਦ ਮੈਂਬਰ ਨੇ ਸਾਲ 2009-10 ਵਿੱਚ 37.80 ਲੱਖ ਰੁਪਏ ਵੰਡੇ ਹਨ, ਜਦੋਂ ਕਿ ਸਾਲ 2010-11 ਵਿੱਚ ਇਸ ਜ਼ਿਲ੍ਹੇ ਵਿੱਚ 50.40 ਲੱਖ ਰੁਪਏ ਦੇ ਫੰਡ ਵੰਡੇ ਗਏ ਹਨ। ਇਸ ਤਰ੍ਹਾਂ ਚਾਲੂ ਮਾਲੀ ਸਾਲ ਦੌਰਾਨ 44 ਲੱਖ ਰੁਪਏ ਜਾਰੀ ਕੀਤੇ ਗਏ ਹਨ। ਚਾਲੂ ਮਾਲੀ ਸਾਲ ਦੌਰਾਨ ਜੋ 44 ਲੱਖ ਵੰਡੇ ਗਏ ਹਨ, ਉਨ੍ਹਾਂ ਵਿੱਚੋਂ 38 ਲੱਖ ਰੁਪਏ ਇਕੱਲੇ ਧਰਮਸ਼ਾਲਾਵਾਂ ਲਈ ਵੰਡੇ ਗਏ ਹਨ, ਜਦੋਂ ਕਿ 6 ਲੱਖ ਰੁਪਏ ਸਕੂਲਾਂ ਨੂੰ ਦਿੱਤੇ ਗਏ ਹਨ। ਇਹ ਸਾਰੀ ਰਾਸ਼ੀ ਬਠਿੰਡਾ, ਮੌੜ ਮੰਡੀ, ਭੁੱਚੋ ਮੰਡੀ ਅਤੇ ਸੰਗਤ ਮੰਡੀ ਲਈ ਵੰਡੀ ਗਈ ਹੈ।
         ਸੰਸਦ ਮੈਂਬਰ ਨੇ ਸੰਸਦੀ ਕੋਟੇ ਦੇ ਫੰਡਾਂ ਦੀ ਵੰਡ ਦੇ ਮਾਮਲੇ ਵਿੱਚ ਸ਼ਹਿਰਾਂ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਕੁੱਲ ਵੰਡੇ 1.32 ਕਰੋੜ ਦੇ ਫੰਡਾਂ ਵਿੱਚੋਂ 82 ਲੱਖ ਰੁਪਏ ਇਕੱਲੇ ਸ਼ਹਿਰਾਂ ਨੂੰ ਵੰਡੇ ਹਨ। ਬਠਿੰਡਾ ਸ਼ਹਿਰ ਨੂੰ 24 ਲੱਖ ਰੁਪਏ, ਗੋਨਿਆਣਾ ਮੰਡੀ ਨੂੰ 20.15 ਲੱਖ ਰੁਪਏ, ਤਲਵੰਡੀ ਸਾਬੋ ਨੂੰ 15 ਲੱਖ ਰੁਪਏ, ਮੌੜ ਮੰਡੀ ਲਈ 9 ਲੱਖ ਰੁਪਏ, ਰਾਮਾਂ ਮੰਡੀ ਨੂੰ 8.75 ਲੱਖ ਰੁਪਏ ਅਤੇ ਸੰਗਤ ਮੰਡੀ ਨੂੰ 5 ਲੱਖ ਰੁਪਏ ਦੇ ਫੰਡ ਵੰਡੇ ਗਏ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਵਾਰ ਦੇਖੀਏ ਤਾਂ ਸੰਸਦ ਮੈਂਬਰ ਨੇ ਕੇਵਲ ਭੁੱਚੋ ਹਲਕੇ ਦੇ ਪਿੰਡਾਂ ਨੂੰ ਸੰਸਦੀ ਕੋਟੇ ਦੇ ਫੰਡ ਵੰਡੇ ਹਨ, ਜਦੋਂ ਕਿ ਬਾਕੀ ਵਿਧਾਨ ਸਭਾ ਹਲਕਿਆਂ ਦੇ ਸਾਰੇ ਪਿੰਡਾਂ ਨੂੰ ਇਨ੍ਹਾਂ ਫੰਡਾਂ ਦੀ ਵੰਡ ਵਿੱਚ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਬੀਬੀ ਬਾਦਲ ਨੇ ਇਨ੍ਹਾਂ ਫੰਡਾਂ ਵਿੱਚੋਂ ਕਾਫੀ ਰਾਸ਼ੀ ਪਾਣੀ ਦੀ ਨਿਕਾਸੀ, ਪੰਚਾਇਤੀ ਘਰਾਂ, ਜਿੰਮ, ਖਾਲ ਅਤੇ ਮੱਛੀ ਮੋਟਰਾਂ ਲਈ ਜਾਰੀ ਕੀਤੀ ਹੈ।ਦੱਸਣਯੋਗ ਹੈ ਕਿ ਬੀਬੀ ਬਾਦਲ ਨੇ ਪਿੰਡਾਂ ਤੇ ਸ਼ਹਿਰਾਂ ਨੂੰ ਪੰਜਾਬ ਸਰਕਾਰ ਦੇ ਫੰਡਾਂ ਵਿੱਚੋਂ ਵੱਡੇ ਗੱਫੇ ਦਿੱਤੇ ਹਨ, ਜਦੋਂ ਕਿ ਸੰਸਦੀ ਕੋਟੇ ਦੇ ਫੰਡਾਂ ਦਾ ਅਨੁਪਾਤ ਪਿੰਡਾਂ ਲਈ ਇੱਕੋ ਜੇਹਾ ਨਹੀਂ ਰਿਹਾ ਹੈ। ਇਸ ਤੋਂ ਇਲਾਵਾ ਜੋ ਮਾਨਸਾ ਜ਼ਿਲ੍ਹੇ ਅਤੇ ਹਲਕਾ ਲੰਬੀ ਵਿੱਚ ਸੰਸਦੀ ਕੋਟੇ ਦੇ ਫੰਡ ਵੰਡੇ ਗਏ ਹਨ, ਉਹ ਵੱਖਰੇ ਹਨ।

Sunday, June 19, 2011


                           ਬਾਦਲ ਦਾ 'ਲੰਬੀ' ਮੋਹ
       ਮੁੜ ਘਿੜ 'ਆਪਣਿਆਂ' ਦੇ ਦਰਸ਼ਨ
                              ਚਰਨਜੀਤ ਭੁੱਲਰ 
ਬਠਿੰਡਾ : ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਹਲਕਾ ਲੰਬੀ ਨਾਲ ਏਨਾ ਮੋਹ ਹੈ ਕਿ ਉਨ•ਾਂ ਨੇ ਹਲਕੇ ਦੇ ਇੱਕ-ਇੱਕ ਪਿੰੰਡ 'ਚ ਚਾਰ-ਚਾਰ ਦਫ਼ਾ 'ਸੰਗਤ ਦਰਸ਼ਨ' ਪ੍ਰੋਗਰਾਮ ਕਰ ਦਿੱਤੇ ਹਨ। ਉਪਰੋਂ ਜੋ ਫੰਡਾਂ ਦੀ ਵਰਖਾ ਕੀਤੀ, ਉਹ ਵੱਖਰੀ ਹੈ। ਏਦਾ ਦਾ ਮੋਹ ਪੰਜਾਬ ਦੇ ਹਿੱਸੇ ਨਹੀਂ ਆ ਸਕਿਆ ਹੈ। ਮੁੱਖ ਮੰਤਰੀ ਦੇ ਲੰਘੇ ਚਾਰ ਵਰਿ•ਆਂ 'ਚ 306 ਸੰਗਤ ਦਰਸ਼ਨ ਪ੍ਰੋਗਰਾਮ ਇਕੱਲੇ ਹਲਕਾ ਲੰਬੀ 'ਚ ਹੋਏ ਹਨ। ਇਨ•ਾਂ ਸੰਗਤ ਦਰਸ਼ਨ ਪ੍ਰੋਗਰਾਮਾਂ 'ਚ ਮੁੱਖ ਮੰਤਰੀ ਨੇ 93 ਕਰੋੜ ਦੇ ਗੱਫੇ ਇਕੱਲੇ ਲੰਬੀ ਹਲਕੇ ਦੇ ਪਿੰਡਾਂ ਨੂੰ ਵੰਡੇ ਗਏ ਹਨ। ਅੱਧੀ ਦਰਜਨ ਪਿੰਡਾਂ ਨੂੰ ਤਾਂ ਦੋ ਦੋ ਕਰੋੜ ਦੇ ਫੰਡ ਕੇਵਲ ਸੰਗਤ ਦਰਸ਼ਨ ਪ੍ਰੋਗਰਾਮਾਂ 'ਚ ਮਿਲੇ ਹਨ ਜਦੋਂ ਕਿ 36 ਪਿੰਡਾਂ ਨੂੰ ਇੱਕ ਇੱਕ ਕਰੋੜ ਤੋਂ ਜਿਆਦਾ ਦੇ ਫੰਡ ਦਿੱਤੇ ਗਏ ਹਨ। ਪੰਜਾਬ ਦੇ ਬਾਕੀ ਪਿੰਡਾਂ 'ਚ ਤਾਂ ਕੁਝ ਸਮਾਂ ਪਹਿਲਾਂ ਹੀ ਸੰਗਤ ਦਰਸ਼ਨ ਪ੍ਰੋਗਰਾਮਾਂ ਸ਼ੁਰੂ ਹੋਏ ਹਨ। ਜਦੋਂ ਕਿ ਹਲਕਾ ਲੰਬੀ 'ਚ ਤਾਂ ਪਹਿਲਾ ਸੰਗਤ ਦਰਸ਼ਨ ਪ੍ਰੋਗਰਾਮ 16 ਜੁਲਾਈ 2007 ਨੂੰ ਹੋ ਗਿਆ ਸੀ। ਜ਼ਿਲ•ਾ ਵਿਕਾਸ ਤੇ ਪੰਚਾਇਤ ਅਫਸਰ ਮੁਕਤਸਰ ਤੋਂ ਜੋ ਸੂਚਨਾ ਦੇ ਅਧਿਕਾਰ ਤਹਿਤ ਵੇਰਵੇ ਪ੍ਰਾਪਤ ਹੋਏ ਹਨ, ਉਨ•ਾਂ ਅਨੁਸਾਰ ਹਲਕਾ ਲੰਬੀ 'ਚ 80 ਪਿੰਡ ਅਤੇ ਢਾਣੀਆਂ ਹਨ। ਕੋਈ ਪਿੰਡ ਅਜਿਹਾ ਨਹੀਂ ਜਿਥੇ ਸੰਗਤ ਦਰਸ਼ਨ ਪ੍ਰੋਗਰਾਮਾਂ ਦੀ ਗਿਣਤੀ ਚਾਰ ਤੋਂ ਘੱਟ ਹੋਵੇ। ਸੂਤਰ ਆਖਦੇ ਹਨ ਕਿ ਇੱਕ ਸੰਗਤ ਦਰਸ਼ਨ ਪ੍ਰੋਗਰਾਮ 'ਤੇ ਹਰ ਤਰ•ਾਂ ਦਾ ਖਰਚਾ ਸ਼ਾਮਲ ਕਰਕੇ 5 ਲੱਖ ਰੁਪਏ ਖਰਚ ਆਉਂਦੇ ਹਨ। ਇਸ ਹਿਸਾਬ ਨਾਲ ਇਕੱਲਾ ਲੰਬੀ ਹਲਕੇ ਦੇ ਸੰਗਤ ਦਰਸ਼ਨ ਪ੍ਰੋਗਰਾਮਾਂ 'ਤੇ 15.30 ਕਰੋੜ ਰੁਪਏ ਖਰਚ ਆਏ ਹਨ। ਹਲਕਾ ਲੰਬੀ ਦਾ ਇੱਕੋ ਇੱਕ ਪਿੰਡ ਵੜਿੰਗ ਖੇੜਾ ਹੈ ਜਿਸ ਨੂੰ ਸਭ ਤੋਂ ਘੱਟ ਫੰਡ 36.63 ਲੱਖ ਰੁਪਏ ਮਿਲੇ ਹਨ।
          ਹਲਕਾ ਲੰਬੀ 'ਚ ਇੱਕੋ ਦਿਨ 'ਚ ਮੁੱਖ ਮੰਤਰੀ ਕਈ ਕਈ ਪਿੰਡਾਂ 'ਚ ਸੰਗਤ ਦਰਸ਼ਨ ਪ੍ਰੋਗਰਾਮ ਕਰਦੇ ਰਹੇ ਹਨ। ਜ਼ਿਲ•ਾ ਮੁਕਤਸਰ ਦੇ ਅਮਲੇ ਫੈਲੇ ਤੋਂ ਇਲਾਵਾ ਚੰਡੀਗੜ• ਤੋਂ ਵੀ ਉੱਚ ਅਧਿਕਾਰੀ ਇਨ•ਾਂ ਪ੍ਰੋਗਰਾਮਾਂ 'ਚ ਸ਼ਾਮਲ ਹੁੰਦੇ ਹਨ। ਇਨ•ਾਂ ਪ੍ਰੋਗਰਾਮਾਂ 'ਚ ਮੁੱਖ ਮੰਤਰੀ ਨੇ ਚਾਰ ਵਰਿ•ਆਂ 'ਚ 93,15,11,334 ਰੁਪਏ ਪਿੰਡਾਂ ਨੂੰ ਵੰਡੇ ਹਨ। ਇਨ•ਾਂ ਪਿੰਡਾਂ ਨੂੰ ਜੋ ਕੇਂਦਰੀ ਅਤੇ ਰਾਜ ਸਕੀਮਾਂ ਦੀ ਰਾਸ਼ੀ ਮਿਲੀ ਹੈ,ਉਹ ਵੱਖਰੀ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਲ 2002 'ਚ ਅਸੈਂਬਲੀ ਚੋਣ ਹਲਕਾ ਲੰਬੀ ਤੋਂ 23 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੇ ਸਨ ਜਦੋਂ ਕਿ ਸ੍ਰੀ ਬਾਦਲ ਸਾਲ 2007 ਦੀ ਅਸੈਂਬਲੀ ਚੋਣ 9105 ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਜਦੋਂ ਐਤਕੀਂ ਜਿੱਤ ਦਾ ਮਾਰਜਿਨ ਘੱਟ ਗਿਆ ਤਾਂ ਉਸ ਮਗਰੋਂ ਮੁੱਖ ਮੰਤਰੀ ਪੰਜਾਬ ਨੇ ਆਪਣੇ ਹਲਕੇ 'ਚ ਫੰਡ ਵੰਡਣ ਦੀ ਰਫ਼ਤਾਰ ਹੋਰ ਤੇਜ਼ ਕਰ ਦਿੱਤੀ। ਇਹੋ ਵਜ•ਾ ਹੈ ਕਿ ਹਲਕਾ ਲੰਬੀ 'ਚ ਔਸਤਨ ਹਰ ਅੱਠਵੇਂ ਦਿਨ ਸੰਗਤ ਦਰਸ਼ਨ ਪ੍ਰੋਗਰਾਮ ਹੋਇਆ ਹੈ। ਬੇਸ਼ੱਕ ਉਹ ਮੁੱਖ ਮੰਤਰੀ ਤਾਂ ਪੰਜਾਬ ਦੇ ਹਨ ਪ੍ਰੰਤੂ ਹਲਕਾ ਲੰਬੀ 'ਚ ਉਨ•ਾਂ ਦਾ ਗੇੜੇ 'ਤੇ ਗੇੜਾ ਰਿਹਾ ਹੈ।
           ਦੋ ਕਰੋੜ ਤੋਂ ਉਪਰ ਦੇ ਫੰਡ ਪ੍ਰਾਪਤ ਕਰਨ ਵਾਲੇ ਪਿੰਡਾਂ ਦਾ ਲੇਖਾ ਜੋਖਾ ਕਰੀਏ ਤਾਂ ਹਲਕਾ ਲੰਬੀ ਦੇ ਪਿੰਡ ਗੱਗੜ ਨੂੰ ਸੰਗਤ ਦਰਸ਼ਨ ਪ੍ਰੋਗਰਾਮਾਂ 'ਚ 2.15 ਕਰੋੜ ਰੁਪਏ,ਮੰਡੀ ਕਿੱਲਿਆ ਵਾਲੀ ਨੂੰ 2.67 ਕਰੋੜ ਰੁਪਏ,ਪਿੰਡ ਮਿੱਡਾ ਨੂੰ 2.08 ਕਰੋੜ ਰੁਪਏ,ਪਿੰਡ ਪੰਜਾਵਾਂ ਨੂੰ 2.07 ਕਰੋੜ ਰੁਪਏ,ਪਿੰਡ ਸਰਾਵਾਂ ਬੋਦਲਾ ਨੂੰ 2.01 ਕਰੋੜ ਰੁਪਏ,ਪਿੰਡ ਸਿੱਖਾ ਵਾਲਾ ਨੂੰ 2.83 ਕਰੋੜ ਰੁਪਏ ਮਿਲੇ ਹਨ। ਡੇਢ ਕਰੋੜ ਤੋਂ ਉਪਰ ਦੇ ਫੰਡ ਲੈਣ ਵਾਲੇ ਪਿੰਡਾਂ 'ਚ ਪਿੰਡ ਰਾਣੀ ਵਾਲਾ ਨੂੰ 1.90 ਕਰੋੜ ਰੁਪਏ,ਪਿੰਡ ਮਿਡੂਖੇੜਾ ਨੂੰ 1.88 ਕਰੋੜ ਰੁਪਏ,ਕੋਲਿਆਂ ਵਾਲੀ ਨੂੰ 1.88 ਕਰੋੜ,ਕੱਟਿਆ ਵਾਲੀ ਨੂੰ 1.74 ਕਰੋੜ ਰੁਪਏ ਦੇ ਫੰਡ ਵੰਡੇ ਗਏ ਹਨ। ਮੁੱਖ ਮੰਤਰੀ ਪੰਜਾਬ ਵਲੋਂ ਜੋ ਫੰਡ ਸੰਗਤ ਦਰਸ਼ਨਾਂ 'ਚ ਵੰਡੇ ਗਏ ਹਨ, ਉਨ•ਾਂ ਚੋਂ ਜਿਆਦਾ ਫੰਡ ਧਰਮਸਾਲਾਵਾਂ,ਸਮਸ਼ਾਨਘਾਟਾਂ, ਨਿਕਾਸੀ ਨਾਲਿਆਂ ਅਤੇ ਸਕੂਲਾਂ ਨੂੰ ਦਿੱਤੇ ਗਏ ਹਨ। ਹਲਕੇ ਦੇ 42 ਪਿੰਡ ਉਹ ਹਨ ਜਿਨ•ਾਂ ਨੂੰ ਫੰਡ ਕਰੋੜਾਂ 'ਚ ਮਿਲੇ ਹਨ।  ਸੰਸਦੀ ਹਲਕਾ ਬਠਿੰਡਾ 'ਚ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਸੰਗਤ ਦਰਸ਼ਨ ਪ੍ਰੋਗਰਾਮ ਮੁੱਖ ਮੰਤਰੀ ਦੀ ਤਰਜ਼ 'ਤੇ ਕੀਤੇ ਜਾ ਰਹੇ ਹਨ। ਸੰਸਦ ਮੈਂਬਰ ਬੀਬੀ ਬਾਦਲ ਨਾਲ ਵੀ 34 ਅਫਸਰਾਂ ਦੀ ਟੀਮ ਸੰਗਤ ਦਰਸ਼ਨ ਪ੍ਰੋਗਰਾਮਾਂ 'ਚ ਜਾਂਦੀ ਹੈ।
                                                     ਪਿੰਡ ਬਾਦਲ 'ਤੇ ਫੰਡਾਂ ਦੀ ਬਰਸਾਤ।
ਹਲਕਾ ਲੰਬੀ ਦਾ ਇੱਕੋ ਇੱਕ ਪਿੰਡ ਬਾਦਲ ਹੈ ਜਿਸ 'ਤੇ ਸਭ ਤੋਂ ਵੱਧ ਫੰਡਾਂ ਦੀ ਮੀਂਹ ਵਰਿ•ਆ ਹੈ। ਪਿੰਡ ਬਾਦਲ ਨੂੰ ਵੀ ਸੰਗਤ ਦਰਸ਼ਨ ਪ੍ਰੋਗਰਾਮਾਂ ਤਹਿਤ 3.69 ਕਰੋੜ ਰੁਪਏ ਦਾ ਗੱਫਾ ਮਿਲਿਆ ਹੈ। ਇਸ ਤੋਂ ਇਲਾਵਾ ਇਸ ਪਿੰਡ 'ਚ ਬਣੀ ਸ਼ੂਟਿੰਗ ਰੇਂਜ ਲਈ 2.07 ਕਰੋੜ ਰੁਪਏ ਦੇ ਫੰਡ ਮਿਲ ਚੁੱਕੇ ਹਨ। ਇਸ ਸ਼ੂਟਿੰਗ ਰੇਂਜ 'ਤੇ 25 ਲੱਖ ਦੇ ਫੰਡ ਤਾਂ ਹਾਲੇ ਖ਼ਰਚਣ ਬਿਨ•ਾਂ ਪਏ ਹਨ। ਪਿੰਡ ਬਾਦਲ ਦੇ ਛੱਪੜਾਂ, ਪੰਚਾਇਤ ਘਰ,ਸਟੇਡੀਅਮ ਆਦਿ ਨੂੰ ਜਿਆਦਾ ਰਾਸ਼ੀ ਦਿੱਤੀ ਗਈ ਹੈ। ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਵਲੋਂ ਪਿਛਲੇ ਅੱਠ ਵਰਿ•ਆਂ 'ਚ ਇਸ ਪਿੰਡ ਨੂੰ 1.76 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਹਨ। ਇਸ ਪਿੰਡ 'ਚ ਜਿਆਦਾ ਵਿਕਾਸ ਕੰਮ ਵਿਭਾਗਾਂ ਦੇ ਅਫਸਰਾਂ ਤੋਂ ਕਰਾਏ ਗਏ ਹਨ ਜਦੋਂ ਕਿ ਪੰਚਾਇਤ ਤੋਂ ਕੰਮ ਘੱਟ ਕਰਾਏ ਗਏ ਹਨ।
                                          ਮੁੱਖ ਮੰਤਰੀ ਵਲੋਂ 'ਆਪਣੇ' ਅਦਾਰਿਆਂ ਨੂੰ ਸੌਗਾਤ।
   ਮੁੱਖ ਮੰਤਰੀ ਪੰਜਾਬ ਵਲੋਂ ਉਨ•ਾਂ ਪ੍ਰਾਈਵੇਟ ਵਿੱਦਿਅਕ ਅਦਾਰਿਆਂ ਨੂੰ 75 ਲੱਖ ਦੇ ਫੰਡ ਦਿੱਤੇ ਹਨ ਜਿਨ•ਾਂ ਦੇ ਚੇਅਰਮੈਨ ਉਹ ਖੁਦ ਹਨ। ਇਨ•ਾਂ 'ਚ ਸਭ ਤੋਂ ਜਿਆਦਾ ਫੰਡ ਦਸ਼ਮੇਸ਼ ਸਕੂਲ ਬਾਦਲ ਨੂੰ ਮਿਲੇ ਹਨ। ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਵਲੋਂ 30 ਲੱਖ ਰੁਪਏ ਪਿੰਡ ਬਾਦਲ 'ਚ ਬਣੇ ਬਿਰਧ ਆਸ਼ਰਮ ਨੂੰ ਦਿੱਤੇ ਗਏ ਹਨ। ਪਿੰਡ ਬਾਦਲ ਲਈ ਤਾਂ ਸਰਕਾਰ ਵਲੋਂ ਆਪਣੇ ਫੰਡ ਵੀ ਡਾਈਵਰਟ ਕਰ ਦਿੱਤੇ ਗਏ ਹਨ। ਕੁਝ ਸਾਲ ਪਹਿਲਾਂ ਇਸ ਪਿੰਡ 'ਚ ਸ਼ਮਸ਼ਾਨ ਘਾਟ,ਮੰਦਰ ਧਰਮਸਾਲਾ ਦੀ ਰਿਪੇਅਰ,ਬੱਸ ਸਟੈਂਡ ਅਤੇ ਪੰਚਾਇਤੀ ਜ਼ਮੀਨ ਦੀ ਚਾਰਦੀਵਾਰੀ ਲਈ ਫੰਡ 'ਮੁੱਖ ਮੰਤਰੀ ਫਲੱਡ ਰਾਹਤ ਫੰਡਾਂ' ਚੋਂ ਦੇ ਦਿੱਤੇ ਗਏ ਸਨ ਜਦੋਂ ਕਿ ਇਹ ਫੰਡ ਫਲੱਡ ਰਾਹਤ ਦੇ ਕੰਮਾਂ ਵਾਸਤੇ ਵਰਤੇ ਜਾਣੇ ਹੁੰਦੇ ਹਨ।
           

Friday, March 18, 2011


                                                                    
               ਨਾਲੇ ਰਾਜ , ਨਾਲੇ 'ਸੇਵਾ'
                           ਚਰਨਜੀਤ ਭੁੱਲਰ
ਬਠਿੰਡਾ  : ਬਠਿੰਡਾ 'ਚ ਉਹ ਮੰਗਣ ਰੁਜ਼ਗਾਰ ਆਏ ਸਨ ਪ੍ਰੰਤੂ ਮਿਲ ਗਈਆਂ ਡਾਂਗਾ। ਉਹ ਵੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਹਾਜ਼ਰੀ ਸੀ ਜੋ ਕਿ 'ਨੰਨ੍ਹੀ ਛਾਂ' ਦੇ ਮੁੱਖ ਪ੍ਰਬੰਧਕ ਹਨ। ਕੁੱਟਮਾਰ ਦਾ ਸਥਾਨ ਗੁਰਦੁਆਰਾ ਹਾਜੀ ਰਤਨ ਦਾ ਕੰਪਲੈਕਸ ਸੀ। ਅਕਾਲੀਆਂ 'ਤੇ ਪੁਲੀਸ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਧੈਂਅ ਧੈਂਅ ਕਰਕੇ ਕੁੱਟਿਆ। ਇਸ ਪੂਰੇ ਹੰਗਾਮੇ ਮਗਰੋਂ ਬੀਬਾ ਬਾਦਲ ਨਥਾਣਾ ਵਿਖੇ ਚੱਲ ਰਹੇ 'ਕੀਰਤਨ ਦਰਬਾਰ' 'ਚ ਚਲੇ ਗਏ ਜਿਥੇਂ ਉਨ੍ਹਾਂ ਨੇ ਇੱਕ ਮਨ ਚਿੱਤ ਹੋ ਕੇ ਕੀਰਤਨ ਸੁਣਿਆ। ਅਕਾਲੀਆਂ ਨੇ ਤਾਂ ਆਪਣੇ ਦਿੱਤੇ ਹੋਏ ਨਾਹਰੇ ' ਰਾਜ ਨਹੀਂ, ਸੇਵਾ' ਦੀ ਬਠਿੰਡਾ 'ਚ ਇੰਨ ਬਿੰਨ ਪਾਲਣਾ ਕਰ ਦਿੱਤੀ ਹੈ। ਕੀ ਇਹ ਇਤਫਾਕ ਸੀ ਕਿ ਚੰਡੀਗੜ੍ਹ 'ਚ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਸਟੇਜ ਤੋਂ ਇਹ ਸੁਨੇਹਾ ਦੇ ਰਹੇ ਸਨ ਕਿ ਬਾਲੜੀਆਂ ਨੂੰ ਬਚਾਉਣ ਖਾਤਰ ਪੁਰਸ਼ ਅੱਗੇ ਆਉਣ। ਇੱਧਰ ਬਠਿੰਡਾ 'ਚ ਉਸੇ ਸਮੇਂ ਅਕਾਲੀਆਂ ਵਲੋਂ ਨੌਜਵਾਨ ਕੁੜੀਆਂ ਨੂੰ ਘੇਰ ਘੇਰ ਕੇ ਕੁੱਟਿਆ ਜਾ ਰਿਹਾ ਸੀ। ਜਦੋਂ ਅਕਾਲੀ ਇਨ੍ਹਾਂ ਮੈਡਲ ਜੇਤੂ ਅਧਿਆਪਕਾਂ ਦੀ ਕੁੱਟਮਾਰ ਕਰ ਰਹੇ ਸਨ ਤਾਂ ਉਦੋਂ ਬੀਬਾ ਬਾਦਲ ਕਾਹਲੀ 'ਚ ਨੀਂਹ ਪੱਥਰਾਂ ਤੋਂ ਪਰਦੇ ਹਟਾ ਰਹੇ ਸਨ। ਬੇਰੁਜ਼ਗਾਰਾਂ ਦੀ ਕੁੱਟਮਾਰ ਕਰਨ 'ਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਸ਼ਾਮਲ ਸਨ।  ਮੈਂਬਰ ਪਾਰਲੀਮੈਂਟ ਬੀਬੀ ਬਾਦਲ ਸ੍ਰੋਮਣੀ ਕਮੇਟੀ ਵਲੋਂ ਖੋਲ੍ਹੇ ਜਾ ਰਹੇ ਦੋ ਨਵੇਂ ਸਕੂਲਾਂ ਦਾ ਨੀਂਹ ਪੱਥਰ ਰੱਖਣ ਲਈ ਇੱਥੇ ਆਏ ਹੋਏ ਸਨ।
ਬੇਰੁਜ਼ਗਾਰ ਪੀ.ਟੀ.ਆਈ ਅਧਿਆਪਕ ਯੂਨੀਅਨ ਦੇ ਕਰੀਬ ਡੇਢ ਕੁ ਦਰਜ਼ਨ ਨੌਜਵਾਨ ਅੱਜ ਬੀਬੀ ਬਾਦਲ ਨੂੰ ਮਿਲਣ ਵਾਸਤੇ ਆਏ ਹੋਏ ਸਨ। ਜਦੋਂ ਪੁਲੀਸ ਨੇ ਇਨ੍ਹਾਂ ਬੇਰੁਜ਼ਗਾਰਾਂ ਨੂੰ ਮਿਲਣ ਦੇਣ 'ਚ ਅੜਿੱਕਾ ਪਾਇਆ ਤਾਂ ਉਨ੍ਹਾਂ ਨੇ ਨਾਹਰੇਬਾਜੀ ਕਰ ਦਿੱਤੀ। ਕਰੀਬ ਅੱਧੀ ਕੁ ਦਰਜ਼ਨ ਦਲੇਰ ਕੁੜੀਆਂ ਨੇ ਕੁੱਟ ਮਾਰ ਝੱਲ ਕੇ ਵੀ ਬੀਬੀ ਬਾਦਲ ਦਾ ਪਿੱਛਾ ਨਾ ਛੱਡਿਆ। ਅਕਾਲੀ ਲੀਡਰਾਂ ਨੇ ਅੱਜ ਇਨ੍ਹਾਂ ਬੇਰੁਜ਼ਗਾਰਾਂ ਦੇ ਥਪੇੜੇ ਮਾਰੇ। ਇੱਕ ਅਕਾਲੀ ਕੌਂਸਲਰ ਨੇ ਕੁੜੀਆਂ ਦੀ ਕੁੱਟਮਾਰ ਕੀਤੀ। ਗੁਰੂਹਰਸਹਾਏ ਤੋਂ ਆਈ ਬੇਰੁਜ਼ਗਾਰ ਲੜਕੀ ਸਵਿਤਾ ਰਾਣੀ ਦਾ ਤਾਂ ਕਮੀਜ਼ ਹੀ ਪਾੜ ਦਿੱਤਾ। ਉਸ ਦਾ ਤਣ ਢੱਕਣ ਲਈ ਬਾਕੀ ਲੜਕੀਆਂ ਨੇ ਮੱਦਦ ਕੀਤੀ। ਹਾਲਾਂਕਿ  ਅਕਾਲੀਆਂ ਨੇ ਇਨ੍ਹਾਂ ਬੇਰੁਜ਼ਗਾਰਾਂ ਨੂੰ ਖਿੱਚ ਖਿੱਚ ਕੇ ਕੁੱਟਿਆ ਪ੍ਰੰਤੂ ਇਨ੍ਹਾਂ ਨੇ ਈਨ ਨਾ ਮੰਨੀ। ਆਖਰ ਉਹ ਖਿੱਚ ਧੂਹ 'ਚ ਬੀਬੀ ਬਾਦਲ ਨੂੰ ਮਿਲਣ 'ਚ ਕਾਮਯਾਬ ਹੋ ਗਏ।
          ਬੇਰੁਜ਼ਗਾਰ ਪੀ.ਟੀ.ਆਈ ਅਧਿਆਪਕ ਯੂਨੀਅਨ ਵਲੋਂ ਕਰੀਬ 18 ਦਿਨ੍ਹਾਂ ਤੋਂ ਲੰਬੀ ਵਿਖੇ ਧਰਨਾ ਲਾਇਆ ਹੋਇਆ ਹੈ।  ਅੱਜ ਇਹ ਬੇਰੁਜ਼ਗਾਰ ਅਧਿਆਪਕ ਬੀਬਾ ਬਾਦਲ ਨੂੰ ਮਿਲਣਾ ਚਾਹੁੰਦੇ ਸਨ ਜਿਸ ਦੀ ਭਿਣਕ ਕਿਸੇ ਵੀ ਖੁਫੀਆ ਵਿੰਗ ਜਾਂ ਪੁਲੀਸ ਨੂੰ ਨਹੀਂ ਲੱਗ ਸਕੀ। ਜਦੋਂ ਬਠਿੰਡਾ ਪੁਲੀਸ ਨੇ ਇਨ੍ਹਾਂ ਲੜਕੀਆਂ ਨੂੰ ਦੇਖਿਆ ਤਾਂ ਉਨ੍ਹਾਂ 'ਚ ਭਾਜੜ ਮੱਚ ਗਈ। ਮੌਕੇ 'ਤੇ ਮਹਿਲਾ ਪੁਲੀਸ ਦੀਆਂ ਕੇਵਲ ਚਾਰ ਪੰਜ ਮੁਲਾਜ਼ਮਾਂ ਹੀ ਸਨ। ਜਦੋਂ ਦੁਪਾਹਿਰ ਮਗਰੋਂ ਬੀਬੀ ਬਾਦਲ ਨੇ ਕੰਪਲੈਕਸ 'ਚ ਇੱਕ ਸਕੂਲ ਦਾ ਨੀਂਹ ਪੱਥਰ ਰੱਖ ਦਿੱਤਾ ਤਾਂ ਕੰਪਲੈਕਸ 'ਚ ਮੌਜੂਦ ਬੇਰੁਜ਼ਗਾਰ ਅਧਿਆਪਕਾਂ ਨੇ ਮਿਲਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲੀਸ ਅੜ ਗਈ ਤਾਂ ਇਨ੍ਹਾਂ ਬੇਰੁਜ਼ਗਾਰਾਂ ਨੇ ਸਰਕਾਰ ਖਿਲਾਫ ਨਾਹਰੇ ਲਗਾ ਦਿੱਤੇ। ਜਦੋਂ ਬੀਬੀ ਬਾਦਲ ਦੂਸਰੇ ਸਕੂਲ ਦਾ ਲਾਗੇ ਹੀ ਨੀਂਹ ਪੱਥਰ ਰੱਖਣ ਜਾ ਰਹੇ ਸਨ ਤਾਂ ਉਦੋਂ ਪਿਛੇ ਪਿਛੇ ਲੜਕੀਆਂ ਨਾਹਰੇ ਮਾਰ ਰਹੀਆਂ ਸਨ। ਪੁਲੀਸ ਅਤੇ ਅਕਾਲੀ ਆਗੂ ਇਸ ਨਾਹਰੇਬਾਜੀ ਤੋਂ ਔਖੇ ਹੋ ਗਏ। ਉਨ੍ਹਾਂ ਨੇ ਕੁਟਾਪਾ ਸ਼ੁਰੂ ਕਰ ਦਿੱਤਾ। ਸਟੇਟ ਜੇਤੂ ਖਿਡਾਰਨ ਕੁਲਵਿੰਦਰ ਕੌਰ ਦੀਆਂ ਬਾਹਾਂ ਮਰੋੜ ਕੇ ਥੱਪੜ ਮਾਰੇ ਜਦੋਂ ਕਿ ਫਿਰੋਜਪੁਰ ਤੋਂ ਆਈ ਸਟੇਟ ਜੇਤੂ ਖਿਡਾਰਨ ਨਰਿੰਦਰਜੀਤ ਕੌਰ ਦੀ ਚੁੰਨੀ ਪਾੜ ਦਿੱਤੀ। ਸਵਿਤਾ ਰਾਣੀ ਨੇ ਦੱਸਿਆ ਕਿ ਉਸ ਦੀ ਕਮੀਜ਼ ਅਤੇ ਚੁੰਨੀ ਪਾੜ ਦਿੱਤੀ ਗਈ ਹੈ। ਲੜਕੀਆਂ 'ਚ ਏਨਾ ਸਿਦਕ ਦੇਖਣ ਨੂੰ ਮਿਲਿਆ ਕਿ ਉਹ ਕੁੱਟ ਵੀ ਖਾਂਦੀਆਂ ਰਹੀਆਂ ਤੇ ਇਸ ਕੁਟਾਪੇ ਦਾ ਟਾਕਰਾ ਕਰਕੇ ਨਾਹਰੇ ਵੀ ਮਾਰਦੀਆਂ ਰਹੀਆਂ।
           ਬਠਿੰਡਾ ਪੁਲੀਸ ਦੇ ਮੁਲਾਜ਼ਮਾਂ ਨੇ ਵੀ ਇਨ੍ਹਾਂ ਲੜਕੀਆਂ 'ਤੇ ਹੱਥ ਖੋਲ੍ਹ ਲਏ। ਪੁਲੀਸ ਮੁਲਾਜ਼ਮ ਵਾਰ ਵਾਰ ਲੜਕੀਆਂ ਨੂੰ ਘੇਰਾ ਪਾਉਂਦੇ ਰਹੇ। ਪੁਲੀਸ ਲਾਠੀਚਾਰਜ ਕਰਨੋਂ ਬੇਵੱਸ ਰਹੀ। ਐਮ.ਪੀ ਬੀਬਾ ਬਾਦਲ ਦੇ ਸੁਰੱਖਿਆ ਗਾਰਦਾਂ ਨੂੰ ਵੀ ਭਾਜੜ ਪਈ ਰਹੀ। ਬੀਬੀ ਬਾਦਲ ਨੂੰ ਇਸੇ ਦੌਰਾਨ ਕੰਪਲੈਕਸ ਚੋਂ ਬਾਹਰ ਨਿਕਲਣ ਦੀ ਤੇਜ਼ੀ ਹੋ ਗਈ। ਬੀਬਾ ਬਾਦਲ ਬੁਰੀ ਤਰ੍ਹਾਂ ਖਿਝ ਗਏ। ਜਦੋਂ ਉਹ ਵਾਪਸ ਜਾਣ ਲੱਗੇ ਤਾਂ ਬੇਰੁਜ਼ਗਾਰ ਉਸ ਦਾ ਸੁਰੱਖਿਆ ਘੇਰਾ ਤੋੜ ਕੇ ਉਸ ਨੂੰ ਮਿਲਣ 'ਚ ਕਾਮਯਾਬ ਹੋ ਗਈਆਂ। ਬੇਰੁਜ਼ਗਾਰਾਂ ਨੇ ਬੀਬੀ ਬਾਦਲ ਨੂੰ ਘੇਰ ਲਿਆ ਅਤੇ ਆਖਿਆ ਕਿ ਉਹ 10-10 ਸਾਲ ਤੋਂ ਸੜਕਾਂ 'ਤੇ ਰੁਜ਼ਗਾਰ ਖਾਤਰ ਰੁਲ ਰਹੇ ਹਨ ਅਤੇ ਕੁੱਟ ਖਾ ਰਹੇ ਹਨ। ਬੀਬੀ ਬਾਦਲ ਨੇ ਆਖਿਆ ਕਿ ਉਹ ਤਾਂ ਸੰਸਦ ਮੈਂਬਰ ਹੈ ਅਤੇ ਤੁਹਾਡਾ ਮਸਲਾ ਉਸ ਦੇ ਅਧਿਕਾਰ ਖੇਤਰ 'ਚ ਨਹੀਂ ਹੈ। ਬੀਬਾ ਬਾਦਲ ਨੇ ਆਖਿਆ ਕਿ ਉਹ ਉਸ ਦੇ ਖਿਲਾਫ ਏਦਾ ਕਿਉਂ ਕਰ ਰਹੇ ਹਨ। ਅਧਿਆਪਕਾਂ ਦਾ ਕਹਿਣਾ ਸੀ ਕਿ ਉਹ ਬਾਦਲ ਪ੍ਰਵਾਰ ਚੋਂ ਹੈ। ਭੱਜ ਨੱਠ 'ਚ ਹੋਈ ਗੱਲਬਾਤ ਮਗਰੋਂ ਬੀਬੀ ਬਾਦਲ ਕਾਹਲੀ ਨਾਲ ਤੁਰਦੇ ਬਣੇ।
                                                   ਉਦੋਂ ਬਾਦਲ ਖੀਰ ਭੇਜਦਾ ਹੁੰਦਾ ਸੀ- ਸੂਬਾ ਪ੍ਰਧਾਨ
ਪੀ.ਟੀ.ਆਈ.ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਮਨਦੀਪ ਸਿੰਘ ਦਾ ਕਹਿਣਾ ਸੀ ਕਿ ਪੰਜਾਬ 'ਚ 4500 ਦੇ ਕਰੀਬ ਪੀ.ਟੀ.ਆਈ ਬੇਰੁਜ਼ਗਾਰ ਅਧਿਆਪਕ ਹਨ ਅਤੇ ਉਹ 18 ਦਿਨ੍ਹਾਂ ਤੋਂ ਲੰਬੀ 'ਚ ਬੈਠੇ ਹਨ। ਪਿਛਲੇ ਹਫਤੇ ਉਪ ਮੁੱਖ ਮੰਤਰੀ ਨੂੰ ਮਿਲ ਚੁੱਕੇ ਹਨ ਪ੍ਰੰਤੂ ਹੁਣ ਉਨ੍ਹਾਂ ਦੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਆਖਿਆ ਕਿ ਅੱਜ ਉਹ ਰੁਜ਼ਗਾਰ ਮੰਗਣ ਆਏ ਹਨ ਤੇ ਅਕਾਲੀਆਂ ਨੇ ਪੁਲੀਸ ਨਾਲ ਮਿਲ ਕੇ ਅੱਜ ਨੌਜਵਾਨ ਲੜਕੀਆਂ ਦੀ ਕੁੱਟਮਾਰ ਕੀਤੀ ਹੈ। ਉਨ੍ਹਾਂ ਆਖਿਆ ਕਿ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਟਰੱਕ ਯੂਨੀਅਨ ਦਾ ਸਾਬਕਾ ਪ੍ਰਧਾਨ ਅਤੇ ਇੱਕ ਮਹਿਲਾ ਨਗਰ ਕੌਂਸਲਰ ਨੇ ਲੜਕੀਆਂ ਦੀਆਂ ਗੁੱਤਾਂ ਪੁੱਟ ਦਿੱਤੀਆਂ ਅਤੇ ਥਪੇੜੇ ਮਾਰੇ। ਉਨ੍ਹਾਂ ਆਖਿਆ ਕਿ ਕੈਪਟਨ ਸਰਕਾਰ ਸਮੇਂ ਬਾਦਲ ਪ੍ਰਵਾਰ ਹੀ ਉਨ੍ਹਾਂ ਨੂੰ ਧਰਨੇ ਮੁਜ਼ਾਹਰਿਆ 'ਚ ਲੰਗਰ ਭੇਜਦਾ ਸੀ,ਫਲ ਅਤੇ ਖੀਰ ਭੇਜੀ ਜਾਂਦੀ ਸੀ। ਉਨ੍ਹਾਂ ਆਖਿਆ ਕਿ ਹੁਣ ਉਨ੍ਹਾਂ ਨੂੰ ਸਰਕਾਰ ਦੇ ਭਰੋਸੇ ਦੀ ਕੋਈ ਲੋੜ ਨਹੀਂ ਰਹੀ ਅਤੇ ਉਹ ਹਰ ਫਰੰਟ 'ਤੇ ਇਸੇ ਤਰ੍ਹਾਂ ਸਰਕਾਰ ਨੂੰ ਘੇਰਨਗੇ। ਉਨ੍ਹਾਂ ਆਖਿਆ ਕਿ ਉਹ ਵਾਪਸ ਲੰਬੀ ਧਰਨੇ 'ਚ ਜਾਣਗੇ ਅਤੇ ਹਰ ਪ੍ਰੋਗਰਾਮ 'ਚ ਆਪਣੀ ਗੱਲ ਰੱਖਣਗੇ। ਸਰਕਾਰ ਜਦੋਂ ਬੁਲਾਏਗੀ,ਉਦੋਂ ਹੀ ਹੁਣ ਉਹ ਜਾਣਗੇ।
                                                   ਕਿਸੇ ਦੀ ਕੋਈ ਕੁੱਟਮਾਰ ਨਹੀਂ ਹੋਈ- ਮਲੂਕਾ।
 ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਸੀ ਕਿ ਅੱਜ ਸਮਾਗਮਾਂ ਮੌਕੇ ਕਿਸੇ ਆਗੂ ਜਾਂ ਵਰਕਰ ਵਲੋਂ ਕਿਸੇ ਵੀ ਬੇਰੁਜ਼ਗਾਰ ਲੜਕੀ ਜਾਂ ਲੜਕੇ ਦੀ ਕੋਈ ਕੁੱਟਮਾਰ ਨਹੀਂ ਕੀਤੀ ਗਈ। ਉਨ੍ਹਾਂ ਆਖਿਆ ਕਿ ਵਰਕਰਾਂ ਵਲੋਂ ਕੇਵਲ ਲੜਕਿਆਂ ਨੂੰ ਉਸ ਵਕਤ ਜ਼ਰੂਰ ਰੋਕਿਆ ਗਿਆ ਅਤੇ ਖਿੱਚ ਧੂਹ ਹੋਈ ਜਦੋਂ ਇਹ ਲੜਕੇ ਬੀਬੀ ਬਾਦਲ ਵੱਲ ਭੱਜ ਭੱਜ ਜਾਂਦੇ ਸਨ। ਉਨ੍ਹਾਂ ਆਖਿਆ ਕਿ ਮਹਿਲਾ ਕੌਸਲਰਾਂ ਨੇ ਲੜਕੀਆਂ ਨੂੰ ਰੋਕਿਆ ਜ਼ਰੂਰ ਸੀ। ਉਨ੍ਹਾਂ ਆਖਿਆ ਕਿ ਉਹ ਖੁਦ ਬੇਰੁਜ਼ਗਾਰ ਅਧਿਆਪਕਾਂ ਨੂੰ ਬੀਬੀ ਬਾਦਲ ਨੂੰ ਮਿਲਾਉਣਾ ਚਾਹੁੰਦੇ ਸਨ ਪ੍ਰੰਤੂ ਕੋਈ ਇਸ ਗੱਲ ਲਈ ਮੰਨਿਆ ਹੀ ਨਹੀਂ। ਉਨ੍ਹਾਂ ਆਖਿਆ ਕਿ ਸਾਰੇ ਭੱਜ ਭੱਜ ਕੇ ਬੀਬੀ ਬਾਦਲ ਵੱਲ ਹੀ ਜਾ ਰਹੇ ਸਨ। ਉਨ੍ਹਾਂ ਆਖਿਆ ਕਿ ਉਹ ਤਾਂ ਬੀਬੀ ਬਾਦਲ ਨਾਲ ਹੀ ਦੂਸਰੇ ਸਮਾਗਮਾਂ 'ਚ ਚਲੇ ਗਏ ਸਨ,ਪਿਛੋਂ ਕੀ ਹੋਇਆ,ਉਸ ਦਾ ਉਨ੍ਹਾਂ ਨੂੰ ਕੋਈ ਪਤਾ ਨਹੀਂ ਹੈ। ਉਨ੍ਹਾਂ ਖੁਦ ਵੀ ਕਿਸੇ ਤਰ੍ਹਾਂ ਦੀ ਕੁੱਟਮਾਰ ਕਰਨ ਤੋਂ ਇਨਕਾਰ ਕੀਤਾ।

Sunday, March 13, 2011

                       ਬਾਦਲਾਂ ਦੀ 'ਦੌਲਤਮੰਦ' ਨੂੰਹ
                                     ਚਰਨਜੀਤ ਭੁੱਲਰ
ਬਠਿੰਡਾ  : ਬਾਦਲ ਪਰਿਵਾਰ ਦੀ ਨੂੰਹ 'ਦੌਲਤ' 'ਚ ਵੀ ਬਾਜੀ ਮਾਰ ਗਈ ਹੈ। ਪਹਿਲੀ ਪ੍ਰਾਪਤੀ ਉਦੋਂ ਹੋਈ ਸੀ ਜਦੋਂ ਉਸ ਨੇ ਬਠਿੰਡਾ ਤੋਂ ਪਾਰਲੀਮੈਂਟ ਦੀ ਸੀਟ ਜਿੱਤੀ। ਯੁਵਰਾਜ ਰਣਇੰਦਰ ਸਿੰਘ ਨੂੰ ਹਾਲੇ ਤੱਕ ਆਪਣੀ ਹਾਰ ਨਹੀਂ ਭੁੱਲੀ। ਅਚੱਲ ਦੌਲਤ ਦੀ ਗੱਲ ਕਰੀਏ ਤਾਂ ਸਭ ਮਹਿਲਾ ਸੰਸਦ ਮੈਂਬਰ ਉਸ ਤੋਂ ਪਿਛੇ ਹਨ। ਜਿੰਨੀ ਅਚੱਲ ਦੌਲਤ ਬੀਬਾ ਬਾਦਲ ਕੋਲ ਹੈ, ਉੱਨੀ ਅਚੱਲ ਦੌਲਤ ਮੁਲਕ ਦੀ ਕਿਸੇ ਵੀ ਮਹਿਲਾ ਸੰਸਦ ਮੈਂਬਰ ਕੋਲ ਨਹੀਂ ਹੈ। ਉਂਝ ਚੱਲ ਅਚੱਲ ਪੂੰਜੀ ਦੇ ਮਾਮਲੇ 'ਚ ਉਸ ਦਾ ਦੇਸ਼ ਚੋਂ ਦੂਸਰਾ ਨੰਬਰ ਹੈ। ਗੱਲ ਇਕੱਲੀ ਦੌਲਤ ਦੀ ਨਹੀਂ,ਪਾਰਲੀਮੈਂਟ 'ਚ ਚੰਗਾ ਬੋਲਣ ਕਰਕੇ ਵੀ ਉਹ ਚਰਚਾ 'ਚ ਹੈ। 'ਨੰਨ੍ਹੀ ਛਾਂ' ਪ੍ਰੋਜੈਕਟ ਕਰਕੇ ਉਸ ਨੇ ਇਸ ਤੋਂ ਵੀ ਜਿਆਦਾ ਮਸ਼ਹੂਰੀ ਖੱਟੀ। ਰੁੱਖ ਤੇ ਕੁੱਖ ਬਚੇ ਹਨ ਜਾਂ ਨਹੀਂ, ਬੀਬਾ ਬਾਦਲ 'ਨੰਨ੍ਹੀ ਛਾਂ' ਸਹਾਰੇ ਆਪਣੀ ਚੰਗੀ ਭੱਲ ਕਾਇਮ ਕਰਨ 'ਚ ਜਰੂਰ ਸਫਲ ਹੋਈ ਹੈ। ਇਹ ਵੱਖਰੀ ਗੱਲ ਹੈ ਕਿ ਜੰਗਲਾਤ ਮਹਿਕਮਾ ਪੌਦਿਆਂ ਦੇ ਪੈਸੇ ਲੈਣ ਲਈ ਸ਼੍ਰੋਮਣੀ ਕਮੇਟੀ ਪਿਛੇ ਹਾਲੇ ਵੀ ਚੱਕਰ ਕੱਢ ਰਿਹਾ ਹੈ। ਨੂੰਹ ਦੀ ਸ਼ਖਸੀਅਤ 'ਕਾਕਾ ਜੀ' ਨਾਲੋਂ ਪ੍ਰਭਾਵਸ਼ਾਲੀ ਹੈ। ਤਾਹੀਓ ਤਾਂ ਅਫਸਰ ਉਸ ਦੇ ਮੂਹਰੇ ਪਾਣੀ ਭਰਦੇ ਹਨ। ਜਦੋਂ ਉਹ ਆਪਣੇ ਹਲਕੇ 'ਚ ਸੰਗਤ ਦਰਸ਼ਨ ਕਰਦੀ ਹੈ ਤਾਂ ਪੂਰੇ 26 ਅਫਸਰਾਂ ਦੀ ਟੀਮ ਉਸ ਦੇ ਅੱਗੇ ਪਿਛੇ ਚੱਲਦੀ ਹੈ। ਐਸ.ਐਸ.ਪੀ ਅਤੇ ਡਿਪਟੀ ਕਮਿਸ਼ਨਰ ਦੀ ਕੀ ਮਜਾਲ,ਕੀ ਸੰਗਤ ਦਰਸ਼ਨਾਂ ਚੋਂ ਗੈਰਹਾਜ਼ਰ ਹੋ ਜਾਣ। ਇੱਕ ਵੱਡੇ ਕਾਫਲੇ ਸਮੇਤ ਬੀਬਾ ਬਾਦਲ ਪਿੰਡਾਂ ਤੇ ਸ਼ਹਿਰਾਂ 'ਚ ਨਿਕਲਦੇ ਹਨ। ਹਾਲਾਂ ਕਿ ਹਾਕਮ ਧਿਰ ਦੇ ਸੰਸਦ ਮੈਂਬਰ ਤਾਂ ਹੋਰ ਵੀ ਹਨ ਪ੍ਰੰਤੂ ਕਿਸੇ ਨਾਲ ਛੇਤੀ ਕਿਤੇ ਕੋਈ ਐਸ.ਡੀ.ਐਮ ਵੀ ਨਹੀਂ ਤੁਰਦਾ।
            ਜਦੋਂ ਬਠਿੰਡਾ ਸੰਸਦੀ ਹਲਕੇ ਦੀ ਚੋਣ ਸੀ ਤਾਂ ਉਦੋਂ ਕਾਂਗਰਸ ਦੀ ਇੱਕ ਚੋਣ ਰੈਲੀ 'ਚ ਇੱਕ ਬਾਬਾ ਖਾਲੀ ਪੀਪਾ ਲੈ ਕੇ ਖੜ੍ਹਾ ਹੋ ਗਿਆ। ਸਟੇਜ ਚਲਾ ਰਹੇ ਸੰਗਰੂਰ ਵਾਲੇ ਸਾਬਕਾ ਮੰਤਰੀ ਜਸਵੀਰ ਸਿੰਘ ਨੇ ਆਖਿਆ, 'ਬਹਿ ਜਾ ਬਾਬਾ ,ਬਹਿਜਾ, ਥੋਡੇ ਪੀਪੇ 'ਚ ਤਾਂ ਉਨ੍ਹਾਂ ਆਟਾ ਨਹੀਂ ਹੋਣਾ , ਜਿੰਨਾਂ ਬਾਦਲਾਂ ਦੀ ਨੂੰਹ ਕੋਲ ਸੋਨਾ ਹੈ। ਸਾਬਕਾ ਮੰਤਰੀ ਨੇ ਤਾਂ ਮਜ਼ਾਕੀਆ ਲਹਿਜੇ ਨਾਲ ਇਹ ਗੱਲ ਆਖੀ ਸੀ ਪ੍ਰੰਤੂ ਇਹ ਗੱਲ ਤਾਂ ਸੋਲੇ ਆਨੇ ਸੱਚ ਨਿਕਲੀ। ਸਰਕਾਰੀ ਰਿਕਾਰਡ ਹੈ ਕਿ ਬੀਬਾ ਬਾਦਲ ਕੋਲ ਉਸ ਵੇਲੇ 1.94 ਕਰੋੜ ਰੁਪਏ ਦਾ ਸੋਨਾ ਸੀ। ਮਹਿਲਾ ਸੰਸਦ ਮੈਂਬਰਾਂ ਚੋਂ ਦੌਲਤ ਦੇ ਮਾਮਲੇ 'ਚ ਬਠਿੰਡਾ ਦੀ ਸੰਸਦ ਮੈਂਬਰ ਦੇਸ਼ ਭਰ ਚੋਂ ਦੂਸਰੇ ਨੰਬਰ 'ਤੇ ਹੈ। ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਦਾ ਉੱਤਰੀ ਭਾਰਤ ਚੋਂ ਦੌਲਤਮੰਦ ਹੋਣ 'ਚ ਪਹਿਲਾ ਨੰਬਰ ਹੈ। ਬੀਬੀ ਬਾਦਲ ਉਸ ਸੰਸਦੀ ਹਲਕੇ ਬਠਿੰਡਾ ਦੀ ਪ੍ਰਤੀਨਿਧਤਾ ਕਰਦੀ ਹੈ ਜਿਥੋਂ ਦੇ ਲੋਕ ਅਲਾਮਤਾਂ ਨਾਲ ਜੂਝ ਰਹੇ ਹਨ। ਧਰਤੀ ਹੇਠਲੇ ਪਾਣੀ 'ਚ ਯੂਰੇਨੀਅਮ ਦੀ ਮਾਤਰਾ ਵੱਧ ਹੈ ਅਤੇ ਕੈਂਸਰ ਵਰਗੀ ਬਿਮਾਰੀ ਦੇ ਹੱਲੇ ਨੇ ਲੋਕਾਂ ਨੂੰ ਸਾਹੋ ਕੱਢਿਆ ਹੋਇਆ ਹੈ। ਨੈਸ਼ਨਲ ਇਲੈਕਸ਼ਨ ਵਾਚ (ਏ.ਡੀ.ਆਰ) ਵਲੋਂ ਜੋ ਸੰਸਦ ਮੈਂਬਰਾਂ ਦੇ ਮੁਲਾਂਕਣ ਕੀਤਾ ਗਿਆ ਹੈ, ਉਸ 'ਚ ਬੀਬੀ ਬਾਦਲ ਦਾ ਮੁਲਕ ਦੀਆਂ ਮਹਿਲਾ ਸੰਸਦ ਮੈਂਬਰਾਂ ਚੋਂ ਦੂਸਰਾ ਨੰਬਰ ਹੈ। ਏ.ਡੀ.ਆਰ ਅਨੁਸਾਰ ਲੋਕ ਸਭਾ ਦੇ 543 ਸੰਸਦ ਮੈਂਬਰਾਂ ਚੋਂ 59 ਮਹਿਲਾ ਸੰਸਦ ਮੈਂਬਰ ਹਨ। ਇਨ੍ਹਾਂ 59 ਮਹਿਲਾ ਸੰਸਦ ਮੈਂਬਰਾਂ ਚੋਂ 57 ਮਹਿਲਾ ਸੰਸਦ ਮੈਂਬਰਾਂ ਨਾਲੋਂ ਬੀਬੀ ਬਾਦਲ ਕੋਲ ਜਿਆਦਾ ਸੰਪਤੀ ਹੈ। ਦੌਲਤ 'ਚ ਪਹਿਲੇ ਨੰਬਰ 'ਤੇ ਉਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਹਲਕੇ ਤੋਂ ਮਹਿਲਾ ਸੰਸਦ ਮੈਂਬਰ ਰਾਜ ਕੁਮਾਰੀ ਰਤਨਾ ਸਿੰਘ ਪਹਿਲੇ ਨੰਬਰ 'ਤੇ ਹੈ ਜੋ ਕਿ ਕਾਂਗਰਸ ਦੀ ਟਿਕਟ 'ਤੇ ਚੋਣ ਜਿੱਤੀ ਹੈ। ਰਾਜ ਕੁਮਾਰੀ ਰਤਨਾ ਸਿੰਘ ਕੋਲ 67.82 ਕਰੋੜ ਰੁਪਏ ਦੀ ਚੱਲ ਅਚੱਲ ਸੰਪਤੀ ਹੈ ਜਦੋਂ ਕਿ ਬੀਬੀ ਹਰਸਿਮਰਤ ਕੌਰ ਬਾਦਲ ਕੋਲ 60.31 ਕਰੋੜ ਰੁਪਏ ਦੀ ਸੰਪਤੀ ਹੈ। ਇਸ ਸੰਪਤੀ 'ਚ ਪਰਿਵਾਰਕ ਸੰਪਤੀ ਵੀ ਸ਼ਾਮਲ ਹੈ।
        ਬੀਬਾ ਬਾਦਲ ਕੋਲ ਇਸ ਸੰਪਤੀ 'ਚ 24.11 ਕਰੋੜ ਰੁਪਏ ਚੱਲ ਅਤੇ 36.19 ਕਰੋੜ ਰੁਪਏ ਅਚੱਲ ਜਾਇਦਾਦ ਹੈ। ਅਚੱਲ ਜਾਇਦਾਦ ਦੇ ਮਾਮਲੇ 'ਚ ਬੀਬੀ ਹਰਸਿਮਰਤ ਕੌਰ ਬਾਦਲ ਮਹਿਲਾ ਸੰਸਦਾਂ ਚੋਂ ਪਹਿਲੇ ਨੰਬਰ 'ਤੇ ਹੈ। ਉਂਝ ਸੰਪਤੀ ਦੇ ਮਾਮਲੇ 'ਚ ਪਹਿਲੇ ਨੰਬਰ ਵਾਲੀ ਮਹਿਲਾ ਸੰਸਦ ਮੈਂਬਰ ਰਾਜ ਕੁਮਾਰੀ ਰਤਨਾ ਸਿੰਘ ਕੋਲ ਅਚੱਲ ਜਾਇਦਾਦ ਕੇਵਲ 5.54 ਕਰੋੜ ਹੈ ਜਦੋਂ ਕਿ ਬੀਬੀ ਬਾਦਲ ਕੋਲ ਅਚੱਲ ਜਾਇਦਾਦ 36.19 ਕਰੋੜ ਰੁਪਏ ਹੈ। ਨੈਸ਼ਨਲ ਇਲੈਕਸ਼ਨ ਵਾਚ ਵਲੋਂ ਸੰਸਦ ਮੈਂਬਰਾਂ ਵਲੋਂ ਚੋਣਾਂ ਸਮੇਂ ਦਾਇਰ ਕੀਤੇ ਸੰਪਤੀ ਦੇ ਹਲਫ਼ੀਆ ਬਿਆਨਾਂ ਦੇ ਅਧਾਰ 'ਤੇ ਮੁਲਾਂਕਣ ਕੀਤਾ ਗਿਆ ਹੈ। ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਕੋਲ 1.94 ਕਰੋੜ ਰੁਪਏ ਦਾ ਸੋਨਾ ਹੈ। ਬਠਿੰਡਾ ਦੀ ਸੰਸਦ ਮੈਂਬਰ ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ ਤੋਂ ਦੋ ਕਦਮ ਅੱਗੇ ਹੈ। ਸੰਪਤੀ ਦੇ ਮਾਮਲੇ 'ਚ ਮਹਾਰਾਣੀ ਪ੍ਰਨੀਤ ਕੌਰ ਦੇਸ਼ ਭਰ ਦੀਆਂ ਮਹਿਲਾ ਸੰਸਦ ਮੈਂਬਰਾਂ ਚੋਂ ਚੌਥੇ ਨੰਬਰ 'ਤੇ ਹੈ। ਮਹਾਰਾਣੀ ਪ੍ਰਨੀਤ ਕੌਰ ਕੋਲ 42.30 ਕਰੋੜ ਰੁਪਏ ਦੀ ਜਾਇਦਾਦ ਹੈ। ਸੰਪਤੀ 'ਚ ਸੰਸਦ ਮੈਂਬਰ ਸੰਤੋਸ਼ ਚੌਧਰੀ ਦਾ 24ਵਾਂ ਨੰਬਰ ਹੈ ਜਦੋਂ ਕਿ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸੰਪਤੀ 'ਚ ਕਾਫੀ ਪਿਛੇ ਹੈ ਜਿਨ੍ਹਾਂ ਦਾ 59 ਮਹਿਲਾ ਸੰਸਦ ਮੈਂਬਰਾਂ ਚੋਂ 32 ਵਾਂ ਨੰਬਰ ਹੈ। ਸੰਤੋਸ਼ ਚੌਧਰੀ ਕੋਲ 2.68  ਕਰੋੜ ਰੁਪਏ ਦੀ ਚੱਲ ਅਚੱਲ ਸੰਪਤੀ ਹੈ।
         ਮਹਿਲਾ ਸੰਸਦ ਮੈਂਬਰਾਂ ਚੋਂ ਸੰਪਤੀ ਦੇ ਮਾਮਲੇ 'ਚ ਸਭ ਤੋਂ ਫਾਡੀ ਸੰਸਦ ਮੈਂਬਰ ਸਰੋਜ ਪਾਂਡੇ ਹੈ ਜਿਸ ਕੋਲ ਕੇਵਲ 3.79 ਲੱਖ ਰੁਪਏ ਦੀ ਹੀ ਚੱਲ ਅਚੱਲ ਜਾਇਦਾਦਾਂ ਹੈ। ਇਹ ਮਹਿਲਾ ਸੰਸਦ ਮੈਂਬਰ ਛਤੀਸਗੜ ਦੇ ਦੁਰਗ ਹਲਕੇ ਤੋਂ ਚੋਣ ਜਿੱਤੀ ਹੈ।  ਨਾਗਰਿਕ ਚੇਤਨਾ ਮੰਚ ਦੇ ਸ੍ਰੀ ਜਗਮੋਹਨ ਕੌਸਲ ਦਾ ਕਹਿਣਾ ਸੀ ਕਿ ਬਠਿੰਡਾ ਸੰਸਦੀ ਹਲਕੇ ਦੇ ਲੋਕ ਸਿਹਤ ਸਹੂਲਤਾਂ ਦੇ ਲਿਹਾਜ਼ ਤੋਂ ਕਾਫੀ ਪਛੜੇ ਹੋਏ ਹਨ। ਅਗਵਾਈ ਕਰਨ ਵਾਲਿਆਂ ਦੀ ਸਫਲਤਾ ਇਸ ਗੱਲੋਂ ਮਾਪੀ ਜਾਂਦੀ ਹੈ ਕਿ ਉਸ ਦੇ ਹਲਕੇ ਦੇ ਲੋਕਾਂ ਦਾ ਕੀ ਹਾਲ ਹੈ। ਸੰਪਤੀ ਪੱਖੋਂ ਕੋਈ ਸੰਸਦ ਮੈਂਬਰ ਅਮੀਰ ਹੋ ਸਕਦਾ ਹੈ ਜਾਂ ਗਰੀਬ ਹੋ ਸਕਦਾ ਹੈ ਲੇਕਿਨ ਸਫਲ ਸੰਸਦ ਮੈਂਬਰ ਬਹੁਤ ਘੱਟ ਹਨ। ਲੋਕਾਂ ਨੂੰ ਹਮੇਸ਼ਾ ਸਫਲ ਮੈਂਬਰਾਂ ਦੀ ਲੋੜ ਹੁੰਦੀ ਹੈ, ਦੌਲਤਮੰਦਾਂ ਦੀ ਨਹੀਂ। ਉਨ੍ਹਾਂ ਆਖਿਆ ਕਿ ਇਸ ਸੰਸਦੀ ਹਲਕੇ 'ਚ ਜੋ ਕਮੀਆਂ ਹਨ,ਉਨ੍ਹਾਂ ਨੂੰ ਦੂਰ ਕਰਨ ਵਾਲਾ ਹੀ ਲੋਕਾਂ ਦੀ ਅਸਲੀ ਦੌਲਤ ਬਣੇਗਾ। ਸੂਤਰ ਆਖਦੇ ਹਨ ਕਿ ਦੇਸ਼ ਭਰ 'ਚ ਬਠਿੰਡਾ ਹਲਕੇ ਦਾ ਨਾਮ ਸੰਪਤੀ ਦੇ ਮਾਮਲੇ 'ਚ ਚਮਕਿਆ ਹੈ।