Wednesday, October 14, 2026

 ਖ਼ੌਫ਼ਜ਼ਦਾ ਪਿਤਾ 
‘ਮੇਰੇ ਪੁੱਤ ਦੀ ਜਾਨ ਨੂੰ ਖ਼ਤਰਾ ਹੈ..’ 
ਚਰਨਜੀਤ ਭੁੱਲਰ

ਚੰਡੀਗੜ੍ਹ :‘ਮੇਰੇ ਪੁੱਤ ਦੀ ਜਾਨ ਨੂੰ ਖ਼ਤਰਾ ਹੈ, ਕੁੱਝ ਤਾਂ ਕਰੋ..’। ਇਹ ਗੁਹਾਰ ਭੀਮ ਸਿੰਘ ਫ਼ੌਜੀ ਦੀ ਸੀ, ਜਿਸ ਨੂੰ ਅਣਸੁਣੀ ਕਰ ਦਿੱਤਾ ਗਿਆ ਸੀ। ਜੇਕਰ ਉਸ ਦੀ ਅਰਜ਼ੀ ’ਤੇ ਸਮੇਂ ਸਿਰ ਸਰਕਾਰੀ ਦਰਬਾਰੇ ਗ਼ੌਰ ਹੁੰਦੀ ਤਾਂ ਅੱਜ ਇਸ ਸਾਬਕਾ ਫ਼ੌਜੀ ਭੀਮ ਸਿੰਘ ਦੇ ਪੁੱਤ ਪਰਵਿੰਦਰ ਸਿੰਘ ਝੋਟਾ ਨੂੰ ਜਾਨ ਨਾ ਗੁਆਉਣੀ ਪੈਂਦੀ। ਐਂਟੀ ਡਰੱਗ ਟਾਸਕ ਫ਼ੋਰਸ ਦਾ ਮੈਂਬਰ ਪਰਵਿੰਦਰ ਸਿੰਘ ਝੋਟਾ 2021-22 ਤੋਂ ਨਸ਼ਾ ਤਸਕਰਾਂ ਖ਼ਿਲਾਫ਼ ਜੰਗ ਲੜ ਰਿਹਾ ਸੀ। ਉਸ ਵਿੱਚ ਇਕੱਲਾ ਅੰਨ੍ਹਾ ਜ਼ੋਰ ਹੀ ਨਹੀਂ ਸੀ, ਨਿਡਰ ਵੀ ਸਿਰੇ ਦਾ ਸੀ।ਪੰਜਾਬ ਵਿੱਚ ਜਦੋਂ ਉੱਪਰੋਥਲੀ ਨਸ਼ਾ ਤਸਕਰਾਂ ਹੱਥੋਂ ਕਈ ਕਤਲ ਹੋ ਗਏ ਤਾਂ ਨਸ਼ਾ ਤਸਕਰਾਂ ਖ਼ਿਲਾਫ਼ ਨੰਗੇ ਧੜ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੂੰ ਵੀ ਹੌਲ ਪੈ ਗਿਆ ਸੀ। 

      ਸਾਬਕਾ ਫ਼ੌਜੀ ਭੀਮ ਸਿੰਘ ਨੇ 28 ਜੁਲਾਈ 2023 ਨੂੰ ਪੰਜਾਬ ਦੇ ਰਾਜਪਾਲ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ, ਮਨੁੱਖੀ ਅਧਿਕਾਰ ਕਮਿਸ਼ਨਰ, ਡੀ.ਜੀ.ਪੀ. ਅਤੇ ਆਈ.ਜੀ. ਨੂੰ ਪੱਤਰ ਲਿਖ ਕੇ ਕਿਹਾ ਕਿ ‘ਮੇਰੇ ਪੁੱਤ ਦੀ ਜਾਨ ਨੂੰ ਖ਼ਤਰਾ ਹੈ, ਪ੍ਰਸ਼ਾਸਨ ਨਸ਼ਾ ਤਸਕਰਾਂ ਦਾ ਸਾਥ ਦੇ ਰਿਹਾ ਹੈ, ਕੁੱਝ ਕੀਤਾ ਜਾਵੇ।’ ਜਦੋਂ ਕਿਧਰੋਂ ਵੀ ਕੋਈ ਸੁਣਵਾਈ ਨਾ ਹੋਈ ਤਾਂ ਪਰਵਿੰਦਰ ਸਿੰਘ ਝੋਟਾ ਅਤੇ ਉਸ ਦੇ ਪਿਤਾ ਭੀਮ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ 20 ਸਤੰਬਰ 2023 ਨੂੰ ਰਿੱਟ ਪਟੀਸ਼ਨ (3RWP-9486-2023) ਦਾਇਰ ਕਰਕੇ ਜਾਨ-ਮਾਲ ਦੀ ਸੁਰੱਖਿਆ ਦੀ ਗੁਹਾਰ ਲਗਾਈ ਸੀ। 

      ਪਟੀਸ਼ਨ ਵਿੱਚ ਨਸ਼ਾ ਤਸਕਰਾਂ ਅਤੇ ਮਾਨਸਾ ਪੁਲੀਸ ਤੋਂ ਖ਼ਤਰਾ ਦੱਸਿਆ ਗਿਆ ਸੀ। ਪਟੀਸ਼ਨ ਵਿੱਚ ਫ਼ਰੀਦਕੋਟ ਦੇ ਪਿੰਡ ਢਿੱਲਵਾਂ ਖ਼ੁਰਦ, ਬਠਿੰਡਾ ਦੇ ਪਿੰਡ ਭਾਈਰੂਪਾ ਅਤੇ ਸਿਧਾਣਾ ਵਿੱਚ ਨਸ਼ਾ ਤਸਕਰਾਂ ਹੱਥੋਂ ਹੋਏ ਕਤਲਾਂ ਦਾ ਹਵਾਲਾ ਵੀ ਦਿੱਤਾ ਗਿਆ ਸੀ।ਪਰਵਿੰਦਰ ਸਿੰਘ ਝੋਟਾ ਦੇ ਐਡਵੋਕੇਟ ਲਖਵਿੰਦਰ ਸਿੰਘ ਸਿੱਧੂ ਨੇ ਅੱਜ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਉਸ ਵਕਤ ਸਰਕਾਰੀ ਪੱਖ ਨੇ ਪਰਵਿੰਦਰ ਸਿੰਘ ਝੋਟਾ ਨੂੰ ਆਦਤਨ ਅਪਰਾਧੀ ਆਖ ਕੇ ਉਸ ਦੀ ਜਾਨ-ਮਾਲ ਨੂੰ ਕੋਈ ਖ਼ਤਰਾ ਨਾ ਹੋਣ ਦੀ ਗੱਲ ਕਹੀ ਸੀ।ਲਖਵਿੰਦਰ ਸਿੱਧੂ ਨੇ ਦੱਸਿਆ ਕਿ ਸਰਕਾਰ ਨੇ ਇਹ ਵੀ ਦਲੀਲ ਦਿੱਤੀ ਸੀ ਕਿ ਝੋਟਾ ਨੇ ਆਪਣੇ ਗੁਨਾਹਾਂ ਤੋਂ ਬਚਣ ਲਈ ਅਦਾਲਤ ਦਾ ਬੂਹਾ ਖੜਕਾਇਆ ਹੈ। ਸਿੱਧੂ ਦਾ ਕਹਿਣਾ ਸੀ ਕਿ ਜੇਕਰ ਪੰਜਾਬ ਸਰਕਾਰ ਨੇ ਉਸ ਵੇਲੇ ਸਾਬਕਾ ਫ਼ੌਜੀ ਭੀਮ ਸਿੰਘ ਦੀ ਅਰਜ਼ੀ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਅੱਜ ਇਹ ਭਾਣਾ ਨਾ ਵਾਪਰਦਾ।

No comments:

Post a Comment