ਪੰਜਾਬ ਜਣੋ !ਯੇ ਮਾਜਰਾ ਕਿਆ ਹੈ..। ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦੀ ਵਿਧਾਇਕ ਜੋੜੀ ਚੇਤਨ ਸਿੰਘ ਜੌੜਾਮਾਜਰਾ ਤੇ ਹਰਮੀਤ ਸਿੰਘ ਪਠਾਨਮਾਜਰਾ ਨੇ ਅੱਜ ਜਦੋਂ ਆਮ ਆਦਮੀ ਪਾਰਟੀ ਨੂੰ ਫ਼ਤਿਹ ਬੁਲਾ ਦਿੱਤੀ ਤਾਂ ਪੰਜਾਬੀ ਜਣ ਪੁੱਛ ਰਹੇ ਹਨ ਕਿ ਯੇ ਮਾਜਰਾ ਕਿਆ ਹੈ? ਸਿਆਸਤ ਦਾ ਗੋਰਖ-ਧੰਦਾ ਰੱਬ ਨਾਲੋਂ ਵੀ ਵੱਧ ਗੁੰਝਲਦਾਰ ਹੈ ਪਰ ਇਹ ਦੋਵੇਂ ਮਾਜਰੇ ਸਿੱਧੇ-ਸਾਧੇ ਹਨ, ਨਾ ਵਲ ਨਾ ਵਿੰਗ। ਸਿਆਣੇ ਆਖਦੇ ਹਨ ਕਿ ਸਿੱਧਾ ਰਾਹ ਨਾ ਛੋੜੀਏ, ਭਾਵੇਂ ਹੋਵੇ ਦੂਰ.., ਸੋ ਇਹ ਮਾਈ-ਭਾਈ ਵੀ ਕੋਈ ਸਿੱਧਾ ਰਾਹ ਹੀ ਚੁਣਨਗੇ, ਚਾਹੇ ਭਾਜਪਾ ਦੇ ਘਰ ਨੂੰ ਹੀ ਜਾਂਦਾ ਹੋਵੇ।
ਪੰਜਾਬ ਦੀ ਸਿਆਸਤ ’ਚ ਸਭ ਮਾਜਰੇ ਅਰਜਨ ਵੈਲੀ ਵਾਂਗੂ ਮਸ਼ਹੂਰ ਰਹੇ ਹਨ। ਆਪਣੇ ਸਮੇਂ ’ਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਪਾਰਲੀਮੈਂਟ ’ਚ ਹਿੰਦੀ ਤੇ ਪੰਜਾਬੀ ਭਾਸ਼ਾ ’ਚ ਮੁੱਦੇ ਚੁੱਕਦੇ ਸਮੇਂ ਕਿਸੇ ਨੂੰ ਨੇੜੇ ਖੰਘਣ ਨੀ ਦਿੰਦੇ ਸਨ। ਇਵੇਂ ਹੀ ਭਲੇ ਵੇਲਿਆਂ ’ਚ ਆਮ ਆਦਮੀ ਪਾਰਟੀ ਵਡਭਾਗੀ ਬਣੀ ਜਿਸ ਕੋਲ ਤਿੰਨ ਤਿੰਨ ਮਾਜਰੇ ਸਨ। ਅੱਜ ਦੋ ਮਾਜਰੇ ਵਕਤੋਂ ਪਹਿਲਾਂ ਕਾਹਦੇ ਚਲੇ ਗਏ, ‘ਆਪ’ ਦਾ ਵਿਹੜਾ ਹੀ ਸੁੰਨਾ ਕਰ ਗਏ। ਜਦੋਂ ਪੰਜਾਬ ’ਚ ‘ਬਦਲਾਅ’ ਦੀ ਹਨੇਰੀ ਝੁੱਲੀ ਸੀ ਤਾਂ ਇਹ ਮਾਜਰੇ ਹੀ ਪਾਰਟੀ ਨੂੰ ਚੀ-ਗਵੇਰਾ ਲੱਗਦੇ ਸਨ। ‘ਆਪ’ ਵਾਲੇ ਫੁੱਲੇ ਨਹੀਂ ਸਮਾਉਂਦੇ ਸਨ। ਹੁਣ ਰਾਤ ਗਈ, ਬਾਤ ਗਈ।
ਜਰਾ ਯਾਦ ਕਰੋ, 2022 ਦੀਆਂ ਚੋਣਾਂ ਦੇ ਪ੍ਰਚਾਰ ਮੌਕੇ ਸਟੇਜਾਂ ਤੋਂ ਨਾਅਰੇ ਵੱਜਦੇ ਸਨ ਕਿ ‘ਆਪਣਾ ਨੇਤਾ ਕੈਸਾ ਹੋ’ ਤਾਂ ਪੰਡਾਲ ਚੋਂ ਦੂਣੀ ਦੇ ਪਹਾੜੇ ਵਾਂਗੂ ਗੂੰਜ ਪੈਂਦੀ ਸੀ, ‘ਜੌੜਾਮਾਜਰਾ ਜੈਸਾ ਹੋ।’ ਚੇਤਨ ਸਿੰਘ ਜੌੜਾਮਾਜਰਾ ਮੰਤਰੀ ਵਜੋਂ ਨਪੋਲੀਅਨ ਵਾਂਗੂ ਛਾਏ ਰਹੇ। ਭੁਲਾਇਆ ਨਹੀਂ ਭੁੱਲਦੇ ਉਹ ਦਿਨ ਜਦੋਂ ਸਿਹਤ ਮੰਤਰੀ ਜੌੜਾਮਾਜਰਾ ਫ਼ਰੀਦਕੋਟ ਪਧਾਰੇ ਸਨ ਤਾਂ ਉਨ੍ਹਾਂ ਭਰੀ ਪੰਚਾਇਤ ’ਚ ਉਪ ਕੁਲਪਤੀ ਡਾ. ਰਾਜ ਬਹਾਦਰ ਨੂੰ ਗੱਦਿਆਂ ’ਤੇ ਲਮਲੇਟ ਕਰ ਲਿਆ ਸੀ।
ਸਮਾਣਾ ਦੇ ਇੱਕ ਸਕੂਲ ’ਚ ਵੀ ਜੌੜਾਮਾਜਰਾ ਨੇ ਆਪਣੇ ਮੁਖਾਰਬਿੰਦ ਚੋਂ ਅਧਿਆਪਕਾਂ ਨੂੰ ਤਿੰਨ ਮੇਲ ਦੇ ਪ੍ਰਸ਼ਾਦ ਦੇ ਗੱਫੇ ਵਰਤਾਏ ਸਨ। ‘ਮੂੰਹਾਂ ਨੂੰ ਮੁਲਾਹਜ਼ੇ, ਸਿਰਾਂ ਨੂੰ ਸਲਾਮਾਂ। ਜੌੜਾਮਾਜਰਾ ਹੁਣ ਨਾ ਮੰਤਰੀ ਹਨ ਅਤੇ ਨਾ ਹੀ ‘ਆਪ’ ਦੇ ਸਿਰ ਕੱਢ ਨੇਤਾ, ‘ਆਪ’ ਕੋਲ ਸਿਰਫ਼ ਯਾਦਾਂ ਹੀ ਬਚੀਆਂ ਹਨ। ‘ਰੰਗਲਾ ਪੰਜਾਬ’ ਹਾਲੇ ਡੱਬ-ਖੜੱਬਾ ਹੀ ਹੈ ਅਤੇ ਇਹ ਰੰਗਲੇ ਸੱਜਣ ਅੱਧ ਵਿਚਾਲੇ ਛੱਡ ਕੇ ਕਿਸੇ ਨਵੇਂ ਘਰ ਨੂੰ ਰੰਗ-ਭਾਗ ਲਾਉਣ ਤੁਰ ਪਏ। ‘ਆਪ’ ਵਾਲੇ ਅੰਦਰੋਂ ਅੰਦਰੀਂ ਜ਼ਰੂਰ ‘ਮਿਸ ਯੂ’ ਆਖਦੇ ਹੋਣਗੇ।
ਉੱਡਦੇ ਪੰਛੀ ਨੇ ਖ਼ਬਰ ਦਿੱਤੀ ਹੈ ਕਿ ਭਾਜਪਾ ਵਾਲੇ ਦਿੱਲੀ ’ਚ ‘ਹਮ ਘਰ ਸਾਜਣ ਆਏ..’ ਆਖਣ ਲਈ ਇਨ੍ਹਾਂ ਦੋਵੇਂ ਸੱਜਣਾਂ ਦੇ ਰਾਹ ਤੱਕ ਰਹੇ ਹਨ। ਏਨਾ ਤੇਜ਼ ਤਾਂ ਹਲਦੀ ਘਾਟੀ ਦੀ ਲੜਾਈ ’ਚ ਮਹਾਰਾਣਾ ਪ੍ਰਤਾਪ ਦਾ ਘੋੜਾ ‘ਚੇਤਕ’ ਨਹੀਂ ਦੌੜਿਆ ਹੋਣਾ, ਜਿੰਨੀ ਤੇਜ਼ੀ ਨਾਲ ‘ਆਪ’ ਚੋਂ ਹੁਣ ਚੇਤਨ ਦੌੜਿਆ ਹੈ। ਵੈਸੇ, ਪੰਜਾਬ ਦੀ ਸਿਆਸਤ ਦਾ ਬੈਂਗਣੀ ਰੰਗ ਹੈ ਕਿ ਨੇਤਾ ਜਣ ਝੂਠ ਬੋਲਣ ਵੇਲੇ ਭੋਰਾ ਕੰਜੂਸੀ ਨਹੀਂ ਵਰਤਦੇ। ਅੱਜ ਇਨ੍ਹਾਂ ਦੋਵੇਂ ਵਿਧਾਇਕਾਂ ਦਾ ਪੰਜਾਬ ਪ੍ਰਤੀ ਦਰਦ ਡੁੱਲ੍ਹ ਡੁੱਲ੍ਹ ਪੈਂਦਾ ਸੀ। ਭਰੇ ਮਨ ਨਾਲ ਆਖਦੇ ਸਨ ਕਿ ਜਿਹੜੀ ਪਾਰਟੀ ਪੰਜਾਬ ਦਾ ਭਲਾ ਕਰੂ, ਉਸ ਨਾਲ ਤੁਰਾਂਗੇ।
ਬਈ! ਇਨ੍ਹਾਂ ਨੇ ਲੱਖ ਰੁਪਏ ਦੀ ਗੱਲ ਕੀਤੀ ਹੈ। ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖ਼ਰੀ ਦਮ ਤੱਕ ਦੇਸ਼ ਦੀ ਸੇਵਾ ਦਾ ਅਹਿਦ ਲੈ ਸਕਦੇ ਹਨ ਤਾਂ ਇਹ ਦੋਵੇਂ ਵਿਧਾਇਕ ਜਣ ਪੰਜਾਬ ਦੀ ਸੇਵਾ ਲਈ ਬੁਰੇ ਦੇ ਘਰ ਤੱਕ ਕਿਉਂ ਨਹੀਂ ਜਾ ਸਕਦੇ। ਆਮ ਆਦਮੀ ਪਾਰਟੀ ਕੋਲ ਹੁਣ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਬਚੇ ਹਨ। ਵਿਧਾਇਕ ਕੁਲਦੀਪ ਧਾਲੀਵਾਲ ਅੱਜ ਆਖ ਰਹੇ ਸਨ ਕਿ ਭਾਜਪਾ ਤਾਂ ਕਬਾੜੀਆ ਸੁਭਾਅ ਦੀ ਮਾਲਕ ਹੈ। ਜਿੱਧਰੋਂ ਕੋਈ ਰਹਿੰਦ ਖੂੰਹਦ ਮਿਲਦੀ ਹੈ, ਆਪਣੀ ਪਾਰਟੀ ’ਚ ਸ਼ਾਮਲ ਕਰ ਲੈਂਦੀ ਹੈ।
ਵੈਸੇ, ਕੱਲ੍ਹ ਤੱਕ ਜਿਹੜੇ ਵਿਧਾਇਕ ਪਾਰਟੀ ਲਈ ਅਨਮੋਲ ਰਤਨ ਸਨ, ਹੁਣ ਕਬਾੜ ਬਣ ਗਏ ਹਨ। ਮਾਨਸਾ ਆਲਾ ਮਿੱਠੂ ਕਬਾੜੀਆ ਜ਼ਰੂਰ ਇਸ ਮਾਜਰੇ ਨੂੰ ਸਮਝ ਗਿਆ ਹੋਣਾ ਹੈ। ਅਖੀਰ ’ਚ ਸਿਰਫ਼ ਦੋ ਗੱਲਾਂ। ਪਹਿਲੀ ਚੇਤਨ ਜੌੜਾਮਾਜਰਾ ਦੀ ਜਿਨ੍ਹਾਂ ਅੱਜ ਨਿਚੋੜ ਕੱਢਿਆ ਕਿ ‘ਆਪ’ ’ਚ ਜਿਸ ਦੇ ਹੱਥ ਢੋਲਕੀ ਆ ਜਾਂਦੀ ਹੈ, ਉਹੀ ਕੁੱਟਣ ਲੱਗ ਜਾਂਦਾ ਹੈ। ਦੂਜੀ ਗੱਲ, ਫੁੱਫੜ ਆਲੇ ਸਵਾਲ ’ਤੇ ਹਰਮੀਤ ਪਠਾਨਮਾਜਰਾ ਬੋਲੇ,‘ਇਨ੍ਹਾਂ ਨੂੰ ਫੁੱਫੜ ਦਾ ਹੀ ਸਰਾਪ ਲੱਗੂ।’
(1 ਨਵੰਬਰ 2026)

No comments:
Post a Comment