Friday, May 8, 2020

                           ਲੇਬਰ ਦਾ ਸੰਕਟ 
               ਪੇਂਡੂ ਸਾਂਝ ਦਾ ਕੀਤਾ ‘ਕੱਦੂ’ 
                            ਚਰਨਜੀਤ ਭੁੱਲਰ
ਚੰਡੀਗੜ੍ਹ : ਪੇਂਡੂ ਪੰਜਾਬ ਚੋਂ ਹੁਣ ਲੇਬਰ ਸੰਕਟ ਨੂੰ ਲੈ ਕੇ ਬਾਈਕਾਟ ਦੇ ਹੋਕੇ ਗੂੰਜਣ ਲੱਗੇ ਹਨ। ਇਸ ਸੰਕਟ ਨੇ ਭਾਈਚਾਰੇ ’ਚ ਦੁਫੇੜ ਦਾ ਮੁੱਢ ਬੰਨ੍ਹ ਦਿੱਤਾ ਹੈ। ਦੁੱਖ ਸੁੱਖ ਦੀ ਸਾਂਝ ’ਚ ਨਵੀਂ ਕੰਧ ਉਸਰਨ ਦਾ ਮਾਹੌਲ ਭਵਿੱਖ ਲਈ ਚੰਗਾ ਨਹੀਂ ਹੈ। ਪਿੰਡਾਂ ਦੇ ਘੜੰਮ ਚੌਧਰੀ ਮੌਕੇ ਨੂੰ ਲਕੀਰਾਂ ਖਿੱਚਣ ਲਈ ਵਰਤਣ ਦੇ  ਰਾਹ ਤੁਰੇ ਹਨ। ਕਰੀਬ ਹਫਤੇ ਤੋਂ ਪਿੰਡਾਂ ਦੀ ਜੂਹ ’ਚ ਖੁੰਦਕੀ ਹਵਾ ਚੱਲਣ ਲੱਗੀ ਹੈ। ਪੰਚਾਇਤਾਂ ਨੇ ਸਿਆਣਪ ਨਾ ਵਰਤੀ ਅਤੇ ਸਰਕਾਰਾਂ ਨੇ ਦਾਖਲ ਨਾ ਦਿੱਤਾ ਤਾਂ ਪੇਂਡੂ ਸਾਂਝ ਨੂੰ ਨਵੀਂ ਲਾਗ ਤੋਂ ਕੌਣ ਬਚਾਏਗਾ। ਵੇਰਵਿਆਂ ਅਨੁਸਾਰ ਪੰਜਾਬ ਚੋਂ ਕਰੀਬ 11 ਲੱਖ ਮਜ਼ਦੂਰ ਹਿਜਰਤ ਦੇ ਰਾਹ ਪਏ ਹਨ। ਕਰੀਬ ਛੇ ਲੱਖ ਮਜ਼ਦੂਰ ਤਾਂ ਇਕੱਲੇ ਲੁਧਿਆਣਾ ਦੇ ਹਨ। ਸਨਅਤੀ ਸੈਕਟਰ ਦੇ ਇਸ ਮਜ਼ਦੂਰ ਤਬਕੇ ਦਾ ਪਰਵਾਸ ਇਵੇਂ ਦਾ ਪ੍ਰਭਾਵ ਸਿਰਜ ਰਿਹਾ ਹੈ ਕਿ ਜਿਵੇਂ ਖੇਤੀ ਸੈਕਟਰ ਦੀ ਲੇਬਰ ਨੇ ਵਾਪਸੀ ਕਰ ਲਈ ਹੋਵੇ। ਏਨਾ ਜਰੂਰ ਹੈ ਕਿ ਵਿਸਾਖੀ ਮੌਕੇ ਪੰਜਾਬ ਆਉਣ ਵਾਲੀ ਆਰਜ਼ੀ ਲੇਬਰ ਐਤਕੀਂ ਨਹੀਂ ਆ ਸਕੀ। ਸੂਤਰ ਦੱਸਦੇ ਹਨ ਕਿ ਕਿਸਾਨਾਂ ਵੱਲੋਂ ਮਤੇ ਪਾਸ ਕਰਕੇ ਨਿਸ਼ਚਿਤ ਮਜ਼ਦੂਰੀ ਦੇਣ ਲਈ ਮੁਨਿਆਦੀ ਕਰਾਈ ਜਾ ਰਹੀ ਹੈ ਜਦੋਂ ਕਿ ਮਜ਼ਦੂਰ ਭਾਈਚਾਰੇ ਨੇ ਵੀ ਅੰਦਰੋਂ ਅੰਦਰੀਂ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ।
                 ਠੇਕੇ ’ਤੇ ਜ਼ਮੀਨਾਂ ਲੈਣ ਵਾਲੇ ਕਿਸਾਨ ਮੁੱਕਰਨ ਲੱਗੇ ਹਨ ਅਤੇ ਕਿਸਾਨੀ ਦਰਮਿਆਨ ਹੀ ਇੱਕ ਨਵੀਂ ਲਕੀਰ ਖੜ੍ਹੀ ਹੋਣ ਲੱਗੀ ਹੈ। ਕਿਸਾਨ ਮਜ਼ਦੂਰ ਧਿਰਾਂ ਇਸ ਮਾਮਲੇ ’ਤੇ ਗੰਭੀਰ ਹਨ ਜੋ ਕਿਸੇ ਸੂਰਤ ਵਿਚ ਕੋਈ ਦਰਾੜ ਨਹੀਂ ਦੇਖਣਾ ਚਾਹੁੰਦੀਆਂ ਹਨ। ਕਿਸਾਨਾਂ ਨੂੰ ਡਰ ਹੈ ਕਿ ਕਿਤੇ ਸਥਾਨਿਕ ਮਜ਼ਦੂਰ ਪ੍ਰਤੀ ਏਕੜ ਭਾਅ ਉੱਚਾ ਨਾ ਮੰਗ ਲੈਣ। ਕਿਸਾਨ ਯੂਨੀਅਨ (ਉਗਰਾਹਾਂ) ਪਟਿਆਲਾ ਨੇ ਅੱਜ ਪਿੰਡ ਗੱਜੂਮਾਜਰਾ ’ਚ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਸੰਜਮ ਵਰਤਣ ਲਈ ਆਖਿਆ ਹੈ। ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਆਖਦੇ ਹਨ ਕਿ ਲੇਬਰ ਦਾ ਸੰਕਟ ਆਰਜ਼ੀ ਹੈ ਪ੍ਰੰਤੂ ਪੱਕੀਆਂ ਲਕੀਰਾਂ ਖਿੱਚੇ ਜਾਣ ਦਾ ਡਰ ਵੀ ਹੈ। ਉਹ ਪਿੰਡ ਪਿੰਡ ਜਾ ਕੇ ਦੋਹਾਂ ਧਿਰਾਂ ਨੂੰ ਸਮਝਾਉਣਗੇ। ਮੁਕਤਸਰ ਜ਼ਿਲ੍ਹੇ ਦੇ ਬਲਾਕ ਗਿੱੱਦੜਬਾਹਾ ਨੇ ਇਸ ਦਾ ਮੁੱਢ ਬੰਨ੍ਹਿਆ ਹੈ ਅਤੇ ਹੁਣ ਸਮੁੱਚੇ ਮਾਲਵੇ ’ਚ ਹੋਕੇ ਵੱਜਣ ਲੱਗੇ ਹਨ। ਮਲੋਟ ਦੇ ਪਿੰਡ ਮਾਹੂਆਣਾ ’ਚ ਪੰਚਾਇਤੀ ਇਕੱਠ ਨੇ ਜ਼ਮੀਨਾਂ ਦਾ ਠੇਕਾ ਹੀ ਨਿਸ਼ਚਿਤ ਕਰ ਦਿੱਤਾ ਹੈ ਅਤੇ ਬਠਿੰਡਾ ਦੇ ਪਿੰਡ ਜੀਦਾ ਦੀ ਪੰਚਾਇਤ ਨੇ ਲੇਬਰ ਦਾ ਪ੍ਰਤੀ ਏਕੜ 3000 ਤੋਂ 3200 ਰੁਪਏ ਰੇਟ ਤੈਅ ਕੀਤਾ ਹੈ। ਜੋ ਪਾਲਣਾ ਨਹੀਂ ਕਰੇਗਾ, ਉਸ ਨੂੰ 10 ਹਜ਼ਾਰ ਰੁਪਏ ਜੁਰਮਾਨਾ ਵੀ ਰੱਖਿਆ ਹੈ।
                ਪਿੰਡ ਗੁਰੂਸਰ (ਭਗਤਾ) ਨੇ ਪ੍ਰਤੀ ਏਕੜ ਝੋਨੇ ਦੀ ਲਵਾਈ ਦਾ ਭਾਅ ਤਿੰਨ ਹਜ਼ਾਰ ਨਿਸ਼ਚਿਤ ਕਰ ਦਿੱਤਾ ਹੈ। ਮੋਗਾ ਦੇ ਪਿੰਡ ਰਣੀਕੇ ਨੇ ਠੇਕੇ ਦਾ ਭਾਅ ਬੰਨ੍ਹ ਦਿੱਤਾ ਹੈ। ਪਿਛਲੇ ਸਾਲ ਪ੍ਰਤੀ ਏਕੜ ਝੋਨਾ ਲਵਾਈ ਦਾ ਭਾਅ 2700 ਤੋਂ 2900 ਰੁਪਏ ਤੱਕ ਰਿਹਾ ਹੈ। ਮਾਨਸਾ ਦੇ ਪਿੰਡ ਭੈਣੀ ਬਾਘਾ ਵਿਚ ਮਤਾ ਪਾਸ ਕੀਤਾ ਗਿਆ ਹੈ ਕਿ ਠੇਕੇ ਦੀ ਅਦਾਇਗੀ ਦੋ ਕਿਸ਼ਤਾਂ ਵਿਚ ਕਰਨੀ ਹੈ ਜਦੋਂ ਕਿ ਪਹਿਲੋਂ ਇੱਥੇ ਇੱਕੋ ਕਿਸ਼ਤ ਵਿਚ ਅਦਾਇਗੀ ਹੁੰਦੀ ਸੀ।  ਮਜ਼ਦੂਰੀ ਦਾ ਭਾਅ 3200 ਰੁਪਏ ਤੈਅ ਕੀਤਾ ਹੈ। ਬੀ.ਕੇ.ਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਮੰਗ ਰੱਖੀ ਕਿ ਸਰਕਾਰ ਸਹਿਕਾਰੀ ਸਭਾਵਾਂ ਜ਼ਰੀਏ ਝੋਨੇ ਦੀ ਲਵਾਈ ਲਈ ਮਸ਼ੀਨਾਂ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਉਹ ਕਿਸੇ ਹਾਲ ’ਚ ਪਿੰਡਾਂ ਦੇ ਘੜੰਮ ਚੌਧਰੀਆਂ ਦੀ ਪੁੱਗਣ ਨਹੀਂ ਦੇਣਗੇ ਅਤੇ ਗੁੰਮਰਾਹ ਹੋਏ ਦੋਹਾਂ ਧੜਿਆਂ ਨੂੰ ਸਮਝਾਉਣਗੇ।  ਦੁਆਬੇ ਦੀ ਗੰਨਾ ਬੈਲਟ ’ਚ ਇਵੇਂ ਦਾ ਹਾਲੇ ਸੰਕਟ ਉਭਰਿਆ ਨਹੀਂ ਹੈ। ਬੀ.ਕੇ.ਯੂ (ਦੁਆਬਾ) ਦੇ ਸੀਨੀਅਰ ਆਗੂ ਸਤਨਾਮ ਸਿੰਘ ਆਖਦੇ ਹਨ ਕਿ ਆਉਂਦੇ ਦਿਨਾਂ ਵਿਚ ਦੁਆਬੇ ’ਚ ਵੀ ਇਹ ਲਾਗ ਆ ਸਕਦੀ ਹੈ ਜੋ ਸਮਾਜੀ ਤੌਰ ’ਤੇ ਘਾਤਕ ਹੋਵੇਗੀ। ਕਿਸਾਨ ਮੰਗ ਕਰਦੇ ਹਨ ਕਿ ਸਰਕਾਰ ਫੌਰੀ ਝੋਨੇ ਦੀ ਅਗੇਤੀ ਲਵਾਈ ਦੀ ਛੋਟ ਦੇਵੇ ਤਾਂ ਜੋ ਲੇਬਰ ਸੰਕਟ ਨਾਲ ਕਿਸਾਨ ਨਜਿੱਠ ਸਕਣ।
                ਵੇਰਵਿਆਂ ਅਨੁਸਾਰ ਬਰਨਾਲਾ ਜ਼ਿਲ੍ਹੇ ਦੇ ਦਰਜਨ ਪਿੰਡਾਂ ’ਚ ਕੁੜੱਤਣ ਬਣਨ ਲੱਗੀ ਹੈ। ਪਿੰਡ ਚੀਮਾ ਦੀ ਪੰਚਾਇਤ ਨੇ ਤਾਂ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਰੱਖ ਦਿੱਤਾ ਹੈ। ਅਫਵਾਹਾਂ ਦਾ ਬਾਜ਼ਾਰ ਵੀ ਸਿਖਰ ’ਤੇ ਹੈ। ਪਿੰਡ ਜੇਠੂਕੇ ’ਚ ਇੱਕ ਅਫਵਾਹ ਨੇ ਹੀ ਲਕੀਰ ਖਿੱਚ ਦੇਣੀ ਸੀ। ਕਿਸਾਨ ਆਗੂ ਝੰਡਾ ਸਿੰਘ ਨੇ ਮੌਕੇ ਸੰਭਾਲ ਲਿਆ। ਪਿੰਡ ਅਸਪਾਲ ਕਲਾਂ ਅਤੇ ਪਿੰਡ ਝਲੂਰ ਵੀ ਏਦਾਂ ਦੇ ਮਤੇ ਪਾਸ ਹੋ ਗਏ ਹਨ। ਸੰਗਰੂਰ ਦੇ ਪਿੰਡ ਲਾਡ ਵਣਜਾਰਾ ਅਤੇ ਕੌਹਰੀਆ ਆਦਿ ਪਿੰਡਾਂ ਚੋਂ ਅਜਿਹੀਆਂ ਖ਼ਬਰਾਂ ਮਿਲੀਆਂ ਹਨ। ਕਾਨੂੰਨੀ ਮਾਹਿਰ ਆਖਦੇ ਹਨ ਕਿ ਪੰਚਾਇਤਾਂ ਵੱਲੋਂ ਪਾਏ ਅਜਿਹੇ ਮਤੇ ਕਾਨੂੰਨੀ ਜ਼ੱਦ ਵਿਚ ਨਹੀਂ ਆਉਂਦੇ ਹਨ। ਭਾਵੇਂ ਇਹ ਆਰਜ਼ੀ ਸਮਾਜਿਕ ਸੰਕਟ ਹੈ ਪ੍ਰੰਤੂ ਜਾਤ ਪਾਤ ਦੀ ਕੰਧ ਨੂੰ ਹੋਰ ਮਜ਼ਬੂਤ ਕਰਨ ਲਈ ਸ਼ਕਤੀ ਬਖਸੇਗਾ।ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ਵਿਚ 15 ਲੱਖ ਦੇ ਕਰੀਬ ਖੇਤੀ ਮਜ਼ਦੂਰ ਹਨ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇੇਵੇਵਾਲਾ ਆਖਦੇ ਹਨ ਕਿ ਉਹ ਨਾ ਤਾਂ ਦਾਬੇ ਦੇ ਪੱਖ ਵਿਚ ਹਨ ਅਤੇ ਨਾ ਹੀ ਕਾਲਾਬਾਜ਼ਾਰੀ ਦੇ ਹੱਕ ਵਿਚ। ਲੇਬਰ ਸੰਕਟ ਕਰਕੇ ਜੋ ਸਮਾਜਿਕ ਸੰਕਟ ਉਭਰਿਆ ਹੈ, ਉਸ ਨੂੰ ਸੰਜਮ ਨਾਲ ਹੱਲ ਕਰਨ ਦੀ ਲੋੜ ਹੈ। ਦੋਹਾਂ ਧਿਰਾਂ ਦੇ ਹਿੱਤ ਸਾਂਝੇ ਹਨ ਅਤੇ ਮੁਸ਼ਕਲਾਂ ਇੱਕ ਹਨ। ਉਨ੍ਹਾਂ ਕਿਹਾ ਕਿ ਦੋਹੇਂ ਧਿਰਾਂ ਘੜੰਮ ਚੌਧਰੀਆਂ ਦੀ ਚਾਲ ਨੂੰ ਸਮਝਣ।

1 comment:

  1. ਬਾਈ ਸਾਰੀ ਦੁਨੀਆ ਵਿਚ ਕਾਮੇ ਜਿਆਦਾ ਤੋ ਜਿਆਦਾ ਪੈਸਾ ਮੰਗ ਰਹੇ ਹਨ ਤੇ ਕਮ ਘਟ ਕਰਨ ਦੀ ਗਲ ਕਰਦੇ ਹਨ - ਅਗਲੇ ਕਹਿੰਦੇ ਅਸੀਂ essential ਹਾ - ਜਰੂਰੀ ਹਾ - ਕਿਸਾਨ ਵੀ ਆਵਦੀ ਸਾਰੇ ਦੇਸ਼ ਦਾ ਢਿਡ ਭਰਦਾ ਹੈ - ਓਹ ਜਿਆਦਾ ਮੁਲ ਕਿਓ ਨਹੀ ਮੰਗਦਾ - ਕਲ ਅਮਰੀਕਾ ਵਿਚ amazon ਦੇ ਕਾਮੇ ਜਿਆਦਾ ਤੋ ਜਿਆਦਾ ਮੰਗ ਰਹੇ ਸੀ - ਦਿਤਾ ਵੀ ਹੋਰ - ਕਹਿੰਦੇ ਹੋਰ ਦਿਓ

    ReplyDelete