ਵਿਚਲੀ ਗੱਲ
ਬਗਲਾ ਭਗਤ ਮੱਛੀ ਦਾ ਰਾਖਾ..!
ਚਰਨਜੀਤ ਭੁੱਲਰ
ਚੰਡੀਗੜ੍ਹ : ਬਹੁਤਾ ਸੋਚਣ ਦੀ ਲੋੜ ਨਹੀਂ। ਤੁਸੀਂ ਸੋਚ ’ਤੇ ਪਹਿਰਾ ਦੇਣ ਵਾਲੇ ਤਾਂ ਬਣੋ। ਦੱਸੋ ਖਾਂ, ਸਰ ਛੋਟੂ ਰਾਮ ਕਿਵੇਂ ਰਹੂ। ਜਚਿਆ ਨਹੀਂ ਤਾਂ ਚੌਧਰੀ ਚਰਨ ਸਿੰਘ ਵੇਖ ਲਓ। ਲਾਲ ਬਹਾਦਰ ਸ਼ਾਸਤਰੀ ਬਾਰੇ ਕੀ ਖਿਆਲ ਐ। ‘ਜੱਟ ਕੀ ਜਾਣੇ ਲੌਂਗਾਂ ਦਾ ਭਾਅ’, ਬੜੇ ਪੀਰ ਹੋ ਤੁਸੀਂ। ਆਖਦੇ ਹੋ, ਜ਼ਿੰਦਾਬਾਦ ਇਨ੍ਹਾਂ ਦੀ ਕਿਉਂ ਕਰੀਏ। ਉਪਜਾਊ ਸੋਚ ਦਾ ਸਾਡੇ ਕਿਤੇ ਘਾਟੈ। ਸਾਡੇ ਕੋਲ ਜਥੇਦਾਰ ਤੋਤਾ ਸਿਓਂ ਹੈ। ਸੁੱਚਾ ਸਿੰਘ ਲੰਗਾਹ ਜੀ ਨੇ। ਗੁਰਦੇਵ ਸਿਓਂ ਬਾਦਲ ਦੀ ਸੋਚ ਨੂੰ ਕਿਵੇਂ ਭੁੱਲੀਏ। ਅਮਰਿੰਦਰ ਤਾਂ ਦਿਲੋ ਦਿਮਾਗ ’ਤੇ ਛਾਏ ਨੇ। ਤੁਸੀਂ ਤਾਂ ਅਕਲੋਂ ਪੈਦਲ ਹੀ ਨਿਕਲੇ। ਏਨੇ ਚੋਟੀ ਦੇ ਖੇਤੀ ਮੰਤਰੀ ਮਿਲੇ। ਤੁਸੀਂ ਮੌਕਾ ਗੁਆ ਬੈਠੇ। ਡੁੱਲ੍ਹੇ ਬੇਰ ਝੋਲੀ ’ਚ ਪਾ ਲਓ। ਬੱਸ ਆਹ ਕਰੋਨਾ ਦਾ ਫਸਤਾ ਵੱਢਿਆ ਜਾਏ। ਅਮਰਿੰਦਰ ਸਿਓਂ ਖੇਤੀ ਮੰਤਰੀ ਵੀ ਨੇ। ਖੇਤਾਂ ’ਚ ਥੋਡੇ ਕੋਲ ਸਿੱਧੇ ਪੁੱਜਣਗੇ। ਖੁੱਲ੍ਹ ਕੇ ਕਰਿਓ ਗੱਲਾਂ। ਸ਼ਾਇਦ ਨਾਲ ਪ੍ਰਸ਼ਾਂਤ ਕਿਸ਼ੋਰ ਵੀ ਆਊ। ਨੰਦ ਕਿਸ਼ੋਰ ਤਾਂ ਪੰਜਾਬ ’ਚੋਂ ਚਲੇ ਗਏ। ਝੋਨਾ ਤੁਸੀਂ ਆਪ ਲਾ ਲਿਓ। ਅਫਗਾਨੀ ਕਹਾਵਤ ਹੈ, ‘ਜੇ ਦੋਸਤੀ ਚੋਰ ਨਾਲ ਹੋਵੇ, ਪਹਿਲਾਂ ਆਪਣੀ ਮੱਝ ਨੂੰ ਰੱਸਾ ਪਾਓ’। ਫਿਰ ਪ੍ਰਸ਼ਾਂਤ ਕਿਸ਼ੋਰ ਨੂੰ ਵੱਟ ’ਤੇ ਬਿਠਾ ਲੈਣਾ। ਘਰੋਂ ਮੁੰਡੇ ਤੋਂ ਬੈਂਕ ਦੀ ਕਾਪੀ ਮੰਗਾ ਲੈਣਾ। ਝਾਤ ਕਰਜ਼ੇ ’ਤੇ ਪਵਾ ਦੇਣਾ। ਦੇਖੀ ਜਾਊ, ਭਾਵੇਂ ਵੱਟੋ-ਵੱਟ ਪਾ ਲੈਣਾ। ਵੋਟਾਂ ਵੇਲੇ ਕੌਣ ਗੁੱਸਾ ਕਰਦੈ। ਸੁਰਗਲੋਕ ’ਚ ਮਰਹੂਮ ਸ਼ਾਸਤਰੀ ਜੀ ਬੈਠੇ ਨੇ। ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਗੂੰਜਿਆ। ਜੰਗਲ ’ਚ ਮੰਗਲ ਲਾ ਦਿੱਤੇ। ਵਿਆਜ ’ਤੇ ਵਿਆਜ ਲਾਉਣਾ ਖ਼ਤਮ ਕਰਾਇਆ। ਨਵਾਂ ਐਕਟ ਬਣਾਇਆ, ਸਰ ਛੋਟੂ ਰਾਮ ਨੇ, ਸਿਜਦਾ ਕਰਦੇ ਹਾਂ। ਚੌਧਰੀ ਚਰਨ ਸਿੰਘ ਦੀ ਰੂਹ ਨੂੰ ਪ੍ਰਣਾਮ, ਜ਼ਮੀਨੀ ਸੁਧਾਰਾਂ ਬਾਰੇ ਕਾਨੂੰਨ ਜੋ ਬਣਾਏ।
ਜਥੇਦਾਰ ਗੁਰਦੇਵ ਸਿੰਘ ਬਾਦਲ ਵੀ ਪਰਲੋਕ ’ਚ ਬੈਠੇ ਨੇ। ‘ਫੁੱਲਾਂ ਦੀ ਖੇਤੀ’ ਦੇ ਸੁਫਨੇ ਦਿਖਾਏ। ਉਦੋਂ ਜਾਅਲੀ ਖਾਦਾਂ ਤੇ ਸਪਰੇਆਂ ਦਾ ਰੱਜ ਕੇ ਰੌਲਾ ਪਿਆ। ਇੱਕ ਮੰਤਰੀ ਦੀ ਫੈਕਟਰੀ ਖੇਤ ਚੱਟ ਗਈ। ਲਓ ਇੱਕ ਟੋਟਕਾ ਸੁਣੋ। ਗੰਢੇ ਅਸਮਾਨੀ ਚੜ੍ਹੇ ਹੋਏ ਸਨ। ਗੁਰਦੇਵ ਬਾਦਲ ਇੱਕ ਜਲਸੇ ’ਚ ਬੋਲੇ। ‘ਘਰੇ ਲਾਲ ਗੰਢੇ ਲਾਓ, ਮਹਿੰਗਾਈ ਭਜਾਓ, ਲਾਲ ਝੰਡੇ ਵਾਲੇ ਹਰਾਓ।’ ਪੰਡਾਲ ’ਚੋਂ ਕੋਈ ਬੋਲਿਆ। ਜਥੇਦਾਰ ਜੀ, ਲਾਲ ਰੰਗ ਤਾਂ ਕਾਮਰੇਡਾਂ ਦਾ ਐ, ਨੀਲੇ ਗੰਢੇ ਨਾ ਲਾ ਲਈਏ।’ ਜ਼ਰੂਰ ਕਿਸੇ ਖੇਤੀ ਵਿਗਿਆਨੀ ਨੇ ਗੱਲ ਪੱਲੇ ਬੰਨ੍ਹੀ ਹੋਊ। ਨੀਲੀ ਬੰਦ ਗੋਭੀ ਤਾਂ ਆ ਗਈ, ਨੀਲੇ ਗੰਢੇ ਹਾਲੇ ਨਹੀਂ ਆਏ। ਦੇਖਿਆ ਜਾਵੇ ਤਾਂ ਨੁਸਖ਼ਾ ਚੰਗੈ। ਭਾਜਪਾਈ ਕਿਤੇ ਕੇਸਰੀ ਗੰਢੇ ਨਾ ਤਿਆਰ ਕਰਾ ਲੈਣ। ਬੋਲੋ.. ਗੰਢਾ ਮਹਾਰਾਜ ਦੀ ਜੈ। ਖੈਰ, ਕਿਸਾਨ ਵਿਚਾਰਾ ’ਕੱਲੈ, ਗੰਢੇ ਗਾਲਣ ਵਾਲੇ ਲੱਖਾਂ ਨੇ। ਟਾਵਾਂ ਵਰ੍ਹਾ ਸੁੱਕਾ ਲੰਘਦੈ, ਨਾਸਿਕ ਦੇ ਕਿਸਾਨ ਮਿੱਟੀ ਦੇ ਭਾਅ ਵੇਚਦੇ ਨੇ। ਮੱਧ ਪ੍ਰਦੇਸ਼ ’ਚ ਮੱਕੀ ਮਿੱਟੀ ਬਣੀ ਹੈ। ਯੂਪੀ ’ਚ ਟਮਾਟਰ ਤੇ ਦੱਖਣ ’ਚ ਕੇਲਾ। ਫਾਰਸੀ ਅਖਾਣ ਐ, ‘ਜਦੋਂ ਊਠ ਰੁਪਏ ਦਾ ਵਿਕੇ, ਉਦੋਂ ਖੋਤੇ ਦਾ ਧੇਲਾ ਨਹੀਂ ਮਿਲਦਾ।’ ਅਮਰਿੰਦਰ ਨੇ ਜਦੋਂ ਪਹਿਲੀ ਵਾਰ ਗੱਦੀ ਸੰਭਾਲੀ। ਹਿੱਕ ਥਾਪੜਨ ਲੱਗੇ ਚੇਲੇ, ਹੁਣ ਬਣਿਐ, ‘ਟਕਸਾਲੀ ਜੱਟ ਮੁੱਖ ਮੰਤਰੀ’। ‘ਪਾਣੀਆਂ ਦਾ ਰਾਖਾ’ ਇਹ ਰਾਗ ਵੀ ਵਜਾਇਆ ਗਿਆ। ਨਕਲੀ ਬੀਜ, ਸਪਰੇਆਂ ਤੇ ਨਕਲੀ ਖਾਦਾਂ ਕਦੇ ਵਿਕਣੋਂ ਨਹੀਂ ਰੁਕੇ। ਅੰਨਦਾਤੇ ਦੀ ਜ਼ਿੰਦਗੀ ਨੂੰ ਕਦੇ ਕਾਂਗਿਆਰੀ ਪਈ ਅਤੇ ਕਦੇ ਗੁੱਲੀ ਡੰਡਾ। ਰਾਜਿਆਂ ਦੇ ਘਰ ਮੋਤੀਆਂ ਦਾ ਕਾਲ ਪਿਐ। ਤਾਹੀਓਂ ਕਰਜ਼ੇ ਸਿਰ ਨਹੀਂ ਚੁੱਕਣ ਦਿੰਦੇ।
ਸੁੱਚਾ ਸਿੰਘ ਲੰਗਾਹ ਖੇਤੀ ਮੰਤਰੀ ਸਨ। ਉਦੋਂ ਸੀਡ ਕਾਰਪੋਰੇਸ਼ਨ ’ਚ ਘੁਟਾਲੇ ਦਾ ਧੂੰਆਂ ਉੱਠਿਆ। ਤੋਤਾ ਸਿੰਘ ਖੇਤੀ ਮੰਤਰੀ ਸਨ, ਕੀਟਨਾਸ਼ਕ ਘਪਲੇ ਗੂੰਜ ਅਸਮਾਨੀਂ ਪਈ। ਵੱਢੀ ਦੇਣ ਚੱਲੇ ਬੀਜਾਂ ਵਾਲੇ ਅਫ਼ਸਰ ਕੁੜਿੱਕੀ ’ਚ ਆਏ। ਅਮਰਿੰਦਰ ਖੇਤੀ ਮੰਤਰੀ ਵੀ ਹਨ। ਬੀਜ ਘਪਲੇ ਨੇ ਫਿਰ ਸਿਰ ਚੁੱਕਿਐ। ਦਾਦੀਆਂ ਤੋਂ ‘ਕਾਂ ਤੇ ਚਿੜੀ’ ਵਾਲੀ ਬਾਤ ਤਾਂ ਸੁਣੀ ਹੋਊ। ਚਿੜੀ ਆਪਾ ਖਪਾਉਂਦੀ, ਕਾਂ ਵਿਹਲਾ ਛਕਦਾ। ਪੁਰਾਣੀ ਕਵਿੱਤ ਚੇਤੇ ’ਚ ਘੁੰਮਾਓ, ‘ਮੋਰ ਪਾਵੇ ਪੈਲ, ਸੱਪ ਜਾਵੇ ਖੱਡ ਨੂੰ, ਬਗਲਾ ਭਗਤ ਚੱਕ ਲਿਆਵੇ ਡੱਡ ਨੂੰ..!’ ਜੇ ਬਗਲੇ ਭਗਤ ਘਾਤ ਨਾ ਲਾਉਂਦੇ। ਕਿਸੇ ਨੇ ਪਿਓ ਦਾ ਵੱਟਿਆ ਸਣ ਵਾਲਾ ਰੱਸਾ ਨਹੀਂ ਚੁੱਕਣਾ ਸੀ। ਕੋਈ ਕਿਉਂ ਫਿਰ ਮਾਂ ਦੀ ਚੁੰਨੀ ਭਾਲਦਾ। ਖੇਤ ਵਿਚਲੀ ਟਾਹਲੀ ਛਾਵਾਂ ਵੰਡਦੀ। ਸਰਕਾਰਾਂ ਬੇਕਿਰਕ, ਰੱਸੇ ਤੇ ਚੁੰਨੀਆਂ ਫਾਹੀਆਂ ਬਣੀਆਂ ਨੇ। ਬੱਕਰਾ ਜਾਨੋਂ ਗਿਆ… ਤੁਸੀਂ ਆਖਦੇ ਹੋ, ਘਟੀ ਦੀ ਕੋਈ ਦਾਰੂ ਨਹੀਂ। ਕਿਤੇ ਮੀਲੀ ਬੱਗ, ਚਿੱਟੀ ਮੱਖੀ, ਗੁਲਾਬੀ ਮੱਖੀ, ਕਿਤੇ ਤੰਬਾਕੂ ਸੁੰਡੀ, ਪਹਿਲਾਂ ਅਮਰੀਕਨ ਸੁੰਡੀ। ਹੁਣ ਟਿੱਡੀ ਦਲ। ਖੇਤਾਂ ’ਚ ਜਿੱਧਰ ਦੇਖੋ, ਮੜ੍ਹੀਆਂ ਦਿਖਦੀਆਂ ਨੇ। ਖੇਤਾਂ ਦਾ ਗਾਮਾ ਭਲਵਾਨ ਜ਼ਿੰਦਗੀ ਦਾ ਘੋਲ ਹਾਰ ਗਿਆ। ਕਿਵੇਂ ਹਾਰਿਐ, ਜਗਰੂਪ ਝੁਨੀਰ ਤੋਂ ਸੁਣੋ। ‘ਅੰਮੀਏ ਨੀ ਤੇਰੇ ਪੁੱਤ ਨੂੰ, ਚਿੱਟਾ ਸੋਨਾ ਵੀ ਰਾਸ ਨਾ ਆਇਆ/ਨਿੱਤ ਕਰੇ ਖੁਦਕੁਸ਼ੀਆਂ,ਬਾਜ਼ੀ ਹਾਰ ਗਿਆ ਮਿੱਟੀ ਦਾ ਜਾਇਆ।’ ਲੱਗਦੇ ਹੱਥ ਫ਼ਤਿਹ ਸ਼ੇਰਗਿੱਲ ਨੂੰ ਮੌਕਾ ਦਿਓ। ‘ਭਾੜਾ ਕੋਲ ਨਹੀਂ ਸੀ ਕਰਦਾ ਕਿਵੇਂ ਸਵਾਰੀ ਬੱਸਾਂ ਦੀ/ ਮੈਂ ਪਿੰਡ ਪੈਦਲ ਤੁਰਿਆ ਜਾਵਾਂ ਫ਼ਸਲ ਵੇਚ ਕੇ ਲੱਖਾਂ ਦੀ।‘
ਬਲਦੇਵ ਸਿੰਘ ਸੜਕਨਾਮਾ ਦਾ ਨਾਵਲ ‘ਅੰਨਦਾਤਾ’। ਸੀਮਾਂਤ ਕਿਸਾਨੀ ਦਾ ਕੌੜਾ ਯਥਾਰਥ ਪੇਸ਼ ਕਰਦੈ। ‘ਜ਼ਮੀਨ ਉਹੀ ਰਾਣੀ, ਜਿਸ ਦੇ ਸਿਰ ਪਾਣੀ’। ਤੁਸੀਂ ਫਿਕਰ ਛੱਡ ਕੇ ਜੈਕਾਰੇ ਛੱਡੋ। ਸਾਡੇ ਕੋਲ ਜਥੇਦਾਰ ਸੁਖਬੀਰ ਸਿੰਘ ਬਾਦਲ ਹਨ। ਮਜਾਲ ਐ, ਪਾਣੀ ਦੀ ਇੱਕ ਬੂੰਦ ਵੀ ਜਾਣ ਦੇਣ। ਨਾਲੇ ਕੋਈ ਖੇਤੀ ਮੋਟਰਾਂ ਦੇ ਬਿੱਲ ਲਾ ਕੇ ਦਿਖਾਵੇ। ਮੌਜੂਦਾ ਲੋਕ ਸਭਾ ’ਚ 167 ਸੰਸਦ ਮੈਂਬਰ ਨੇ। ਜੋ ‘ਕਿਸਾਨ ਪੁੱਤਰ’ ਅਖਵਾਉਂਦੇ ਨੇ। ਕਿਸਾਨੀ ਨੂੰ ਜਿਣਸਾਂ ਦੇ ਭਾਅ ਕਿਉਂ ਨਹੀਂ ਮਿਲਦੇ। ਗੱਲ ਪੰਜਾਹ ਸਾਲ ਪੁਰਾਣੀ ਐ। ਕਣਕ ਦਾ ਭਾਅ 115 ਰੁਪਏ ਕੁਇੰਟਲ ਸੀ। ਡਾ. ਕੇਵਲ ਕ੍ਰਿਸ਼ਨ ਟੱਕਰੇ, ਅੱਗਿਓਂ ਗੁਰਦੇਵ ਬਾਦਲ ਇੰਝ ਬੋਲੇ, ‘ਡਾ. ਸਾਹਿਬ ਥੋਡੀ ਟੋਪੀ ਦੀ ਕੀਮਤ ਵਧ ਗਈ, ਕਣਕ ਝੋਨੇ ਦਾ ਭਾਅ ਨਹੀਂ ਵਧਿਆ’। 1964-65 ਦੇ ਲਾਗੇ ਜਦੋਂ ਅੰਨ ਸੰਕਟ ਸੀ। ਬੱਚੇ ਵਿਲਕਦੇ ਸਨ। ਉਦੋਂ ਵੀ ਬਗਲੇ ਭਗਤ, ‘ਖਾਦ ਖਾਂਦੇ ਸਨ, ਬੀਜ ਖਾਂਦੇ ਸਨ, ਖੰਡ ਖਾਂਦੇ ਸਨ। ‘ਬਜਟ ’ਚ ਸੌ ਰੁਪਏ ਪਿਛੇ ਸਿਰਫ 6 ਰੁਪਏ ਖੇਤੀ ਲਈ ਸਨ। ਕਿਸਾਨੀ ਕਰਜ਼ੇ ’ਤੇ ਸੂਦ 4 ਫੀਸਦੀ ਸੀ। ਸਨਅਤਾਂ ਲਈ ਕਰਜ਼ ਦਰ ਡੇਢ ਫੀਸਦੀ। ਵੱਡਿਆਂ ਨੂੰ 3600 ਰੁਪਏ ਤੱਕ ਆਮਦਨ ਕਰ ਤੋਂ ਛੋਟ ਸੀ। ਕਿਸਾਨੀ ਨੂੰ 500 ਤੋਂ ਵੱਧ ਦੀ ਫਸਲ ’ਤੇ ਮਾਲੀਆ ਦੇਣਾ ਪੈਂਦਾ ਸੀ। ਮਜੀਠਾ ਤੋਂ ਐੱਮਐੱਲਏ ਡਾ. ਪ੍ਰਕਾਸ਼ ਕੌਰ ਮਾਰਚ 1965 ’ਚ ਭੜਕ ਉੱਠੇ ਸਨ। ਸੁਸਰੀ ਵਾਲੀ ਕਣਕ ਦਾ ਬੀਜ ਕਿਸਾਨਾਂ ਨੂੰ ਕਿਉਂ ਵੰਡਿਐ।
1962 ’ਚ ਸਾਂਝੇ ਪੰਜਾਬ ਦਾ ਰਕਬਾ 3.3 ਕਰੋੜ ਹੈਕਟੇਅਰ ਸੀ। 62 ਲੱਖ ਮੀਟਰਿਕ ਟਨ ਅਨਾਜ ਪੈਦਾ ਹੁੰਦਾ ਸੀ। ਪੰਜਾਬ ਦੇ 21,269 ਪਿੰਡ ਸਨ। ਉਦੋਂ ਨਾਅਰਾ ਦਿੱਤਾ ਸੀ। 18 ਫੀਸਦੀ ਪੈਦਾਵਾਰ ਵਧਾਓ, ਇਨਾਮ ’ਚ ਟਰੈਕਟਰ ਪਾਓ। ਲਛਮਣ ਸਿੰਘ ਗਿੱਲ ਖੁੱਲ੍ਹ ਕੇ ਬੋਲੇ ਸਨ, ‘ਜੁੱਤੀ ਦੀ ਕੀਮਤ ਤਾਂ ਮੋਚੀ ਤੈਅ ਕਰਦੈ, ਜਿਣਸ ਦਾ ਮੁੱਲ ਕਿਸਾਨ ਨਹੀਂ, ਕੋਈ ਦੂਸਰਾ ਪਾਉਂਦੈ।’ਵੱਡੇ ਬਾਦਲ ਦੂਜੀ ਵਾਰ ਮੁੱਖ ਮੰਤਰੀ ਬਣੇ। ਉਨ੍ਹਾਂ ਨਾਅਰਾ ਦਿੱਤਾ ਸੀ। ‘ਹਰ ਖੇਤ ’ਚ ਹਰਿਆਲੀ, ਹਰ ਘਰ ’ਚ ਖੁਸ਼ਹਾਲੀ, ਹਰ ਚਿਹਰੇ ’ਤੇ ਲਾਲੀ।’ ਇੱਕ ਨਾਅਰਾ ਹੋਰ ਗੁੰਜਿਆ ਸੀ। ‘ਉੱਤੇ ਜੱਟ, ਹੇਠਾਂ ਜੱਟ, ਨਰਮਾ ਵਿਕੇ 260।’ ਕੇਂਦਰ ’ਚ ਉਦੋਂ ਆਪਣੇ ਬੈਠੇ ਸਨ। ‘ਬਗਲੇ ਭਗਤ ਮੱਛੀਆਂ ਦੇ ਰਾਖੇ।’ ਜਾਪਾਨ ਵਾਲੇ ਪਰਮਿੰਦਰ ਸੋਢੀ, ਪ੍ਰਵਚਨਾਂ ਦੀ ਪੰਡ ਖੋਲ੍ਹੀ ਬੈਠੇ ਨੇ। ਇੱਕ ਵਿਚਾਰ ਘੱਲਿਐ, ‘ਜਿਸ ਦੇ ਨਹੁੰਆਂ ’ਚ ਮਿੱਟੀ ਫਸੀ ਹੋਵੇ, ਉਸ ਦੀ ਪ੍ਰਸੰਸਾ ਕਰੋ।’ ਕੋਟੇ ਤੋਂ ਭਾਜਪਾਈ ਵਿਧਾਇਕ ਹੀਰਾ ਲਾਲ ਸੀ। ਇਵੇਂ ਕੀਤੀ ਉਨ੍ਹਾਂ ਨੇ ਸਿਫ਼ਤ ‘ਮੁਆਵਜ਼ਾ ਲੈਣ ਲਈ ਖੁਦਕੁਸ਼ੀ ਕਰਦੈ ਕਿਸਾਨ।’ ਤਾਈ ਨਿਰਮਲਾ ਸੀਤਾਰਮਨ ਕਿਹੜਾ ਘੱਟ ਹੈ। ਕਹਿਣ ਲੱਗੀ, ‘ਬੱਚਿਓ ਮੈਂ ਤਾਂ ਪਿਆਜ਼ ਖਾਂਦੀ ਹੀ ਨਹੀਂ।’ ਫਿਕਰ ਤੌਂਸਵੀ ਜੀ ਹੁੰਦੇ, ਆਖ ਕੇ ‘ਪਿਆਜ਼ ਕੇ ਛਿਲਕੇ’ ਦਾ ਇੱਕ ਕਾਲਮ ਹੋਰ ਲਿਖਵਾਉਂਦੇ। ਕਰੋਨਾ ਦੀ ਆਫਤ ਸਿਰ ਹੈ। ਨੰਦ ਕਿਸ਼ੋਰ ਬਿਪਤਾ ’ਚ ਫਸਿਐ। ਅੰਨਦਾਤੇ ਦੇ ਭਰੇ ਗੁਦਾਮ ਹੁਣ ਕੰਮ ਆਏ ਨੇ। ਜੈਕਾਰੇ ਕਿਸੇ ਦੇ ਵੀ ਲਾਇਓ। ਛੱਜੂ ਰਾਮ ਨੂੰ ਜ਼ਰੂਰ ਦੱਸ ਕੇ ਜਾਇਓ। ‘ਲੋਕ ਆਪਣੀ ਚੀਜ਼ ਵੇਚਦੇ ਨੇ, ਕਿਸਾਨ ਸੁੱਟਦਾ ਹੈ।‘ ਛੋਟੀ ਮੋਟੀ ਗੁਲੇਲ ਵੀ ਦੇ ਜਾਇਓ…ਕਾਵਾਂ ਦੇ ਨਿਸ਼ਾਨੇ ਲਾਉਣ ਦਾ ਬੜਾ ਸ਼ੌਕ ਚੜਿਐ..!

No comments:
Post a Comment