Sunday, May 24, 2020

                      ਵਿਚਲੀ ਗੱਲ
           ਤੁਮ ਕਿਉਂ ਭਏ ਉਦਾਸ..!
                      ਚਰਨਜੀਤ ਭੁੱਲਰ
ਚੰਡੀਗੜ੍ਹ : ਆਹਲਾ ਅਫਸਰ ਕਿਤੇ ਲਿਫ ਜਾਂਦਾ। ਬੈਂਡ ਵਾਜੇ ਕਿਥੋਂ ਵੱਜਣੇ ਸੀ। ਜ਼ਰੂਰ ਮਾਂ ਨੇ ਕੰਨ ਪੱਟੇ ਹੋਣਗੇ। ਬਾਪ ਨੇ ਝੰਡ ਕੀਤੀ ਹੋਊ। ਕਿਰਦਾਰ ਸੁਤੇ ਸਿੱਧ ਨਹੀਂ ਬਣਦੇ। ਮਾਲ ਮੰਤਰੀ ਦਾ ਰੁੱਕਾ ਆਇਆ। ਆਹਲਾ ਅਫਸਰ ਨੇ ਠੁਕਰਾ ਦਿੱਤਾ। ਨਾਲੇ ਫਾਈਲ ’ਤੇ ਵੇਰਵਾ ਪਾ ਦਿੱਤਾ। ‘ਨਿਰੇ ਪੁਰੇ ਭਾਸ਼ਣਾਂ ਨਾਲ ਕੁਰੱਪਸ਼ਨ ਦੂਰ ਨਹੀਂਓ ਹੋਣੀ।’ ਮਾਲ ਮੰਤਰੀ ਨੇ, ਫਾਈਲ ਦੇਖ ਕਚੀਚੀ ਵੱਟ ਲਈ। ਬੇਇੱਜ਼ਤ ਵੀ ਹੋਇਆ, ਅਹੁਦਾ ਵੀ ਗੁਆਇਆ। ਜਦੋਂ ਸਾਹਬ ਸੇਵਾ ਮੁਕਤ ਹੋਇਆ, ਸਕੱਤਰੇਤ ’ਚ ਬੈਂਡ ਵਾਜੇ ਵੱਜੇ। ਬਾਗੋ ਬਾਗ ਜ਼ਮੀਰ ਹੋ ਗਈ। ਏਹ ਗੱਲ 1977-78 ਦੀ ਹੈ। ਪਟਵਾਰੀ ਵੱਢੀਖੋਰਾਂ ਦਾ ਦਾਦਾ ਸੀ। ਮਾਲ ਮੰਤਰੀ ਨੇ ਸਿਫਾਰਸ਼ੀ ਘੁੱਗੀ ਮਾਰੀ। ਆਹਲਾ ਅਫਸਰ ਨੇ ਠੁਕਰਾ ਦਿੱਤੀ। ਕੱਲ ਨਾਮ ਕਾਲ ਦਾ, ਨਵੇਂ ਚੈਪਟਰ ਦੇਖੋ। ਮੌਜੂਦਾ ਮੁੱਖ ਸਕੱਤਰ ਪੰਜਾਬ। ਸੇਵਾ ਮੁਕਤ 31 ਅਗਸਤ ਨੂੰ ਹੋਣਗੇ। ਵਾਜਿਆਂ ਦਾ ਇਲਮ ਨਹੀਂ, ਪੰਗਾ ਵਜ਼ੀਰਾਂ ਨਾਲ ਪਿਐ। ਮੁੱਖ ਮੰਤਰੀ ਇੰਝ ਬੋਲੇ , ‘ਬੰਦਾ ਤਾਂ ਬਈ ਠੀਕ ਐ।’ ਵਜ਼ੀਰਾਂ ਦੀ ਦਾਲ ਡੁੱਲ ਗਈ। ਭੁੰਜਿਓਂ ਕਿਵੇਂ ਖਾਣਗੇ, ਵਕਤ ਹੀ ਦੱਸੂ। ਵਜ਼ੀਰਾਂ ਨੂੰ ਛੱਡੋ, ਤੁਸੀਂ ਦੱਸੋ ਖਾਂ। ਸਰਕਾਰ ਨੂੰ ਕੌਣ ਚਲਾਉਂਦੈ। ਰਾਜਨੇਤਾ ਅਫਸਰਾਂ ’ਤੇ ਠੀਕਰਾ ਭੰਨਦੇ ਨੇ। ਦਾਨੇ ਅਫਸਰ ਤੇ ਆਗੂ ਕਿਥੋਂ ਲੱਭੀਏ। ‘ਅੱਗ ਬਿਨਾਂ ਧੂੰਆਂ ਕਿਤੇ ਨਿਕਲਿਐ’। ਅਮਰਿੰਦਰ ਦੇ ਸ਼ਾਹੀ ਲੰਚ ’ਤੇ ਬੈਠੇ। ਐਮ.ਐਲ.ਏ ਬੋਲੇ, ਕੁਝ ਕਰੋ ਮੁੱਖ ਸਕੱਤਰ ਦਾ। ਸਿਰ ’ਤੇ ਖੜ੍ਹੇ ਅਫਸਰਾਂ ਦੇ ਕੰਨ ਹੱਸੇ।
              ਫਾਰਸੀ ਤੁਕ ਹੈ, ‘ਜਦੋਂ ਬਿੱਲੀ ਤੇ ਚੂਹੇ ’ਚ ਸਮਝੌਤਾ ਹੋ ਜੇ, ਸਮਝੋ ਹੱਟੀ ਵਾਲੇ ਦੀ ਸ਼ਾਮਤ ਆ ਗਈ।‘ ਪੰਜਾਬ ਤਾਂ ਕਦੋਂ ਦਾ ਝੱਲ ਰਿਹੈ, ਚੋਰ ਤੇ ਕੁੱਤੀ ਦੀ ਦੋਸਤੀ। ਬਿਜਲੀ ਸਮਝੌਤੇ ਕਿਥੋਂ ਰੱਦ ਹੋਣੇ ਨੇ। ਨੌਕਰਸ਼ਾਹ ‘ਪਬਲਿਕ ਸਰਵੈਂਟ’ ਮਤਲਬ ਨੌਕਰ ਹੁੰਦੈ। ਰਾਜਨੇਤਾ ਲੋਕਾਂ ਦੇ ‘ਸੇਵਕ’। ਨੌਕਰ ਤੇ ਸੇਵਕ ’ਚ ਕਦੋਂ ਇੱਟ ਖੜਿੱਕਾ ਹੁੰਦੈ। ਜਵਾਬ ਕਾਮਰੇਡ ਹਰਦੇਵ ਅਰਸ਼ੀ ਦਿੰਦੇ ਨੇ, ‘‘ਮਲਾਈ ਖਾਣ ਤੋਂ’’। ਪੰਜਾਬੀਓ ਅਕਲ ਨੂੰ ਹੱਥ ਮਾਰਿਓ, ਦੁੱਧ ਦੀ ਰਾਖੀ ਬਿਠਾਉਣ ਵੇਲੇ। ‘ਸੇਵਾ’ ਦੇ ਅਰਥ ਬਦਲੇ ਨੇ। ਨੌਕਰਸ਼ਾਹੀ ’ਚ ਦੌੜ ਐ। ਚੰਗੇ ਅਹੁਦੇ ਲੈਣ ਦੀ। ਯੁੱਗ ਨੂੰ ਯੁੱਗ ਟੱਕਰ ਜਾਏ। ਕਾਹਦੇ ਰੌਲ਼ੇ ਤੇ ਫਿਰ ਕਾਹਦੇ ਪੰਗੇ। ਆਹਲਾ ਅਫਸਰ ਸੁਰੇਸ਼ ਕੁਮਾਰ ਐ। ਇਮਾਨ ’ਚ ਕੋਈ ਕਾਣ ਨਹੀਂ। ਬੀਅ ਨਾਸ ਕਦੇ ਨਹੀਂ ਹੋਇਐ। ਮੋਗੇ ਵਾਲਾ ਵਿਜੇ ਸਾਥੀ ਆਖਦੈ। ਉਦੋਂ ਲੀਡਰਾਂ ’ਚ ਗਿਆਨ, ਅਫਸਰਾਂ ’ਚ ਜਾਨ ਹੁੰਦੀ ਸੀ। ਹਮਾਮ ’ਚ ਹੁਣ ਸਭ ਨੰਗੇ ਨੇ। ਜਿੱਦਾਂ ਦੇ ਸੇਵਕ, ਓਦਾਂ ਦੇ ਨੌਕਰ। ਵਿਨੋਬਾ ਭਾਵੇ ਦੀ ਕਹਾਣੀ ਸੁਣੋ। ਬੱਚਿਆਂ ਨੇ ਅੰਬ ਤੋੜੇ, ਮਾਂ ਨੇ ਕਿਹਾ, ਪੁੱਤਰੋ ਦੇਵਤਾ ਬਣੋ। ਬੱਚੇ ਬੋਲੇ, ਉਹ ਕਿਵੇਂ ਮਾਂ। ਵੰਡ ਖਾਓਗੇ, ਦੇਵਤੇ ਬਣੋਗੇ। ’ਕੱਲੇ ਖਾਓਗੇ, ਰਾਖਸ਼ਸ ਬਣੋਗੇ। ਇੰਝ ਜਾਪਦੈ, ਇਹ ਬੱਚੇ ਵੱਡੇ ਹੋਏ ਨੇ। ਕੋਈ ਨੇਤਾ ਬਣਿਐ ਤੇ ਕੋਈ ਅਫਸਰ। ਵੰਡ ਕੇ ਛੱਕ ਰਹੇ ਨੇ, ਮਾਅਨੇ ਹੀ ਬਦਲ ਦਿੱਤੇ। ਤੜਫਦੀ ਰਹੇ ਵਿਨੋਬਾ ਭਾਵੇ ਦੀ ਰੂਹ।
            ‘ਅੱਡ ਖਾਏ, ਹੱਡ ਖਾਏ’। ਤਾਹੀਓਂ ਮਹੀਨੇ ਚੱਲਦੇ ਨੇ। ਰੌਲਾ ਐਵੇਂ ਥੋਡਾ ਪੈਂਦੈ। ‘ਖਾਨਾਂ ਦੇ ਖਾਨ ਪ੍ਰਾਹੁਣੇ’। ਨੌਕਰਸ਼ਾਹ ਪੰਜਾਬ ਦੇ ਸਕੇ ਨਹੀਂ। ਵਫ਼ਾਦਾਰੀ ਲੀਡਰਾਂ ਨਾਲ ਪਾਲਦੇ ਨੇ। ਸੁਖਬੀਰ ਬਾਦਲ ਦੀ ਜੇਬ ’ਚ ‘ਲਾਲ ਡਾਇਰੀ’ ਹੈ। ਅਖੇ, ਸਭ ਅਫਸਰਾਂ ਦੇ ਨਾਮ ਨੋਟ ਨੇ। ਸਮਾਂ ਆਉਣ ’ਤੇ ਦੇਖਾਂਗੇ। ਕਦੇ ਅਮਰਿੰਦਰ ਨੇ ਵੀ ਖੂੰਡਾ ਚੁੱਕਿਆ ਸੀ। ਗੱਲ 1997 ਵਾਲੀ ਸਰਕਾਰ ਦੀ ਹੈ, ਐਲਾਨ ਹੋਏ। ਇਮਾਨਦਾਰ ਅਫਸਰਾਂ ਨੂੰ ਦਿਆਂਗੇ ਲੱਖ ਰੁਪਏ ਦਾ ਇਨਾਮ। ਭਲਾ ਲਾਲ ਡਾਇਰੀ ਖੋਲ ਕੇ ਦੱਸਿਓ, ਕਿੰਨੇ ਅਫਸਰਾਂ ਨੂੰ ਦਿੱਤੈ। ਸਦਾ ਦੀਵਾਲੀ ਨੌਕਰਸ਼ਾਹਾਂ ਦੀ ਐ। ਨੇਤਾ ਆਉਣੀ ਜਾਣੀ ਪ੍ਰਜਾਤੀ ਹੈ। ਜਿਗਰੇ ਤੇ ਹੱਡੀ ਵਾਲੇ, ਕਿੰਨੇ ਕੁ ਵੱਡੇ ਅਫਸਰ ਨੇ? ਆਈ.ਏ.ਐਸ ਅਧਿਕਾਰੀ ਹਰਸ਼ ਮੰਡੇਰ। ਗੁਜਰਾਤ ਦਾ ਕਤਲੇਆਮ ਦੇਖਿਆ। ਅਸਤੀਫ਼ਾ ਦੇ ਦਿੱਤਾ। ਇਸੇ ਜਨਵਰੀ ’ਚ ਸ਼ਾਹ ਫੈਜ਼ਲ ਨੇ। ਕਸ਼ਮੀਰੀ ਲੋਕ ਤਾੜੇ ਵੇਖੇ, ਕੁਰਸੀ ਨੂੰ ਲੱਤ ਮਾਰ ਦਿੱਤੀ। ਸ਼ਸ਼ੀ ਕਾਂਤ ਸੈਂਥਿਲ, ਕਰਨਾਟਕ ’ਚ ਡਿਪਟੀ ਕਮਿਸ਼ਨਰ ਸੀ। ਕੇਂਦਰੀ ਫੈਸਲੇ ਸੁਣੇ, ਅੱਗਾ ਪਿੱਛਾ ਨਾ ਵੇਖਿਆ, ਅਸਤੀਫ਼ਾ ਵਗਾਹ ਮਾਰਿਆ। ਕੇਰਲਾ ਦਾ ਜੰਮਪਲ ਆਈ.ਏ.ਐਸ ਗੋਪੀ ਨਾਥ ਕੰਨਨ। ਧਾਰਾ 370 ਟੁੱਟਦੀ ਵੇਖੀ। ਅਸਤੀਫਾ ਦੇ ਅੌਹ ਗਿਆ। ਕੋਈ ਆਤਮਾ ਪੰਜਾਬ ’ਚ ਜਾਗੀ ਹੋਵੇ, ਮਸਤਕ ’ਤੇ ਬੋਝ ਪਾ ਕੇ ਦੱਸਿਓ। ਕਈ ਅਫਸਰਾਂ ’ਚ ਇਮਾਨ ਤਾਂ ਹੈ। ਜ਼ੁਅਰਤ ਤੇ ਜਿਗਰਾ ਨਹੀਂ। ਹਰਿਆਣੇ ਵਾਲੇ ਅਸ਼ੋਕ ਖੇਮਕਾ ਬਾਰੇ ਕੀ ਖਿਆਲ ਹੈ।
             ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ। ਸ੍ਰ ਕਪੂਰ ਸਿੰਘ ਹੁੰਦੇ ਸਨ। ਸਿਆਸੀ ਦਾਬੇ ਵੀ ਝੱਲਣੇ ਪਏ। ਮਰਿਆਦਾ ਫਿਰ ਨਾ ਵੀ ਨਾ ਭੁੱਲੇ। ਕੇਰਾਂ ਕਪੂਰ ਸਿੰਘ ਨੇ ਆਪੇ ਆਪਣਾ ਅਸਲਾ ਲਾਇਸੈਂਸ ਬਣਾਇਆ। ਡਿਪਟੀ ਕਮਿਸ਼ਨਰ ਵਾਲੀ ਕੁਰਸੀ ਤੋਂ ਉੱਠਿਆ। ਦਰਖ਼ਾਸਤ ਲੈ ਕੁਰਸੀ ਅੱਗੇ ਖੜ੍ਹਾ ਹੋਇਆ। ‘ਜਨਾਬ, ਬੇਨਤੀ ਪ੍ਰਵਾਨ ਕਰੋ, ਲਾਇਸੈਂਸ ਚਾਹੀਦੈ।’ ਏਨਾ ਆਖ ਮੁੜ ਕੁਰਸੀ ’ਤੇ ਬੈਠ ਗਿਆ। ਲਾਇਸੈਂਸ ਵਾਲੀ ਫਾਈਲ ’ਤੇ ਖੁਦ ਦਸਤਖ਼ਤ ਕੀਤੇ। ‘ਲੋੜ ਪੈਣ ’ਤੇ ਵਰਤਣਾ’, ਆਪਣੀ ਜ਼ਮੀਰ ਨੂੰ ਹੁਕਮ ਦਿੱਤਾ, ਅਗਲੇ ਕੰਮ ’ਚ ਰੁੱਝ ਗਏ।  ਬਠਿੰਡੇ ਦਾ ਇੱਕ ਪੁਰਾਣਾ ਡੀਸੀ। ਇੱਕ ਵੱਡੇ ਨੇਤਾ ਦੀ ਪਤਨੀ ਨੂੰ ‘ਮੰਮੀ’ ਆਖਦਾ ਨਾ ਥੱਕਦਾ। ਰੱਬ ਦੀ ਸਹੁੰ ਪਵਾ ਕੇ ਫੈਸਲੇ ਸੁਣਾਉਂਦਾ ਰਿਹੈ। ਮੰਮੀ ਆਪੂੰ ਬਣੇ ਪੁੱਤ ਦੀ ਰਮਜ਼ ਫੜ ਗਈ। ਜਦੋਂ 2012 ’ਚ ਦੁਬਾਰਾ ਸੱਤਾ ਮਿਲੀ। ਵੱਡੇ ਬਾਦਲ ਨੇ ਗੱਲ ਚਟਕਾਰੇ ਲੈ ਸੁਣਾਈ। ਭਾਈ, ਵੱਡੇ ਵੱਡੇ ਅਫਸਰ, ਵੱਡੇ ਵੱਡੇ ਗੁਲਦਸਤੇ, ਹੱਥਾਂ ’ਚ ਮਠਿਆਈ ਵਾਲੇ ਡੱਬੇ, ਲੈ ਕੇ ਮਹਿਲਾਂ ’ਚ ਪੁੱਜ ਗਏ। ਚੋਣ ਨਤੀਜੇ ਪੁੱਠੇ ਪੈ ਗਏ। ਉਹੀ ਅਫਸਰ ਭੱਜੇ ਭੱਜੇ ਪਿੰਡ ਬਾਦਲ ਪੁੱਜੇ। ਡੱਬਿਆਂ ਤੋਂ ਸਟਿੱਕਰ ਪੁੱਟਣੇ ਭੁੱਲ ਗਏ।ਪਰਜਾ ਦਾ ਸੁੱਖ, ਰਾਜੇ ਦੀ ਸੋਚ ’ਚ ਪਿਐ। ਮੁੱਖ ਮੰਤਰੀ ਕਾਫ਼ੀ ਸਮੇਂ ਤੋਂ ਪੰਜਾਬ ਦਾ ਰਾਹ ਭੁੱਲੇ ਨੇ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਲੂਰੀਆਂ ਲਈ ਜਾਂਦੈ। ਅਧਿਆਪਕ ਅੌਖੇ ਹੋਣ, ਭਾਵੇਂ ਸੌਖੇ, ਪਤੰਦਰ ਟਿਕ ਨੀ ਨਹੀਂ ਬੈਠਦਾ।
                ਛੱਜੂ ਰਾਮ ਟੰਗ ਅੜਾਉਣੋਂ ਨਹੀਂ ਹਟਦਾ। ਪੁੱਛ ਰਿਹੈ, ਪੰਜਾਬ ਦਾ ਖਾਣ ਵਾਲੇ, ਚੰਡੀਗੜ੍ਹੋਂ ਕਿਉਂ ਨਹੀਂ ਨਿਕਲਦੇ। ਕਿੰਨੇ ਕੁ ਪ੍ਰਮੁੱਖ ਸਕੱਤਰ, ਵਧੀਕ ਮੁੱਖ ਸਕੱਤਰ ਨੇ, ਜਿਨ੍ਹਾਂ ਪੰਜਾਬ ਗਾਹਿਐ।ਜਦੋਂ ਲੋਕ ਦੌਣ ਕਸ ਦੇਣ। ਨੇਤਾ ਉਦੋਂ ਪਿੰਡੋਂ ਪਿੰਡੀ ਹੋ ਤੁਰਦੇ ਨੇ। ਅਫਸਰ ਵੋਟਾਂ ਦੇ ਮੁਥਾਜ ਨਹੀਂ। ਰਾਜਨੇਤਾ ਅਕਲੋਂ ਕੋਰੇ ਨੇ। ਅਫਸਰੀ ਦਾਬਾ ਭਾਰੂ ਹੈ। ਭਲੇਮਾਣਸ ਆਗੂ ਵੀ ਨਹੀਂ।ਗੱਲ ਨੇੜੇ ਤੇੜੇ ਢੁਕਦੀ ਐ। ਘਰ ਖੁੱਲ੍ਹਾ ਸੀ, ਮਾਲਕ ਬਾਹਰ ਸੀ। ਬਾਂਦਰ ਆਸਾ ਪਾਸਾ ਦੇਖ ਦਾਅ ਲਾ ਗਿਆ। ਜਾਂਦਾ ਹੋਇਆ ਕੱਟੇ ਦਾ ਮੂੰਹ ਲਬੇੜ ਗਿਆ। ਮਾਲਕ ਰਸੋਈ ਖਾਲੀ ਦੇਖ ਲਾਲ ਪੀਲਾ ਹੋ ਗਿਆ। ਮੂੰਹ ਲਿਬੜਿਆ ਦੇਖਿਆ ਤਾਂ ਮਾਲਕ ਨੇ ਕੱਟਾ ਢਾਹ ਲਿਆ। ਹੁਣ ਕੱਟਾ ਕੌਣ ਐ ਤੇ ਬਾਂਦਰ ਕੌਣ ਹੈ। ਲੱਖਣ ਤੁਸੀਂ ਲਾ ਲਿਓ। ‘ਇੱਲ ਦਾ ਨਣਦੋਈਆ ਕਾਂ।’ ਕਿਸੇ ਨਿਚੋੜ ਕੱਢ ਦੱਸਿਐ। ਅਫਸਰਾਂ ਤੇ ਨੇਤਾਵਾਂ ਦਾ ਗਠਜੋੜ ਬਣਿਐ। ਪੰਜਾਬ ਢਿੱਡ ਨੂੰ ਗੱਠ ਦੇਈ ਬੈਠੈ। ਜ਼ਖ਼ਮੀ ਹਾਲ ’ਚ ਤੜਫ ਰਿਹੈ। ਪੰਜਾਬੀ ਨਵਾਂ ਡਾਕਟਰ ਲੱਭ ਰਹੇ ਨੇ। ਨਵਜੋਤ ਸਿੱਧੂ ਸਮਝੋਂ ਬਾਹਰ ਹੈ। ਗੱਲ ਗੱਲ ’ਤੇ ਪੰਜਾਬ ਨੂੰ ਚੇਤੇ ਕਰਦੈ। ਗੇੜਾ ਕਦੇ ਨਹੀਂ ਮਾਰਦਾ। ਸਨੀ ਦਿਓਲ ਕਿਹੜਾ ਘੱਟ ਐ। ਤਾਲਾਬੰਦੀ ਨੇ ਪੰਜਾਬੀ ਤੱਕਲੇ ਵਰਗੇ ਕਰਤੇ। ਰੈੱਡ ਜ਼ੋਨ ਵਾਲੇ ਡਿਪਟੀ ਕਮਿਸ਼ਨਰ। ਰਾਤ ਨੂੰ ਪੂਰਾ ਸੌਂਦੇ ਨਹੀਂ, ਆਤਮਾ ਨੇ ਤਾਂ ਕਿਥੋਂ ਸੌਣੈ। ਇੱਧਰ, ਵੱਢੀਖੋਰ ਕਰੋਨਾ ਤੋਂ ਵੀ ਝਿਪੇ ਨਹੀਂ। ਦੱਸਦੇ ਨੇ, ਤਾਲਾਬੰਦੀ ’ਚ ਵੱਢੀਖੋਰੀ ਘਟੀ ਨਹੀਂ, ਕੇਵਲ ਭਾਅ ਡਿੱਗੇ ਨੇ।
                ਛੇ ਦਹਾਕੇ ਪਿਛਾਂਹ ਵੇਖੋ। ਅਜਮੇਰ ਸਿੰਘ ਨੇ ਕੁਨੈਕਸ਼ਨ ਲੈਣਾ ਸੀ। ਬਿਜਲੀ ਅਧਿਕਾਰੀ ਨੇ 200 ਰੁਪਏ ਰਿਸ਼ਵਤ ਮੰਗੀ। ਅਜਮੇਰ ਸਿਓਂ ਅੜ ਗਿਆ। ਦੋ ਸਾਲ ਰਿਸ਼ਵਤ ਨਾ ਦਿੱਤੀ। ਮਗਰੋਂ ਅਜਮੇਰ ਸਿੰਘ ਮਾਲ ਮੰਤਰੀ ਬਣ ਗਿਆ। ਬਿਜਲੀ ਅਧਿਕਾਰੀ ਦੋ ਬੋਤਲਾਂ ਸ਼ਰਾਬ ਲੈ ਗਿਆ। 200 ਰੁਪਏ ਮੁਆਫ਼ ਕਰ ਦਿੱਤੇ। ਸੇਵਕ ਤੇ ਨੌਕਰ ਦਾ ਗਠਜੋੜ। ਨਾ ਕੋਈ ਛੋਟ ਦਿੰਦੈ, ਨਾ ਰਹਿਮ ਕਰਦੈ। ਸਭ ਪੰਜਾਬ ਨੂੰ ਦੱਦ ਲੱਗੇ ਨੇ। ਕਦੋਂ ਮਗਰੋਂ ਲਹਿਣਗੇ। ਨੁਸਖ਼ਾ ਓਸ਼ੋ ਤੋਂ ਲੈ ਲਓ। ‘ਜਦੋਂ ਅਰਥੀ ਲਿਜਾਂਦੇ ਨੇ, ਮੋਢੇ ਬਦਲੇ ਜਾਂਦੇ ਨੇ। ਲੱਗਦੈ ਕਿ ਬੋਝ ਘੱਟ ਗਿਐ। ਇਹੋ ਹਾਲ ਕੁਰਸੀ ਦਾ ਹੈ। ਇੱਕ ਨੇਤਾ ਉਠਾ ਦਿੰਦੇ ਹੋ, ਦੂਸਰਾ ਬਿਠਾ ਦਿੰਦੇ ਹੋ। ਮਾਲੂਮ ਅਰਥੀ ਵਾਂਗੂ ਹੀ ਹੁੰਦਾ ਹੈ। ਸੁਆਲ ਥੋਡੇ ਜਾਗਣ ਦਾ ਹੈ। ਜਦੋਂ ਮਨ ’ਚ ਦੀਵਾ ਜਗੇਗਾ। ਹਨੇਰਾ ਰਾਹ ਛੱਡੇਗਾ..।’ ਕਬੀਰ ਜੀ ਥੋੜਾ ਵੱਖਰਾ ਸੋਚਦੇ ਨੇ। ‘ਕਬੀਰਾ ਤੇਰੀ ਝੌਂਪੜੀ, ਗਲ ਕਟਿਅਨ ਕੇ ਪਾਸ, ਜੋ ਕਰਨਗੇ ਸੋ ਭਰਨਗੇ, ਤੁਮ ਕਿਉਂ ਭਏ ਉਦਾਸ..।’


1 comment: