Sunday, March 13, 2011

                       ਬਾਦਲਾਂ ਦੀ 'ਦੌਲਤਮੰਦ' ਨੂੰਹ
                                     ਚਰਨਜੀਤ ਭੁੱਲਰ
ਬਠਿੰਡਾ  : ਬਾਦਲ ਪਰਿਵਾਰ ਦੀ ਨੂੰਹ 'ਦੌਲਤ' 'ਚ ਵੀ ਬਾਜੀ ਮਾਰ ਗਈ ਹੈ। ਪਹਿਲੀ ਪ੍ਰਾਪਤੀ ਉਦੋਂ ਹੋਈ ਸੀ ਜਦੋਂ ਉਸ ਨੇ ਬਠਿੰਡਾ ਤੋਂ ਪਾਰਲੀਮੈਂਟ ਦੀ ਸੀਟ ਜਿੱਤੀ। ਯੁਵਰਾਜ ਰਣਇੰਦਰ ਸਿੰਘ ਨੂੰ ਹਾਲੇ ਤੱਕ ਆਪਣੀ ਹਾਰ ਨਹੀਂ ਭੁੱਲੀ। ਅਚੱਲ ਦੌਲਤ ਦੀ ਗੱਲ ਕਰੀਏ ਤਾਂ ਸਭ ਮਹਿਲਾ ਸੰਸਦ ਮੈਂਬਰ ਉਸ ਤੋਂ ਪਿਛੇ ਹਨ। ਜਿੰਨੀ ਅਚੱਲ ਦੌਲਤ ਬੀਬਾ ਬਾਦਲ ਕੋਲ ਹੈ, ਉੱਨੀ ਅਚੱਲ ਦੌਲਤ ਮੁਲਕ ਦੀ ਕਿਸੇ ਵੀ ਮਹਿਲਾ ਸੰਸਦ ਮੈਂਬਰ ਕੋਲ ਨਹੀਂ ਹੈ। ਉਂਝ ਚੱਲ ਅਚੱਲ ਪੂੰਜੀ ਦੇ ਮਾਮਲੇ 'ਚ ਉਸ ਦਾ ਦੇਸ਼ ਚੋਂ ਦੂਸਰਾ ਨੰਬਰ ਹੈ। ਗੱਲ ਇਕੱਲੀ ਦੌਲਤ ਦੀ ਨਹੀਂ,ਪਾਰਲੀਮੈਂਟ 'ਚ ਚੰਗਾ ਬੋਲਣ ਕਰਕੇ ਵੀ ਉਹ ਚਰਚਾ 'ਚ ਹੈ। 'ਨੰਨ੍ਹੀ ਛਾਂ' ਪ੍ਰੋਜੈਕਟ ਕਰਕੇ ਉਸ ਨੇ ਇਸ ਤੋਂ ਵੀ ਜਿਆਦਾ ਮਸ਼ਹੂਰੀ ਖੱਟੀ। ਰੁੱਖ ਤੇ ਕੁੱਖ ਬਚੇ ਹਨ ਜਾਂ ਨਹੀਂ, ਬੀਬਾ ਬਾਦਲ 'ਨੰਨ੍ਹੀ ਛਾਂ' ਸਹਾਰੇ ਆਪਣੀ ਚੰਗੀ ਭੱਲ ਕਾਇਮ ਕਰਨ 'ਚ ਜਰੂਰ ਸਫਲ ਹੋਈ ਹੈ। ਇਹ ਵੱਖਰੀ ਗੱਲ ਹੈ ਕਿ ਜੰਗਲਾਤ ਮਹਿਕਮਾ ਪੌਦਿਆਂ ਦੇ ਪੈਸੇ ਲੈਣ ਲਈ ਸ਼੍ਰੋਮਣੀ ਕਮੇਟੀ ਪਿਛੇ ਹਾਲੇ ਵੀ ਚੱਕਰ ਕੱਢ ਰਿਹਾ ਹੈ। ਨੂੰਹ ਦੀ ਸ਼ਖਸੀਅਤ 'ਕਾਕਾ ਜੀ' ਨਾਲੋਂ ਪ੍ਰਭਾਵਸ਼ਾਲੀ ਹੈ। ਤਾਹੀਓ ਤਾਂ ਅਫਸਰ ਉਸ ਦੇ ਮੂਹਰੇ ਪਾਣੀ ਭਰਦੇ ਹਨ। ਜਦੋਂ ਉਹ ਆਪਣੇ ਹਲਕੇ 'ਚ ਸੰਗਤ ਦਰਸ਼ਨ ਕਰਦੀ ਹੈ ਤਾਂ ਪੂਰੇ 26 ਅਫਸਰਾਂ ਦੀ ਟੀਮ ਉਸ ਦੇ ਅੱਗੇ ਪਿਛੇ ਚੱਲਦੀ ਹੈ। ਐਸ.ਐਸ.ਪੀ ਅਤੇ ਡਿਪਟੀ ਕਮਿਸ਼ਨਰ ਦੀ ਕੀ ਮਜਾਲ,ਕੀ ਸੰਗਤ ਦਰਸ਼ਨਾਂ ਚੋਂ ਗੈਰਹਾਜ਼ਰ ਹੋ ਜਾਣ। ਇੱਕ ਵੱਡੇ ਕਾਫਲੇ ਸਮੇਤ ਬੀਬਾ ਬਾਦਲ ਪਿੰਡਾਂ ਤੇ ਸ਼ਹਿਰਾਂ 'ਚ ਨਿਕਲਦੇ ਹਨ। ਹਾਲਾਂ ਕਿ ਹਾਕਮ ਧਿਰ ਦੇ ਸੰਸਦ ਮੈਂਬਰ ਤਾਂ ਹੋਰ ਵੀ ਹਨ ਪ੍ਰੰਤੂ ਕਿਸੇ ਨਾਲ ਛੇਤੀ ਕਿਤੇ ਕੋਈ ਐਸ.ਡੀ.ਐਮ ਵੀ ਨਹੀਂ ਤੁਰਦਾ।
            ਜਦੋਂ ਬਠਿੰਡਾ ਸੰਸਦੀ ਹਲਕੇ ਦੀ ਚੋਣ ਸੀ ਤਾਂ ਉਦੋਂ ਕਾਂਗਰਸ ਦੀ ਇੱਕ ਚੋਣ ਰੈਲੀ 'ਚ ਇੱਕ ਬਾਬਾ ਖਾਲੀ ਪੀਪਾ ਲੈ ਕੇ ਖੜ੍ਹਾ ਹੋ ਗਿਆ। ਸਟੇਜ ਚਲਾ ਰਹੇ ਸੰਗਰੂਰ ਵਾਲੇ ਸਾਬਕਾ ਮੰਤਰੀ ਜਸਵੀਰ ਸਿੰਘ ਨੇ ਆਖਿਆ, 'ਬਹਿ ਜਾ ਬਾਬਾ ,ਬਹਿਜਾ, ਥੋਡੇ ਪੀਪੇ 'ਚ ਤਾਂ ਉਨ੍ਹਾਂ ਆਟਾ ਨਹੀਂ ਹੋਣਾ , ਜਿੰਨਾਂ ਬਾਦਲਾਂ ਦੀ ਨੂੰਹ ਕੋਲ ਸੋਨਾ ਹੈ। ਸਾਬਕਾ ਮੰਤਰੀ ਨੇ ਤਾਂ ਮਜ਼ਾਕੀਆ ਲਹਿਜੇ ਨਾਲ ਇਹ ਗੱਲ ਆਖੀ ਸੀ ਪ੍ਰੰਤੂ ਇਹ ਗੱਲ ਤਾਂ ਸੋਲੇ ਆਨੇ ਸੱਚ ਨਿਕਲੀ। ਸਰਕਾਰੀ ਰਿਕਾਰਡ ਹੈ ਕਿ ਬੀਬਾ ਬਾਦਲ ਕੋਲ ਉਸ ਵੇਲੇ 1.94 ਕਰੋੜ ਰੁਪਏ ਦਾ ਸੋਨਾ ਸੀ। ਮਹਿਲਾ ਸੰਸਦ ਮੈਂਬਰਾਂ ਚੋਂ ਦੌਲਤ ਦੇ ਮਾਮਲੇ 'ਚ ਬਠਿੰਡਾ ਦੀ ਸੰਸਦ ਮੈਂਬਰ ਦੇਸ਼ ਭਰ ਚੋਂ ਦੂਸਰੇ ਨੰਬਰ 'ਤੇ ਹੈ। ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਦਾ ਉੱਤਰੀ ਭਾਰਤ ਚੋਂ ਦੌਲਤਮੰਦ ਹੋਣ 'ਚ ਪਹਿਲਾ ਨੰਬਰ ਹੈ। ਬੀਬੀ ਬਾਦਲ ਉਸ ਸੰਸਦੀ ਹਲਕੇ ਬਠਿੰਡਾ ਦੀ ਪ੍ਰਤੀਨਿਧਤਾ ਕਰਦੀ ਹੈ ਜਿਥੋਂ ਦੇ ਲੋਕ ਅਲਾਮਤਾਂ ਨਾਲ ਜੂਝ ਰਹੇ ਹਨ। ਧਰਤੀ ਹੇਠਲੇ ਪਾਣੀ 'ਚ ਯੂਰੇਨੀਅਮ ਦੀ ਮਾਤਰਾ ਵੱਧ ਹੈ ਅਤੇ ਕੈਂਸਰ ਵਰਗੀ ਬਿਮਾਰੀ ਦੇ ਹੱਲੇ ਨੇ ਲੋਕਾਂ ਨੂੰ ਸਾਹੋ ਕੱਢਿਆ ਹੋਇਆ ਹੈ। ਨੈਸ਼ਨਲ ਇਲੈਕਸ਼ਨ ਵਾਚ (ਏ.ਡੀ.ਆਰ) ਵਲੋਂ ਜੋ ਸੰਸਦ ਮੈਂਬਰਾਂ ਦੇ ਮੁਲਾਂਕਣ ਕੀਤਾ ਗਿਆ ਹੈ, ਉਸ 'ਚ ਬੀਬੀ ਬਾਦਲ ਦਾ ਮੁਲਕ ਦੀਆਂ ਮਹਿਲਾ ਸੰਸਦ ਮੈਂਬਰਾਂ ਚੋਂ ਦੂਸਰਾ ਨੰਬਰ ਹੈ। ਏ.ਡੀ.ਆਰ ਅਨੁਸਾਰ ਲੋਕ ਸਭਾ ਦੇ 543 ਸੰਸਦ ਮੈਂਬਰਾਂ ਚੋਂ 59 ਮਹਿਲਾ ਸੰਸਦ ਮੈਂਬਰ ਹਨ। ਇਨ੍ਹਾਂ 59 ਮਹਿਲਾ ਸੰਸਦ ਮੈਂਬਰਾਂ ਚੋਂ 57 ਮਹਿਲਾ ਸੰਸਦ ਮੈਂਬਰਾਂ ਨਾਲੋਂ ਬੀਬੀ ਬਾਦਲ ਕੋਲ ਜਿਆਦਾ ਸੰਪਤੀ ਹੈ। ਦੌਲਤ 'ਚ ਪਹਿਲੇ ਨੰਬਰ 'ਤੇ ਉਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਹਲਕੇ ਤੋਂ ਮਹਿਲਾ ਸੰਸਦ ਮੈਂਬਰ ਰਾਜ ਕੁਮਾਰੀ ਰਤਨਾ ਸਿੰਘ ਪਹਿਲੇ ਨੰਬਰ 'ਤੇ ਹੈ ਜੋ ਕਿ ਕਾਂਗਰਸ ਦੀ ਟਿਕਟ 'ਤੇ ਚੋਣ ਜਿੱਤੀ ਹੈ। ਰਾਜ ਕੁਮਾਰੀ ਰਤਨਾ ਸਿੰਘ ਕੋਲ 67.82 ਕਰੋੜ ਰੁਪਏ ਦੀ ਚੱਲ ਅਚੱਲ ਸੰਪਤੀ ਹੈ ਜਦੋਂ ਕਿ ਬੀਬੀ ਹਰਸਿਮਰਤ ਕੌਰ ਬਾਦਲ ਕੋਲ 60.31 ਕਰੋੜ ਰੁਪਏ ਦੀ ਸੰਪਤੀ ਹੈ। ਇਸ ਸੰਪਤੀ 'ਚ ਪਰਿਵਾਰਕ ਸੰਪਤੀ ਵੀ ਸ਼ਾਮਲ ਹੈ।
        ਬੀਬਾ ਬਾਦਲ ਕੋਲ ਇਸ ਸੰਪਤੀ 'ਚ 24.11 ਕਰੋੜ ਰੁਪਏ ਚੱਲ ਅਤੇ 36.19 ਕਰੋੜ ਰੁਪਏ ਅਚੱਲ ਜਾਇਦਾਦ ਹੈ। ਅਚੱਲ ਜਾਇਦਾਦ ਦੇ ਮਾਮਲੇ 'ਚ ਬੀਬੀ ਹਰਸਿਮਰਤ ਕੌਰ ਬਾਦਲ ਮਹਿਲਾ ਸੰਸਦਾਂ ਚੋਂ ਪਹਿਲੇ ਨੰਬਰ 'ਤੇ ਹੈ। ਉਂਝ ਸੰਪਤੀ ਦੇ ਮਾਮਲੇ 'ਚ ਪਹਿਲੇ ਨੰਬਰ ਵਾਲੀ ਮਹਿਲਾ ਸੰਸਦ ਮੈਂਬਰ ਰਾਜ ਕੁਮਾਰੀ ਰਤਨਾ ਸਿੰਘ ਕੋਲ ਅਚੱਲ ਜਾਇਦਾਦ ਕੇਵਲ 5.54 ਕਰੋੜ ਹੈ ਜਦੋਂ ਕਿ ਬੀਬੀ ਬਾਦਲ ਕੋਲ ਅਚੱਲ ਜਾਇਦਾਦ 36.19 ਕਰੋੜ ਰੁਪਏ ਹੈ। ਨੈਸ਼ਨਲ ਇਲੈਕਸ਼ਨ ਵਾਚ ਵਲੋਂ ਸੰਸਦ ਮੈਂਬਰਾਂ ਵਲੋਂ ਚੋਣਾਂ ਸਮੇਂ ਦਾਇਰ ਕੀਤੇ ਸੰਪਤੀ ਦੇ ਹਲਫ਼ੀਆ ਬਿਆਨਾਂ ਦੇ ਅਧਾਰ 'ਤੇ ਮੁਲਾਂਕਣ ਕੀਤਾ ਗਿਆ ਹੈ। ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਕੋਲ 1.94 ਕਰੋੜ ਰੁਪਏ ਦਾ ਸੋਨਾ ਹੈ। ਬਠਿੰਡਾ ਦੀ ਸੰਸਦ ਮੈਂਬਰ ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ ਤੋਂ ਦੋ ਕਦਮ ਅੱਗੇ ਹੈ। ਸੰਪਤੀ ਦੇ ਮਾਮਲੇ 'ਚ ਮਹਾਰਾਣੀ ਪ੍ਰਨੀਤ ਕੌਰ ਦੇਸ਼ ਭਰ ਦੀਆਂ ਮਹਿਲਾ ਸੰਸਦ ਮੈਂਬਰਾਂ ਚੋਂ ਚੌਥੇ ਨੰਬਰ 'ਤੇ ਹੈ। ਮਹਾਰਾਣੀ ਪ੍ਰਨੀਤ ਕੌਰ ਕੋਲ 42.30 ਕਰੋੜ ਰੁਪਏ ਦੀ ਜਾਇਦਾਦ ਹੈ। ਸੰਪਤੀ 'ਚ ਸੰਸਦ ਮੈਂਬਰ ਸੰਤੋਸ਼ ਚੌਧਰੀ ਦਾ 24ਵਾਂ ਨੰਬਰ ਹੈ ਜਦੋਂ ਕਿ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸੰਪਤੀ 'ਚ ਕਾਫੀ ਪਿਛੇ ਹੈ ਜਿਨ੍ਹਾਂ ਦਾ 59 ਮਹਿਲਾ ਸੰਸਦ ਮੈਂਬਰਾਂ ਚੋਂ 32 ਵਾਂ ਨੰਬਰ ਹੈ। ਸੰਤੋਸ਼ ਚੌਧਰੀ ਕੋਲ 2.68  ਕਰੋੜ ਰੁਪਏ ਦੀ ਚੱਲ ਅਚੱਲ ਸੰਪਤੀ ਹੈ।
         ਮਹਿਲਾ ਸੰਸਦ ਮੈਂਬਰਾਂ ਚੋਂ ਸੰਪਤੀ ਦੇ ਮਾਮਲੇ 'ਚ ਸਭ ਤੋਂ ਫਾਡੀ ਸੰਸਦ ਮੈਂਬਰ ਸਰੋਜ ਪਾਂਡੇ ਹੈ ਜਿਸ ਕੋਲ ਕੇਵਲ 3.79 ਲੱਖ ਰੁਪਏ ਦੀ ਹੀ ਚੱਲ ਅਚੱਲ ਜਾਇਦਾਦਾਂ ਹੈ। ਇਹ ਮਹਿਲਾ ਸੰਸਦ ਮੈਂਬਰ ਛਤੀਸਗੜ ਦੇ ਦੁਰਗ ਹਲਕੇ ਤੋਂ ਚੋਣ ਜਿੱਤੀ ਹੈ।  ਨਾਗਰਿਕ ਚੇਤਨਾ ਮੰਚ ਦੇ ਸ੍ਰੀ ਜਗਮੋਹਨ ਕੌਸਲ ਦਾ ਕਹਿਣਾ ਸੀ ਕਿ ਬਠਿੰਡਾ ਸੰਸਦੀ ਹਲਕੇ ਦੇ ਲੋਕ ਸਿਹਤ ਸਹੂਲਤਾਂ ਦੇ ਲਿਹਾਜ਼ ਤੋਂ ਕਾਫੀ ਪਛੜੇ ਹੋਏ ਹਨ। ਅਗਵਾਈ ਕਰਨ ਵਾਲਿਆਂ ਦੀ ਸਫਲਤਾ ਇਸ ਗੱਲੋਂ ਮਾਪੀ ਜਾਂਦੀ ਹੈ ਕਿ ਉਸ ਦੇ ਹਲਕੇ ਦੇ ਲੋਕਾਂ ਦਾ ਕੀ ਹਾਲ ਹੈ। ਸੰਪਤੀ ਪੱਖੋਂ ਕੋਈ ਸੰਸਦ ਮੈਂਬਰ ਅਮੀਰ ਹੋ ਸਕਦਾ ਹੈ ਜਾਂ ਗਰੀਬ ਹੋ ਸਕਦਾ ਹੈ ਲੇਕਿਨ ਸਫਲ ਸੰਸਦ ਮੈਂਬਰ ਬਹੁਤ ਘੱਟ ਹਨ। ਲੋਕਾਂ ਨੂੰ ਹਮੇਸ਼ਾ ਸਫਲ ਮੈਂਬਰਾਂ ਦੀ ਲੋੜ ਹੁੰਦੀ ਹੈ, ਦੌਲਤਮੰਦਾਂ ਦੀ ਨਹੀਂ। ਉਨ੍ਹਾਂ ਆਖਿਆ ਕਿ ਇਸ ਸੰਸਦੀ ਹਲਕੇ 'ਚ ਜੋ ਕਮੀਆਂ ਹਨ,ਉਨ੍ਹਾਂ ਨੂੰ ਦੂਰ ਕਰਨ ਵਾਲਾ ਹੀ ਲੋਕਾਂ ਦੀ ਅਸਲੀ ਦੌਲਤ ਬਣੇਗਾ। ਸੂਤਰ ਆਖਦੇ ਹਨ ਕਿ ਦੇਸ਼ ਭਰ 'ਚ ਬਠਿੰਡਾ ਹਲਕੇ ਦਾ ਨਾਮ ਸੰਪਤੀ ਦੇ ਮਾਮਲੇ 'ਚ ਚਮਕਿਆ ਹੈ।

2 comments:

  1. ਜਾਣਕਾਰੀ ਭਰਪੂਰ ਹੈ ਮੈਟਰ। ਬੜਾ ਅੱਛਾ ਲੱਗਾ ਭੁੱਲਰ ਸਾਹਿਬ।ਪੜਨ ਤੋ. ਬਾਅਦ ਕੁਝ ਤਾਂ ਸ਼ਰਮ ਕਰੂਗੀ ਹੀ ਦੌਲਤਮੰਦ ਬੀਬੀ।

    ReplyDelete