Saturday, May 2, 2020

                                                        ਕੁਰਸੀ ਵੱਡੀ, ਦਿਲ ਛੋਟੇ
                          ਮੁੱਖ ਮੰਤਰੀ ਰਾਹਤ ਫੰਡ ਨਾਲ ਸਿਆਸੀ ਟਿੱਚਰਾਂ !
                                                             ਚਰਨਜੀਤ ਭੁੱਲਰ
ਚੰਡੀਗੜ੍ਹ : ਮੁੱਖ ਮੰਤਰੀ ਰਾਹਤ ਫੰਡ ਲਈ ਸਿਆਸੀ ਲੋਕ ਹੱਥ ਘੁੱਟ ਦਾਨ ਕਰ ਰਹੇ ਹਨ ਜਦੋਂ ਕਿ ਮੁਲਾਜ਼ਮਾਂ ਨੇ ਵੱਡਾ ਦਿਲ ਦਿਖਾਇਆ ਹੈ। ਪੰਜਾਬ ਚੋਂ ਸਵੈ ਇੱਛਾ ਨਾਲ ਮੁੱਖ ਮੰਤਰੀ ਰਾਹਤ ਫੰਡ ’ਚ ਵੱਡੀ ਰਾਸ਼ੀ ਨਹੀਂ ਪੁੱਜੀ ਹੈ। ਹੁਣ ਤੱਕ ਸਿਰਫ਼ ਤਿੰਨ ਵਿਧਾਇਕਾਂ ਅਤੇ ਤਿੰਨ ਆਈ.ਏ.ਐਸ ਅਫਸਰਾਂ ਨੇ ਰਾਹਤ ਫੰਡ ’ਚ ਯੋਗਦਾਨ ਪਾਇਆ ਹੈ। 23 ਮਾਰਚ ਨੂੰ ਵਜ਼ੀਰਾਂ ਨੇ ਇੱਕ ਮਹੀਨੇ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਸੀ। ਦੂਸਰੀ ਤਰਫ਼ ਮੁਲਾਜ਼ਮਾਂ ’ਤੇ ਤਨਖਾਹ ਕਟੌਤੀ ਦੀ ਤਲਵਾਰ ਹਾਲੇ ਲਟਕ ਰਹੀ ਹੈ। ਚਰਚਾ ਹੈ ਕਿ ਸਰਕਾਰ ਇਸ ਬਾਰੇ ਜਲਦੀ ਫੈਸਲਾ ਲਏਗੀ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਨੂੰ ਪ੍ਰਤੀ ਮਹੀਨਾ 1.60 ਲੱਖ ਰੁਪਏ (ਸਮੇਤ ਬੱਝਵੇਂ ਭੱਤੇ) ਤਨਖਾਹ ਮਿਲਦੀ ਹੈ ਜਿਸ ਚੋਂ ਮੁੱਖ ਮੰਤਰੀ ਨੇ ਸਿਰਫ਼ ਬੇਸਿਕ ਪੇਅ ਵਜੋਂ ਇੱਕ ਲੱਖ ਰੁਪਏ ਰਾਹਤ ਫੰਡ ’ਚ ਦਾਨ ਵਜੋਂ ਭੇਜੇ ਹਨ। ਵਜ਼ੀਰਾਂ ਨੂੰ ਸਮੇਤ ਬੱਝਵੇਂ ਭੱਤੇ ਪ੍ਰਤੀ ਮਹੀਨਾ 1.10 ਲੱਖ ਰੁਪਏ ਤਨਖਾਹ ਮਿਲਦੀ ਹੈ ਜਿਸ ਚੋਂ ਹਰ ਵਜ਼ੀਰ ਨੇ ਸਿਰਫ਼ ਬੇਸਿਕ ਪੇਅ ਦੇ 50 ਹਜ਼ਾਰ ਰੁਪਏ ਦੇ ਚੈੱਕ ਭੇਜੇ ਹਨ। 16 ਮੰਤਰੀਆਂ ਨੇ ਕੇਵਲ 8 ਲੱਖ ਰੁਪਏ ਕੌਮੀ ਅੌਖ ਦੇ ਮੌਕੇ ਦਾਨ ਵਜੋਂ ਦਿੱਤੇ ਹਨ। ਸੂਤਰਾਂ ਅਨੁਸਾਰ 30 ਅਪਰੈਲ ਤੱਕ ਪੰਜਾਬ ਦੇ ਬਾਕੀ 100 ਵਿਧਾਇਕਾਂ ਚੋਂ ਸਿਰਫ਼ ਤਿੰਨ ਵਿਧਾਇਕ ਨਿੱਤਰੇ ਹਨ ਜਿਨ੍ਹਾਂ ਚੋਂ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਆਪਣੀ ਬੇਸਿਕ ਪੇਅ 25 ਹਜ਼ਾਰ ਰੁਪਏ ਰਾਹਤ ਫੰਡ ਲਈ ਦਿੱਤੀ ਹੈ।
             ਇਵੇਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਇੱਕ ਸਾਲ ਭਰ ਲਈ ਆਪਣੀ ਬੇਸਿਕ ਪੇਅ ਰਾਹਤ ਫੰਡ ਨੂੰ ਦੇਣ ਲਈ ਲਿਖ ਦਿੱਤਾ ਹੈ। ਜਲਾਲਾਬਾਦ ਤੋਂ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਲਿਖਤੀ ਰੂਪ ਵਿਚ ਦੇ ਦਿੱਤਾ ਹੈ ਕਿ ਦੋ ਵਰ੍ਹਿਆਂ ਦੀ ਬੇਸਿਕ ਪੇਅ ਰਾਹਤ ਫੰਡ ਵਿਚ ਪਾ ਦਿੱਤੀ ਜਾਵੇ। ਮਗਰੋਂ ਗੱਲ ਚੱਲੀ ਸੀ ਕਿ ਵਜ਼ੀਰ ਤਿੰਨ ਮਹੀਨੇ ਦੀ ਤਨਖਾਹ ਦੇਣਗੇ ਪ੍ਰੰਤੂ ਹਾਲੇ ਤੱਕ ਹਕੀਕੀ ਤੌਰ ’ਤੇ ਇਹ ਸਾਹਮਣੇ ਨਹੀਂ ਆਇਆ ਹੈ।ਪੰਜਾਬ ਸਰਕਾਰ ਨੇ ਕਲਾਸ ਵਨ ਤੇ ਟੂ ਅਫਸਰਾਂ ਨੂੰ 30 ਫੀਸਦੀ, ਕਲਾਸ ਤਿੰਨ ਨੂੰ 20 ਫੀਸਦੀ ਅਤੇ ਦਰਜਾ ਚਾਰ ਨੂੰ 10 ਫੀਸਦੀ ਤਨਖਾਹ ਰਾਹਤ ਫੰਡ ਵਜੋਂ ਦੇਣ ਲਈ ਅਪੀਲ ਕੀਤੀ ਸੀ। ਸੂਤਰਾਂ ਅਨੁਸਾਰ ਸਿਰਫ਼ ਤਿੰਨ ਆਈ. ਏ.ਐਸ ਅਫਸਰਾਂ ਹਾਲੇ ਤੱਕ ਅੱਗੇ ਆਏ ਹਨ ਜਿਨ੍ਹਾਂ ਚੋਂ ਇੱਕ ਅਧਿਕਾਰੀ ਨੇ 50 ਹਜ਼ਾਰ ਰੁਪਏ ਰਾਹਤ ਫੰਡ ਲਈ ਦਿੱਤੇ ਹਨ ਜਦੋਂ ਕਿ ਦੂਸਰੇ ਨੇ ਇੱਕ ਸਾਲ ਲਈ ਆਪਣੀ ਬੇਸਿਕ ਪੇਅ ਦੇਣ ਦਾ ਲਿਖ ਕੇ ਦਿੱਤਾ ਹੈ। ਤੀਸਰੇ ਅਧਿਕਾਰੀ ਨੇ ਇੱਕ ਦਿਨ ਦੀ ਪੇਅ ਹਰ ਮਹੀਨੇ (ਸਾਲ ਭਰ ਲਈ) ਕੱਟਣ ਵਾਰੇ ਲਿਖਿਆ ਹੈ। ਅਹਿਮ ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਰਾਹਤ ਫੰਡ ਵਿਚ ਹੁਣ ਤੱਕ ਕਰੀਬ 20 ਕਰੋੜ ਰੁਪਏ ਦਾ ਦਾਨ ਪ੍ਰਾਪਤ ਹੋਇਆ ਹੈ। ਪਾਵਰਕੌਮ ਦੀ ਮੈਨੇਜਮੈਂਟ, ਅਧਿਕਾਰੀਆਂ, ਮੁਲਾਜ਼ਮਾਂ ਅਤੇ ਪੈੱਨਸ਼ਨਰਾਂ ਤਰਫ਼ੋਂ ਅੱਜ ਇੱਕ ਦਿਨ ਦੀ ਤਨਖਾਹ ਵਜੋਂ 7.91 ਕਰੋੜ ਰੁਪਏ ਰਾਹਤ ਫੰਡ ਵਿਚ ਯੋਗਦਾਨ ਪਾਇਆ ਹੈ।
             ਪੰਜਾਬ ਪੁਲੀਸ ਦੇ ਅਫਸਰਾਂ ਤਰਫ਼ੋਂ 33 ਲੱਖ ਦੀ ਵਿੱਤੀ ਮਦਦ ਦੇਣ ਦਾ ਫੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਵੀ ਇੱਕ ਮਹੀਨੇ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਸੀ।  ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਪਾਰਟੀ ਦੇ ਸਾਰੇ ਵਿਧਾਇਕ ਇੱਕ ਮਹੀਨੇ ਦੀ ਬੇਸਿਕ ਪੇਅ ਰਾਹਤ ਫੰਡਾਂ ਵਿਚ ਦੇਣਗੇ ਅਤੇ ਉਹ ਭਲਕੇ ਹੀ ਲਿਖਤੀ ਰੂਪ ਵਿਚ ਇਸ ਬਾਰੇ ਭੇਜ ਰਹੇ ਹਨ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਸੰਸਦ ਮੈਂਬਰਾਂ ਦੇ ਹਲਕਾ ਭੱਤਾ ਅਤੇ ਦਫ਼ਤਰੀ ਖਰਚੇ ਚੋਂ 30 ਫੀਸਦੀ ਦਾ ਕੱਟ ਲਗਾ ਦਿੱਤਾ ਹੈ। ਪ੍ਰਧਾਨ ਮੰਤਰੀ ਰਾਹਤ ਫੰਡਾਂ ਵਿਚ ਪੰਜਾਬ ਦੇ ਲੋਕ ਸਭਾ ਦੇ 13 ਅਤੇ ਰਾਜ ਸਭਾ ਦੇ 7 ਐਮ.ਪੀ ਸਲਾਨਾ 64.80 ਲੱਖ ਰੁਪਏ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ਦੇਣਗੇ। ਸੰਸਦ ਮੈਂਬਰ ਨੂੰ 70 ਹਜ਼ਾਰ ਰੁਪਏ ਹਲਕਾ ਭੱਤਾ ਅਤੇ 20 ਹਜ਼ਾਰ ਰੁਪਏ ਦਫ਼ਤਰੀ ਖਰਚਾ ਮਿਲਦਾ ਹੈ ਜਿਸ ਚੋਂ 30 ਫੀਸਦੀ ਦੇ ਹਿਸਾਬ ਨਾਲ ਪ੍ਰਤੀ ਮਹੀਨਾ 27 ਹਜ਼ਾਰ ਰੁਪਏ ਕੱਟੇ ਜਾਣਗੇ। ਇੱਕ ਸਾਲ ਦੌਰਾਨ ਹਰ ਐਮ.ਪੀ 3.24 ਲੱਖ ਰੁਪਏ ਦਾ ਰਾਹਤ ਫੰਡਾਂ ਵਿਚ ਯੋਗਦਾਨ ਪਾਏਗਾ। ਸੂਤਰ ਦੱਸਦੇ ਹਨ ਕਿ ਬਹੁਤਾ ਯੋਗਦਾਨ ਤਾਂ ਸਰਕਾਰੀ ਮੁਲਾਜ਼ਮ ਹੀ ਪਾ ਰਹੇ ਹਨ ਜਾਂ ਫਿਰ ਵੱਖ ਵੱਖ ਵਿਭਾਗ ਅਤੇ ਬੋਰਡ ਪਾ ਰਹੇ ਹਨ। ਆਮ ਲੋਕ ਮੁੱਖ ਮੰਤਰੀ ਰਾਹਤ ਫੰਡਾਂ ’ਚ ਦਿਲ ਖੋਲ ਕੇ ਦਾਨ ਨਹੀਂ ਕਰ ਰਹੇ ਹਨ।
                ਸਮਾਜਿਕ ਸੰਸਥਾ ‘ਸਿਦਕ’ ਦੇ ਪ੍ਰਧਾਨ ਸਾਧੂ ਰਾਮ ਕੁਸਲਾ ਆਖਦੇ ਹਨ ਕਿ ਪੰਜਾਬ ਦੇ ਲੋਕਾਂ ਦਾ ਸਿਆਸੀ ਲੋਕਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਜਿਸ ਕਰਕੇ ਉਹ ਮੁੱਖ ਮੰਤਰੀ ਰਾਹਤ ਫੰਡ ਵਿਚ ਚੰਦਾ ਦੇਣ ਦੀ ਥਾਂ ਸਿੱਧੀ ਸੇਵਾ ਕਰਨ ਵਿਚ ਜਿਆਦਾ ਯਕੀਨ ਰੱਖਦੇ ਹਨ।  ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ ਮਾਲ ਮਹਿਕਮੇ ਦੇ ਅਫਸਰਾਂ ਤਰਫ਼ੋਂ 15 ਲੱਖ ਰੁਪਏ ਦਾ ਰਾਹਤ ਫੰਡ ਵਿਚ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਦਾ ਭਾਵੇਂ ਸਿੱਧੇ ਤੌਰ ’ਤੇ ਮੁੱਖ ਮੰਤਰੀ ਰਾਹਤ ਫੰਡ ਨਾਲ ਤਅੱਲਕ ਨਹੀਂ ਹੈ ਪ੍ਰੰਤੂ ਸਮਾਜ ਦਾ ਹਰ ਤਬਕਾ ਅਤੇ ਵਰਗ ਰਾਹਤ ਫੰਡਾਂ ਵਿਚ ਭਰਵਾਂ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਸਨਅਤੀ ਘਰਾਣਿਆਂ ਨੇ ਵੀ ਰਾਹਤ ਫੰਡਾਂ ਵਿਚ ਰਾਸ਼ੀ ਦਿੱਤੀ ਹੈ।
         

1 comment:

  1. Both puppets of delhi
    ਦੋਨੇ ਦਿਲੀ ਰਾਜ ਦੀਆਂ ਕਠਪੁਤਲੀਆ ਹਨ - ਦੋਨੇ ਤਤਪਰ ਰਹਿੰਦੇ ਹਨ ਸਿਖਾ ਨੂ ਕੁਟਣ ਨੂ ਤੇ ਦੂਸਰੇ ਜੇ ਕੋਈ ਲਗਤ ਕਰਦੇ ਹਨ ਤਾ ਅਖਾ ਮੀਚ ਲੈਂਦੇ ਹਨ - ਜਲੰਧਰ ਵਿਚ ਜੋ police ਵਾਲੇ ਕਾਰ ਦੇ ਬੋਨੇਟ ਤੇ ਘੜੀਸਿਆ ਹੈ - ਉਸ ਬਾਰੇ ਕੋਈ ਕੁਝ ਨਹੀ ਬੋਲਿਆ -ਤੇ ਨਿਹਿੰਗਾ ਵੇਲੇ ਇਨਾ ਰੋਲਾ ਕਿਓ - ਹਾਲਾ ਕਿ ਜੇ ਕੋਈ law break ਕਰਦਾ ਹੈ ਉਸ ਨੂ ਸਜਾ ਹੋਵੇ ਨਾ ਕਿ ਉਸ ਦੇ ਘਰਦਿਆ ਨੂ ਜਿਵੇ ਕਿ ladies ਨੂ ਹੋਈ ਸੀ ਤੇ ਰਾਜਪੁਰੇ ਹੁਕਾ ਬਾਰ ਤੇ ਸ਼੍ਰੀ ਹਜੂਰ ਸਾਹਿਬ ਦਾ comparison - ਗੋਰਿਆ ਦੇ ਅਓਨ ਤੋ ਪਹਿਲਾ ਦੀਆਂ mistakes ਤੇ 1947 ਵੇਲੇ ਦੀਆਂ ਗਲਤੀਆ - ਉਨਾ ਦੀ ਸਜਾ ਅਸੀਂ ਹੁਣ ਭੁਗਤ ਰਹੇ ਹਾ..ਪਰ ਇਨਾ ਦੋਨੇ fatsos ਨੂ ਕੋਈ ਫਰਕ ਨਹੀ - ਇਨਾ ਦਾ ਕਨੇਡਾ ਅਮਰੀਕਾ 1/5 ਵੇ ਹਿਸੇ ਦੀ ਪੰਜਾਬੀ ਸੂਬੀ ਦੇ ਛਪੜ ਵਿਚ ਹੀ - ਇਨਾ ਦੇ ਕਰਿੰਦੇ ਪਿੰਡਾ ਵਿਚ ਜੋ ਬੈਠੇ ਹਨ ਤਤਪਰ ਹਨ ਓਹ ਇਨਾ ਨਾਲ ਮਿਲ ਕੇ ਰਾਜ ਕਰਨ ਤੂ nris ਦੀਆਂ ਜਮੀਨਾ ਤੇ ਕਬਜਾ ਕਰਨ ਨੂ

    ReplyDelete