Friday, October 9, 2026

 ਸੀ ਬੀ ਆਈ ਜਾਂਚ 
ਬੀਰ ਦਵਿੰਦਰ ਦੇ ਪਿਤਾ ਤੋਂ ਪੁੱਛ-ਗਿੱਛ
ਚਰਨਜੀਤ ਭੁੱਲਰ 

ਚੰਡੀਗੜ੍ਹ : ਸੀ ਬੀ ਆਈ ਨੇ ਮੁੱਖ ਮੰਤਰੀ ਦੇ ਓ ਐੱਸ ਡੀ ਰਾਜਬੀਰ ਸਿੰਘ ਘੁੰਮਣ ਦੇ ਕਰੀਬੀ ਸਾਥੀ ਬੀਰ ਦਵਿੰਦਰ ਸਿੰਘ ਬੱਲਾਂ ਦੇ ਪਿਤਾ ਅਮਰ ਸਿੰਘ ਤੋਂ ਕਰੀਬ ਇੱਕ ਘੰਟੇ ਤੱਕ ਪੁੱਛ-ਗਿੱਛ ਕੀਤੀ; ਹਾਲਾਂਕਿ ਬੀਰ ਦਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਦੇ ਚਰਚੇ ਵੀ ਚੱਲ ਰਹੇ ਹਨ ਪਰ ਇਹ ਸਿਰਫ਼ ਅਫ਼ਵਾਹ ਹੀ ਦੱਸੀ ਜਾ ਰਹੀ ਹੈ। ਸੂਤਰਾਂ ਅਨੁਸਾਰ ਸੀ ਬੀ ਆਈ ਟੀਮ ਨੇ ਬੀਰ ਦਵਿੰਦਰ ਸਿੰਘ ਦੇ ਪਰਿਵਾਰ ਦੀ ਜਾਇਦਾਦ ਬਾਰੇ ਘੋਖ ਕੀਤੀ ਹੈ। ਪਰਿਵਾਰ ਨੇ ਸੰਪਤੀ ਦੇ ਕੁੱਝ ਕਾਗ਼ਜ਼ਾਤ ਵੀ ਦਿਖਾਏ ਹਨ ਜੋ ਜੱਦੀ ਪੁਸ਼ਤੀ ਜਾਇਦਾਦ ਨਾਲ ਸਬੰਧਤ ਹਨ।ਸੀ ਬੀ ਆਈ ਟੀਮ ਨੇ ਦੁਪਹਿਰ ਢਾਈ ਤੋਂ ਸਾਢੇ ਤਿੰਨ ਵਜੇ ਤੱਕ ਅਮਰ ਸਿੰਘ ਵਾਸੀ ਬੱਲਾਂ ਤੋਂ ਜਾਂਚ ਏਜੰਸੀ ਦੇ ਚੰਡੀਗੜ੍ਹ ਵਿਚਲੇ ਸੈਕਟਰ 30 ਦਫ਼ਤਰ ’ਚ ਪੁੱਛ-ਗਿੱਛ ਕੀਤੀ ਗਈ। ਸੂਤਰਾਂ ਅਨੁਸਾਰ ਅਮਰ ਸਿੰਘ ਦਾ ਫੋਨ ਵੀ ਜ਼ਬਤ ਕਰ ਲਿਆ ਗਿਆ ਹੈ। ਸਾਬਕਾ ਫ਼ੌਜੀ ਅਮਰ ਸਿੰਘ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਪੁਸ਼ਤੈਨੀ ਜਾਇਦਾਦ ਹੈ ਅਤੇ ਪਿਛਲੇ ਪੰਜ ਸਾਲਾਂ ’ਚ ਉਨ੍ਹਾਂ ਵੱਲੋਂ ਕੋਈ ਨਵੀਂ ਜਾਇਦਾਦ ਨਹੀਂ ਖ਼ਰੀਦੀ ਗਈ। ਪੋਲਟਰੀ ਦੇ ਕਾਰੋਬਾਰ ਬਾਰੇ ਵੀ ਉਨ੍ਹਾਂ ਨੂੰ ਸਵਾਲ ਕੀਤੇ ਗਏ।

         ਬੀਰ ਦਵਿੰਦਰ ਸਿੰਘ ਇਸ ਵੇਲੇ ‘ਆਪ’ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਹਨ ਅਤੇ ਉਹ ਪਾਰਟੀ ਤਰਫ਼ੋਂ ਜ਼ਿਲ੍ਹਾ ਪਰਿਸ਼ਦ ਦੀ ਚੋਣ ਵੀ ਲੜ ਚੁੱਕੇ ਹਨ। ਜਾਣਕਾਰੀ ਮੁਤਾਬਕ ਸੀ ਬੀ ਆਈ ਦੇ ਪਰਚੇ ਮਗਰੋਂ ਕੁੱਝ ਵਿਅਕਤੀ ਰੂਪੋਸ਼ ਹੋ ਗਏ ਹਨ ਜਿਨ੍ਹਾਂ ਦੇ ਮੋਬਾਈਲ ਫੋਨ ਬੰਦ ਆ ਰਹੇ ਹਨ। ਕਈ ਆਗੂ ਅਜਿਹੇ ਵੀ ਹਨ ਜਿਨ੍ਹਾਂ ਦਾ ਐੱਫ ਆਈ ਆਰ ’ਚ ਨਾਮ ਨਹੀਂ ਹੈ ਪਰ ਉਹ ਵੀ ਇੱਧਰ-ਉੱਧਰ ਹੋ ਗਏ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਸੀ ਬੀ ਆਈ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ 5 ਅਕਤੂਬਰ ਨੂੰ ਰਾਜਬੀਰ ਸਿੰਘ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਜਿਤਿਨ ਗੋਹਲ ਉਰਫ਼ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ, ਆਰ ਐੱਸ ਨਾਗਰਾ ਅਤੇ ਅਣਪਛਾਤੇ ਸਰਕਾਰੀ/ਪ੍ਰਾਈਵੇਟ ਅਧਿਕਾਰੀਆਂ ’ਤੇ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੀ ਬੀ ਆਈ ਐੱਫ ਆਈ ਆਰ ’ਚ ਮੁਲਜ਼ਮ ਵਜੋਂ ਸ਼ਾਮਲ ਕੀਤੇ ਗਏ ਵਿਅਕਤੀਆਂ ਨੂੰ ਪਹਿਲਾਂ ਤਲਬ ਕਰੇਗੀ ਅਤੇ ਉਨ੍ਹਾਂ ਨੂੰ ਕਈ ਮੌਕੇ ਵੀ ਦਿੱਤੇ ਜਾ ਸਕਦੇ ਹਨ। ਇਸ ਮਗਰੋਂ ਹੀ ਗ੍ਰਿਫ਼ਤਾਰੀਆਂ ਸ਼ੁਰੂ ਹੋ ਸਕਦੀਆਂ ਹਨ।

         ਦੱਸਣਯੋਗ ਹੈ ਕਿ ਹਾਈ ਕੋਰਟ ਤਰਫ਼ੋਂ ਸੀ ਬੀ ਆਈ ਨੂੰ ਜਾਂਚ ਮੁਕੰਮਲ ਕਰਨ ਲਈ ਦੋ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਐੱਫ ਆਈ ਆਰ ’ਚ ਅਧਿਕਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ, ਨੀਤੀਗਤ ਫ਼ੈਸਲਿਆਂ ’ਚ ਦਖ਼ਲ, ਟੈਂਡਰਾਂ ਤੇ ਅਸਲਾ ਲਾਇਸੈਂਸਾਂ ਆਦਿ ’ਚ ਕਥਿਤ ਭ੍ਰਿਸ਼ਟਾਚਾਰ ਹੋਣ ਦੇ ਦੋਸ਼ ਲੱਗੇ ਹਨ। ਸੁਪਰੀਮ ਕੋਰਟ ਨੇ ਸੀ ਬੀ ਆਈ ਜਾਂਚ ਨੂੰ ਚੁਣੌਤੀ ਦੇਣ ਵਾਲੀ ਪੰਜਾਬ ਸਰਕਾਰ ਦੀ ਪਟੀਸ਼ਨ ’ਤੇ ਸੁਣਵਾਈ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤੀ ਹੈ। ਅਦਾਲਤ ਨੇ ਪਹਿਲਾਂ ਕਿਹਾ ਸੀ ਕਿ ਉਹ ਦੋ ਦਿਨਾਂ (ਬੁੱਧਵਾਰ ਜਾਂ ਵੀਰਵਾਰ) ’ਚ ਸੁਣਵਾਈ ਕਰਨ ਦੀ ਕੋਸ਼ਿਸ਼ ਕਰਨਗੇ। ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਸ਼ੀਲ ਨਾਗੂ ਦੇ ਬੈਂਚ ਨੇ ਕੇਸ ਦੀ ਫਾਈਲ ਦੇਰੀ ਨਾਲ ਪਹੁੰਚਣ ਦੇ ਹਵਾਲੇ ਨਾਲ ਸੁਣਵਾਈ ਮੁਲਤਵੀ ਕੀਤੀ ਹੈ। ਜਸਟਿਸ ਦੀਪਾਂਕਰ ਦੱਤਾ ਨੇ ਜ਼ੁਬਾਨੀ ਤੌਰ ’ਤੇ ਕਿਹਾ ਕਿ ਜਸਟਿਸ ਨਾਗੂ ਕੋਲ ਫਾਈਲ ਨਹੀਂ ਪਹੁੰਚੀ ਸੀ ਜਿਸ ਕਰ ਕੇ ਭਲਕੇ ਸੁਣਵਾਈ ਕੀਤੀ ਜਾਵੇਗੀ। ਜਾਂਚ ਸੀ ਬੀ ਆਈ ਨੂੰ ਸੌਂਪਣ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਲੀਵ ਪਟੀਸ਼ਨ ਦਾਇਰ ਕੀਤੀ ਗਈ ਹੈ। 

         ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਬਿਨਾਂ ਦੇਰ ਸੁਪਰੀਮ ਕੋਰਟ ਦਾ ਰੁਖ਼ ਕੀਤਾ ਅਤੇ ਅੱਧੀ ਰਾਤ ਤੋਂ ਬਾਅਦ ਕਰੀਬ 1.42 ਵਜੇ ਸਪੈਸ਼ਲ ਲੀਵ ਪਟੀਸ਼ਨ ਦਾਇਰ ਕੀਤੀ ਸੀ। ਸੂਬਾ ਸਰਕਾਰ ਦੇ ਵਕੀਲਾਂ ਦਾ ਕਹਿਣਾ ਹੈ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਨਘੜਤ ਮਾਮਲੇ ਉਛਾਲੇ ਜਾ ਰਹੇ ਹਨ ਅਤੇ ਸੀ ਬੀ ਆਈ ਜਾਂਚ ਨੂੰ ਸੰਘੀ ਢਾਂਚੇ ਦੀ ਉਲੰਘਣਾ ਦਾ ਮਾਮਲਾ ਵੀ ਦੱਸਿਆ। ਦੱਸਣਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਨਿਖਿਲ ਸਰਾਫ਼ ਦੀ ਲੋਕ ਹਿੱਤ ਪਟੀਸ਼ਨ ’ਤੇ ਫ਼ੈਸਲਾ ਦਿੰਦਿਆਂ ਸੀ ਬੀ ਆਈ ਨੂੰ ਐੱਫ ਆਈ ਆਰ ਦਰਜ ਕਰ ਕੇ ਮਾਮਲੇ ਦੀ ਤੁਰੰਤ ਜਾਂਚ ਸ਼ੁਰੂ ਕਰਨ ਲਈ ਕਿਹਾ ਸੀ।

No comments:

Post a Comment