Saturday, March 12, 2011

                   ਸ਼੍ਰੋਮਣੀ ਕਮੇਟੀ 'ਚ 'ਦਸ ਨੰਬਰੀਏ'  
                                     ਚਰਨਜੀਤ ਭੁੱਲਰ
ਬਠਿੰਡਾ : ਜੋ ਕੱਲ ਦੇ 'ਬਦਮਾਸ਼' ਸਨ, ਉਹ ਅੱਜ ਦੇ 'ਹੀਰੋ'ਹਨ। ਬਦਲੇ ਸਮੇਂ ਦੀ ਗੱਲ ਹੈ ਕਿ ਜੋ ਲੰਘੇ ਸਮੇਂ 'ਚ 'ਦਸ ਨੰਬਰੀਏ' ਸਨ,ਅੱਜ ਉਨ੍ਹਾਂ ਨੂੰ ਲੋਕ ਸਲਾਮ ਬੁਲਾਉਂਦੇ ਹਨ। ਹਾਲਾਂ ਕਿ ਜੋ ਕਿਸੇ ਵੇਲੇ 'ਦਸ ਨੰਬਰੀਏ' ਐਲਾਨੇ ਗਏ ਸਨ, ਉਹ ਸੁਧਰ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਵੀ ਸ਼ਾਮਲ ਹੋ ਗਏ ਹਨ ਲੇਕਿਨ ਪੁਲੀਸ ਦੇ ਰਿਕਾਰਡ 'ਚ ਉਹ ਅੱਜ ਵੀ ਬਦਮਾਸ਼ ਹਨ। ਏਨਾ ਫਰਕ ਪਿਆ ਹੈ ਕਿ ਪੁਲੀਸ ਉਨ੍ਹਾਂ ਨੂੰ 'ਖਾਮੋਸ਼' ਮੰਨਦੀ ਹੈ। ਕਾਫੀ ਉਹ ਬਦਮਾਸ਼ ਹਨ ਜਿਨ੍ਹਾਂ ਦੇ ਚਾਲ ਚੱਲਣ 'ਚ ਕੋਈ ਫਰਕ ਨਹੀਂ ਪਿਆ। ਅੱਜ ਕੱਲ ਦਾ ਜ਼ਮਾਨਾ ਤਾਂ ਪੁਰਾਣੇ 'ਦਸ ਨੰਬਰੀਏ' ਤੋਂ ਹੀ ਬੇਖ਼ਬਰ ਹੈ। ਮਾਲਵਾ ਇਲਾਕੇ ਦੇ ਅੱਧੀ ਦਰਜਨ ਜ਼ਿਲਿਆਂ ਵਿੱਚ ਇਸ ਵੇਲੇ 562 'ਦਸ ਨੰਬਰੀਏ' ਹਨ। ਪੁਲੀਸ ਰਿਕਾਰਡ ਅਨੁਸਾਰ ਬਹੁਤੇ 'ਬਦਮਾਸ਼' ਤਾਂ ਮਿਹਨਤ ਮਜ਼ਦੂਰੀ ਅਤੇ ਖੇਤੀ ਦਾ ਕੰਮ ਕਰਨ ਲੱਗ ਪਏ ਹਨ। ਹੈਰਾਨੀ ਵਾਲੀ ਗੱਲ ਹੈ ਕਿ ਕਈ 'ਦਸ ਨੰਬਰੀਏ' ਸਮਾਜ ਵਿੱਚ ਚੰਗੇ ਅਹੁਦੇ ਲੈਣ 'ਚ ਕਾਮਯਾਬ ਹੋ ਗਏ ਹਨ। ਇਸ ਪੱਟੀ 'ਚ ਤਿੰਨ ਪਿੰਡਾਂ ਦੇ ਉਹ ਸਰਪੰਚ ਬਣ ਗਏ ਹਨ, ਜੋ ਪੁਲੀਸ ਰਿਕਾਰਡ 'ਚ 'ਦਸ ਨੰਬਰੀਏ' ਹਨ।
                ਪੰਜਾਬ ਪੁਲੀਸ ਨੇ ਲਿਖਤੀ ਸੂਚਨਾ ਦਿੱਤੀ ਹੈ ਕਿ ਸ਼੍ਰੋਮਣੀ ਕਮੇਟੀ 'ਚ ਅੱਧੀ ਦਰਜਨ ਮੁਲਾਜ਼ਮ ਤਾਂ ਉਹ ਹਨ ਜੋ ਪੰਜਾਬ ਪੁਲੀਸ ਦੇ ਰਿਕਾਰਡ 'ਚ 'ਦਸ ਨੰਬਰੀਏ ਹਨ। ਅੰਮ੍ਰਿਤਸਰ ਪੁਲੀਸ ਵਲੋਂ ਜੋ ਸੂਚਨਾ ਦਿੱਤੀ ਗਈ ਹੈ, ਉਸ ਮੁਤਾਬਿਕ ਇਹ 'ਦਸ ਨੰਬਰੀਏ' ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹੇ ਦੇ ਵਸਨੀਕ ਹਨ। ਸਰਕਾਰੀ ਤੱਥ ਹਨ ਕਿ ਮਾਲਵਾ ਇਲਾਕੇ ਦਾ ਇੱਕ 'ਦਸ ਨੰਬਰੀਆ' ਵੀ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਮੁਲਾਜ਼ਮ ਲੱਗ ਗਿਆ ਹੈ। ਚਾਰ ਪਿੰਡਾਂ ਦੇ ਗੁਰੂ ਘਰਾਂ ਵਿੱਚ ਜੋ ਗਰੰਥੀ ਹਨ, ਉਹ ਅੱਜ ਵੀ ਪੁਲੀਸ ਰਿਕਾਰਡ 'ਚ 'ਦਸ ਨੰਬਰੀਏ' ਹਨ। ਬਾਦਲ ਵਿਰੋਧੀ ਤਾਂ ਹਾਸੇ ਹਾਸੇ 'ਚ ਸਟੇਜਾਂ ਤੋਂ ਆਖਦੇ ਸਨ ਕਿ ਸ਼੍ਰੋਮਣੀ ਕਮੇਟੀ ਤਾਂ ਚੋਰਾਂ ਠੱਗਾਂ ਦੀ ਹੈ। ਪੰਜਾਬ ਪੁਲੀਸ ਨੇ ਇਹ ਗੱਲ ਸਾਬਤ ਵੀ ਕਰ ਦਿੱਤੀ ਹੈ। ਇਕੱਲੇ ਸ਼੍ਰੋਮਣੀ ਕਮੇਟੀ 'ਚ ਨਹੀਂ ਬਲਕਿ ਹੋਰ ਲੋਕ-ਰਾਜੀ ਅਦਾਰਿਆਂ 'ਚ ਵੀ ਇਹ 'ਦਸ ਨੰਬਰੀਏ' ਹੀਰੋ ਬਣ ਗਏ ਹਨ। ਇੱਕ 'ਬਦਮਾਸ਼' ਬਲਾਕ ਸੰਮਤੀ ਮੈਂਬਰ ਵੀ ਬਣ ਗਿਆ ਹੈ। ਦੋ 'ਦਸ ਨੰਬਰੀਏ' ਪੰਚਾਇਤ ਮੈਂਬਰ ਬਣ ਗਏ ਹਨ। ਇੱਕ ਨਗਰ ਕੌਂਸਲਰ ਬਣ ਗਿਆ ਹੈ। ਇੱਕ ਦਸ ਨੰਬਰੀਏ ਦੀ ਪਤਨੀ ਨਗਰ ਕੌਂਸਲਰ ਬਣ ਗਈ ਹੈ।  ਵੱਡੀ ਗੱਲ ਇਹ ਹੈ ਕਿ ਨਵੀਂ ਪੀੜੀ ਅਤੇ ਨਵੇਂ ਲੋਕ ਇਨ੍ਹਾਂ ਦੀ ਪੁਰਾਣੀ ਕਰਤੂਤ ਤੋਂ ਵਾਕਫ਼ ਹੀ ਨਹੀਂ ਹਨ। ਬਠਿੰਡਾ ਜ਼ਿਲੇ 'ਚ 117 'ਬਦਮਾਸ਼' ਹਨ।
             ਇਸ ਜ਼ਿਲ੍ਹੇ ਦੇ ਮੌੜ ਥਾਣਾ ਵਿੱਚ ਪੈਂਦੇ ਇੱਕ ਪਿੰਡ ਦਾ 'ਦਸ ਨੰਬਰੀਆਂ' ਵਿਅਕਤੀ ਇਸ ਵੇਲੇ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੈ। ਥਾਣਾ ਰਾਮਪੁਰਾ ਦੇ ਇੱਕ ਪਿੰਡ ਦਾ ਮੌਜੂਦਾ ਸਰਪੰਚ ਵੀ ਪੁਲੀਸ ਰਿਕਾਰਡ 'ਚ ਹਾਲੇ ਵੀ 'ਬਦਮਾਸ਼' ਹੈ। ਥਾਣਾ ਸਦਰ ਅਧੀਨ ਪੈਂਦੇ ਇੱਕ ਪਿੰਡ 'ਚ ਇੱਕ 'ਬਦਮਾਸ਼' ਵੀ ਪੰਚਾਇਤ ਮੈਂਬਰ ਬਣ ਗਿਆ ਹੈ। ਬਠਿੰਡਾ ਜ਼ਿਲ੍ਹੇ 'ਚ ਭਾਰਤੀ ਕਿਸਾਨ ਯੂਨੀਅਨ ਦੇ ਦੋ ਕਿਸਾਨ ਲੀਡਰ ਵੀ ਪੁਲੀਸ ਦੇ ਕਾਗ਼ਜ਼ਾਂ 'ਚ ਹਾਲੇ ਵੀ 'ਦਸ ਨੰਬਰੀਏ' ਹਨ। ਤਲਵੰਡੀ ਸਾਬੋ ਦੇ ਇੱਕ ਗੁਰੂ ਘਰ  'ਚ ਵੀ ਇੱਕ 'ਦਸ ਨੰਬਰੀਆਂ' ਕੰਮ ਕਰਦਾ ਹੈ। ਮਾਨਸਾ ਜ਼ਿਲ੍ਹੇ 'ਚ ਇੱਕ 'ਬਦਮਾਸ਼' ਨਗਰ ਕੌਂਸਲਰ ਅਤੇ ਇੱਕ ਆਪਣੇ ਪ੍ਰਵਾਰ ਦੀ ਔਰਤ ਨੂੰ ਕੌਂਸਲਰ ਬਣਾਉਣ 'ਚ ਸਫਲ ਹੋਇਆ ਹੈ। ਜੌੜਕੀਆ ਥਾਣੇ ਦੇ ਇੱਕ ਪਿੰਡ ਦਾ 'ਬਦਮਾਸ਼' ਪੰਚਾਇਤ ਮੈਂਬਰ ਚੁਣਿਆ ਗਿਆ ਹੈ। ਫਰੀਦਕੋਟ ਜ਼ਿਲ੍ਹੇ 'ਚ ਇੱਕ 'ਦਸ ਨੰਬਰੀਆਂ' ਬਲਾਕ ਸੰਮਤੀ ਮੈਂਬਰ ਬਣ ਗਿਆ ਹੈ ਜਦੋਂ ਕਿ ਜੈਤੋ ਥਾਣਾ ਦੇ ਇੱਕ ਪਿੰਡ 'ਚ ਗੁਰੂ ਘਰ ਦਾ ਗਰੰਥੀ ਵੀ 'ਦਸ ਨੰਬਰੀਆਂ' ਰਿਹਾ ਹੈ। ਸੰਗਰੂਰ ਜ਼ਿਲ੍ਹੇ 'ਚ ਇੱਕ ਮੌਜੂਦਾ ਵਕੀਲ ਅਤੇ ਇੱਕ ਡਾਕਟਰ ਵੀ ਪੁਲੀਸ ਰਿਕਾਰਡ ਵਿੱਚ 'ਦਸ ਨੰਬਰੀਏ' ਹਨ। ਇੱਕ ਪਿੰਡ ਦਾ ਸਰਪੰਚ ਵੀ ਪੁਰਾਣਾ 'ਬਦਮਾਸ਼' ਰਿਹਾ ਹੈ। ਮਾਲਵਾ ਪੱਟੀ 'ਚ ਕਈ 'ਬਦਮਾਸ਼ਾਂ' ਨੇ ਹੁਣ ਖੇਤੀ ਜਾਂ ਦੁਕਾਨਦਾਰੀ ਦਾ ਕੰਮ ਤੋਰ ਲਿਆ ਹੈ। ਦੋ 'ਬਦਮਾਸ਼' ਹੁਣ ਹਲਵਾਈ ਬਣ ਗਏ ਹਨ ਜਦੋਂ ਕਿ ਮਾਨਸਾ 'ਚ ਇੱਕ ਦਰਜੀ ਅਤੇ ਇੱਕ ਆਰ.ਐਮ.ਪੀ ਡਾਕਟਰ ਬਣ ਗਿਆ ਹੈ। ਕੋਈ ਰਿਕਸ਼ਾ ਚਲਾਉਂਦਾ ਹੈ ਤੇ ਕੋਈ ਪੀ.ਸੀ.ਓ ਵੀ ਚਲਾ ਰਿਹਾ ਹੈ। ਸ਼ਰਾਬ ਦੇ ਦੋ ਠੇਕੇਦਾਰ ਵੀ ਪੁਰਾਣੇ 'ਦਸ ਨੰਬਰੀਏ' ਰਹੇ ਹਨ। ਮਾਲਵੇ ਦੇ ਇੱਕ ਪ੍ਰਾਈਵੇਟ ਸਕੂਲ 'ਚ ਇੱਕ ਕਲਰਕ ਵੀ ਕਿਸੇ ਵੇਲੇ 'ਬਦਮਾਸ਼' ਰਿਹਾ ਹੈ। ਕਈ 'ਦਸ ਨੰਬਰੀਏ' ਪ੍ਰਾਈਵੇਟ ਨੌਕਰੀ ਕਰਨ ਲੱਗੇ ਹਨ।
             ਸੂਤਰਾਂ ਆਖਦੇ ਹਨ ਕਿ ਬਹੁਤੇ ਦਸ ਨੰਬਰੀਏ ਹਾਲੇ ਵੀ ਸੁਧਰੇ ਨਹੀਂ ਹਨ। ਜੋ ਸੁਧਰ ਗਏ ਹਨ, ਉਨ੍ਹਾਂ ਨੂੰ ਕਾਫੀ ਹੱਦ ਤੱਕ ਹੁਣ ਸਮਾਜ ਨੇ ਵੀ ਮਾਨਤਾ ਦੇ ਦਿੱਤੀ ਹੈ। ਬਹੁਤੇ 'ਬਦਮਾਸ਼ਾਂ' ਤੋਂ ਨਵਾਂ ਸਮਾਜ ਵਾਕਫ਼ ਵੀ ਨਹੀਂ ਹੈ। ਜੋ ਬਦਮਾਸ਼ ਸੁਧਰ ਗਏ ਹਨ,ਉਨ੍ਹਾਂ ਨੂੰ ਪੁਲੀਸ ਨੇ 'ਖਾਮੋਸ਼' ਕਰਾਰ ਦੇ ਦਿੱਤਾ ਹੈ। ਕਾਫੀ ਬਦਮਾਸ਼ ਹਾਲੇ ਵੀ ਆਪਣਾ ਪੁਰਾਣਾ ਧੰਦਾ ਹੀ ਕਰ ਰਹੇ ਹਨ। ਬਠਿੰਡਾ ,ਮਾਨਸਾ ਤੇ ਫਰੀਦਕੋਟ 'ਚ ਇਨ੍ਹਾਂ ਬਦਮਾਸ਼ਾਂ ਦੀ ਗਿਣਤੀ 230 ਬਣਦੀ ਹੈ। ਇਨ੍ਹਾਂ ਚੋਂ 60 ਬਦਮਾਸ਼ ਗੁੰਮ ਹਨ ਜਿਨ੍ਹਾਂ ਨੂੰ ਪੁਲੀਸ ਤਲਾਸ਼ ਰਹੀ ਹੈ। ਇਨ੍ਹਾਂ ਤਿੰਨੋਂ ਜ਼ਿਲਿਆਂ 'ਚ 27 'ਦਸ ਨੰਬਰੀਏ' ਜੇਲ੍ਹਾਂ 'ਚ ਬੈਠੇ ਹਨ। ਜ਼ਿਲ੍ਹਾ ਪੁਲੀਸ ਬਠਿੰਡਾ ਨੇ ਜ਼ਿਲ੍ਹੇ ਦੇ 73 'ਬਦਮਾਸ਼ਾਂ' ਨੂੰ ਹੁਣ ਖਾਮੋਸ਼ ਦੀ ਕੈਟੇਗਿਰੀ ਵਿੱਚ ਰੱਖਿਆ ਹੈ।
                ਸਾਲ 1978 ਤੋਂ 1996 ਤੱਕ 'ਦਸ ਨੰਬਰੀਏ' ਲਗਾਤਾਰ ਐਲਾਨੇ ਗਏ ਸਨ ਪ੍ਰੰਤੂ ਹੁਣ ਪੁਲੀਸ ਨਰਮੀ ਵਰਤਣ ਲੱਗੀ ਹੈ। ਸੂਤਰਾਂ ਅਨੁਸਾਰ ਪਹਿਲਾਂ ਤਾਂ ਜਦੋਂ ਕੋਈ 'ਦਸ ਨੰਬਰੀਆਂ' ਆਪਣੇ ਪਿੰਡੋਂ ਵੀ ਬਾਹਰ ਜਾਂਦਾ ਸੀ ਤਾਂ ਉਹ ਪਹਿਲਾਂ ਇਤਲਾਹ ਪੁਲੀਸ ਨੂੰ ਦਿੰਦਾ ਸੀ। ਬਠਿੰਡਾ ਦੇ 23 ਤਾਂ ਉਹ 'ਦਸ ਨੰਬਰੀਏ' ਹਨ ਜਿਨ੍ਹਾਂ ਨੂੰ ਚੋਰੀ ਦੀ ਆਦਤ ਸੀ। ਇਸੇ ਕਰਕੇ ਪੁਲੀਸ ਨੇ ਉਨ੍ਹਾਂ ਦਾ ਨਾਮ ਪੱਕੇ ਤੌਰ 'ਤੇ ਆਪਣੇ ਰਜਿਸਟਰ ਨੰਬਰ 10 'ਚ ਦਰਜ ਕਰ ਲਿਆ। ਸੂਤਰ ਆਖਦੇ ਹਨ ਕਿ ਜੋ ਇੱਕ ਦਫ਼ਾ 'ਦਸ ਨੰਬਰੀਏ' ਐਲਾਨੇ ਹੋਏ ਹਨ, ਉਨ੍ਹਾਂ 'ਤੇ ਲਗਾਤਾਰ ਨਜ਼ਰਸਾਨੀ ਦੀ ਪੁਲੀਸ ਨੂੰ ਲੋੜ ਰਹਿੰਦੀ ਹੈ। ਪੁਰਾਣੇ ਵੇਲਿਆਂ 'ਚ ਲੋਕ ਲਹਿਰਾਂ 'ਚ ਕੰਮ ਕਰਨ ਵਾਲੇ ਬਹੁਤੇ ਲੋਕਾਂ ਨੂੰ ਵੀ ਪੁਲੀਸ ਨੇ 'ਦਸ ਨੰਬਰੀਏ' ਐਲਾਨ ਦਿੱਤਾ ਸੀ। ਹਾਲਾਂ ਕਿ ਇਹ ਲੋਕ ਇਸ ਵੇਲੇ ਚੰਗੇ ਅਹੁਦਿਆਂ 'ਤੇ ਵੀ ਹਨ। ਬਹੁਤੇ ਲੋਕਾਂ ਨੇ ਤਾਂ ਆਪਣੇ ਨਾਮ ਦਸ ਨੰਬਰ ਰਜਿਸਟਰ ਚੋਂ ਬਾਹਰ ਕਢਵਾ ਲਏ ਸਨ। ਹੁਣ ਲੰਮੇ ਅਰਸੇ ਤੋਂ ਤਾਂ ਪੁਲੀਸ ਵੀ ਚੁੱਪ ਹੈ। ਉਹ ਦਸ ਨੰਬਰ ਰਜਿਸਟਰ ਨਾ ਨਵਾਂ ਨਾਮ ਦਰਜ ਕਰਦੀ ਹੈ ਅਤੇ ਨਾ ਹੀ ਪੁਰਾਣੇ ਨਾਮ 'ਤੇ ਲਕੀਰ ਫੇਰਦੀ ਹੈ।
                                 'ਤਰਸ' ਦੇ ਅਧਾਰ 'ਤੇ ਭਰਤੀ ਕੀਤੇ 'ਦਸ ਨੰਬਰੀਏ' - ਅਵਤਾਰ ਸਿੰਘ ਮੱਕੜ।
ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਬਠਿੰਡਾ 'ਚ ਦੱਸਿਆ ਕਿ ਸ਼੍ਰੋਮਣੀ ਕਮੇਟੀ 'ਚ ਤਾਂ ਕਈ 'ਦਸ ਨੰਬਰੀਏ' ਵੀ ਭਰਤੀ ਹਨ ਤਾਂ ਉਨ੍ਹਾਂ ਹੈਰਾਨੀ ਨਾਲ ਆਖਿਆ ਕਿ ,'ਤੁਸੀਂ ਸੂਚੀ ਦੇ ਦਿਓ, ਅਸੀਂ ਛਾਂਟੀ ਕਰ ਦਿੰਦੇ ਹਾਂ'। ਜਦੋਂ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਆਖਿਆ ਕਿ ਜੋ ਸੇਵਾਦਾਰ ਭਰਤੀ ਕੀਤੇ ਜਾਂਦੇ ਹਨ, ਉਨ੍ਹਾਂ ਚੋਂ ਬਹੁਤੇ ਤਰਸ ਦੇ ਅਧਾਰ 'ਤੇ ਭਰਤੀ ਕਰ ਲਏ ਜਾਂਦੇ ਹਨ ਅਤੇ ਇਨ੍ਹਾਂ ਦੀ ਪੁਲੀਸ ਵੈਰੀਫਿਕੇਸ਼ਨ ਵੀ ਨਹੀਂ ਕਰਾਈ ਜਾਂਦੀ। ਜੋ ਪੱਕੇ ਮੁਲਾਜ਼ਮ ਭਰਤੀ ਕੀਤੇ ਜਾਂਦੇ ਹਨ,ਉਨ੍ਹਾਂ ਦੀ ਬਕਾਇਦਾ ਪੁਲੀਸ ਵੈਰੀਫਿਕੇਸ਼ਨ ਕਰਾਈ ਜਾਂਦੀ ਹੈ। ਉਨ੍ਹਾਂ ਸਫਾਈ ਵੀ ਦਿੱਤੀ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਸੀ।

ਨੋਟ : ਸਭ 'ਦਸ ਨੰਬਰੀਏ' ਲੋਕਾਂ ਦੇ ਪੂਰੇ ਵੇਰਵੇ ਅਤੇ ਸੂਚੀ 'ਵਾਇਆ ਪੰਜਾਬ' ਕੋਲ ਹੈ।
       

5 comments:

  1. 10 vicho 10 number prapt kitte han tusi Bhullar Sahib

    ReplyDelete
  2. ਭੁੱਲਰ ਵੀਰੇ ਸਾਡੇ ਕਹਿਣ ਨੂੰ ਭੋਰਾ ਕੁਝ ਛਡਿਆ ਹੀ ਨਹੀਂ ,ਸੋ ਸਿਰਫ ਇਹਨਾਂ ਹੀ ਕਹਾਂਗੇ , ਗੱਲ ਜਮਾਂ ਹੀ ਸਿਰੇ ਲਾ ਦਿੱਤੀ ਹੈ, ਅਤੇ ਸਿਰੇ ਲਾਉਣ ਲਈ ਬਹੁਤ ਬਹੁਤ ਧੰਨਵਾਦ....................

    ReplyDelete
  3. ਕਸਰਾਂ ਹੀ ਕੱਢ ਦਿੱਤੀਆਂ ਜਨਾਬ ਭੁੱਲਰ ਸਾਹਿਬ

    ReplyDelete
  4. ਜਨਾਬ ਭੁੱਲਰ ਸਾਹਿਬ ਆਹ ਤਾਂ ਬਾਈ ਜਮ੍ਹਾਂ ਹੀ ਕੰਡੇ ਕੱਢ ਦਿੱਤੇ। ਕਮਾਲ ਦਾ ਮੈਟਰ ਆ ਵੀਰੇ। ਮੱਕੜ ਦੀ ਫੌਜ਼ ਦੀ ਵੀ ਏਨੇ ਨਾਲ ਮੱਤ ਟਿਕਾਣੇ ਆ ਜੂ। ਸੋ ਇੰਟਰੱਸਡ ਮੈਟਰ । ਦੱਬੀ ਚੱਲ ਕਿੱਲੀ 22 ਮੇਰਿਆ ਼਼਼਼਼jeewan ramgarh

    ReplyDelete
  5. Dear Bhular ji, I copy-pasted your this article in
    ਕਬਰ ਨਹੀਂ ,ਜੀਵਨ
    group of face book

    ReplyDelete