Tuesday, March 29, 2011

        ਸੁਮੇਧ ਸੈਣੀ ਦਾ 'ਗਾਰਮੈਂਟ ਸਟੋਰ' ?
                               ਚਰਨਜੀਤ ਭੁੱਲਰ
ਬਠਿੰਡਾ : ਉਸ ਅੱਲਾ ਨੇ ਵਿਜੀਲੈਂਸ ਨੂੰ ਸਭ ਕੁਝ ਦਿੱਤਾ ਹੈ। ਹੁਣ ਸੈਣੀ ਸਾਹਿਬ ਇਕੱਲੀ ਹਰੀ ਝੰਡੀ ਦੇ ਦੇਣ ਤਾਂ ਗੱਲ ਬਣ ਜਾਏ। ਗੱਲ ਪੂਰੇ ਵਿਜੀਲੈਂਸ ਮਹਿਕਮੇ ਦੀ ਬਣੂ। ਸੁਮੇਧ ਸੈਣੀ ਜੀ ਮਜਬੂਰੀ 'ਚ ਬੱਝੇ ਨੇ, ਹਰੀ ਝੰਡੀ ਕਿਵੇਂ ਦੇਣ। ਏਹੋ ਮਜਬੂਰੀ ਨੇ ਵਿਜੀਲੈਂਸ ਨੂੰ ਕਬਾੜੀਆ ਬਣਾ ਦਿੱਤਾ ਹੈ। ਵੈਸੇ ਹਾਲੇ ਵੀ ਕੁਝ ਵਿਗੜਿਆ ਨਹੀਂ। ਪੰਜਾਬ ਸਰਕਾਰ 'ਮਿਹਰ' ਕਰੇ ਤਾਂ ਵਿਜੀਲੈਂਸ ਆਪਣਾ 'ਗਾਰਮੈਂਟ ਸਟੋਰ' ਖੋਲ• ਸਕਦੀ ਹੈ। ਖਰਚਾ ਕੁਝ ਨਹੀਂ, ਇਕੱਲੀ ਕਮਾਈ ਹੀ ਕਮਾਈ ਹੈ। ਏਸੇ 'ਚ ਇਕੱਲੇ ਵਿਜੀਲੈਂਸ ਦਾ ਭਲਾ  ਨਹੀਂ ,ਵੱਢੀਖੋਰਾਂ ਦਾ ਵੀ ਜੀਵਨ 'ਸਫਲਾ' ਹੋ ਜਾਣਾ ਹੈ। ਨਹੀਂ ਤਾਂ ਫਿਰ ਵਿਜੀਲੈਂਸ ਦੇ 'ਮੁਨਸ਼ੀ' ਕਬਾੜੀਏ ਤਾਂ ਬਣੇ ਹੀ ਹੋਏ ਹਨ। ਸੁਣੋ ਤੱਥ ਕੀ ਕਹਿੰਦੇ ਹਨ। ਵਿਜੀਲੈਂਸ ਦੇ ਮਾਲਖ਼ਾਨੇ 'ਚ ਪੰਜਾਬ ਭਰ ਦੇ ਵੱਢੀਖੋਰਾਂ ਦੇ ਏਨੇ ਕੁੜਤੇ ਪਜਾਮੇ, ਨਿੱਕਰਾਂ ਅਤੇ ਸ਼ੌਕ ਨਾਲ ਖਰੀਦੇ ਪੈਂਟ ਸੂਟ ਪਏ ਹਨ ਜਿਨ•ਾਂ ਨਾਲ ਵਿਜੀਲੈਂਸ ਇੱਕ 'ਗਾਰਮੈਂਟ ਸਟੋਰ' ਖੋਲ• ਸਕਦੀ ਹੈ। ਜਦੋਂ ਵਿਜੀਲੈਂਸ ਕਿਸੇ ਵੱਢੀਖੋਰ ਨੂੰ ਫੜਦੀ ਹੈ ਤਾਂ ਜਿਸ ਕਮੀਜ਼ ਜਾਂ ਪੈਂਟ ਆਦਿ ਚੋਂ ਵੱਢੀ ਵਾਲੀ ਰਾਸ਼ੀ ਬਰਾਮਦ ਹੁੰਦੀ ਹੈ, ਉਹ ਕੱਪੜਾ ਵੀ ਵਿਜੀਲੈਂਸ ਦੀ 'ਕੇਸ ਪ੍ਰਾਪਰਟੀ' ਬਣ ਜਾਂਦਾ ਹੈ। ਜਿਨ•ਾਂ ਸਮਾਂ ਅਦਾਲਤ 'ਚ ਕੇਸ ਚੱਲਦਾ ਹੈ, ਉਨ•ਾਂ ਸਮਾਂ ਵੱਢੀਖੋਰ ਦੇ ਕੱਪੜੇ ਵਿਜੀਲੈਂਸ ਦੇ ਮਾਲਖ਼ਾਨੇ 'ਚ ਰਹਿੰਦੇ ਹਨ।
          ਗੱਲ ਇਥੇ ਰੁਕ ਜਾਂਦੀ ਤਾਂ ਵਿਜੀਲੈਂਸ ਨੂੰ ਕੋਈ ਤਕਲੀਫ਼ ਨਹੀਂ ਹੋਣੀ ਸੀ। ਅਦਾਲਤਾਂ ਚੋਂ ਫੈਸਲੇ ਹੋਣ ਮਗਰੋਂ  ਇਹ ਵੱਢੀਖੋਰ ਦਾ ਕਾਨੂੰਨੀ ਹੱਕ ਹੈ ਕਿ ਉਹ ਆਪਣੇ ਕੱਪੜੇ ਵਿਜੀਲੈਂਸ ਤੋਂ ਵਾਪਸ ਲੈ ਸਕਦਾ ਹੈ। ਹੁੰਦਾ ਇਉਂ ਹੈ ਕਿ ਵੱਢੀਖੋਰ ਇਨ•ਾਂ ਕੱਪੜਿਆਂ ਨੂੰ ਬਦਸ਼ਗਨੇ ਸਮਝਦੇ ਹਨ। ਉਨ•ਾਂ ਦੀ ਸੋਚ ਹੁੰਦੀ ਹੈ ਕਿ ਜਿਨ•ਾਂ ਕੱਪੜਿਆਂ ਨੇ ਉਨ•ਾਂ ਨੂੰ ਜੇਲ ਪਹੁੰਚਾ ਦਿੱਤਾ,ਉਨ•ਾਂ ਮੰਦਭਾਗੇ ਕੱਪੜਿਆਂ ਨੂੰ ਮੁੜ ਕਿਉਂ ਘਰ ਲਿਆਂਦਾ ਜਾਵੇ। ਏਦਾ ਦੀ ਸੋਚ ਕਾਰਨ ਵੱਢੀਖੋਰਾਂ ਦੇ ਕੱਪੜੇ ਵਿਜੀਲੈਂਸ ਦੇ ਮਾਲਖ਼ਾਨੇ 'ਚ ਪਏ ਰਹਿੰਦੇ ਹਨ। ਵਿਜੀਲੈਂਸ ਦੇ 'ਮੁਨਸ਼ੀ' ਕਬਾੜੀਆਂ ਵਾਂਗੂ ਦਹਾਕਿਆਂ ਮਗਰੋਂ ਵੱਢੀਖੋਰਾਂ ਦੇ ਬਦਸ਼ਗਨੇ ਕੱਪੜਿਆਂ ਨੂੰ ਸੰਭਾਲ ਰਹੇ ਹਨ। ਇਨ•ਾਂ ਕੱਪੜਿਆਂ ਨੂੰ ਡਿਸਪੋਜ਼ ਆਫ਼ ਕਰਨ ਦੀ ਵੀ ਕੋਈ ਵਿਵਸਥਾ ਨਹੀਂ ਹੈ। ਇਨ•ਾਂ ਹਾਲਾਤਾਂ 'ਚ ਵਿਜੀਲੈਂਸ ਲਈ ਇਹ ਕੱਪੜੇ ਭਾਰ ਬਣੇ ਹੋਏ ਹਨ। 'ਮੁਨਸ਼ੀ' ਆਫ਼ ਦੀ ਰਿਕਾਰਡ ਆਖ ਰਹੇ ਹਨ ਕਿ ਚੰਗਾ ਹੋਵੇ ਕਿਤੇ ਵੱਡੇ ਸਾਹਿਬ ਇਨ•ਾਂ ਕੱਪੜਿਆਂ ਨੂੰ ਵੇਚਣ ਲਈ 'ਗਾਰਮੈਂਟ ਸਟੋਰ' ਖੋਲ•ਣ ਦੀ ਇਜਾਜ਼ਤ ਦੇ ਦੇਣ। ਸਟੋਰ ਨਹੀਂ ਤਾਂ ਇਨ•ਾਂ ਕੱਪੜਿਆਂ ਦੀ ਸੇਲ ਹੀ ਲਗਾ ਦੇਣ। ਇੱਕ ਅਧਿਕਾਰੀ ਨੇ ਮਜ਼ਾਕੀਆ ਲਹਿਜੇ 'ਚ ਕਿਹਾ ਕਿ ਕਿੰਨਾ ਚੰਗਾ ਲੱਗੇਗਾ, 'ਸੁਮੇਧ ਸੈਣੀ ਦਾ 'ਗਾਰਮੈਂਟ ਸਟੋਰ'। ਸਮੱਸਿਆ ਇਹ ਬਣ ਜਾਣੀ ਹੈ ਕਿ ਵੱਢੀਖੋਰਾਂ ਦੇ ਇਹ ਬਦਸ਼ਗਨੇ ਕੱਪੜੇ ਖਰੀਦ ਕੌਣ ਕਰੂ। ਚਲੋ ਇਹ ਵੱਖਰਾ ਮਾਮਲਾ ਹੈ।
            ਆਓ ਤੁਹਾਨੂੰ ਵਿਜੀਲੈਂਸ ਦੇ ਮਾਲਖ਼ਾਨੇ ਦੇ ਦਰਸ਼ਨ ਕਰਾਉਂਦੇ ਹਾਂ ਜਿਥੇ ਵੱਢੀਖੋਰਾਂ ਦੇ ਕੱਪੜਿਆਂ ਦੇ ਢੇਰ ਲੱਗੇ ਪਏ ਹਨ। ਜਦੋਂ ਸਾਲ 2002 'ਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਢੀਖੋਰਾਂ ਨੂੰ ਫੜਨਾ ਸ਼ੁਰੂ ਕੀਤਾ ਸੀ ਤਾਂ ਵੱਢੀਖੋਰਾਂ ਦੀਆਂ ਪੈਂਟਾਂ,ਸਰਟਾਂ ਅਤੇ ਜੈਕਟਾਂ ਦਾ ਹੜ ਹੀ ਆ ਗਿਆ ਸੀ। ਵਿਜੀਲੈਂਸ ਦੇ ਮਾਲਖ਼ਾਨੇ 'ਚ ਲੰਘੇ ਦਸ ਸਾਲਾਂ 'ਚ ਵੱਢੀਖੋਰਾਂ ਦੇ 1332 ਕੱਪੜੇ ਆ ਚੁੱਕੇ ਹਨ ਜਿਨ•ਾਂ 'ਚ ਸਭ ਤੋਂ ਜਿਆਦਾ ਗਿਣਤੀ ਪੈਂਟਾਂ ਦੀ ਹੈ। ਵੱਢੀਖੋਰਾਂ ਦੀਆਂ 620 ਪੈਂਟਾਂ ਹੁਣ ਵੀ ਆਪਣੇ ਮਾਲਕਾਂ ਨੂੰ ਉਡੀਕ ਰਹੀਆਂ ਹਨ। ਸਰਕਾਰੀ ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਸਾਲ 1997 ਤੋਂ ਮਗਰੋਂ ਇੱਕ ਦਹਾਕੇ 'ਚ 1332 ਵੱਢੀਖੋਰਾਂ ਨੂੰ ਰੰਗੇ ਹੱਥੀ ਰਿਸ਼ਵਤ ਲੈਂਦੇ ਫੜਿਆ ਸੀ। ਇਨ•ਾਂ ਸਭ ਵੱਢੀਖੋਰਾਂ ਦੇ ਉਹ ਕੱਪੜੇ ਵਿਜੀਲੈਂਸ ਦੇ ਮਾਲਖ਼ਾਨੇ 'ਚ ਪਏ ਹਨ, ਜਿਨ•ਾਂ 'ਚ ਰਿਸ਼ਵਤ ਵਾਲੇ ਪੈਸੇ ਪਾਏ ਸਨ। 1332 ਮੁਲਾਜ਼ਮਾਂ ਤੇ ਅਫਸਰਾਂ ਚੋਂ ਕੇਵਲ ਇੱਕ ਹੀ ਅਜਿਹਾ ਵਿਅਕਤੀ ਨਿੱਤਰਿਆ ਹੈ, ਜਿਸ ਨੇ ਅਦਾਲਤ ਚੋਂ ਕੇਸ ਸਮਾਪਤੀ ਉਪਰੰਤ ਵਿਜੀਲੈਂਸ ਤੋਂ ਆਪਣੀ ਪੈਂਟ ਵਾਪਸ ਲੈ ਲਈ ਹੈ।
                                                 ਸ਼ੁਕਰ ਕਰੋ 'ਆਨੰਦ' ਆਇਆ
ਭਾਵੇਂ ਹਰ ਕੋਈ ਇਹੋ ਸਮਝਦਾ ਹੈ ਕਿ ਇਹ ਕੱਪੜੇ ਬਦਸ਼ਗਨੇ ਹਨ। ਇਸੇ ਵਜੋਂ ਹਰ ਕੋਈ ਆਪਣੇ ਕੱਪੜੇ ਵਿਜੀਲੈਂਸ ਕੋਲੋਂ ਵਾਪਸ ਲੈਂਦਾ ਨਹੀਂ। ਹਾਲਾਂ ਕਿ ਵਿਜੀਲੈਂਸ ਦੇ ਅਫਸਰ ਆਖਦੇ ਹਨ ਕਿ ਉਨ•ਾਂ ਨੂੰ ਕੱਪੜੇ ਵਾਪਸ ਦੇਣ ਤੇ ਕੋਈ ਇਤਰਾਜ਼ ਨਹੀਂ। ਕੋਈ ਵੀ ਸਧਾਰਨ ਦਰਖਾਸਤ ਦੇ ਕੇ ਆਪਣੇ ਕੱਪੜੇ ਵਾਪਸ ਲੈ ਸਕਦਾ ਹੈ,ਇਸ ਨਾਲ ਵਿਜੀਲੈਂਸ ਦਾ ਭਾਰ ਤੇ ਜ਼ਿੰਮੇਵਾਰੀ ਵੀ ਘਟਦੀ ਹੈ। ਪਿਛਲੇ ਦਸ ਸਾਲ ਵਿੱਚ ਕੇਵਲ ਇੱਕੋ ਵਿਅਕਤੀ ਆਪਣੇ ਕੱਪੜੇ ਵਾਪਸ ਲੈਣ ਲਈ ਸਾਹਮਣੇ ਆਇਆ ਹੈ। ਕੇਵਲ ਜਲੰਧਰ ਦੇ ਜੇ.ਈ  ਆਨੰਦ ਕੁਮਾਰ ਨੇ ਸਾਲ 2001 'ਚ ਅਦਾਲਤੀ ਹੁਕਮਾਂ 'ਤੇ ਆਪਣੀ ਪੈਂਟ ਵਿਜੀਲੈਂਸ ਤੋਂ ਵਾਪਸ ਲਈ ਹੈ। ਸੂਤਰ ਆਖਦੇ ਹਨ ਕਿ ਬਾਕੀ 1331 ਵੱਢੀਖੋਰ ਇਸ ਕਰਕੇ ਹੀ ਵਿਜੀਲੈਂਸ ਤੋਂ ਆਪਣੇ ਕੱਪੜੇ ਵਾਪਸ ਨਹੀਂ ਲੈ ਕੇ ਗਏ ਕਿਉਂਕਿ ਉਹ ਸਮਝਦੇ ਹਨ ਕਿ ਇਨ•ਾਂ ਬਦਸ਼ਗਨੇ ਕੱਪੜਿਆਂ ਨੇ ਉਨ•ਾਂ ਨੂੰ ਜੇਲ ਦਿਖਾ ਦਿੱਤੀ ਹੈ। ਵਿਜੀਲੈਂਸ ਕੋਲ ਬਠਿੰਡਾ ਤੇ ਅੰਮ੍ਰਿਤਸਰ ਦੇ ਦੋ ਵੱਢੀਖੋਰਾਂ ਦੀਆਂ ਨਿੱਕਰਾਂ ਵੀ ਪਈਆਂ ਹਨ ਜਿਨ•ਾਂ ਨੇ ਵੱਢੀ ਵਾਲੇ ਪੈਸੇ ਨਿੱਕਰ 'ਤੇ ਲਵਾਈ ਸਪੈਸ਼ਲ ਜੇਬ ਵਿੱਚ ਪਾਏ ਸਨ।
                                          ਪਟਿਆਲਾ ਰੇਂਜ ਕੋਲ ਕੱਪੜਿਆਂ ਦੇ ਢੇਰ
ਵਿਜੀਲੈਂਸ ਰੇਂਜ ਪਟਿਆਲਾ ਕੋਲ ਤਿੰਨ ਪਜਾਮੇ ਵੀ ਵੱਢੀਖੋਰਾ ਦੇ ਸੰਭਾਲੇ ਪਏ ਹਨ ਤੇ ਇਸੇ ਤਰ•ਾਂ 15 ਵੱਢੀਖੋਰਾਂ ਦੇ ਕੁੜਤੇ ਵੀ ਮਾਲਖ਼ਾਨੇ ਵਿੱਚ ਉਵੇਂ ਹੀ ਸਾਂਭੇ ਪਏ ਹਨ। ਵਿਜੀਲੈਂਸ ਕੋਲ ਵੱਢੀਖੋਰਾਂ ਦੀਆਂ 575 ਸ਼ਰਟਾਂ ਵੀ ਪਈਆਂ ਹਨ ਜਿਨ•ਾਂ 'ਚ ਸਭ ਤੋਂ ਜਿਆਦਾ ਪਟਿਆਲਾ ਦੇ ਵੱਢੀਖੋਰਾਂ ਦੀਆਂ 170 ਹਨ। ਜੈਕਟਾਂ ਤੇ ਕੋਟਾਂ ਦੀ ਗਿਣਤੀ ਵੀ 73 ਹੈ। ਹੋਰ ਤਾਂ ਹੋਰ ਇੱਕ ਵੱਢੀਖੋਰ ਦੀ ਬਨੈਣ ਵੀ ਪਈ ਹੈ। ਦੱਸਦੇ ਹਨ ਕਿ ਇਸ ਵੱਢੀਖੋਰ ਵੱਲੋਂ ਬਨੈਣ ਵਿੱਚ ਦੋ ਨੰਬਰ ਦੀ ਮਾਇਆ ਪਾਈ ਜਾਂਦੀ ਸੀ। ਇਹੋ ਨਹੀਂ ਵਿਜੀਲੈਂਸ ਕੋਲ ਤਿੰਨ ਜੋੜੇ ਜੁਰਾਬ ਦੇ ਵੀ ਪਏ ਹਨ ਜਿਨ•ਾਂ ਦੇ ਮਾਲਕ ਵੱਢੀ ਦੀ ਕਮਾਈ ਜੁਰਾਬ ਵਿੱਚ ਪਾ ਲੈਂਦੇ ਸਨ। ਆਖਰ ਜੁਰਾਬ ਹੁਣ ਵਿਜੀਲੈਂਸ ਦੇ ਮਾਲਖ਼ਾਨੇ ਪੁੱਜ ਗਈਆਂ ਹਨ। ਇੱਕ ਵੱਢੀਖੋਰ ਦੇ ਘਰ ਦੇ ਬੈਡ ਸੀਟ ਅਤੇ ਇੱਕ ਹੋਰ ਦਾ ਗੱਦਾ ਅਤੇ ਖੇਸ ਵੀ ਵਿਜੀਲੈਂਸ ਕੋਲ ਹਨ। ਇੱਕ ਵੱਢੀਖੋਰ ਦੇ ਸਰਹਾਣੇ ਦਾ ਕਵਰ ਵੀ ਹੁਣ ਮਾਲਖ਼ਾਨੇ ਵਿੱਚ ਹੈ। ਇੱਕ ਵੱਢੀਖੋਰ ਮਹਿਲਾ ਮੁਲਾਜ਼ਮ ਦੇ ਕੱਪੜੇ ਵੀ ਵਿਜੀਲੈਂਸ ਦੇ ਮਾਲਖ਼ਾਨੇ ਵਿੱਚ ਹਨ। ਤੋਲੀਏ, ਰੁਮਾਲ,ਪਰਸ, ਹੈੱਡ ਬੈਗ,ਮੇਜ਼ ਪੋਸ਼ ਆਦਿ ਵੀ ਵਿਜੀਲੈਂਸ ਦੇ ਮਾਲਖ਼ਾਨੇ ਦੀ ਸੋਭਾ ਹਨ।
                                       ਵੱਢੀਖੋਰ ਦਾ ਕੱਛਾ ਸੰਭਾਲ ਰਹੀ ਹੈ ਬਠਿੰਡਾ ਰੇਂਜ
ਵਿਜੀਲੈਂਸ ਰੇਂਜ ਬਠਿੰਡਾ ਕੋਲ 106 ਪੈਂਟਾਂ, ਸਰਟਾਂ ਤੇ ਨਿੱਕਰਾਂ ਮਾਲਖ਼ਾਨੇ 'ਚ ਹਨ। ਲਿਖਤੀ ਸੂਚਨਾ 'ਚ ਵਿਜੀਲੈਂਸ ਨੇ ਦੱਸਿਆ ਕਿ ਮੁਕੱਦਮੇ ਦਾ ਫੈਸਲਾ ਹੋਣ ਤੋਂ ਬਾਅਦ ਅਦਾਲਤ ਦੇ ਹੁਕਮਾਂ 'ਤੇ  ਦੋਸ਼ੀ ਆਪਣੇ ਕੱਪੜੇ ਵਾਪਸ ਲੈ ਸਕਦਾ ਹੈ ਪ੍ਰੰਤੂ ਅੱਜ ਤੱਕ ਕਿਸੇ ਨੇ ਵੀ ਕੱਪੜੇ ਵਾਪਸ ਨਹੀਂ ਲਏ। ਬਠਿੰਡਾ ਰੇਂਜ ਨੇ ਇੱਕ ਵੱਢੀਖੋਰ ਦਾ ਕੱਛਾ ਵੀ ਸਾਭਿਆਂ ਹੋਇਆ ਹੈ। ਇਸ ਰੇਂਜ ਕੋਲ 57 ਸ਼ਰਟਾਂ,5 ਕੋਟ,36 ਪੈਂਟਾਂ,ਇੱਕ ਟਰੈਕ ਸੂਟ ਆਦਿ ਪਿਆ ਹੈ। ਕੋਈ ਵਾਪਸ ਲੈਣ ਨੂੰ ਤਿਆਰ ਹੀ ਨਹੀਂ। ਵਿਜੀਲੈਂਸ ਕੋਲ ਸਭ ਤੋਂ ਵੱਧ ਕੱਪੜੇ ਵਿਜੀਲੈਂਸ ਰੇਂਜ ਪਟਿਆਲਾ ਦੇ ਹਨ ਜੋ ਕਿ 397 ਹਨ ਅਤੇ ਦੂਸਰੇ ਨੰਬਰ 'ਤੇ ਫਿਰੋਜ਼ਪੁਰ ਰੇਂਜ ਹੈ ਜਿਸ ਦੇ ਕੱਪੜਿਆਂ ਦੀ ਗਿਣਤੀ 284 ਬਣਦੀ ਹੈ। ਵਿਜੀਲੈਂਸ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਉਹ ਲਈ ਇਹ ਕੱਪੜੇ ਸਿਰਦਰਦੀ ਹਨ। ਉਨ•ਾਂ ਆਖਿਆ ਕਿ ਇਜਾਜ਼ਤ ਮਿਲ ਜਾਵੇ ਤਾਂ ਉਹ ਇਨ•ਾਂ ਕੱਪੜਿਆਂ ਦੀ ਸੇਲ ਵੀ ਲਾ ਸਕਦੇ ਹਨ।
                                                   ਬਦਸ਼ਗਨੀ ਕੁਰਸੀ
ਬਠਿੰਡਾ ਜ਼ਿਲੇ 'ਚ ਜਿਨ•ਾਂ ਕਮਰਿਆਂ ਚੋਂ ਵੱਢੀਖੋਰ ਰੰਗੇ ਹੱਥੀ ਫੜੇ ਗਏ ਹਨ, ਹੁਣ ਉਨ•ਾਂ ਕਮਰਿਆਂ ਵਿੱਚ ਕੋਈ ਬੈਠਣ ਨੂੰ ਤਿਆਰ ਨਹੀਂ। ਕੁਝ ਅਰਸਾ ਪਹਿਲਾਂ ਜ਼ਿਲ•ਾ ਪ੍ਰੀ²ਸ਼ਦ ਬਠਿੰਡਾ ਦੇ ਇੱਕ ਦਫ਼ਤਰੀ ਕਮਰੇ ਚੋਂ ਇੱਕ ਮੁਲਾਜ਼ਮ ਫੜਿਆ ਗਿਆ। ਇਸ ਕੇਸ ਉਪਰੰਤ ਕੋਈ ਵੀ ਮੁਲਾਜ਼ਮ ਉਸ ਕਮਰੇ ਵਿੱਚ ਬੈਠਣ ਨੂੰ ਤਿਆਰ ਨਹੀਂ ਹੋਇਆ। ਕਿਉਂਕਿ ਮੁਲਾਜ਼ਮ ਸਮਝਦੇ ਸਨ ਕਿ ਇਹ ਕਮਰਾ ਹੀ ਬਦਸ਼ਗਨਾ ਹੈ, ਜਿਸ ਨੇ ਸਾਡੇ ਇੱਕ ਸਾਥੀ ਮੁਲਾਜ਼ਮ ਨੂੰ ਜੇਲ ਦੀ ਹਵਾ ਖੁਆ ਦਿੱਤੀ ਹੈ। ਇਸੇ ਤਰ•ਾਂ ਬਠਿੰਡਾ ਤਹਿਸੀਲ ਵਿੱਚ ਜਿਸ ਕਮਰੇ ਚੋਂ ਵੱਢੀਖੋਰ ਮੁਲਾਜ਼ਮ ਨੂੰ ਫੜਿਆ ਗਿਆ,ਉਸ ਕਮਰੇ ਵਿਚਲੀ ਕੁਰਸੀ ਤੇ ਕੋਈ ਮੁਲਾਜ਼ਮ ਬੈਠਣ ਨੂੰ ਤਿਆਰ ਨਹੀਂ ਹੋਇਆ। ਸੂਤਰ ਦੱਸਦੇ ਹਨ ਕਿ ਆਖਰ ਉਸ ਕੁਰਸੀ ਨੂੰ ਬਦਲ ਕੇ ਨਵੀਂ ਕੁਰਸੀ ਲਿਆਂਦੀ ਗਈ ਤੇ ਫਿਰ ਮੁਲਾਜ਼ਮਾਂ ਨੇ ਬੈਠਣਾ ਸ਼ੁਰੂ ਕੀਤਾ। ਇਸੇ ਤਰ•ਾਂ ਦੀਆਂ ਹੋਰ ਉਦਾਹਰਣਾਂ ਵੀ ਹਨ। ਉਨ•ਾਂ ਦੀ ਸਮਝ ਵਿੱਚ ਸਭ ਕੁਝ ਬਦਸ਼ਗਨਾ ਹੈ। ਤਰਕਸ਼ੀਲ ਸੁਸਾਇਟੀ ਦੇ ਰਾਮਸਵਰਨ ਲੱਖੇਵਾਲੀ ਦਾ ਕਹਿਣਾ ਹੈ ਕਿ ਅਸਲ ਵਿੱਚ ਮੇਜ਼ ਕੁਰਸੀਆਂ ਜਾਂ ਕੱਪੜੇ ਬਦਸ਼ਗਨੇ ਨਹੀਂ ਹੁੰਦੇ। ਬਦਸ਼ਗਨੇ ਤਾਂ ਉਹ ਹਨ ਜੋ ਲੋਕਾਂ ਤੋਂ ਬਿਨ•ਾਂ ਪੈਸਾ ਲਏ ਕੋਈ ਕੰਮ ਨਹੀਂ ਕਰਦੇ। ਇਸ ਤਰ•ਾਂ ਦੇ ਵੱਢੀਖੋਰ ਸਮਾਜ ਦੇ ਮੱਥੇ ਤੇ ਕਲੰਕ ਹਨ। ਵੱਢੀਖੋਰਾਂ ਨੂੰ ਆਪਣੇ ਮਨ ਬਦਲਣੇ ਪੈਣਗੇ।   

2 comments:

  1. Great sense of humour indeed!! Charanjit suaad aa gya parh ke!

    ReplyDelete
  2. Excellent, bravado………keep going on. This Garment Store will definitely knock out many like Montecarlo, Petersons…..

    ReplyDelete