Thursday, July 21, 2011

                    ਤੁਸੀਂ ਜੀਅ ਸਦਕੇ ਆਓ, ਰੋਟੀ-ਪਾਣੀ ਘਰੋਂ ਲਿਆਓ!
                                                                      ਚਰਨਜੀਤ ਭੁੱਲਰ
ਬਠਿੰਡਾ  : ਬਾਦਲ ਪਿੰਡ 'ਚ ਬਣਿਆ ਰੈਸਟ ਹਾਊਸ ਮਹਿਲਾਂ ਵਰਗਾ ਹੈ ਪਰ ਮਹਿਮਾਨਾਂ ਨੂੰ ਇੱਥੇ ਫੁਲਕਾ ਪਾਣੀ ਨਹੀਂ ਦਿੱਤਾ ਜਾਂਦਾ। ਇਥੇ ਠਹਿਰਣ ਵਾਲੇ ਮਹਿਮਾਨਾਂ ਨੂੰ ਘਰੋਂ ਰਾਸ਼ਨ ਪਾਣੀ ਲਿਆਉਣਾ ਪੈਂਦਾ ਹੈ। ਪਾਵਰਕੌਮ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ 'ਚ ਰੈਸਟ ਹਾਊਸ ਬਣਾਇਆ ਗਿਆ ਹੈ,ਇਸ 'ਚ ਸਭ ਕੁਝ ਮੁਫਤ 'ਚ ਵਰਤਦਾ ਹੈ। ਇਸ ਦੀ ਬਿਜਲੀ ਦਾ ਬਿੱਲ ਵੀ ਪਾਵਰਕੌਮ ਤਾਰਦਾ ਹੈ।ਪਾਵਰਕੌਮ ਦੇ ਕਾਰਜਕਾਰੀ ਇੰਜਨੀਅਰ (ਬਾਦਲ) ਵੱਲੋਂ ਦਿੱਤੀ ਲਿਖਤੀ ਜਾਣਕਾਰੀ ਮੁਤਾਬਕ ਇਸ ਰੈਸਟ ਹਾਊਸ 'ਚ ਜੋ ਵੀ ਮਹਿਮਾਨ ਠਹਿਰਦਾ ਹੈ, ਉਹ ਆਪਣੇ ਖਾਣ ਜੋਗਾ ਰਾਸ਼ਨ ਖੁਦ ਲਿਆਉਂਦਾ ਹੈ। ਸਾਲ 2000 ਤੋਂ ਲੈ ਕੇ ਹੁਣ ਤੱਕ ਇਸ ਰੈਸਟ ਹਾਊਸ 'ਚ 120 ਦੇ ਕਰੀਬ ਮਹਿਮਾਨ ਠਹਿਰੇ ਹਨ। ਸਰਕਾਰੀ ਸੂਚਨਾ ਮੁਤਾਬਕ ਇਨ੍ਹਾਂ ਮਹਿਮਾਨਾਂ ਨੇ ਆਪੋ ਆਪਣਾ ਰਾਸ਼ਨ ਲਿਆ ਕੇ ਖਾਧਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਇਸ ਰੈਸਟ ਹਾਊਸ 'ਚ ਅਕਸਰ ਆਉਂਦੇ ਰਹਿੰਦੇ ਹਨ। ਸੂਤਰਾਂ ਮਤਾਬਕ ਮਹਿਮਾਨਾਂ ਦਾ ਖਰਚਾ ਤਾਂ ਪਾਵਰਕੌਮ ਹੀ ਝੱਲਦਾ ਹੈ ਪਰ ਇਹ ਖਰਚਾ ਟੇਢੇ ਮੇਢੇ ਢੰਗ ਨਾਲ ਕੀਤਾ ਜਾਂਦਾ ਹੈ। ਜੋ ਮਹਿਮਾਨ ਠਹਿਰਦੇ ਹਨ,ਉਹ ਵੀ ਕਿਰਾਇਆ ਨਹੀਂ ਦਿੰਦੇ। ਪਾਵਰਕੌਮ ਲਈ ਇਹ ਰੈਸਟ ਹਾਊਸ ਖਰਚੇ ਦਾ ਘਰ ਬਣਿਆ ਹੋਇਆ ਹੈ। ਪਾਵਰਕੌਮ ਵੱਲੋਂ ਹੁਣ ਤੱਕ ਇਸ ਰੈਸਟ ਹਾਊਸ 'ਤੇ ਕਰੀਬ 2.25 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਜਦੋਂ ਕਿ ਠਹਿਰਣ ਵਾਲੇ ਮਹਿਮਾਨਾਂ ਤੋਂ ਕਿਰਾਇਆ 24,300 ਰੁਪਏ ਪ੍ਰਾਪਤ ਹੋਇਆ ਹੈ। ਇਸ ਰੈਸਟ ਹਾਊਸ ਦੀ ਉਸਾਰੀ ਸਾਲ 1997-98 ਵਿੱਚ ਹੋਈ ਸੀ ਜਿਸ 'ਤੇ 1.08 ਕਰੋੜ ਰੁਪਏ ਖਰਚੇ ਗਏ ਸਨ।
           ਜਦੋਂ ਹੁਣ ਸਾਲ 2007 'ਚ ਮੁੜ ਅਕਾਲੀ ਦਸ ਦੀ ਸਰਕਾਰ ਬਣੀ ਤਾਂ ਇਸ ਰੈਸਟ ਹਾਊਸ ਦੇ ਦਿਨ ਵੀ ਫਿਰ ਗਏ। ਪਹਿਲੇ ਸਾਲ 'ਚ ਹੀ ਇਸ ਰੈਸਟ ਹਾਊਸ ਦੀ ਰੈਨੋਵੇਸ਼ਨ 'ਤੇ ਕਰੀਬ 75 ਲੱਖ ਰੁਪਏ ਖਰਚ ਕੀਤੇ ਗਏ। ਬਿਜਲੀ ਦੇ ਬਿੱਲ ਦੀ ਗੱਲ ਕਰੀਏ ਤਾਂ ਸਾਲ 2001 ਤੋਂ ਹੁਣ ਤੱਕ ਪਾਵਰਕੌਮ ਇਸ ਰੈਸਟ ਹਾਊਸ ਦਾ 7.87 ਲੱਖ ਰੁਪਏ ਬਿਜਲੀ ਦਾ ਬਿੱਲ ਤਾਰ ਚੁੱਕਾ ਹੈ।  ਪਹਿਲਾਂ ਤਾਂ ਇਸ ਰੈਸਟ ਹਾਊਸ ਵਿੱਚ ਤਿੰਨ ਕਰਮਚਾਰੀ ਕੰਮ ਕਰਦੇ ਸਨ ਪ੍ਰੰਤੂ ਮਗਰੋਂ ਰਸੋਈ ਆਦਿ ਦਾ ਕੰਮ ਠੇਕੇ 'ਤੇ ਦੇ ਦਿੱਤਾ ਗਿਆ। ਪਾਵਰਕੌਮ ਵੱਲੋਂ ਇਸ ਰੈਸਟ ਹਾਊਸ 'ਚ ਪੁਲੀਸ ਮੁਲਾਜ਼ਮਾਂ ਦੇ ਠਹਿਰਣ ਵਾਸਤੇ ਵੱਖਰੀ ਬੈਰਕ ਵੀ ਉਸਾਰੀ ਗਈ ਹੈ। ਜਦੋਂ ਕਾਂਗਰਸੀ ਰਾਜ ਭਾਗ ਸੀ,ਉਦੋਂ ਵੀ ਇਸ ਰੈਸਟ ਹਾਊਸ ਦੀ ਰੈਨੋਵੇਸ਼ਨ ਦਾ ਕੰਮ ਨਹੀਂ ਰੁਕਿਆ ਸੀ। ਕੈਪਟਨ ਸਰਕਾਰ ਸਮੇਂ ਇਸ ਰੈਸਟ ਹਾਊਸ ਦੀ ਰੈਨੋਵੇਸ਼ਨ 'ਤੇ 5.74 ਲੱਖ ਰੁਪਏ ਖਰਚੇ ਗਏ। ਇਸ ਰੈਸਟ ਹਾਊਸ ਵਿੱਚ ਮਹਿਮਾਨਾਂ ਦੀ ਗਿਣਤੀ ਸਾਲਾਨਾ 10 ਤੋਂ ਕਦੇ ਨਹੀਂ ਟੱਪੀ।
           ਸੂਤਰਾਂ ਮੁਤਾਬਕ ਇਥੇ ਠਹਿਰਣ ਵਾਲੇ ਮਹਿਮਾਨਾਂ ਦੀ ਗਿਣਤੀ ਕਿਤੇ ਜ਼ਿਆਦਾ ਹੈ ਪ੍ਰੰਤੂ ਕੋਈ ਮਹਿਮਾਨ ਕਿਰਾਇਆ ਦੇਣ ਨੂੰ ਤਿਆਰ ਹੀ ਨਹੀਂ ਹੁੰਦਾ। ਪਾਵਰਕੌਮ ਮਹਿਮਾਨਾਂ ਦੀ ਆਓ ਭਗਤ ਵਿੱਚ ਖਰਚਾ ਕਰਦਾ ਹੈ ਪੰ੍ਰੰਤੂ ਸਰਕਾਰੀ ਸੂਚਨਾ ਵਿੱਚ ਨਵੀਂ ਗੱਲ ਦੱਸ ਦਿੱਤੀ ਹੈ ਕਿ ਰਾਸ਼ਨ ਮਹਿਮਾਨ ਖੁਦ ਘਰੋਂ ਹੀ ਲਿਆਉਂਦੇ ਹਨ। ਜਦੋਂ ਕਿ ਅਜਿਹਾ ਸੰਭਵ ਨਹੀਂ ਹੈ।  ਰੈਸਟ ਹਾਊਸ 'ਚ ਠਹਿਰਣ ਵਾਲੇ ਮਹਿਮਾਨ ਆਈ.ਏ.ਐਸ. ਅਫਸਰ ਵੀ ਹਨ। ਇਹ ਗੱਲ ਸੰਭਵ ਨਹੀਂ ਹੈ ਕਿ ਆਈ.ਏ.ਐਸ. ਅਧਿਕਾਰੀ ਚੰਡੀਗੜ੍ਹ ਤੋਂ ਆਪਣੇ ਖਾਣੇ ਵਾਸਤੇ ਆਟਾ ਨਾਲ ਲੈ ਕੇ ਚੱਲਿਆ ਹੋਵੇਗਾ। ਪਾਵਰਕੌਮ ਨੇ ਇਹ ਹਾਸੋਹੀਣੀ ਗੱਲ ਕੀਤੀ ਹੈ ਜਦੋਂ ਕਿ ਸਚਾਈ ਕੁਝ ਹੋਰ ਹੈ। ਅਕਾਲੀ ਦਲ ਅਤੇ ਸਰਕਾਰ ਤਰਫੋਂ ਮੀਟਿੰਗਾਂ ਅਤੇ ਸੰਗਤ ਦਰਸ਼ਨ ਕਰਨ ਵਾਸਤੇ ਇਸ ਰੈਸਟ ਹਾਊਸ ਨੂੰ ਵਰਤਿਆ ਜਾਂਦਾ ਹੈ। ਇਸ ਰੈਸਟ ਹਾਊਸ ਦੇ ਆਲੀਸ਼ਾਨ ਕਮਰੇ ਹਨ ਅਤੇ ਵੱਡੇ ਜਰਨੇਟਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਜੇਕਰ ਇਸ ਰੈਸਟ ਹਾਊਸ ਵਿੱਚ ਮਹਿਮਾਨ ਠਹਿਰਦੇ ਹੀ ਨਹੀਂ ਤਾਂ ਇਸ 'ਤੇ ਏਨਾ ਖਰਚ ਕਰਨ ਦੀ ਕੀ ਲੋੜ ਸੀ। ਇੱਕ ਜਨਵਰੀ 2008 ਤੋਂ 15 ਮਈ 2011 ਤੱਕ ਇਸ ਰੈਸਟ ਹਾਊਸ 'ਚ ਕੇਵਲ 10 ਮਹਿਮਾਨ ਹੀ ਠਹਿਰੇ ਹਨ ਜਿਨ੍ਹਾਂ ਵੱਲੋਂ 11,700 ਰੁਪਏ ਕਿਰਾਇਆ ਦਿੱਤਾ ਗਿਆ ਹੈ। ਬਿਜਲੀ ਦਾ ਬਿੱਲ ਲੱਖਾਂ 'ਚ ਆਉਂਦਾ ਹੈ। ਸਾਲ 2007 'ਚ ਤਾਂ ਇਸ ਦਾ ਬਿੱਜਲੀ ਬਿੱਲ 1.23 ਲੱਖ ਰੁਪਏ ਆਇਆ ਸੀ ਜਦੋਂ ਕਿ ਸਾਲ 2005 'ਚ ਬਿਜਲੀ ਬਿੱਲ 1.07 ਲੱਖ ਰੁਪਏ ਆਇਆ ਸੀ।
       2007 ਤੱਕ ਇਸ ਰੈਸਟ ਹਾਊਸ ਦਾ ਬਿਜਲੀ ਬਿੱਲ ਕਦੇ ਵੀ ਸਾਲਾਨਾ 90 ਹਜ਼ਾਰ ਤੋਂ ਘੱਟ ਨਹੀਂ ਆਇਆ। ਹੁਣ ਬਿਜਲੀ ਦਾ ਬਿੱਲ ਸਾਲਾਨਾ 25 ਹਜ਼ਾਰ ਰੁਪਏ ਰਹਿ ਗਿਆ ਹੈ। ਪਾਵਰਕੌਮ ਨੇ ਇਨ੍ਹਾਂ ਬਿੱਲਾਂ ਬਾਰੇ ਕਦੇ ਨਹੀਂ ਸੋਚਿਆ ਅਤੇ ਨਾ ਹੀ ਇਸ ਦੀ ਰੈਨੋਵੇਸ਼ਨ ਲਈ ਫੰਡ ਦੇਣ ਵਿੱਚ ਕੰਜੂਸੀ ਵਰਤੀ ਹੈ। ਪਾਵਰਕੌਮ ਦਾ ਇਹ ਰੈਸਟ ਹਾਊਸ ਇੱਕ ਤਰ੍ਹਾਂ ਨਾਲ ਮਹਿਲ ਦਾ ਭੁਲੇਖਾ ਪਾਉਂਦਾ ਹੈ।

No comments:

Post a Comment