Monday, January 18, 2016

                                ਬਾਦਲ ਸਾਹਿਬ !
      ...ਅਸੀਂ ਕੋਈ ਮੰਗਤੇ ਨਹੀਂ ਹਾਂ 
                                ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਦੇ ਲੋਕ ਸਿਰਫ਼ ਵੋਟ ਬੈਂਕ ਨਹੀਂ, ਇਨਸਾਨ ਵੀ ਹਨ। ਜਮਹੂਰੀ ਪ੍ਰਬੰਧ ਵਿਚ ਤਾਂ ਲੋਕਾਂ ਨੂੰ ਮਾਲਕ ਦਾ ਦਰਜਾ ਮਿਲਦਾ ਹੈ। ਗੱਦੀ ਤੇ ਬੈਠਣ ਵਾਲਿਆਂ ਨੂੰ ਜਨਤਾ ਦਾ ਨੌਕਰ ਮੰਨਿਆ ਜਾਂਦਾ ਹੈ। ਵੋਟ ਸਿਆਸਤ ਵਿਚ ਲੋਕ ਕੇਵਲ ਇੱਕ ਦਿਨ ਦੇ ਰਾਜੇ ਬਣ ਕੇ ਰਹਿ ਗਏ ਹਨ। ਪੰਜਾਬ ਵਿਚ ਸਰਕਾਰ ਹੁਣ ਲੋਕ ਰਾਜ ਦਾ ਮੂਲ ਫਰਜ਼ ਨਹੀਂ ਨਿਭਾਉਂਦੀ ਬਲਕਿ ਸਭ ਕੁਝ ਸਿਆਸੀ ਲਾਹੇ ਖਾਤਰ ਹੁੰਦਾ ਹੈ ਅਤੇ ਇਹ ਰੁਝਾਨ ਲੋਕਾਂ ਦੇ ਦੁੱਖਾਂ ਦੀ ਜੜ ਨਹੀਂ ਕੱਟਦਾ, ਉਨ•ਾਂ ਦੇ ਦਰਦਾਂ ਨੂੰ ਪਾਣੀ ਦਿੰਦਾ ਹੈ। ਹਕੂਮਤ ਲੋਕ ਭਲਾਈ ਦੇ ਹਰ ਕਦਮ ਚੋਂ ਖੈਰਾਤ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੀ ਹੈ। ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਪੰਜਾਬ ਵਿਚ 36.71 ਲੱਖ ਬੈਂਕ ਖਾਤੇ ਖੋਲ•ੇ ਗਏ ਹਨ। ਕੀਟਨਾਸ਼ਕ ਸਕੈਂਡਲ ਤੋਂ ਹਿੱਲੀ ਸਰਕਾਰ ਨੇ ਕੇਂਦਰੀ ਸਕੀਮ ਤਹਿਤ ਕਣਕ ਦੀ ਪ੍ਰਤੀ ਕੁਇੰਟਲ ਇੱਕ ਹਜ਼ਾਰ ਰੁਪਏ ਦੀ ਸਬਸਿਡੀ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਪਾ ਦਿੱਤੀ ਜੋ ਬਿਨ•ਾਂ ਦੇਰੀ ਕਿਸਾਨਾਂ ਨੂੰ ਮਿਲ ਗਈ। ਨਰਮੇ ਕਪਾਹ ਦੇ ਫਸਲੀ ਖ਼ਰਾਬੇ ਦੀ ਮੁਆਵਜ਼ਾ ਰਾਸ਼ੀ ਨੂੰ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਕਿਉਂ ਨਹੀਂ ਪਾਇਆ ਗਿਆ। ਚਿੱਟੇ ਮੱਛਰ ਨੇ ਐਤਕੀਂ ਕਿਸਾਨਾਂ ਦੇ ਘਰਾਂ ਵਿਚ ਸੱਥਰ ਵਿਛਾ ਦਿੱਤੇ ਹਨ। ਪਿੰਡਾਂ ਵਿਚ ਸਮਾਗਮ ਕਰਕੇ ਹਾਕਮ ਧਿਰ ਦੇ ਵਿਧਾਇਕਾਂ ਤੇ ਮੰਤਰੀਆਂ ਵਲੋਂ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡਣੇ ,ਸੱਥਰਾਂ ਚੋਂ ਵੋਟਾਂ ਤਲਾਸਣਾ ਹੈ।
                 ਕਿਸਾਨਾਂ ਦਾ ਬੈਂਕ ਖਾਤੇ ਫਿਰ ਕਾਹਦੇ ਲਈ ਖੋਲ•ੇ ਗਏ ਹਨ। ਚੰਡੀਗੜ• ਤੋਂ ਪਹਿਲੀ ਅਕਤੂਬਰ ਦੀ ਚੱਲੀ ਮੁਆਵਜ਼ਾ ਰਾਸ਼ੀ ਕਰੀਬ ਢਾਈ ਮਹੀਨੇ ਮਗਰੋਂ ਕਿਸਾਨਾਂ ਦੇ ਬੂਹੇ ਤੱਕ ਨਹੀਂ ਪੁੱਜੀ। ਸਰਕਾਰ ਪਹਿਲਾਂ ਪਿੰਡ ਵਿਚ ਪੁਲੀਸ ਗਾਰਦ ਭੇਜਦੀ ਹੈ, ਫਿਰ ਹਲਕੇ ਦਾ ਵਿਧਾਇਕ ਜਾਂ ਹਲਕਾ ਇੰਚਾਰਜ ਜਾਂਦਾ ਹੈ, ਮੁਆਵਜ਼ੇ ਦੇ ਚੈੱਕ ਵੰਡੇ ਜਾਂਦੇ ਹਨ। ਚੈੱਕਾਂ ਤੋਂ ਵੱਧ ਖਰਚਾ ਤਾਂ ਵਜ਼ੀਰਾਂ ਦੇ ਚੈੱਕ ਵੰਡ ਸਮਾਗਮਾਂ ਤੇ ਹੋ ਜਾਂਦਾ ਹੈ। ਚਿੱਟੇ ਮੱਛਰ ਨੇ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਭਾਰੀ ਕੀਤੀ ਹੈ। ਲੋਕ ਮਸੀਹਾ ਹੋਣ ਦਾ ਪ੍ਰਭਾਵ ਦੇਣ ਲਈ ਹਕੂਮਤ ਸਭ ਕੁਝ ਕਰਦੀ ਹੈ। ਮੁੱਖ ਮੰਤਰੀ ਪੰਜਾਬ ਦੇ ਸੰਗਤ ਦਰਸ਼ਨ ਵੀ ਇਸੇ ਕੜੀ ਦਾ ਇੱਕ ਹਿੱਸਾ ਹਨ। ਹੀਣ ਭਾਵਨਾ ਦੀ ਛਾਪ ਲੋਕਾਂ ਵਿਚ ਏਨੀ ਗਹਿਰੀ ਬੈਠ ਗਈ ਹੈ ਕਿ ਉਨ•ਾਂ ਨੂੰ ਸੱਚਮੁੱਚ ਇਹੋ ਲੱਗਣ ਲੱਗਾ ਹੈ ਕਿ ਜੋ ਹਕੂਮਤ ਦਿੰਦੀ ਹੈ, ਉਸ ਦੇ ਉਹ ਹੱਕਦਾਰ ਨਹੀਂ ਹਨ। ਪਿੰਡ ਪੁਲੀਸ ਛਾਉਣੀ ਬਣਾ ਕੇ ਸਾਈਕਲ ਵੰਡਣੇ ਕੇਹੀ ਲੋਕ ਭਲਾਈ ਹੈ। ਸਿਰਫ਼ ਚੋਣਾਂ ਵਾਲੇ ਵਰਿ•ਆਂ ਵਿਚ ਹੀ ਸਾਈਕਲ ਵੰਡ ਕਿਉਂ ਹੁੰਦੀ ਹੈ?
                 ਸ਼੍ਰੋਮਣੀ ਕਮੇਟੀ ਤਰਫ਼ੋਂ ਕੈਂਸਰ ਪੀੜਤਾਂ ਨੂੰ ਇਲਾਜ ਲਈ ਵੀਹ ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਹਾਲਾਂਕਿ ਪੀੜਤਾਂ ਲਈ ਇਹ ਰਾਸ਼ੀ ਮਾਮੂਲੀ ਹੈ ਪ੍ਰੰਤੂ ਸ਼੍ਰੋਮਣੀ ਕਮੇਟੀ ਮੈਂਬਰ ਇਹ ਰਾਸ਼ੀ ਵੀ ਸਮਾਗਮ ਕਰਕੇ ਪੀੜਤਾਂ ਨੂੰ ਵੰਡਦੇ ਹਨ। ਤਸਵੀਰ ਖਿਚਵਾਈ ਜਾਂਦੀ ਹੈ, ਅਖ਼ਬਾਰ ਵਿਚ ਛਪਾਈ ਜਾਂਦੀ ਹੈ ਤਾਂ ਜੋ ਸਿਆਸੀ ਪ੍ਰਭਾਵ ਦਿੱਤਾ ਜਾ ਸਕੇ। ਪੰਜਾਬ ਦੇ ਵਜ਼ੀਰਾਂ ਅਤੇ ਹਕੂਮਤੀ ਪਰਿਵਾਰਾਂ ਦੇ ਇਲਾਜ ਤੇ ਵਿਦੇਸ਼ਾਂ ਵਿਚ ਕਰੋੜਾਂ ਦਾ ਖਰਚਾ ਹੋ ਜਾਂਦਾ ਹੈ,ਉਸ ਦੀ ਕਿਧਰੇ ਕੋਈ ਭਾਫ ਨਹੀਂ ਨਿਕਲਦੀ ਹੈ। ਪੰਜਾਬ ਦੇ ਮੁੱਖ ਮੰਤਰੀ ਦੀ ਤਨਖਾਹ ਬਿਨ•ਾਂ ਭੱਤਿਆਂ ਤੋਂ ਇੱਕ ਲੱਖ ਰੁਪਏ ਹੈ ਜੋ ਦੇਸ਼ ਚੋਂ ਸਭ ਤੋਂ ਜਿਆਦਾ ਹੈ। ਗੱਦੀ ਛੱਡੇ ਜਾਣ ਮਗਰੋਂ ਉਨ•ਾਂ ਨੂੰ ਪ੍ਰਤੀ ਮਹੀਨਾ ਦੋ ਲੱਖ ਰੁਪਏ ਤੋਂ ਜਿਆਦਾ ਦੀ ਪੈਨਸ਼ਨ ਮਿਲੇਗੀ। ਇਸ ਦਾ ਕਿਸੇ ਨੂੰ ਪਤਾ ਨਹੀਂ ਅਤੇ ਨਾ ਹੀ ਕਦੇ ਮੁੱਖ ਮੰਤਰੀ ਖੁਦ ਇਸ ਦਾ ਜ਼ਿਕਰ ਕਰਦੇ ਹਨ।  ਪੰਜਾਬ ਦੇ ਬਜ਼ੁਰਗਾਂ ਨੂੰ ਦਿੱਤੀ ਜਾਂਦੀ 250 ਰੁਪਏ (ਹੁਣ 500 ਰੁਪਏ) ਬੁਢਾਪਾ ਪੈਨਸ਼ਨ ਦੀ ਚਰਚਾ ਹਕੂਮਤ ਚੌਵੀ ਘੰਟੇ ਗਲੀ ਮਹੱਲੇ ਕਰਦੀ ਹੈ। ਵੱਡੇ ਵੱਡੇ ਇਸ਼ਤਿਹਾਰਾਂ ਤੇ ਖਰਚਾ ਕਰਕੇ ਬੁਢਾਪਾ ਪੈਨਸ਼ਨ ਵਿਚ ਕੀਤੇ ਮਾਮੂਲੀ ਵਾਧੇ ਵਾਰੇ ਦੱਸਿਆ ਜਾਂਦਾ ਹੈ। ਹਕੂਮਤ ਨੇ ਖੁਦ ਆਪਣੇ ਵਾਧਿਆਂ ਦੀ ਗੱਲ ਕਦੇ ਬਾਹਰ ਨਹੀਂ ਆਉਣ ਦਿੱਤੀ।
               ਉਪ ਮੁੱਖ ਮੰਤਰੀ ਤੇ ਵਜ਼ੀਰਾਂ ਨੇ ਕਦੇ ਦੱਸਿਆ ਕਿ ਉਨ•ਾਂ ਦੇ ਵਿਦੇਸ਼ ਦੌਰਿਆਂ ਤੇ ਕਿੰਨਾ ਖਰਚਾ ਆਇਆ ਹੈ। ਨਵੀਂ ਸਕੀਮ ਮੁੱਖ ਮੰਤਰੀ ਤੀਰਥ ਯਾਤਰਾ ਹਾਲੇ ਅਮਲ ਵਿਚ ਨਹੀਂ ਆਈ, ਉਸ ਦੇ ਪ੍ਰਚਾਰ ਤੇ ਲੱਖਾਂ ਖਰਚ ਦਿੱਤੇ। ਲੋੜ ਤਾਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਤੀਰਥ ਯਾਤਰਾ ਜੋਗੇ ਕਰਨ ਦੀ ਹੈ। ਆਟਾ ਦਾਲ ਸਕੀਮ ਦਾ ਗੌਣ ਹਰ ਸਿਆਸੀ ਸਟੇਜ ਤੋਂ ਹੁੰਦਾ ਹਨ। ਸਰਕਾਰੀ ਖ਼ਜ਼ਾਨੇ ਨੂੰ ਕੁਰਸੀ ਤੇ ਬੈਠੇ ਸਿਆਸੀ ਨੇਤਾ ਦਾ ਖਾਣ ਪਾਣੀ ਕਿੰਨਾ ਮਹਿੰਗਾ ਪੈਂਦਾ ਹੈ, ਕਦੇ ਜਨਤਾ ਨੂੰ ਪਤਾ ਲੱਗਾ ਹੈ। ਗਰੀਬ ਲੋਕਾਂ ਨੂੰ ਪੰਜ ਪੰਜ ਮਰਲੇ ਦੇ ਪਲਾਂਟ ਦੇਣ ਦੀ ਗੱਲ ਵਰਿ•ਆਂ ਤੋਂ ਪ੍ਰਚਾਰੀ ਜਾ ਰਹੀ ਹੈ। ਹਜ਼ਾਰਾਂ ਗਰੀਬ ਲੋਕ ਹਨ ਜਿਨ•ਾਂ ਨੂੰ ਹਾਲੇ ਤੱਕ ਇਨ•ਾਂ ਪਲਾਟਾਂ ਦਾ ਕਬਜ਼ਾ ਨਹੀਂ ਮਿਲਿਆ। ਪੰਜਾਬ ਸਰਕਾਰ ਨੇ ਜੋ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਪਾਰਟੀ ਦਫ਼ਤਰ ਬਣਾਉਣ ਖਾਤਰ ਹਰ ਜ਼ਿਲ•ਾ ਹੈਡਕੁਆਰਟਰ ਤੇ ਸਰਕਾਰੀ ਜ਼ਮੀਨਾਂ ਭੌਂ ਦੇ ਭਾਅ ਅਲਾਟ ਕੀਤੀਆਂ ਹਨ, ਉਨ•ਾਂ ਦਾ ਜ਼ਿਕਰ ਹਕੂਮਤ ਕਿਤੇ ਕਿਉਂ ਨਹੀਂ ਕਰਦੀ।
              ਬਜ਼ੁਰਗਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਹੋਈ ਹੈ,ਉਸ ਦਾ ਪ੍ਰਚਾਰ ਕਰਨ ਵਿਚ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡਦੀ। ਸਰਕਾਰੀ ਹੈਲੀਕਾਪਟਰ ਅਤੇ ਹਕੂਮਤੀ ਕਾਫਲਿਆਂ ਦੇ ਵਾਹਨ ਕਿੰਨਾ ਤੇਲ ਛੱਕ ਜਾਂਦੇ ਹਨ, ਉਸ ਦੀ ਕੋਈ ਚਰਚਾ ਨਹੀਂ ਹੁੰਦੀ। ਰਾਜ ਭਾਗ ਵਾਲੇ ਇਹ ਤਾਂ ਦੱਸਦੇ ਹਨ ਕਿ ਸਰਕਾਰੀ ਬੀਮਾ ਯੋਜਨਾਵਾਂ ਨੇ ਲੋਕਾਂ ਦੇ ਸਭ ਦੁੱਖ ਕੱਟ ਦੇਣੇ ਹਨ, ਕਦੇ ਇਸ ਦੀ ਭਿਣਕ ਨਹੀਂ ਪੈਣ ਦਿੱਤੀ ਕਿ ਉਨ•ਾਂ ਦੀ ਆਮਦਨ ਤੇ ਲੱਗਣ ਵਾਲਾ ਆਮਦਨ ਕਰ ਵੀ ਸਰਕਾਰੀ ਖ਼ਜ਼ਾਨਾ ਭਰਦਾ ਹੈ, ਉਹ ਖੁਦ ਨਹੀਂ ਭਰਦੇ। ਹਾਲਾਂਕਿ ਪ੍ਰਧਾਨ ਮੰਤਰੀ ਵਲੋਂ ਸ਼ੁਰੂ ਕੀਤੀਆਂ ਬੀਮਾ ਯੋਜਨਾਵਾਂ ਦਾ ਹੁਣ ਤੱਕ ਪੰਜਾਬ ਵਿਚ ਸਿਰਫ਼ 164 ਲੋਕਾਂ ਨੂੰ ਫਾਇਦਾ ਹੋਇਆ ਹੈ।ਮੁਫ਼ਤ ਬਿਜਲੀ ਪਾਣੀ ਦੀ ਸਹੂਲਤ ਦਾ ਵਰਿ•ਆਂ ਤੋਂ ਹਕੂਮਤ ਕਿਸਾਨਾਂ ਨੂੰ ਅਹਿਸਾਸ ਕਰਾ ਰਹੀ ਹੈ। ਹਰ ਛੋਟੀ ਵੱਡੀ ਚੋਣ ਵਿਚ ਮੁਫ਼ਤ ਬਿਜਲੀ ਪਾਣੀ ਦਾ ਰਾਗ ਅਲਾਪਿਆ ਜਾਂਦਾ ਹੈ। ਮੈਗਾ ਪ੍ਰੋਜੈਕਟਾਂ ਦੇ ਨਾਮ ਹੇਠ ਸ਼ਰਾਬ ਸਨਅਤਾਂ ਅਤੇ ਚਮਕ ਦਮਕ ਵਾਲੀਆਂ ਕਲੋਨੀਆਂ ਨੂੰ ਜੋ ਕਰੋੜਾਂ ਦੀ ਛੋਟ ਦਿੱਤੀ ਹੋਈ ਹੈ, ਉਸ ਦੀ ਗੱਲ ਬਾਹਰ ਨਹੀਂ ਨਿਕਲਣ ਦਿੱਤੀ ਜਾਂਦੀ ਹੈ। ਪਿੰਡਾਂ ਦੇ ਚੌਕੀਦਾਰਾਂ,ਨੰਬਰਦਾਰਾਂ ਅਤੇ ਸਰਪੰਚਾਂ ਨੂੰ ਸਰਕਾਰ ਮਾਮੂਲੀ ਮਾਣ ਭੱਤਾ ਦਿੰਦੀ ਹੈ। ਕਦੇ ਵੀ ਚੜ•ਦੇ ਮਹੀਨੇ ਇਹ ਮਾਣ ਭੱਤਾ ਇਨ•ਾਂ ਲੋਕਾਂ ਤੱਕ ਪੁੱਜਾ ਨਹੀਂ ਹੈ। ਦੂਸਰੀ ਤਰਫ਼ ਪੰਜਾਬ ਵਿਚ ਕਦੇ ਵੀ ਕਿਸੇ ਐਮ.ਐਲ.ਏ ਅਤੇ ਵਜ਼ੀਰ ਦੀ ਤਨਖਾਹ ਜਾਂ ਭੱਤਾ ਰੁਕਿਆ ਨਹੀਂ। ਇਹ ਵੱਖਰੀ ਗੱਲ ਹੈ ਕਿ ਸਰਕਾਰੀ ਮੁਲਾਜ਼ਮਾਂ ਨੂੰ ਵੀ ਆਪਣੇ ਭੱਤੇ ਲੈਣ ਲਈ ਵੀ ਸੜਕਾਂ ਤੇ ਉੱਤਰਨਾ ਪੈਂਦਾ ਹੈ।
                     ਪੰਜਾਬ ਦਾ ਵੱਡਾ ਦਮ ‘ਵਾਇਆ ਜਥੇਦਾਰ’ ਦੀ ਸਿਆਸੀ ਪ੍ਰਵਿਰਤੀ ਨੇ ਕੱਢਿਆ ਹੈ। ਪੰਜਾਬ ਦਾ ਕੋਈ ਨਾਗਰਿਕ ਇਹ ਦਾਅਵਾ ਨਹੀਂ ਕਰ ਸਕਦਾ, ਉਸ ਨੇ ਆਪਣੇ ਜਾਇਜ਼ ਕੰਮ ਲਈ ਸਰਕਾਰੀ ਦਫ਼ਤਰ ਦਰਖਾਸਤ ਦਿੱਤੀ, ਉਸ ਦਾ ਕੰਮ ਹੋ ਗਿਆ ਹੋਵੇ। ਅਗਰ ਏਦਾ ਹੁੰਦਾ ਤਾਂ ਅੱਜ ਹਾਕਮ ਧਿਰ ਵਿਰੁਧ ਏਨਾ ਲੋਕ ਰੋਹ ਨਹੀਂ ਬਣਨਾ ਸੀ। ਬੁਢਾਪਾ ਪੈਨਸ਼ਨ ਉਸ ਨੂੰ ਲੱਗੇਗੀ ਜਿਸ ਨੂੰ ਪਿੰਡ ਦਾ ਹਾਕਮ ਧਿਰ ਦਾ ਸਰਪੰਚ ਹਰੀ ਝੰਡੀ ਦੇਵੇਗਾ। ਹਲਕਾ ਇੰਚਾਰਜ ਦੀ ਸਿਫਾਰਸ਼ ਬਿਨ•ਾਂ ਕਿਸੇ ਕਿਸਾਨ ਨੂੰ ਟਿਊਬਵੈਲ ਕੁਨੈਕਸ਼ਨ ਨਹੀਂ ਮਿਲ ਸਕੇਗਾ। ਹੁਣ ਸਰਕਾਰੀ ਤੀਰਥ ਯਾਤਰਾ ਤੇ ਸਿਰਫ਼ ਉਹੀ ਜਾ ਸਕਣਗੇ ਜਿਨ•ਾਂ ਦੇ ਨਾਮ ਤੇ ਹਾਕਮ ਧਿਰ ਮੋਹਰ ਲਾਏਗੀ। ਅਸਲਾ ਲਾਇਸੈਂਸ ਉਸ ਨੂੰ ਮਿਲੇਗਾ ਜਿਸ ਦੇ ਨਾਮ ਦੀ ਪਰਚੀ ਵਿਧਾਇਕ ਜਾਂ ਵਜ਼ੀਰ ਭੇਜੇਗਾ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਮਗਰੋਂ ਬਹਿਬਲ ਕਲਾਂ ਵਿਚ ਪੁਲੀਸ ਗੋਲੀ ਨਾਲ ਦੋ ਨੌਜਵਾਨ ਸ਼ਹੀਦ ਹੋ ਗਏ। ਪੁਲੀਸ ਨੇ ਅਣਪਛਾਤਿਆਂ ਤੇ ਕੇਸ ਦਰਜ ਕਰ ਦਿੱਤਾ ਹੈ। ਇਹ ਤਾਂ ਸਪੱਸ਼ਟ ਹੈ ਕਿ ਪੁਲੀਸ ਗੋਲੀ ਨੇ ਨੌਜਵਾਨਾਂ ਦੀ ਜਾਨ ਲਈ ਹੈ, ਫਿਰ ਵੀ ਪੁਲੀਸ ਨੇ ਕਿਸੇ ਪੁਲੀਸ ਅਫਸਰ ਤੇ ਮੁਲਾਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ, ਸੀ.ਬੀ.ਆਈ ਜਾਂਚ ਕਰਾਉਣੀ ਤਾਂ ਦੂਰ ਦੀ ਗੱਲ।
                 ਪੰਜਾਬ ਪੁਲੀਸ ਵੀ ਹੁਣ ਸਿਰਫ਼ ਸਿਆਸੀ ਡਿਊਟੀ ਕਰਦੀ ਹੈ। ਥਾਣੇ ਦਾ ਮੁੱਖ ਥਾਣਾ ਅਫਸਰ ਇੰਸਪੈਕਟਰ ਰੈਂਕ ਵਾਲਾ ਲੱਗਣਾ ਚਾਹੀਦਾ ਹੈ। ਹਾਕਮ ਧਿਰ ਹੇਠਲੇ ਰੈਂਕਾਂ ਦੇ ਹਵਾਲੇ ਥਾਣੇ ਕਰਦੀ ਹੈ, ਫਿਰ ਇਹ ਛੋਟੇ ਰੈਂਕਾਂ ਵਾਲੇ ਇਸੇ ਅਹਿਸਾਨ ਵਿਚ ਲੀਡਰਾਂ ਦੀ ਚਾਕਰੀ ਕਰਦੇ ਰਹਿੰਦੇ ਹਨ। ਬਠਿੰਡਾ ਜ਼ਿਲੇ• ਦੇ ਇੱਕ ਵੱਡੇ ਪਿੰਡ ਦੀ ਨਗਰ ਪੰਚਾਇਤ ਦੇ ਪ੍ਰਧਾਨ ਕੋਲ ਪਿੰਡ ਦਾ ਦਲਿਤ ਮਜ਼ਦੂਰ ਜਦੋਂ ਆਪਣੇ ਬੱਚੇ ਦੇ ਜਨਮ ਸਰਟੀਫਿਕੇਟ ਬਣਾਉਣ ਲਈ ਦਰਖਾਸਤ ਲੈ ਕੇ ਗਿਆ ਤਾਂ ਅੱਗਿਓਂ ਅਕਾਲੀ ਪ੍ਰਧਾਨ ਦਾ ਪਹਿਲਾਂ ਸੁਆਲ ਇਹ ਸੀ, ‘ਕੀਹਦੀ ਰੈਲੀ ਵਿਚ ਜਾਂਦੈ ਹੁਣੈ’ । ਜੀ , ਆਪਣੇ ਫਲਾਣੇ ਜਥੇਦਾਰ ਨਾਲ ਹੀ ਗਿਆ ਹਮੇਸ਼ਾ, ਮਜ਼ਦੂਰ ਨੇ ਇਹੋ ਜੁਆਬ ਦਿੱਤਾ। ਪ੍ਰਧਾਨ ਨੇ ਫੌਰੀ ਆਖਿਆ, ‘ਜਥੇਦਾਰ ਨੂੰ ਨਾਲ ਲੈ ਕੇ ਆਈ, ਬਣਾ ਦਿਆਂਗੇ ਸਰਟੀਫਿਕੇਟ’, ਜਥੇਦਾਰ ਦੀ ਸਿਫਾਰਸ਼ ਮਗਰੋਂ ਮਜ਼ਦੂਰ ਨੂੰ ਸਰਟੀਫਿਕੇਟ ਮਿਲਿਆ। ਹੁਣ ਉਸ ਮਜ਼ਦੂਰ ਨੂੰ ਹਾਕਮ ਧਿਰ ਦੀ ਹਰ ਰੈਲੀ ਵਿਚ ਜਾਣਾ ਪੈਂਦਾ। ਇਹ ਮਾਡਲ ਕਿਸ ਲੋਕ ਰਾਜ ਦਾ ਹੈ।
               ਪੰਜਾਬ ਦੇ ਲੋਕ ਸੁੱਤੇ ਹੋ ਸਕਦੇ ਹਨ ਪ੍ਰੰਤੂ ਹਾਲੇ ਉਨ•ਾਂ ਦੀ ਜ਼ਮੀਰ ਘੁਰਾੜੇ ਨਹੀਂ ਮਾਰਨ ਲੱਗੀ ਹੈ। ਵੋਟਾਂ ਵਾਲੇ ਦਿਨਾਂ ਵਿਚ ਸਾਰੇ ਲੋਕ ਜ਼ਮੀਰ ਨਿਲਾਮ ਕਰਦੇ ਹੁੰਦੇ ਤਾਂ ਲੋਕ ਸਭਾ ਚੋਣਾਂ ਵਿਚ ਚਾਰ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਨਹੀਂ ਪੈਣੀਆਂ ਸਨ। ਪੰਜਾਬ ਦੀ ਜ਼ਮੀਰ ਬਚੀ ਹੈ ਤਾਂ ਦੋ ਮਹੀਨੇ ਹਾਕਮ ਧਿਰ ਦੇ ਲੀਡਰਾਂ ਨੂੰ ਘਰਾਂ ਅੰਦਰ ਬੈਠਣਾ ਪਿਆ। ਸੱਚਮੁੱਚ ਪੰਜਾਬ ਲਈ ਹੁਣ ਜਾਗਣ ਦਾ ਵੇਲਾ ਹੈ। ਰਾਜ ਭਾਗ ਪੰਜਾਬ ਦੇ ਲੋਕ ਕਿਸੇ ਦੇ ਹਵਾਲੇ ਵੀ ਕਰਨ, ਪ੍ਰੰਤੂ ਏਨਾ ਜਰੂਰ ਸੋਚਣ ਕਿ ਕੌਣ ਦੁੱਖਾਂ ਤੇ ਇਕੱਲੀ ਮੱਲਮ ਲਾਉਂਦਾ ਹੈ ਅਤੇ ਕੌਣ ਦੁੱਖਾਂ ਦੀ ਜੜ• ਕੱਟਣ ਦੀ ਸੋਚ ਰੱਖਦਾ ਹੈ। ਆਪਣੇ ਲਈ ਨਹੀਂ ,ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਹੁਣ ਹਰ ਪੰਜਾਬੀ ਨੂੰ ਸੋਚਣਾ ਪੈਣਾ ਹੈ।
        

No comments:

Post a Comment