Saturday, March 5, 2011

ਚਰਨਜੀਤ ਭੁੱਲਰ
ਬਠਿੰਡਾ, 4 ਮਾਰਚ
ਜ਼ਿਲ੍ਹਾ ਬਠਿੰਡਾ ਵਿੱਚ ਕੈਂਸਰ ਮਰੀਜ਼ਾਂ ਲਈ ਖਜ਼ਾਨਾ ਖਾਲੀ ਹੈ ਅਤੇ ਗਰੀਬ ਮਰੀਜ਼ ਮਾਲੀ ਮੱਦਦ ਉਡੀਕ ਰਹੇ ਹਨ ਪਰ ਦੂਜੇ ਪਾਸੇ ਸਰਕਾਰ ਵੱਲੋਂ ਕਰੋੜਾਂ ਰੁਪਏ ਫੁਹਾਰਿਆਂ ’ਤੇ ਖਰਚੇ ਜਾ ਰਹੇ ਹਨ। ਸਰਕਾਰੀ ਮੱਦਦ ਦੀ ਉਡੀਕ ਵਿੱਚ ਹੀ ਕਰੀਬ ਡੇਢ ਸੌ ਕੈਂਸਰ ਮਰੀਜ਼ ਤਾਂ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਸਰਕਾਰ ਵੱਲੋਂ ਕੈਂਸਰ ਮਰੀਜ਼ਾਂ ਦੀ ਪੁਕਾਰ ਨੂੰ ਕਦੇ ਸੁਣਿਆ ਹੀ ਨਹੀਂ ਗਿਆ। ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪਹਿਲੀ ਅਪਰੈਲ 2008 ਤੋਂ 28 ਜਨਵਰੀ 2011 ਤੱਕ 501 ਕੈਂਸਰ ਮਰੀਜ਼ਾਂ ਨੇ ਮਾਲੀ ਮੱਦਦ ਵਾਸਤੇ ਡਿਪਟੀ ਕਮਿਸ਼ਨਰ ਤੱਕ ਪਹੁੰਚ ਕੀਤੀ ਸੀ। ਇਨ੍ਹਾਂ ਕੈਂਸਰ ਮਰੀਜ਼ਾਂ ਲਈ 2,11,83,891 ਰੁਪਏ ਦੀ ਲੋੜ ਸੀ। ਇਸ ਸਮੇਂ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਕੈਂਸਰ ਪੀੜਤ ਮਰੀਜ਼ਾਂ ਲਈ 23.67 ਲੱਖ ਰੁਪਏ ਦੀ ਰਾਸ਼ੀ ਹੀ ਜਾਰੀ ਕੀਤੀ ਗਈ। ਪੰਜਾਬ ਸਰਕਾਰ ਨੇ ਇਸ ਸਮੇਂ ਦੌਰਾਨ ਪਹਿਲਾ ਮਾਰਚ 2008 ’ਚ 25 ਲੱਖ ਕੈਂਸਰ ਮਰੀਜ਼ਾਂ ਲਈ ਭੇਜੇ ਸਨ। ਉਸ ਮਗਰੋਂ ਕਰੀਬ 29 ਮਹੀਨੇ ਸਰਕਾਰ ਨੇ ਕੋਈ ਪੈਸਾ ਕੈਂਸਰ ਮਰੀਜ਼ਾਂ ਲਈ ਨਹੀਂ ਭੇਜਿਆ। ਕੈਂਸਰ ਮਰੀਜ਼ਾਂ ਦੇ ਦਫਤਰ ’ਚ ਗੇੜੇ ਵੱਧਣ ਤੋਂ ਮਗਰੋਂ ਸਰਕਾਰ ਨੇ ਅਗਸਤ 2010 ਵਿੱਚ ਛੇ ਲੱਖ ਰੁਪਏ ਹੋਰ ਭੇਜ ਦਿੱਤੇ ਸਨ। ਸਰਕਾਰ ਨੇ ਫਿਰ ਛੇ ਮਹੀਨੇ ਚੁੱਪ ਵੱਟ ਲਈ। ਹੁਣ ਫਰਵਰੀ ਮਹੀਨੇ ਵਿੱਚ ਜ਼ਿਲ੍ਹਾ ਬਠਿੰਡਾ ਦੇ ਕੈਂਸਰ ਮਰੀਜ਼ਾਂ ਨੂੰ 30 ਲੱਖ ਰੁਪਏ ਹੋਰ ਭੇਜੇ ਹਨ ਜੋ ਕਿ ਦੋ ਹਫਤਿਆਂ ਤੋਂ ਹਾਲੇ ਤੱਕ ਵੰਡੇ ਨਹੀਂ ਗਏ ਹਨ।
ਵੇਰਵਿਆਂ ਅਨੁਸਾਰ ਇਨ੍ਹਾਂ ਵਰ੍ਹਿਆਂ ਦੌਰਾਨ ਡੇਢ ਸੌ ਦੇ ਕਰੀਬ ਮਰੀਜ਼ਾਂ ਦੀ ਮੌਤ ਹੋ ਗਈ ਜਿਨ੍ਹਾਂ ਨੂੰ ਸਰਕਾਰੀ ਰਾਸ਼ੀ ਨਸੀਬ ਹੀ ਨਹੀਂ ਹੋ ਸਕੀ। ਹੁਣ ਤਾਂ ਕੈਂਸਰ ਪੀੜਤਾਂ ਲਈ ਆਈ ਰਾਸ਼ੀ ਦਾ ਵੀ ਸਿਆਸੀ ਮੁੱਲ ਵੱਟਣਾ ਸ਼ੁਰੂ ਹੋ ਗਿਆ ਹੈ। ਜ਼ੁਬਾਨੀ ਹੁਕਮ ਹਨ ਕਿ ਕੈਂਸਰ ਪੀੜਤਾਂ ਨੂੰ ਚੈਕ ਕੇਵਲ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਸੰਗਤ ਦਰਸ਼ਨਾਂ ਵਿੱਚ ਹੀ ਵੰਡੇ ਜਾਣੇ ਹਨ। ਜਾਣਕਾਰੀ ਅਨੁਸਾਰ ਪਿਛਲੇ ਇੱਕ ਸੰਗਤ ਦਰਸ਼ਨ ਵਿੱਚ ਜਿਨ੍ਹਾਂ ਇੱਕ ਦਰਜ਼ਨ ਕੈਂਸਰ ਮਰੀਜ਼ਾਂ ਨੂੰ ਚੈੱਕ ਵੰਡੇ ਗਏ, ਉਨ੍ਹਾਂ ’ਚੋਂ ਦੋ ਵਿਅਕਤੀ ਤਾਂ ਰੱਬ ਨੂੰ ਵੀ ਪਿਆਰੇ ਹੋ ਗਏ ਹਨ। ਬੀਬੀ ਬਾਦਲ ਹੁਣ ਬਜਟ ਸੈਸ਼ਨ ’ਚ ਰੁਝੇ ਹੋਏ ਹਨ। ਕੈਂਸਰ ਮਰੀਜ਼ ਹੁਣ ਸੰਸਦ ਮੈਂਬਰ ਦਾ ਅਗਲਾ ਸੰਗਤ ਦਰਸ਼ਨ ਉਡੀਕ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਮਾਲੀ ਮੱਦਦ ਦਾ ਚੈਕ ਮਿਲ ਸਕੇ।
ਜ਼ਿਲ੍ਹਾ ਪ੍ਰਸ਼ਾਸਨ ਨੇ ਤਾਂ ਹੁਣ ਜ਼ੁਬਾਨੀ ਹੁਕਮ ਕਰਕੇ ਕੈਂਸਰ ਮਰੀਜ਼ਾਂ ਦੀਆਂ ਸੂਚੀਆਂ ਵੀ ਵਿਧਾਨ ਸਭਾ ਹਲਕਿਆਂ ਅਨੁਸਾਰ ਤਿਆਰ ਕਰਨ ਲਈ ਆਖ ਦਿੱਤਾ ਹੈ ਜਦੋਂ ਕਿ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ। ਜ਼ਿਲ੍ਹਾ ਬਠਿੰਡਾ ’ਚ ਇਸ ਵੇਲੇ ਕਰੀਬ ਦੋ ਹਜ਼ਾਰ ਕੈਂਸਰ ਦੇ ਮਰੀਜ਼ ਹਨ ਜਿਨ੍ਹਾਂ ’ਚੋਂ ਬਹੁਤੇ ਤਾਂ ਬੀਕਾਨੇਰ ਤੋਂ ਇਲਾਜ ਕਰਵਾਉਣ ਜਾਂਦੇ ਹਨ ਕਿਉਂਕਿ ਉਥੇ ਇਲਾਜ ਸਸਤਾ ਹੈ। ਸਿਵਲ ਸਰਜਨ ਬਠਿੰਡਾ ਡਾ.ਆਈ.ਡੀ.ਗੋਇਲ ਦਾ ਕਹਿਣਾ ਸੀ ਕਿ ਡਿਪਟੀ ਕਮਿਸ਼ਨਰ ਕੋਲ ਜੋ ਮਾਲੀ ਮੱਦਦ ਲਈ ਪਹੁੰਚ ਕਰਦੇ ਹਨ, ਉਨ੍ਹਾਂ ਮਰੀਜ਼ਾਂ ਦੇ ਕੈਂਸਰ ਤੋਂ ਪੀੜਤ ਹੋਣ ਦੀ ਤਸਦੀਕ ਸਿਹਤ ਮਹਿਕਮਾ ਕਰਦਾ ਹੈ।
ਫੁਹਾਰਿਆਂ ਲਈ ਲੱਖ ਤੇ ਕੈਂਸਰ ਮਰੀਜ਼ਾਂ ਲਈ ਕੱਖ

ਸਰਕਾਰ ਕੋਲ ਇਕ ਪਾਸੇ ਕੈਂਸਰ ਮਰੀਜ਼ਾਂ ਲਈ ਤਾਂ ਫੰਡ ਨਹੀਂ ਪਰ ਸਰਕਾਰ ਵੱਲੋਂ ਬਠਿੰਡਾ ਦੀਆਂ ਥਰਮਲ ਝੀਲਾਂ ’ਤੇ 75 ਲੱਖ ਰੁਪਏ ਦੀ ਲਾਗਤ ਨਾਲ ਸੰਗੀਤਮਈ ਫੁਹਾਰਾ ਲਗਾਇਆ ਜਾ ਰਿਹਾ ਹੈ। 30 ਲੱਖ ਰੁਪਏ ਕਿਸ਼ਤੀਆਂ ਖਰੀਦਣ ’ਤੇ ਖਰਚ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਬਠਿੰਡਾ ਦੇ ਮਾਡਲ ਟਾਊਨ ਫੇਜ਼ ਇੱਕ ਦੇ ਵੱਡੇ ਲੋਕਾਂ ਦੀ ਸਹੂਲਤ ਲਈ ਇਕੱਲਾ ਕਮਿਊਨਿਟੀ ਸੈਂਟਰ ਹੀ ਨਹੀਂ ਬਣਾਇਆ ਬਲਕਿ 50 ਲੱਖ ਰੁਪਏ ਦੀ ਲਾਗਤ ਨਾਲ ਇੱਕ ਤੈਰਾਕੀ ਪੂਲ ਵੀ ਬਣਾ ਰਹੀ ਹੈ। ਭੁੱਚੋ ਮੰਡੀ ’ਚ ਵੀ 10 ਲੱਖ ਰੁਪਏ ਦੀ ਲਾਗਤ ਨਾਲ ਇੱਕ ਤੈਰਾਕੀ ਪੂਲ ਬਣਾਇਆ ਜਾਣਾ ਹੈ। ਬਠਿੰਡਾ ਦੇ ਮਾਡਲ ਟਾਊਨ ਦੇ ਫੇਜ਼ ਤਿੰਨ ’ਚ ਇੱਕ ਛੋਟਾ ਰੰਗੀਨ ਫੁਹਾਰਾ ਲਗਾਇਆ ਜਾਣਾ ਹੈ ਜਿਸ ’ਤੇ 10 ਲੱਖ ਰੁਪਏ ਖਰਚ ਆਉਣੇ ਹਨ। ਬਠਿੰਡਾ ਸ਼ਹਿਰ ਦੇ ਅੱਧੀ ਦਰਜ਼ਨ ਚੌਕਾਂ ’ਚ ਰੰਗੀਨ ਫੁਹਾਰੇ ਲਗਾਏ ਜਾਣੇ ਹਨ ਅਤੇ ਇਸੇ ਤਰ੍ਹਾਂ ਨਵੀਂ ਬਣ ਰਹੀ ਰਿੰਗ ਰੋਡ ਫੇਜ਼ ਦੋ ਦੇ ਹਰ ਚੌਕ ’ਚ ਵੀ ਰੰਗੀਨ ਫੁਹਾਰੇ ਲਗਾਉਣ ਦੀ ਯੋਜਨਾ ਹੈ। ਸਰਕਾਰ ਨੇ ਸੁਨਹਿਰੀ ਬੋਰਡਾਂ ’ਤੇ ਵੀ ਕਰੀਬ 94 ਲੱਖ ਰੁਪਏ ਖਰਚ ਕਰ ਦਿਤਾ ਹੈ। ਮਰੀਜ਼ਾਂ ਨੂੰ ਅਣਗੌਲਿਆ ਕਰਨ ਸਬੰਧੀ ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮ.ਬਠਿੰਡਾ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫੋਨ ਨਾ ਅਟੈਂਡ ਕੀਤਾ।

2 comments:

  1. ਬਾਈ ਜੀ ਗੱਲ ਸਿਰੇ ਲਾ ਦਿੱਤੀ। ਸਾਡੀਆਂ ਸਰਕਾਰਾਂ ਨੂੰ ਪਤਾ ਨਹੀਂ ਲੋਕਾਂ ਦਾ ਖਿਆਲ ਕਦੋ. ਆਵੇਗੀ

    ReplyDelete
  2. ਬਾਈ ਜੀ ਸਿਸਟਮ ਤੇ ਕਰਾਰੀ ਚੋਟ ਕਰ ਕਰ ਕੇ ਭੁਲਿਆਂ ਨੂੰ ਜਗਾਉਣ ਦਾ ਬਹੁਤ ਵਧੀਆ ਕੰਮ ਕਰ ਰਹੇ ਹੋ...............

    ReplyDelete