Wednesday, July 27, 2011

     ਚੋਰਾਂ ਵਲੋਂ ਅਫਸਰਾਂ ਦੇ ਘਰਾਂ ਦੀ 'ਸਫਾਈ'
                               ਚਰਨਜੀਤ ਭੁੱਲਰ
ਬਠਿੰਡਾ : ਪੁਲੀਸ ਅਫਸਰਾਂ ਦੇ ਘਰਾਂ ਅਤੇ ਦਫਤਰਾਂ ਦੀ ਰਾਖੀ ਕੌਣ ਕਰੇ? ਕਾਰਨ ਇਹ ਹੈ ਕਿ ਚੋਰ ਇਨ੍ਹਾਂ ਦੇ ਘਰਾਂ ਨੂੰ ਹੀ ਪੈਣ ਲੱਗੇ ਹਨ। ਮਾਲਵਾ ਪੱਟੀ 'ਚ ਇੰਂਝ ਹੋ ਰਿਹਾ ਹੈ ਕਿ ਲੋਕਾਂ ਦੇ ਰਾਖਿਆਂ ਦੇ ਆਪਣੇ ਘਰ ਹੀ ਸੁਰੱਖਿਅਤ ਨਹੀਂ ਹਨ। ਸੂਚਨਾ ਦੇ ਅਧਿਕਾਰ ਤਹਿਤ ਬਠਿੰਡਾ ਜ਼ੋਨ ਦੇ ਆਈ.ਜੀ ਦਫਤਰ ਵੱਲੋਂ ਜੋ ਸੂਚਨਾ ਦਿੱਤੀ ਗਈ ਹੈ, ਉਸ 'ਚ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਚੋਰਾਂ ਨੇ  ਕੁੱਝ ਪੁਲੀਸ ਵਾਲਿਆਂ ਦੇ ਘਰ ਵੀ 'ਸਾਫ' ਕੀਤੇ ਹਨ। ਇਕੱਲੇ ਘਰ ਹੀ ਨਹੀਂ ਬਲਕਿ  ਕੁੱਝ ਪੁਲੀਸ ਦਫਤਰਾਂ ਦੀ ਵੀ ਚੋਰ ਸਫਾਈ ਕਰ ਗਏ ਹਨ। ਇੱਥੋਂ ਤੱਕ ਕਿ ਹਥਿਆਰ ਵੀ ਚੋਰ ਲੈ ਗਏ ਹਨ। ਇਸ ਮਹੀਨੇ 'ਚ ਬਠਿੰਡਾ ਜ਼ਿਲ੍ਹੇ ਦੇ ਪੁਲੀਸ ਹੌਲਦਾਰ ਦੇ ਘਰ 'ਚ ਚੋਰੀ ਹੋ ਗਈ। ਚੋਰਾਂ ਨੇ ਉਸ ਦੇ ਘਰੋਂ ਨਗਦੀ ਅਤੇ ਮੋਬਾਈਲ ਫੋਨ ਚੋਰੀ ਕਰ ਲਿਆ।  ਸਾਬਕਾ ਪੁਲੀਸ ਥਾਣੇਦਾਰਾਂ ਦੇ ਘਰਾਂ 'ਚ ਪਹਿਲਾਂ ਵੀ ਚੋਰੀਆਂ ਹੁੰਦੀਆਂ ਰਹੀਆਂ ਹਨ। ਸੂਤਰ ਦੱਸਦੇ ਹਨ ਕਿ ਬਹੁਤੇ ਪੁਲੀਸ ਮੁਲਾਜ਼ਮ ਤਾਂ ਸ਼ਰਮ 'ਚ ਐਫ.ਆਈ.ਆਰ ਵੀ ਨਹੀਂ ਲਿਖਵਾਉਂਦੇ। ਤਲਵੰਡੀ ਸਾਬੋ ਵਿਖੇ ਹੌਲਦਾਰ ਦੇ ਘਰ ਹੋਈ ਚੋਰੀ ਦੀ ਚਰਚਾ ਆਮ ਲੋਕਾਂ ਵਿੱਚ ਵੀ ਕਾਫੀ ਹੋਈ ਹੈ। ਜੋ ਬਾਕੀ ਮਾਮਲੇ ਹਨ, ਉਹ ਵੀ ਚੋਰੀ ਦੇ ਹੀ ਹਨ।
             ਬਠਿੰਡਾ ਜ਼ੋਨ ਅਧੀਨ ਪੈਂਦੇ ਜ਼ਿਲ੍ਹਾ ਫਿਰੋਜ਼ਪੁਰ 'ਚ ਚੋਰਾਂ ਨੇ ਕੁੱਝ ਪੁਲੀਸ ਅਫਸਰਾਂ ਦੇ ਘਰਾਂ ਅਤੇ ਪੁਲੀਸ ਦਫਤਰਾਂ ਨੂੰ  ਨਿਸ਼ਾਨਾ ਬਣਾਇਆ ਹੈ। ਇਸ ਜ਼ਿਲ੍ਹੇ 'ਚ ਜਨਵਰੀ 2005 ਤੋਂ ਹੁਣ ਤੱਕ 11 ਚੋਰੀਆਂ ਇਕੱਲੇ ਪੁਲੀਸ ਅਫਸਰਾਂ ਦੇ ਘਰਾਂ ਅਤੇ ਪੁਲੀਸ ਦਫਤਰਾਂ ਵਿੱਚ ਹੋ ਚੁੱਕੀਆਂ ਹਨ।  ਪੁਲੀਸ ਦਫਤਰਾਂ 'ਚ 4 ਚੋਰੀਆਂ ਹੋਈਆਂ ਹਨ ਜਦੋਂ ਕਿ ਪੁਲੀਸ ਅਫਸਰਾਂ ਦੇ ਘਰਾਂ 'ਚ 7 ਚੋਰੀਆਂ ਹੋਈਆਂ ਹਨ ਜਿਨ੍ਹਾਂ ਦੀ ਬਕਾਇਦਾ ਐਫ.ਆਈ.ਆਰ ਵੀ ਦਰਜ ਹੋਈ ਹੈ। ਜ਼ਿਲ੍ਹਾ ਪੁਲੀਸ ਨੇ ਇਨ੍ਹਾਂ ਅਫਸਰਾਂ ਦੇ ਨਾਮ ਜੱਗ ਜ਼ਾਹਰ ਨਹੀਂ ਕੀਤੇ । ਦੂਸਰਾ ਨੰਬਰ ਜ਼ਿਲ੍ਹਾ ਮੋਗਾ ਦਾ ਆਉਂਦਾ ਹੈ ਜਿਥੇ ਕਿ ਪੁਲੀਸ ਅਫਸਰਾਂ ਤੇ ਮੁਲਾਜ਼ਮਾਂ ਦੇ ਘਰਾਂ 'ਚ ਅੱਠ ਚੋਰੀਆਂ ਹੋਈਆਂ ਹਨ। ਇਨ੍ਹਾਂ ਦੇ ਪਰਚੇ ਵੀ ਦਰਜ ਹੋਏ ਹਨ। ਸਾਲ 2011 ਵਿੱਚ ਦੋ ਚੋਰੀਆਂ  ਪੁਲੀਸ ਅਧਿਕਾਰੀਆਂ ਦੇ ਘਰਾਂ ਵਿੱਚ ਹੋਈਆਂ ਹਨ ਜਦੋਂ ਕਿ ਸਾਲ 2010 ਵਿੱਚ ਵੀ ਦੋ ਚੋਰੀਆਂ ਹੋਈਆਂ ਹਨ। ਇਸ ਜ਼ਿਲ੍ਹੇ 'ਚ ਸਾਲ 2005 ਵਿੱਚ ਪੁਲੀਸ ਵਾਲਿਆਂ ਦੇ ਘਰ ਦੋ ਚੋਰੀਆਂ, ਸਾਲ 2006 ਵਿੱਚ ਇੱਕ ਚੋਰੀ ਅਤੇ ਸਾਲ 2009 ਵਿੱਚ ਵੀ ਇੱਕ ਚੋਰੀ ਹੋਈ ਹੈ। ਬਹੁਤੇ ਕੇਸਾਂ ਵਿੱਚ ਚੋਰੀਆਂ ਦਾ ਸੁਰਾਗ ਨਹੀਂ ਮਿਲਿਆ ਹੈ। ਇਨ੍ਹਾਂ 'ਚੋਂ ਕਈ ਕੇਸ ਅਦਾਲਤਾਂ ਵਿੱਚ ਚੱਲੇ ਹਨ।
          ਸੂਤਰ ਦੱਸਦੇ ਹਨ ਕਿ ਫਰੀਦਕੋਟ ਤੇ ਮੁਕਤਸਰ ਦੇ ਪੁਲੀਸ ਮੁਲਾਜ਼ਮਾਂ ਦੇ ਘਰਾਂ ਵਿੱਚ ਵੀ ਚੋਰੀਆਂ ਹੋਈਆਂ ਹਨ ਪਰ ਉਨ੍ਹਾਂ ਐਫ.ਆਈ.ਆਰ ਦਰਜ ਨਹੀਂ ਕਰਾਈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਫਰੀਦਕੋਟ ਸਿਟੀ ਥਾਣੇ ਵਿੱਚ ਇੱਕ ਏ.ਕੇ 47 ਅਸਾਲਟ ਦੀ ਐਫ.ਆਈ.ਆਈ 242 ਨੰਬਰ ਦਰਜ ਹੋਈ ਹੈ। ਭਾਵੇਂ ਅਸਾਲਟ ਗੁੰਮ ਹੋਣ ਦੀ ਗੱਲ ਕਹੀ ਗਈ ਹੈ ਪਰ ਅਸਾਲਟ ਦਾ ਗੁੰਮ ਹੋਣਾ ਜਾਂ ਚੋਰੀ ਹੋਣਾ ਵੀ ਆਪਣੇ ਆਪ ਵਿੱਚ ਵੱਡੀ ਗੱਲ ਹੈ। ਇਸ ਦੀ ਲਿਖਾ ਪੜ੍ਹੀ ਵੀ ਚੱਲ ਰਹੀ ਹੈ। ਇਵੇਂ ਹੀ ਇੱਕ ਡੀ.ਐਸ.ਪੀ ਦਾ ਇੱਕ ਪਿਸਤੌਲ 9 ਐਮ.ਐਮ ਗੁੰਮ ਹੋ ਗਿਆ ਸੀ ਜਿਸ ਦਾ ਉਪਰਲੇ ਪੱਧਰ 'ਤੇ ਮਾਮਲਾ ਵਿਚਾਰਿਆ ਜਾ ਰਿਹਾ ਹੈ। ਬਠਿੰਡਾ ਦੇ ਵੀ ਇੱਕ ਥਾਣੇਦਾਰ ਦਾ ਰਿਵਾਲਵਰ ਚੋਰੀ ਹੋ ਗਿਆ ਸੀ। ਹਥਿਆਰਾਂ ਦੀ ਚੋਰੀ ਹੋਣ ਤੋਂ ਲੱਗਦਾ ਹੈ ਕਿ ਪੁਲੀਸ ਆਪਣੇ ਹਥਿਆਰ ਸੰਭਾਲਣ 'ਚ ਕੋਤਾਹੀ ਕਰਦੀ ਹੈ। ਭਾਰਤੀ ਫੌਜ ਵਿੱਚ ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਸਖਤ ਸਜ਼ਾ ਮਿਲਦੀ ਹੈ ਪਰ ਪੰਜਾਬ ਪੁਲੀਸ 'ਚ ਹਥਿਆਰ ਗੁੰਮ ਕਰਨ ਵਾਲੇ ਅਧਿਕਾਰੀਆਂ ਦਾ ਵਾਲ ਵਿੰਗਾ ਨਹੀਂ ਹੁੰਦਾ ਬਲਕਿ ਉਸ ਤੋਂ ਹਥਿਆਰ ਦੇ ਬਦਲੇ ਵਿੱਚ ਥੋੜ੍ਹੇ ਬਹੁਤੇ ਪੈਸੇ ਭਰਵਾ ਲਏ ਜਾਂਦੇ ਹਨ।
          ਪਤਾ ਲੱਗਾ ਹੈ ਕਿ ਬਹੁਤੇ ਕੇਸਾਂ ਵਿੱਚ ਤਾਂ ਚੋਰ ਪੁਲੀਸ ਵਾਲੇ ਬਣ ਕੇ ਹੀ ਵਾਰਦਾਤਾਂ ਕਰ ਦਿੰਦੇ ਹਨ। ਸਦਰ ਕੋਟਕਪੂਰਾ ਦੀ ਪੁਲੀਸ ਵੱਲੋਂ 22 ਜੁਲਾਈ 2009 'ਚ ਅਜਿਹੇ ਹੀ 9 ਜਾਅਲੀ ਪੁਲੀਸ ਵਾਲੇ ਫੜ ਗਏ ਸਨ ਜੋ ਕਿ ਪੁਲੀਸ ਵਰਦੀ ਪਹਿਨ ਕੇ ਵਾਰਦਾਤਾਂ ਕਰਦੇ ਸਨ। ਇਸ ਤੋਂ ਇਲਾਵਾ ਮੁਕਤਸਰ ਜ਼ਿਲ੍ਹੇ ਦੇ ਥਾਣਾ ਕੋਟਭਾਈ ਦੀ ਪੁਲੀਸ ਨੇ ਵੀ ਅਜਿਹੇ ਅੱਧੀ ਦਰਜ਼ਨ ਵਿਅਕਤੀ ਕਾਬੂ ਕੀਤੇ ਸਨ ਜੋ ਪੁਲੀਸ ਵਾਲੇ ਬਣ ਕੇ ਵਾਰਦਾਤਾਂ ਕਰਦੇ ਸਨ। ਲੋਕ ਮੋਰਚਾ ਪੰਜਾਬ ਦੇ ਸਲਾਹਕਾਰ ਅਤੇ ਐਡਵੋਕੇਟ  ਐਨ.ਕੇ.ਜੀਤ ਦਾ ਕਹਿਣਾ ਸੀ ਕਿ ਜੋ ਪੁਲੀਸ ਆਪਣੇ ਘਰਾਂ ਤੇ ਦਫਤਰਾਂ ਦੀ ਰਾਖੀ ਨਹੀਂ ਕਰ ਸਕਦੀ,ਉਸ ਤੋਂ ਆਮ ਲੋਕ ਕੀ ਉਮੀਦ ਰੱਖ ਸਕਦੇ ਹਨ।। ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਉਹ ਡਿਊਟੀ ਕਾਰਨ ਘਰੋਂ ਬਾਹਰ ਰਹਿੰਦੇ ਹਨ ਜਿਸ ਕਰਕੇ ਚੋਰਾਂ ਨੂੰ ਮੌਕਾ ਮਿਲ ਜਾਂਦਾ ਹੈ।

No comments:

Post a Comment