Wednesday, March 30, 2011

          ਪੌਣੇ ਪੰਜ ਸੌ ਬੱਚਿਆਂ ਦਾ 'ਡੈਡੀ'
                          ਚਰਨਜੀਤ ਭੁੱਲਰ
ਬਠਿੰਡਾ : ਭਾਗਾਂ ਵਾਲਾ 'ਬਾਬਾ' ਹੈ ਜਿਸ ਦੇ ਪੌਣੇ ਪੰਜ ਸੌ ਪੁੱਤਰ ਹਨ। ਰਸਦਾ ਵਸਦਾ ਪਰਵਾਰ ਇੱਕੋ ਦੇਹਲੀ ਅੰਦਰ ਰਹਿੰਦਾ ਹੈ। ਭਰਿਆ ਪਰਵਾਰ ਛੱਡ 'ਬਾਬਾ' ਹੁਣ ਇਸ ਜਹਾਨੋ ਚਲਾ ਗਿਆ ਹੈ। ਏਡਾ ਵੱਡਾ ਪਰਵਾਰ, ਫਿਰ ਵੀ ਪੁੱਤਰਾਂ ਨੂੰ ਘਰ ਖਾਲੀ ਖਾਲੀ ਲੱਗਦਾ ਹੈ। ਕਿਉਂਕਿ 'ਪਾਲਣਹਾਰ' ਜੋ ਚਲਾ ਗਿਆ। ਇਸ 'ਬਾਬੇ' ਦਾ ਵੱਡਾ ਮੁੰਡਾ 83 ਵਰ੍ਹਿਆਂ ਦਾ ਹੈ। ਛੋਟਾ 18 ਸਾਲ ਦਾ ਹੈ। 'ਬਾਬੇ' ਦੇ ਮੁੰਡੇ ਨਿਆਣੇ ਵੀ ਹਨ ਤੇ ਸਿਆਣੇ ਵੀ। 'ਬਾਬੇ' ਦੇ 21 ਪੁੱਤਰਾਂ ਦੀ ਉਮਰ ਤਾਂ 70 ਸਾਲ ਤੋਂ ਉਪਰ ਹੈ। ਪਰਵਾਰ 'ਚ ਇੱਕ ਅੱਧੀ ਔਰਤ ਹੀ ਹੈ। ਜਦੋਂ ਕੋਈ ਛੋਟੀ ਵੱਡੀ ਚੋਣ ਆਉਂਦੀ ਹੈ, ਨੇਤਾ ਲੋਕ ਫਿਰ 'ਬਾਬੇ' ਦੇ ਅੱਗੇ ਪਿੱਛੇ ਘੁੰਮਦੇ ਰਹੇ ਹਨ। ਜਦੋਂ ਦਾ ਬਾਬਾ ਗੁਜ਼ਰਿਆ ਹੈ, ਫੁੱਟ ਨੇ 'ਵੱਡੇ ਪਰਵਾਰ' ਨੂੰ ਵੰਡ ਕੇ ਰੱਖ ਦਿੱਤਾ ਹੈ। ਹੁਣ ਮੁੰਡੇ ਆਪਸ 'ਚ ਭਿੜ ਪਏ ਨੇ। 'ਬਾਬੇ' ਦੇ ਜਿਉਂਦੇ ਜੀਅ ਸਭ ਠੀਕ ਰਿਹਾ। ਜਾਣ ਮਗਰੋਂ ਤਾਂ ਬਾਬੇ ਦੇ ਪੁੱਤਰਾਂ ਨੇ ਇੱਕ ਦੂਸਰੇ 'ਤੇ ਰਫ਼ਲਾਂ ਤਾਣ ਲਈਆਂ। ਮੌਕਾ ਤਾੜ ਕੇ 'ਲੀਡਰ' ਵੀ ਆਨ ਪੁੱਜੇ ਹਨ ਜਿਨ੍ਹਾਂ ਦੇ ਮਨਾ 'ਚ ਇਸ ਪਰਵਾਰ 'ਚ ਪਈ ਤਰੇੜ ਮਗਰੋਂ ਲੱਡੂ ਫੁੱਟੇ ਹਨ। 'ਬਾਬੇ' ਦੇ ਪੁੱਤਰ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਬਣ ਗਏ ਹਨ। ਇੱਕ ਦੂਸਰੇ ਦੇ ਡਰੋਂ ਰਫ਼ਲਾਂ ਦੇ ਛਾਏ ਹੇਠ ਰਹਿੰਦੇ ਹਨ। 'ਬਾਬੇ' ਦੇ ਪਰਵਾਰ ਨੇ ਬਥੇਰੇ ਚੰਗੇ ਮਾੜੇ ਦਿਨ ਦੇਖੇ ਹਨ। ਜਿਵੇਂ ਹੁਣ ਇਸ ਪਰਵਾਰ 'ਚ ਚੱਲ ਰਿਹਾ ਹੈ,ਉਸ ਤੋਂ ਲੱਗਦਾ ਹੈ ਕਿ ਚੰਗਾ ਹੋਇਆ, ਉਹ ਬਜ਼ੁਰਗ ਵੇਲੇ ਸਿਰ ਤੁਰ ਗਿਆ।
            ਪੌਣੇ ਪੰਜ ਸੌ ਪੁੱਤਰਾਂ ਦਾ ਬਾਪ ਇਹ ਬੁੱਢਾ ਦਲ ਦਾ ਮੁਖੀ ਬਾਬਾ ਸੰਤਾ ਸਿੰਘ ਹੈ ਜੋ ਹੁਣ ਇਸ ਦੁਨੀਆ 'ਚ ਨਹੀਂ ਰਿਹਾ। ਵੋਟਰ ਸੂਚੀ 'ਚ ਜੋ ਨਿਹੰਗ ਸਿੰਘਾਂ ਦੀਆਂ ਵੋਟਾਂ ਹਨ, ਉਨ੍ਹਾਂ 'ਚ ਹਰ ਨਿਹੰਗ ਸਿੰਘ ਨੇ ਆਪਣੇ ਬਾਪ ਦਾ ਨਾਮ ਬਾਬਾ ਸੰਤਾ ਸਿੰਘ ਹੀ ਲਿਖਵਾਇਆ ਹੋਇਆ ਹੈ। ਹੁਣ ਲੰਮਾ ਚੌੜਾ ਪਰਵਾਰ ਆਪਣੇ ਬਜ਼ੁਰਗਾਂ 'ਤੇ ਮਾਣ ਤਾਂ ਕਰਦਾ ਹੈ ਲੇਕਿਨ ਪਰਵਾਰ 'ਚ ਪਹਿਲਾਂ ਵਾਲਾ ਏਕਾ ਨਹੀਂ ਰਿਹਾ। ਬਾਬਾ ਬਲਵੀਰ ਸਿੰਘ ਬੁੱਢਾ ਦਲ ਦੇ ਮੁਖੀ ਦੇ ਤੌਰ 'ਤੇ ਪਰਵਾਰ ਚਲਾ ਰਹੇ ਹਨ। ਪਰਵਾਰ ਦਾ ਇੱਕ ਹਿੱਸਾ ਉਨ੍ਹਾਂ ਨੂੰ ਮੁਖੀਏ ਦੇ ਤੌਰ 'ਤੇ ਪ੍ਰਵਾਨ ਕਰਨ ਨੂੰ ਤਿਆਰ ਨਹੀਂ। ਕਤਲੋਗਾਰਦ ਵੀ ਮੱਚ ਚੁੱਕੀ ਹੈ। ਖ਼ੌਫ ਹਾਲੇ ਵੀ ਟਲਿਆ ਨਹੀਂ। ਸਿਆਸੀ ਲੋਕਾਂ 'ਚ ਵੀ ਇਹ ਪਰਵਾਰ ਆਪਣੀ ਪਹਿਲਾਂ ਵਾਲੀ ਪੈਂਠ ਗੁਆ ਚੁੱਕਾ ਹੈ। ਸਿਆਸੀ ਧਿਰਾਂ ਅੰਦਰੋਂ ਅੰਦਰੀਂ ਖੁਸ਼ ਹਨ। ਖੈਰ 'ਬਾਬੇ' ਦੇ ਜਿਉਂਦੇ ਜੀਅ ਪਰਵਾਰ ਦੀ ਪੂਰੀ ਤੂਤੀ ਬੋਲਦੀ ਰਹੀ ਹੈ। ਜਿਸ ਸਿਆਸੀ ਧਿਰ ਨੂੰ ਲੱਗਦਾ ਸੀ ਕਿ 'ਬਾਬੇ' ਦਾ ਪਰਵਾਰ ਉਸ ਨੂੰ ਭੁਗਤਣਾ ਨਹੀਂ, ਉਹ ਧਿਰ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰ ਦਿੰਦੀ ਸੀ ਕਿ ਇੱਕੋ ਬਾਬੇ ਦੇ ਪੌਣੇ ਪੰਜ ਸੌ ਪੁੱਤਰ ਕਾਨੂੰਨੀ ਤੌਰ 'ਤੇ ਠੀਕ ਨਹੀਂ। ਬਾਵਜੂਦ ਇਸ ਦੇ, ਕਦੇ ਵੀ ਬਾਬੇ ਦੇ ਪਰਵਾਰ ਦਾ ਵਾਲ ਵਿੰਗਾ ਨਹੀਂ ਹੋਇਆ। ਜਦੋਂ ਚੋਣ ਕਮਿਸ਼ਨ ਵੀ ਰਜ਼ਾਮੰਦ ਹੋ ਜਾਂਦਾ ਸੀ ਤਾਂ ਸਭ ਧਿਰਾਂ ਚੁੱਪ ਕਰ ਜਾਂਦੀਆਂ ਸਨ। ਬਾਬੇ ਦਾ ਪਰਵਾਰ ਤਲਵੰਡੀ ਸਾਬੋ 'ਚ ਰਹਿ ਰਿਹਾ ਹੈ।  ਬਠਿੰਡਾ ਸੰਸਦੀ ਹਲਕੇ ਦੀ ਵੋਟਰ ਸੂਚੀ 'ਚ ਇਹ ਇੱਕੋ ਹੀ ਪਰਵਾਰ ਹੈ ਜਿਸ ਦੀਆਂ 471 ਵੋਟਾਂ ਹਨ। ਪੋਲਿੰਗ ਸਟੇਸ਼ਨ ਨੰਬਰ 81 ਦੇ ਮਕਾਨ ਨੰਬਰ 29 ਵਿੱਚ ਇਹ ਸਾਰੇ ਵੋਟਰ ਰਹਿੰਦੇ ਹਨ।
          ਹਾਲਾਂ ਕਿ ਹਰ ਚੋਣ ਵਿੱਚ ਇਸ ਪਰਵਾਰ ਦੀ ਸੌ ਫੀਸਦੀ ਵੋਟ ਪੋਲ ਤਾਂ ਨਹੀਂ ਹੁੰਦੀ ਪ੍ਰੰਤੂ ਫਿਰ ਵੀ ਸਿਆਸੀ ਧਿਰਾਂ ਦੀ ਦਿਲਚਸਪੀ   ਇਸ ਪਰਵਾਰ 'ਚ ਰਹਿੰਦੀ ਰਹੀ ਹੈ। ਇਸ ਪਰਵਾਰ ਦੇ 50 ਫੀਸਦੀ ਵੋਟਰਾਂ ਨੇ ਤਾਂ ਬਕਾਇਦਾ ਸ਼ਨਾਖ਼ਤੀ ਕਾਰਡ ਵੀ ਬਣਾਏ ਹੋਏ ਹਨ। ਬਹੁਤੇ ਨਿਹੰਗ ਸਿੰਘ ਜ਼ਿਲ੍ਹੇ ਤੋਂ ਬਾਹਰ ਵੀ ਗਏ ਹੋਏ ਹਨ। ਵੋਟਰ ਸੂਚੀ ਦੇ ਜਿਸ ਭਾਗ ਵਿੱਚ  ਇਸ ਪਰਵਾਰ ਦੀ ਵੋਟ ਹੈ ,ਉਸ ਭਾਗ ਦੀਆਂ ਕੁੱਲ 920 ਵੋਟਾਂ ਕੁੱਲ ਹਨ ਜਿਨ੍ਹਾਂ ਚੋਂ ਇਸ ਇਕੱਲੇ ਪਰਵਾਰ ਦੀਆਂ 471 ਵੋਟਾਂ ਹਨ। ਉਂਝ ਪਰਵਾਰ ਦੀ ਅਸਲੀ ਗਿਣਤੀ ਤਾਂ ਹੋਰ ਵੀ ਜਿਆਦਾ ਹੈ। ਬਹੁਤੇ ਮੈਂਬਰ ਵੋਟਾਂ ਬਣਾਉਣ ਤੋਂ ਰਹਿ ਵੀ ਜਾਂਦੇ ਹਨ।  ਇਸ ਪਰਵਾਰ 'ਚ ਹੁਣ ਸਭ ਤੋਂ ਵੱਡੀ ਉਮਰ ਦਾ ਵੋਟਰ ਸ਼ੇਰ ਸਿੰਘ ਪੁੱਤਰ ਸੰਤਾ ਸਿੰਘ ਹੈ ਜਿਸ ਦੀ ਉਮਰ 83 ਸਾਲ ਹੈ। ਬੇਸ਼ੱਕ ਹੁਣ ਤਾਂ ਇਸ ਪਰਵਾਰ 'ਚ ਫੁੱਟ ਪੈ ਗਈ ਹੈ ਪ੍ਰੰਤੂ ਫੁੱਟ ਤੋਂ ਪਹਿਲਾਂ ਪੂਰੇ ਦਾ ਪੂਰਾ ਪਰਵਾਰ ਵੋਟਾਂ ਵੇਲੇ ਇੱਕੋ ਮੋਰੀ ਲੰਘਦਾ ਰਿਹਾ ਹੈ। ਪਹਿਲੀ ਦਫ਼ਾ ਹੈ ਕਿ ਇਸ ਪਰਵਾਰ 'ਤੇ ਇਹ ਨਜ਼ਰ ਲੱਗੀ ਹੋਈ ਹੈ ਕਿ ਉਹ ਕਿਸੇ ਪਾਸੇ ਭੁਗਤਦਾ ਹੈ। ਬਾਬਾ ਸੰਤਾ ਸਿੰਘ ਕਿਸੇ ਵੇਲੇ ਖੁਦ ਕਾਂਗਰਸ ਦੇ ਨੇੜੇ ਰਿਹਾ ਹੈ। ਹੁਣ ਬਾਬੇ ਦਾ ਜਾਨਸ਼ੀਨ ਬਾਬਾ ਬਲਵੀਰ ਸਿੰਘ ਅਕਾਲੀ ਸਰਕਾਰ ਦੇ ਨੇੜੇ ਹੈ। ਕੁਝ ਵੀ ਹੋਵੇ ,ਬਾਬੇ ਦਾ ਇਹ ਪਰਵਾਰ ਹਮੇਸ਼ਾ ਚਰਚਾ 'ਚ ਰਿਹਾ ਹੈ। ਚੰਗਾ ਹੋਵੇ, ਬਾਬੇ ਦਾ ਪਰਵਾਰ ਮੁੜ ਇੱਕੋ ਚੁੱਲ੍ਹੇ ਬੈਠਣ ਲੱਗੇ ਜਾਵੇ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਪਰਵਾਰ ਚੋਂ ਹੋਰ ਪਤਾ ਨਹੀਂ ਕਿੰਨੇ ਕੁ ਘਰ ਬਣ ਜਾਣੇ ਹਨ। ਪਰਵਾਰ ਦੀ ਏਕਤਾ ਦੀ ਮਿਸਾਲ ਤਾਂ ਟੁੱਟੇਗੀ ਹੀ,ਨਾਲ ਵੁੱਕਤ ਵੀ ਘਟ ਜਾਣੀ ਹੈ।
            

No comments:

Post a Comment