Tuesday, May 12, 2020

                          ਸਿਆਸੀ ਘੇਰਾਬੰਦੀ
         ਮੁੱਖ ਸਕੱਤਰ ਦੀ ਦੌਲਤ ’ਚ ਸਰਦਾਰੀ
                            ਚਰਨਜੀਤ ਭੁੱਲਰ
ਚੰਡੀਗੜ੍ਹ : ਮੁੱਖ ਸਕੱਤਰ ਪੰਜਾਬ ਦੀ ਮਾਲੀ ਹੈਸੀਅਤ ਕਾਫ਼ੀ ਮਜ਼ਬੂਤ ਹੈ ਜਿਨ੍ਹਾਂ ਦੀ ਵਜ਼ੀਰਾਂ ਵੱਲੋਂ ਹੁਣ ਘੇਰਾਬੰਦੀ ਕੀਤੀ ਗਈ ਹੈ। ਬੇਸ਼ੱਕ ਉਨ੍ਹਾਂ ਦੀ ਸਿਆਸੀ ਪੈਂਠ ਅਦਿੱਖ ਹੈ ਲੇਕਿਨ ਉਨ੍ਹਾਂ ਦੀ ਚਾਰ ਸੂਬਿਆਂ ’ਚ ਚੱਲ-ਅਚੱਲ ਸੰਪਤੀ ਇਸ਼ਾਰਾ ਕਰਦੀ ਹੈ ਕਿ ਉਹ ਕਿਸੇ ਨਾਲੋਂ ਘੱਟ ਨਹੀਂ। ਮੁੱਖ ਸਕੱਤਰ ਤੇ ਉਨ੍ਹਾਂ ਦੇ ਪਰਿਵਾਰ ਕੋਲ ਇਸ ਵੇਲੇ ਕੁੱਲ 17 ਜਾਇਦਾਦਾਂ ਹਨ ਜਿਨ੍ਹਾਂ ਚੋਂ 11 ਸੰਪਤੀਆਂ ਦੀ ਮੌਜੂਦਾ ਕੀਮਤ 9.69 ਕਰੋੋੜ ਰੁਪਏ ਬਣਦੀ ਹੈ। ਛੇ ਸੰਪਤੀਆਂ ਦੀ ਕੀਮਤ ਦਾ ਖੁਲਾਸਾ ਨਹੀਂ ਹੋਇਆ ਹੈ।  ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਅਮਰਿੰਦਰ ਸਿੰਘ ਉਰਫ ਰਾਜਾ ਵੜਿੰਗ ਨੇ ਮੁੱਖ ਸਕੱਤਰ ਦੇ ਲੜਕੇ ਦੀ ਸ਼ਰਾਬ ’ਚ ਕਾਰੋਬਾਰੀ ਸਾਂਝ ਨੂੰ ਲੈ ਕੇ ਉਂਗਲ ਉਠਾਈ ਹੈ। ਸੱਚ ਕੀ ਹੈ, ਇਹ ਸਮਾਂ ਦੱਸੇਗਾ ਪ੍ਰੰਤੂ ਕੇਂਦਰੀ ਪਰਸੋਨਲ ਵਿਭਾਗ ਕੋਲ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਜੋ 31 ਜਨਵਰੀ 2020 ਨੂੰ ਸੰਪਤੀ ਦੀ ਰਿਟਰਨ ਭਰੀ ਹੈ, ਉਸ ਅਨੁਸਾਰ ਮੁੱਖ ਸਕੱਤਰ ਕੋਲ 10 ਪੇਂਡੂ ਜਾਇਦਾਦਾਂ, ਚਾਰ ਪਲਾਟ ਅਤੇ ਦੋ ਵਪਾਰਿਕ ਸੰਪਤੀਆਂ ਹਨ। ਮੁੱਖ ਸਕੱਤਰ ਦੀ ਇਸ ਵੇਲੇ ਤਨਖਾਹ 2.25 ਲੱਖ ਰੁਪਏ ਪ੍ਰਤੀ ਮਹੀਨਾ ਹੈ ਅਤੇ ਉਹ 1984 ਬੈਚ ਦੇ ਆਈ.ਏ.ਐਸ ਅਧਿਕਾਰੀ ਹਨ ਜੋ 31 ਅਗਸਤ 2020 ਨੂੰ ਸੇਵਾ ਮੁਕਤ ਹੋ ਰਹੇ ਹਨ।
                 ਰਿਟਰਨ ਮੁਤਾਬਿਕ ਮੁੱਖ ਸਕੱਤਰ ਦਾ ਜੋ ਚੰਡੀਗੜ੍ਹ ਦੇ ਸੈਕਟਰ 8-ਸੀ ’ਚ ਤਿੰਨ ਮੰਜ਼ਲਾਂ ਸ਼ਾਪ ਕਮ ਆਫਿਸ (ਐਸਸੀਓ) ਹੈ, ਉਸ ਦੀ ਮੌਜੂਦਾ ਕੀਮਤ ਸਿਰਫ਼ 24 ਲੱਖ ਰੁਪਏ ਦਰਸਾਈ ਗਈ ਹੈ ਜਿਸ ਤੋਂ ਸਲਾਨਾ 7.20 ਲੱਖ ਰੁਪਏ ਆਮਦਨੀ ਵੀ ਹੋ ਰਹੀ ਹੈ। ਦੂਸਰੀ ਤਰਫ਼ ਉਨ੍ਹਾਂ ਦੀ ਹਰਿਆਣਾ ਦੇ ਜ਼ਿਲ੍ਹਾ ਪਲਵਲ ਦੇ ਪਿੰਡ ਖਤੇਲਾ ’ਚ ਕਨਾਲਾਂ ਵਿਚ ਦੋ ਜ਼ਮੀਨਾਂ ਹੈ, ਉਨ੍ਹਾਂ ਦੀ ਮੌਜੂਦਾ ਕੀਮਤ 1.65 ਕਰੋੜ ਰੁਪਏ ਦੱਸੀ ਗਈ ਹੈ। ਉਨ੍ਹਾਂ ਨੂੰ ਖੇਤੀ ਜਾਇਦਾਦਾਂ ਜੱਦੀ ਪੁਸ਼ਤੀ ਮਿਲੀਆਂ ਹਨ। ਗੁੜਗਾਓਂ ’ਚ ਇੱੱਕ ਹਜ਼ਾਰ ਵਰਗ ਗਜ਼ ਦਾ ਪਲਾਟ ਹੈ ਜਿਸ ਦੀ ਕੀਮਤ 3.60 ਕਰੋੜ ਦੱਸੀ ਗਈ ਹੈ ਅਤੇ ਗੁੜਗਾਓਂ ਦੇ ਸਿਵਲ ਲਾਈਨ ਵਿਚ 36 ਲੱਖ ਰੁਪਏ ਦਾ ਇੱਕ ਰਿਹਾਇਸ਼ੀ ਪਲਾਟ ਵੀ ਹੈ। ਮਹਾਰੌਲੀ ਨੇੜੇ ਪਿੰਡ ਦਿਓਲੀ ’ਚ 2.60 ਕਰੋੜ ਦੀ ਖੇਤੀ ਵਾਲੀ ਜ਼ਮੀਨ ਹੈ। ਗੁੜਗਾਓਂ ’ਚ 64.70 ਲੱਖ ਦਾ ਇੱਕ ਫਲੈਟ ਅਤੇ ਯੂ.ਪੀ ਦੇ ਜ਼ਿਲ੍ਹਾ ਬਦੌਣ ’ਚ ਵੀ 7.9 ਏਕੜ ਜ਼ਮੀਨ ਹੈ ਜਿਸ ਦੀ ਕੀਮਤ 16.45 ਲੱਖ ਰੁਪਏ ਦਰਸਾਈ ਗਈ ਹੈ। ਚੰਡੀਗੜ੍ਹ ਨੇੜੇ ਮੁੱਲਾਂਪੁਰ ’ਚ ਵੀ ਪਲਾਟ ਹੈ।
                ਸਰਕਾਰੀ ਵੇਰਵਿਆਂ ਅਨੁਸਾਰ ਗੁੜਗਾਓਂ ’ਚ ਇੱਕ ਹੋਰ ਪਲਾਟ ਤੋਂ ਇਲਾਵਾ ਮਹਾਰਾਸ਼ਟਰ ਦੇ ਜ਼ਿਲ੍ਹਾ ਨਾਸ਼ਿਕ ’ਚ ਇੱਕ ਜ਼ਮੀਨ ਅਤੇ ਫਲੈਟ ਵੀ ਹੈ। ਇਹ ਜਾਇਦਾਦਾਂ ਉਨ੍ਹਾਂ ਅਤੇ ਪਰਿਵਾਰ ਦੇ ਨਾਮ ’ਤੇ ਹਨ ਜਿਨ੍ਹਾਂ ਦੀ ਖਰੀਦੋ ਫਰੋਖਤ ਬਾਰੇ ਮੁੱਖ ਸਕੱਤਰ ਨੇ ਬਕਾਇਦਾ ਕੇਂਦਰ ਸਰਕਾਰ ਨੂੰ ਸਮੇਂ ਸਮੇਂ ’ਤੇ ਸੂਚਨਾ ਭੇਜੀ ਹੈ। ਉਨ੍ਹਾਂ ’ਤੇ ਜੋ ਹੁਣ ਸਿਆਸੀ ਲੋਕ ਉਂਗਲ ਉਠਾ ਰਹੇ ਹਨ, ਉਨ੍ਹਾਂ ਦਾ ਕਿਤੋਂ ਵੀ ਝਲਕਾਰਾ ਉਨ੍ਹਾਂ ਦੀ ਸੰਪਤੀ ਰਿਟਰਨ ਤੋਂ ਨਹੀਂ ਦਿੱਖ ਰਿਹਾ ਹੈ।
                             ਮੁੱਖ ਸਕੱਤਰ ਖੁਦ ਹੀ ਕੁਰਸੀ ਤੋਂ ਲਾਂਭੇ ਹੋਣ : ਜਾਖੜ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਨਸੀਹਤ ਦਿਤੀ ਹੈ ਕਿ ਉਹ ਰੁਤਬੇ ਦੀ ਸ਼ਾਨ ਦਾ ਖਿਆਲ ਰੱਖਦੇ ਹੋਏ ਮੁੱਖ ਸਕੱਤਰ ਦੀ ਕੁਰਸੀ ਤੋਂ ਖੁਦ ਹੀ ਲਾਂਭੇ ਹੋ ਜਾਣ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਤਰਫੋਂ ਅੱਜ ਮੁੱਖ ਸਕੱਤਰ ਨੂੰ ਕੈਬਨਿਟ ਮੀਟਿੰਗ ਵਿਚ ਨਾ ਬੁਲਾ ਕੇ ਜੋ ਇਸ਼ਾਰਾ ਕੀਤਾ ਹੈ, ਉਹ ਸਮਝਦਾਰ ਬਣ ਕੇ ਮੁੱਖ ਸਕੱਤਰ ਨੂੰ ਸਮਝਣਾ ਚਾਹੀਦਾ ਹੈ। ਜਾਖੜ ਨੇ ਕਿਹਾ ਕਿ ਮੁੱਖ ਸਕੱਤਰ ਅਹੁਦੇ ਨਾਲ ਚਿੰਬੜ ਕੇ ਮੁੱਖ ਮੰਤਰੀ ਨੂੰ ਕਰੜਾ ਫੈਸਲਾ ਲੈਣ ਲਈ ਮਜਬੂਰ ਨਾ ਕਰਨ। ਹੁਣ ਹਾਲਾਤ ਇਹੋ ਮੰਗ ਕਰਦੇ ਹਨ ਅਤੇ ਮੁੱਖ ਸਕੱਤਰ ਨੂੰ ਸਮਝ ਲੈਣਾ ਚਾਹੀਦਾ ਹੈ।

   

No comments:

Post a Comment