Sunday, May 10, 2020

                         ਵਿਚਲੀ ਗੱਲ
             ਭਰੇ ਸਮੁੰਦਰੋਂ ਘੋਗਾ ਲੱਭਾ..!
                          ਚਰਨਜੀਤ ਭੁੱਲਰ
ਚੰਡੀਗੜ੍ਹ : ‘ਹੀਰੇ ਵੇਚ ਲਓ, ਮੋਤੀ ਵੇਚ ਲਓ’, ਗਲੀ ਮੁਹੱਲੇ ਇਹੋ ਹੋਕੇ ਵੱਜਦੇ। ਰਾਜ ਭਾਗ ਰਣਜੀਤ ਸਿਓਂ ਦਾ ਸੀ। ਸ਼ੇਰੇ ਪੰਜਾਬ ਦੀ ਸੋਚ ਤੋਂ ਸਦਕੇ ਜਾਵਾਂ। ‘ਚਾਂਦੀ ਵੇਚ ਲਓ, ਪਿੱਤਲ ਵੇਚ ਲਓ’, ਇੰਝ ਵੀ ਹੋਕੇ ਗੂੰਜੇ ਸਨ। ਉਦੋਂ ਹਕੂਮਤ ਅੰਗਰੇਜ਼ਾਂ ਕੋਲ ਸੀ। ਮਨਾਂ ’ਤੇ ਬੋਝ ਪਏ, ਅੱਖਾਂ ’ਚ ਰੜਕ। ਆਜ਼ਾਦੀ ਮਿਲੀ, ਨਾਲੇ ਹਉਕੇ ਵੀ। ਨਗਰ ਖੇੜੇ, ਹੋਕੇ ਦੂਰ ਦੂਰ ਤੱਕ ਸੁਣਦੇ,‘ਲੋਹਾ ਵੇਚ ਲਓ, ਭਾਂਡੇ ਵੇਚ ਲਓ’। ਯੁੱਗ ਦਾ ਘੋੜਾ ਤੇਜ਼ ਕਦਮੀ ਦੌੜਿਆ। ਨਕਸਲੀ ਵਰੋਲਾ ਕੀ ਉੱਠਿਆ, ਉਦੋਂ ਏਦਾਂ ਦੇ ਹੋਕੇ ਕੰਨੀਂ ਪਏ, ‘ਰੱਦੀ ਵੇਚ ਲਓ, ਕਿਤਾਬਾਂ ਵੇਚ ਲਓ’। ਗੱਜ ਵੱਜ ਕੇ ਵੱਡੇ ਬਾਦਲ ਜਿੱਤੇ। ਤਖ਼ਤ ਸਜੇ ਤੇ ਜੈਕਾਰੇ ਗੂੰਜੇ। ‘ਰਾਜ ਦਿਆਂਗੇ ਮਹਾਰਾਜਾ ਰਣਜੀਤ ਸਿਓਂ ਵਰਗਾ’। ਕਬਾੜੀਏ ਬਾਗੋ ਬਾਗ ਹੋ ਗਏ। ਹੋਕਾ ਪਿਛੋਂ ਦਿੰਦੇ, ਲੋਕ ਅੱਗੇ ਢੇਰ ਲਾ ਦਿੰਦੇ, ‘ਪੁਰਾਣੇ ਬੂਟਾਂ ਤੇ ਟੁੱਟੀਆਂ ਚੱਪਲਾਂ ਦੇ’। ਰੈਸਟ ਹਾਊਸ ਹਕੂਮਤ ਵੇਚ ਗਈ। ਖੂੰਡਾ ਖੜਕਣ ਲੱਗਾ, ਗੱਦੀ ’ਤੇ ਮਹਾਰਾਜਾ ਪਟਿਆਲਾ ਬਿਰਾਜੇ। ਬੱਸ ,ਓਹ ਦਿਨ ਤੇ ਆਹ ਦਿਨ। ਹੋਕੇ ਗੂੰਜਣੋਂ ਨਹੀਂ ਹਟ ਰਹੇ, ‘ਖਾਲੀ ਬੋਤਲਾਂ ਵੇਚ ਲਓ, ਅਧੀਏ ਪਊਏ ਵੇਚ ਲਓ’। ਜ਼ਮੀਨ ਵੇਚਣਾ ਕਿਸਾਨੀ ਦਾ ਸ਼ੌਕ ਨਹੀਂ। ਹਕੂਮਤੀ ਚੰਡਾਲ ਚੌਂਕੜੀ ਵਪਾਰੀ ਬਣ ਗਈ। ਜਨਤਾ ਵਿਚਾਰੀ ਤੇ ਸੋਚ ਭਿਖਾਰੀ ਬਣ ਗਈ।‘ਲੋਭ ਨੂੰ ਸੋਭ ਕਿਤੇ ਨਹੀਂ’। ਜ਼ਿੰਦਗੀ ਸਿਆਸੀ ਹਕੀਮਾਂ ਦੀ ਬਦਲੀ। ‘ਸਮਾਜਵਾਦ’ ਮਹਾਤੜ ਉਡੀਕ ਰਿਹੈ। ‘ਇਨਕਲਾਬ’ ਸਿਆਸੀ ਜਮਾਤ ਦਾ ਆਇਐ। ‘ਤਾਲੋਂ ਖੁੰਝੀ ਡੂਮਣੀ’ ਦੇ ਗੁਆਂਢੀ ਕਾਮਰੇਡ ਬਣੇ ਨੇ। ਕਰੋਨਾ ਨੇ ਤਾਂ ਹੁਣ ਡੰਗਿਐ। ਗਰੀਬੀ ਦੀ ਲਾਗ ਨੂੰ ਜੁਗੜੇ ਹੋ ਗਏ। ਸਿਰਫ਼ ਅਖ਼ਬਾਰੀ ਸਿਰਲੇਖ ਬਦਲੇ ਨੇ। ਪੁਰਾਣੀ ਸੁਰਖ਼ੀ ਸੀ, ‘ਨਾ ਦਾਈ, ਨਾ ਦਵਾਈ’। ਅੱਜ ਦੀ ਸੁਰਖ਼ੀ ਹੈ, ‘ਨਾ ਡਾਕਟਰ, ਨਾ ਮਾਸਟਰ’। ਉਦੋਂ ਟਾਟੇ ਬਿਰਲੇ ਸਨ। ਅੱਜ ਅੰਬਾਨੀ-ਅਡਾਨੀ।
                ਵਾਅਦੇ ਪੁਰਾਣੇ ਨੇ, ਕੋਈ ਹਲਕਾ, ਕੋਈ ਭਾਰਾ। ਪੰਜਾਹ ਸਾਲ ਪਹਿਲਾਂ 50 ਗਜ਼ ਦੇ ਪਲਾਟ ਐਲਾਨੇ। ਨਾ ਪੰਜਾਹ ਗਜ਼ ਦਾ, ਨਾ ਪੰਜ ਪੰਜ ਮਰਲੇ ਦਾ, ਦਲਿਤਾਂ ਨੂੰ ਕੋਈ ਪਲਾਟ ਨਹੀਂ ਲੱਭਾ। ਚਾਲੀ ਸਾਲ ਪਿਛਾਂਹ ਚੱਲੋ। ਉਦੋਂ 1.86 ਲੱਖ ਏਕੜ ਜ਼ਮੀਨ ਸਰਪਲੱਸ ਐਲਾਨੀ। ਕਾਂਗਰਸ ਗਰਜੀ, ਦਲਿਤਾਂ ਨੂੰ ਕਿੱਲੇ ਦਿਆਂਗੇ। ਅਕਾਲੀ ਟਿੱਚਰਾਂ ਕਰਨੋ ਨਾ ਹਟਣ, ਗਰੀਬ ਕਿੱਲੇ ਉਡੀਕਦੇ ਨੇ, ਚਾਹੇ ਪਸ਼ੂਆਂ ਵਾਲੇ ਦੇ ਦਿਓ। ਉਦੋਂ ਪਰਚੀ ਫੀਸ ਵਧੀ, 10 ਪੈਸੇ ਤੋਂ 25 ਪੈਸੇ। ਮਰੀਜ਼ ਅੌਖੇ ਹੋ ਗਏ, ਨੇਤਾ ਸੁਸਰੀ ਵਾਂਗੂ ਸੌਂ ਗਏ। ਵੀਹ ਹਜ਼ਾਰ ਅਮੀਰ ਕਿਸਾਨਾਂ ’ਤੇ ‘ਦੌਲਤ ਟੈਕਸ’ ਲੱਗਾ। ਸਿਆਸੀ ਦਲ ਸੜਕਾਂ ’ਤੇ ਵਾਹੋਦਾਹੀ ਭੱਜੇ ਆਏ। ਜ਼ਮਾਨਾ ਹੁਣ ਜਹਾਜ਼ਾਂ ਦਾ ਹੈ। ਉਦੋਂ ਗੱਡਿਆਂ ਦਾ ਸੀ। ਵਿਕਾਸ ਪਹੇ ਤੋਂ ਜਰਨੈਲੀ ਸੜਕ ਪਿਐ। ਗਰੀਬ ਦਾ ਮੁਕੱਦਰ ਇੱਕ ਸੂਤ ਨਹੀਂ ਰਿਸਕਐ। ਵੱਡੇ ਸਮੁੰਦਰਾਂ ’ਚੋਂ ਮੋਤੀ ਚੁਗ ਗਏ। ਛੋਟਿਆਂ ਪੱਲੇ ਘੋਗੇ ਪਏ ਨੇ। ਤੱਤਿਆਂ ਦੀ ਆਪਣੀ ਸੋਚ ਹੈ। ਜੋ ਆਖਦੇ ਨੇ, ਘੋਗਾ ਚਿੱਤ ਕਰਾਂਗੇ, ਤਾਂ ਹੀ ਜੂਨ ਸੁਧਰੂ। ਜਦੋਂ ਗੁਰਨਾਮ ਸਿੰਘ ਮੁੱਖ ਮੰਤਰੀ ਸੀ। ਸ਼ਰਾਬ ਠੇਕੇਦਾਰਾਂ ਦੇ ਪੰਜ ਕਰੋੜ ਮੁਆਫ਼ ਕੀਤੇ। ਹੁਣ ਸਰਕਾਰ ਹੀ ਠੇਕੇਦਾਰ ਚਲਾਉਂਦੇ ਨੇ। ਇਵੇਂ 1978 ਵਿੱਚ ਵਿਧਾਇਕਾਂ ਨੂੰ ਸਹੁੰ ਚੁਕਾਈ। ਸ਼ਰਾਬ ਨਾ ਪੀਣ ਦੀ। ਰਾਜੇ ਨੂੰ ਗੁਟਕੇ ਦੀ ਸਹੁੰ ਖਾਣੀ ਪਈ। ‘ਚਿੱਟਾ’ ਬੰਦ ਕਰੋਨਾ ਨੇ ਕੀਤੈ। ਉਦੋਂ ਦਰਿਆ ਨੱਪੇ, ਹੁਣ ਵੇਚੇ ਜਾਂਦੇ ਨੇ। ਕਦੇ ਰੈੱਡ ਕਰਾਸ ਲੁੱਟਾਂ ਦਾ ਘਰ ਸੀ। ਹੁਣ ਮਾਫੀਏ ਨਹੀਂ ਖੰਘਣ ਦਿੰਦੇ। ‘ਸਦਾ ਦੀਵਾਲ਼ੀ’ ਅਫਸਰਾਂ ਦੀ ਰਹੀ ਹੈ। ਗੱਲ ਬੰਗਲਾ ਦੇਸ਼ ਦੀ ਜੰਗ ਵੇਲੇ ਦੀ ਹੈ। ਇੱਕ ਡੀਆਈਜੀ ਨੂੰ ਕੰਟਰੋਲ ਰੂਮ ’ਤੇ ਬਿਠਾ ਦਿੱਤਾ। ਬੈਠਾ ਬੈਠਾ 1500 ਰੁਪਏ ਦੇ ਕਾਜੂ ਛਕ ਗਿਆ। 2500 ਦੀ ਕਰਾਕਰੀ ਖਰੀਦ ਲਈ। ਕਰਾ ਲਓ ਪੜਤਾਲ..!
                ਅਫਸਰੀ ਹਾਜ਼ਮੇ ਕਿੰਨੇ ਤਕੜੇ ਨੇ। ਭਲੇਮਾਣਸਾਂ ਕੋਲ ਸ਼ਰਾਫ਼ਤ ਮੁੱਢੋਂ ਐਂ। ਬਖ਼ਤਾਵਰਾਂ ਕੋਲ ਮੂਲੋਂ ਤਾਕਤ। ਮੁਹਾਂਦਰਾ ਸਮਾਜਵਾਦ ਦਾ ਦੇਖੋ। ਪੰਜਾਬੀ ਸੂਬਾ ਮਗਰੋਂ ਬਣਿਐ। ਪਹਿਲਾਂ ਵੀ ਮੌਜਾਂ ਸਨ। ਵਿਧਾਇਕਾਂ ਨੂੰ ਫੀਏਟ ਕਾਰਾਂ, ਨਾਲੇ ਸਕੂਟਰ ਮਿਲਦੇ ਸਨ। ਦੱਸਦੇ ਨੇ, ਹਰਚਰਨ ਬਰਾੜ ਨੇ ਲੰਬਰੇਟਾ ਸਕੂਟਰ ਲਿਆ। ਤਾਜ਼ਾ ਸੁਣੋ, ਹਰ ਵਿਧਾਇਕ ਨੂੰ, ਤਿੰਨ ਜੌਂਗੇ ਲੈਣ ਦੀ ਸਹੂਲਤ ਐ। ਭਾਰਤੀ ਫੌਜ ਦੇ ਕਬਾੜ ’ਚੋਂ, ਸਸਤੇ ਰੇਟਾਂ ’ਤੇ ਮਿਲਦੇ ਨੇ। ਵਜ਼ੀਰਾਂ ਦੇ ਝੂਟੇ ਥੋਨੂੰ ਪਤਾ ਹੀ ਨੇ। ਸਿਆਣੇ ਆਖਦੇ ਨੇ, ਇੱਕੋ ਖਾਈ ’ਚ ਜੋ ਦੋ ਵਾਰੀ ਡਿੱਗੇ, ਉਹ ਮੂਰਖ ਅਖਵਾਉਂਦੈ। ਪੰਜਾਬੀਓ ਤੁਸੀਂ ਤਾਂ ਫਿਰ ਮਹਾਮੂਰਖ ਹੋਏ। ਭਲਾ ਕਿੰਨੇ ਕੁ ਵਾਰ ਡਿੱਗੇ ਹੋ। ਪੜਪੋਤਾ ਸਰਕਾਰਾਂ ਗਿਣਨ ਲੱਗੈ। ਕਦੋਂ ਦਾ ਤੁਰ ਗਿਆ ਬਾਬਾ ਮਾਰਕਸ। ਆਲ਼ੇ ਭੋਲੇ ‘ਦਵੰਦਵਾਦ’ ਦੀ ਥਿਊਰੀ ਰਟੀ ਜਾਂਦੇ ਨੇ, ‘ਦੇਸ਼ ਕਾ ਨੇਤਾ ਕੈਸਾ ਹੋ’। ਲਾਲੂ ਵਰਗਾ, ਦੀਦੀ ਵਰਗਾ, ਮੋਦੀ ਵਰਗਾ, ਰਾਹੁਲ ਵਰਗਾ, ਯੋਗੀ ਵਰਗਾ, ਬਾਦਲ ਵਰਗਾ, ਅਮਰਿੰਦਰ ਵਰਗਾ। ਪੁੱਛਦੇ ਲੋਕਾਂ ਤੋਂ ਨੇ, ਦੱਸਦੇ ਖੁਦ ਨੇ। ਭਲੇ ਵੇਲੇ ਆਖਦੇ ਸਨ, ‘ਪੜ੍ਹੋਗੇ ਲਿਖੋਗੇ ਬਣੋਗੇ ਨਵਾਬ..!’ ਅੱਜ ਦੇ ‘ਨਵਾਬ’ ਦਿਹਾੜੀ ਕਰਦੇ ਨੇ। ਵਜ਼ੀਰਾਂ ਦੇ ਪੁੱਤ ਚੇਅਰਮੈਨ ਬਣਦੇ ਨੇ। ਤਾਹੀਓਂ ਉਹ ਪਸ਼ਤੋ ਬੋਲਦੇ ਨੇ। ਤੁਸੀਂ ਫਾਰਸੀ ਬੋਲਣ ਜੋਗੇ ਕਿੱਥੇ। ਮਾੜੇ ਦੀ ਧੌਣ ਬਿਮਾਰੀ ਨੇ ਮਰੋੜੀ ਐੇ। ਹੰਭੇ ਪਏ ਨੇ, ਸਮਾਜਵਾਦ ਨੂੰ ਉਡੀਕਦੇ। ਵਿੱਥਾਂ ਹੀ ਵਿੱਥਾਂ ਹਨ। ਅਮੀਰਾਂ ਦੇ ਸਕੂਲ, ਹਸਪਤਾਲ ਵੱਖੋ ਵੱਖਰੇ। ਕਾਮਿਆਂ ਲਈ ਹੋਰ। ਹੈਰਾਨ ਨਾ ਹੋਣਾ, ਵੱਡੇ ਬਾਦਲ ਨਾਲ ਸੱਤ ਮੈਂਬਰੀ ਡਾਕਟਰੀ ਅਮਲਾ ਹੈ। ਤਿੰਨ ਡਾਕਟਰ, ਦੋ ਫਰਮਾਸਿਸਟ ਤੇ ਦੋ ਫਿਜ਼ੀਓਥੈਰੇਪਿਸਟ। 108-ਐਂਬੂਲੈਂਸ ਇਸ ਤੋਂ ਵੱਖਰੀ। ਸਭ ਨੂੰ ਤਨਖਾਹ ਖ਼ਜ਼ਾਨਾ ਦਿੰਦੈ। ਮੀਂਹ ਆਵੇ, ਚਾਹੇ ਹਨੇਰੀ, ਡਾਕਟਰ ਸਾਬਕਾ ਮੁੱਖ ਮੰਤਰੀ ਦੀ ਖਿਦਮਤ ’ਚ ਰਹਿੰਦੇ ਨੇ।
              ਅਮਰਿੰਦਰ ਨਾਲ ਕਿੰਨੇ ਕੁ ਡਾਕਟਰ ਹੋਣਗੇ, ਅੰਦਾਜ਼ੇ ਤੁਸੀਂ ਲਗਾ ਲੈਣਾ। ਧੁਰ ਦਰਗਾਹੋਂ ਗਰੀਬਾਂ ਹਿੱਸੇ ਤਾਂ ਦਾਈ ਹੀ ਆਈ ਹੈ। ਕਰੋਨਾ ਕੀ ਵਿਗਾੜੇਗਾ ਕੰਮੀਆਂ ਦੇ ਵਿਹੜੇ ਦਾ। ਸਹਿਮੇ ਤਾਂ ਦੌਲਤਾਂ ਵਾਲੇ ਬੈਠੇ ਨੇ। ਬੂਹਿਓਂ ਪੈਰ ਨਹੀਂ ਪੁੱਟਦੇ। ਤਪੇ ਹੋਇਆਂ ਨੂੰ ਕਰੋਨਾ ’ਚੋਂ ਹੀ ਸਮਾਜਵਾਦ ਦਿਖਦੈ।  ਥੋਨੂੰ ਵੀ ਫਰਕ ਦੇਖਣਾ ਪੈਣਾ ਮਾਸਕ ਤੇ ਨਕਾਬ ’ਚ। ਥੋਡੇ ਮਾਸਕ ਤਾਂ ਥੋੜ੍ਹ ਚਿਰੇ ਨੇ। ਸਿਆਸੀ ਲੋਕਾਂ ਕੋਲ ਵੱਡੇ ਭੰਡਾਰ ਨੇ। ਨਵੇਂ ਤੋਂ ਨਵਾਂ ਨਕਾਬ ਪਿਐ। ਨਵੀਂ ਚੋਣ, ਨਵਾਂ ਮੁਖੌਟਾ। ਭੁਲੇਖੇ ’ਚ ਨਾ ਰਹਿਣਾ। ਕਰੋਨਾ ਨੇ ਸੁਰਤ ਭੰਵਾਈ ਹੈ। ਵਿਸ਼ਾਣੂ ਤਾਂ ਇਨ੍ਹਾਂ ਦੇ ਰਾਸ ਆਉਣੈ। ਸਭ ਨੰਗ ਢਕ ਲਏਗਾ ਕਰੋਨਾ। ਲੌਕਡਾਊਨ ਹੈ, ਤੁਸੀਂ ਧੌਣ ’ਤੇ ਗੋਡਾ ਕਿਵੇਂ ਰੱਖੋਗੇ। ਦੇਖਿਓ ਕਿਤੇ ਭੁੱਲ ਕਰੋਗੇ ਤਾਂ ਸਾਹ ਲੈਣ ਨੂੰ ਤਰਸੋਗੇ। ਵੈਟੀਲੈਂਟਰ ਵੀ ਨਹੀਂ ਲੱਭਣਾ। ਸੱਚ, ਵੈਂਟੀਲੇਟਰ ਤੋਂ ਚੇਤੇ ਆਇਆ। ਦੱਖਣੀ ਸੂਡਾਨ ’ਚ ਵੈਂਟੀਲੇਟਰ ਚਾਰ ਨੇ, ਉਪ ਰਾਸ਼ਟਰਪਤੀ ਪੰਜ। ਵਿਹੜੇ ਵਾਲਿਆਂ ’ਤੇ ਛੱਜੂ ਰਾਮ ਭਾਸ਼ਨ ਝਾੜ ਰਿਹੈ। ਅਖੇ, ਹੱਥਾਂ ਦੇ ਅੱਟਣ ਨਾ ਦੇਖੋ, ਪੰਜੇ ਉਂਗਲਾਂ ਦੀ ਤੜ ਪਛਾਣੋ। ਸ਼ੇਰ ਬੱਗਿਓ, ਸਭ ਹੋ ਕੇ ਇਕੱਠੇ, ਬਣੋ ਜਾਓ ਮੁੱਠੀ। ਬਾਕੀ ਜਾਣੀ ਜਾਣ ਹੋ..!
               ਸਮਾਪਤੀ ਇੱਕ ਸੱਜਣ ਵੱਲੋਂ ਭੇਜੇ ਸੁਨੇਹੇ ਨਾਲ। ਕੇਰਾਂ ਯਮਦੂਤ ਨੇ ਮਸ਼ਕਰੀ ਕੀਤੀ। ਇੱਕ ਧੋਬੀ ਦੇ ਗਧੇ ਖੋਲ੍ਹ ਦਿੱਤੇ। ਗਧਿਆਂ ਨੇ ਸਾਰੀ ਪੈਲੀ ਖ਼ਰਾਬ ਕਰਤੀ। ਗੁੱਸੇ ’ਚ ਆਏ ਕਿਸਾਨ ਨੇ ਗਧੇ ਮਾਰਤੇ। ਧੋਬੀ ਕਿਹੜਾ ਘੱਟ ਸੀ, ਘੋਟਣਾ ਮਾਰ ਕੇ ਕਿਸਾਨ ਮਾਰਤਾ। ਕਿਸਾਨ ਦੇ ਮੁੰਡੇ ਨੇ ਧੋਬੀ ਮਾਰਤਾ, ਆਪ ਖੁਦਕੁਸ਼ੀ ਕਰ ਲਈ। ਧਰਮਰਾਜ ਦੀ ਕਚਹਿਰੀ ਸਜੀ। ਸਭ ’ਕੱਠੇ ਪੇਸ਼ ਹੋਏ। ਅੱਗੇ ਯਮਦੂਤ ਖੜ੍ਹਾ। ਸਾਰੇ ਆਕੜ ਕੇ ਬੋਲੋ, ‘ਤੂੰ ਗਧੇ ਕਿਉਂ ਖੋਲ੍ਹੇ।’ ਯਮਦੂਤ ਖੁੱਲ੍ਹ ਕੇ ਹੱਸਿਆ, ‘ਮੈ ਤਾਂ ਗਧੇ ਖੋਲ੍ਹੇ ਸਨ, ਤੁਸੀਂ ਅੰਦਰਲੇ ਸ਼ੈਤਾਨ ਹੀ ਖੋਲ੍ਹ ਦਿੱਤੇ।’ ਸੱਜਣੋ, ਜਿੰਨੇ ਸਿਆਸੀ ਨੇ, ਇਨ੍ਹਾਂ ਦਾ ਕੰਮ ਹੀ ਗਧੇ ਖੋਲ੍ਹਣਾ ਹੈ, ਕਦੇ ਨਫ਼ਰਤ ਦੇ, ਕਦੇ ਜਾਤਾਂ ਦੇ। ਬੱਸ, ਤੁਸੀਂ ਅੰਦਰ ਦੇ ਸ਼ੈਤਾਨ ਬੰਨ੍ਹ ਕੇ ਰੱਖੋ।

1 comment:

  1. Fate of poor public can change with education...Politicians are always opportunist

    ReplyDelete