Tuesday, January 31, 2012

                       ਸ਼ੁਕਰੀਆ ਧੀਏ !
                           ਚਰਨਜੀਤ ਭੁੱਲਰ
ਬਠਿੰਡਾ :  'ਸ਼ੁਕਰੀਆ ਧੀਏ, ਤੂੰ ਪੂਰੇ ਪੰਜਾਬ ਦਾ ਸਿਰ ਉੱਚਾ ਕਰ ਦਿੱਤਾ ਹੇ।' ਪਿੰਡ ਮਹਿਰਾਜ ਦੇ ਬਜ਼ੁਰਗਾਂ ਨੇ ਮੁੱਖ ਚੋਣ ਅਫਸਰ ਕੁਸੁਮਜੀਤ ਕੌਰ ਸਿੱਧੂ ਨੂੰ ਅੱਜ ਪੱਤਰ ਭੇਜ ਕੇ ਇਹ ਸ਼ਬਦ ਆਖੇ ਹਨ। ਦੱਸਣਯੋਗ ਹੈ ਕਿ ਕੁਸੁਮਜੀਤ ਕੌਰ ਸਿੱਧੂ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਮਹਿਰਾਜ ਦੀ ਧੀ ਹੈ। ਮਹਿਰਾਜ ਦੇ ਲੋਕਾਂ ਨੇ ਸਿਆਸਤ ਤੋਂ ਉਪਰ ਉਠ ਕੇ ਆਪਣੇ ਪਿੰਡ ਦੀ ਧੀ ਕੁਸੁਮਜੀਤ ਕੌਰ ਸਿੱਧੂ ਨੂੰ ਅੱਜ ਸ਼ਾਬਾਸ਼ ਦਿੱਤੀ ਹੈ। ਪੰਜਾਬ ਚੋਣਾਂ ਵਿੱਚ ਲਿਆਂਦੇ ਸੁਧਾਰ ਅਤੇ ਮਜ਼ਬੂਤ ਲੋਕ ਰਾਜ ਲਈ ਕੀਤੇ ਉਪਰਾਲੇ ਤੋਂ ਪਿੰਡ ਮਹਿਰਾਜ ਦੇ ਲੋਕ ਖੁਸ਼ ਹਨ ਅਤੇ ਉਹ ਇਸ ਦਾ ਸਿਹਰਾ ਆਪਣੇ ਪਿੰਡ ਦੀ ਧੀ ਕੁਸੁਮਜੀਤ ਕੌਰ ਸਿੱਧੂ ਦੇ ਸਿਰ ਬੰਨ੍ਹ ਰਹੇ ਹਨ। ਪਿੰਡ ਦੀਆਂ ਸਾਰੀਆਂ ਸਿਆਸੀ ਧਿਰਾਂ ਨੇ ਇੱਕ ਚੰਗੀ ਸ਼ੁਰੂਆਤ ਬਦਲੇ ਮੁੱਖ ਚੋਣ ਅਫਸਰ ਨੂੰ ਪਿੰਡ ਬੁਲਾ ਕੇ ਸਨਮਾਨ ਦੇਣ ਦਾ ਫੈਸਲਾ ਕੀਤਾ ਹੈ। ਪਿੰਡ ਵਾਸੀਆਂ ਨੇ ਅੱਜ ਮੁੱਖ ਚੋਣ ਅਫਸਰ ਪੰਜਾਬ ਦਾ ਸ਼ੁਕਰੀਆ ਕਰਨ ਲਈ ਪੱਤਰ ਭੇਜਿਆ ਹੈ।
          ਸ਼੍ਰੋਮਣੀ ਅਕਾਲੀ ਦਲ ਮਹਿਰਾਜ ਦੇ ਪ੍ਰਧਾਨ ਬਾਬੂ ਸਿੰਘ ਨੇ ਆਖਿਆ ਕਿ ਪਿੰਡ ਦੀ ਧੀ ਨੇ ਚੋਣਾਂ 'ਚੋਂ ਲੜਾਈ ਝਗੜੇ ਖਤਮ ਕਰਕੇ ਸਵੱਛ ਲੋਕ ਰਾਜ ਦੀ ਨੀਂਹ ਰੱਖ ਦਿੱਤੀ ਹੈ, ਜਿਸ ਕਰਕੇ ਉਨ੍ਹਾਂ ਨੂੰ ਪਿੰਡ ਦੀ ਧੀ 'ਤੇ ਮਾਣ ਹੈ। ਉਨ੍ਹਾਂ ਆਖਿਆ ਕਿ ਜਿੰਨਾ ਚੋਣ ਸੁਧਾਰ ਉਸ ਕੁਸੁਮਜੀਤ ਨੇ ਕੀਤਾ ਹੈ, ਉਹ ਪਹਿਲਾਂ ਕਦੇ ਨਹੀਂ ਹੋ ਸਕਿਆ ਹੈ।  ਜਥੇਦਾਰ ਸ਼ੇਰ ਸਿੰਘ ਮਹਿਰਾਜ ਅਤੇ ਹੋਰ ਬਜ਼ੁਰਗਾਂ ਨੇ ਪੱਤਰ 'ਚ ਲਿਖਿਆ, ''ਧੀਏ, ਤੂੰ ਸਾਡੇ ਪਿੰਡ ਦਾ ਮਾਣ ਵਧਾਇਆ ਹੈ, ਸਾਡੇ ਕੋਲ ਸ਼ਬਦ ਨਹੀਂ, ਜਿਨ੍ਹਾਂ ਨਾਲ ਤੇਰਾ ਧੰਨਵਾਦ ਕਰ ਸਕੀਏ।'' ਦੱਸਣਯੋਗ ਹੈ ਕਿ ਕੁਸੁਮਜੀਤ ਕੌਰ ਸਿੱਧੂ ਦੀ ਪਿੰਡ ਮਹਿਰਾਜ 'ਚ ਜ਼ਮੀਨ ਜਾਇਦਾਦ ਹੈ ਅਤੇ ਉਹ ਪਿੰਡ ਵਿੱਚ ਗੇੜਾ ਮਾਰਦੀ ਰਹਿੰਦੀ ਹੈ। ਪਿੰਡ ਮਹਿਰਾਜ ਦੀ ਆਬਾਦੀ ਕਰੀਬ 20 ਹਜ਼ਾਰ ਹੈ। ਪਿੰਡ ਦੇ ਨੰਬਰਦਾਰ ਚੰਦ ਸਿੰਘ ਦਾ ਕਹਿਣਾ ਸੀ ਕਿ ਅਜਿਹਾ ਚੋਣ ਮਾਹੌਲ ਪਹਿਲੀ ਵਾਰ ਦੇਖਿਆ ਹੈ। ਉਨ੍ਹਾਂ ਕਿਹਾ ਕਿ ਇੱਕ ਲੜਕੀ ਏਨਾ ਸੁਧਾਰ ਕਰ ਸਕਦੀ ਹੈ ਤਾਂ ਸਰਕਾਰਾਂ ਕਿਉਂ ਨਹੀਂ? ਉਨ੍ਹਾਂ ਆਖਿਆ ਕਿ ਨਵੀਂ ਪੀੜ੍ਹੀ ਨੂੰ ਚੰਗਾ ਰਾਹ ਦਿਖੇਗਾ। ਬਜ਼ੁਰਗਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਦੀ ਕੁੜੀ ਨੇ ਪੂਰਾ ਪ੍ਰਬੰਧ ਸੂਈ ਦੇ ਨੱਕੇ ਵਿੱਚੋਂ ਦੀ ਕੱਢ ਦਿੱਤਾ ਹੈ। ਯੂਥ ਅਕਾਲੀ ਦਲ ਬਲਾਕ ਰਾਮਪੁਰਾ ਦੇ ਪ੍ਰਧਾਨ ਅਤੇ ਪਿੰਡ ਮਹਿਰਾਜ ਦੇ ਵਸਨੀਕ ਕੁਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਕੁਸੁਮਜੀਤ ਸਿੱਧੂ ਨੇ ਨਿਰਪੱਖ ਚੋਣਾਂ ਕਰਾਕੇ ਮਿਸਾਲ ਕਾਇਮ ਕਰ ਦਿੱਤੀ ਹੈ ਅਤੇ ਪਹਿਲੀ ਵਾਰ ਚੋਣਾਂ ਵਿੱਚ ਖਿੱਚ ਧੂਹ ਖਤਮ ਹੋਈ ਹੈ। ਉਨ੍ਹਾਂ ਆਖਿਆ ਕਿ ਉਹ ਮੁੱਖ ਚੋਣ ਅਧਿਕਾਰੀ ਦਾ ਪਿੰਡ 'ਚ ਸਨਮਾਨ ਕਰਨਗੇ।  ਬਜ਼ੁਰਗ ਬਚਿੱਤਰ ਸਿੰਘ ਦਾ ਕਹਿਣਾ ਸੀ ਕਿ ਚੋਣਾਂ ਵਿੱਚ ਪੈਸੇ ਅਤੇ ਨਸ਼ੇ ਦਾ ਵੰਡ ਘਟੀ ਹੈ ਅਤੇ ਇਹ ਮੁੱਖ ਚੋਣ ਅਧਿਕਾਰੀ ਦੀ ਸਖਤੀ ਨੇ ਸੰਭਵ ਕਰ ਦਿਖਾਇਆ ਹੈ।
          ਬਜ਼ੁਰਗ ਸਾਧੂ ਸਿੰਘ ਨੇ ਆਖਿਆ ਕਿ ਇਨ੍ਹਾਂ ਚੋਣ ਸੁਧਾਰਾਂ ਨਾਲ ਲੋਕ ਰਾਜ ਦੀ ਮਜ਼ਬੂਤੀ ਹੋਈ ਹੈ। ਲੋਕਾਂ ਨੂੰ ਨਿਰਪੱਖ ਹੋ ਕੇ ਵੋਟਾਂ ਪਾਉਣ ਦਾ ਮੌਕਾ ਮਿਲਿਆ ਹੈ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਪਿੰਡ ਮਹਿਰਾਜ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਅਤੇ ਮਨਬੀਰ ਸਿੰਘ ਦਾ ਕਹਿਣਾ ਸੀ ਕਿ ਚੰਗੇ ਚੋਣ ਮਾਹੌਲ ਕਰਕੇ ਐਤਕੀਂ ਵੋਟ ਫੀਸਦੀ ਵਧੀ  ਹੈ।     ਉਨ੍ਹਾਂ ਆਖਿਆ ਕਿ ਸਿਆਸੀ ਉਮੀਦਵਾਰਾਂ ਦਾ ਪੈਸੇ ਦਾ ਜ਼ੋਰ ਨਹੀਂ ਚੱਲ ਸਕਿਆ ਹੈ ਅਤੇ ਚੋਣਾਂ ਦਾ ਸ਼ੋਰ ਪ੍ਰਦੂਸ਼ਣ ਘਟਾਉਣ ਵਿੱਚ ਮੁੱਖ ਚੋਣ ਅਧਿਕਾਰੀ ਨੇ ਵੱਡਾ ਰੋਲ ਅਦਾ ਕੀਤਾ ਹੈ।  ਪਿੰਡ ਮਹਿਰਾਜ ਦੇ ਹਰਮੀਤ ਸਿੰਘ ਦਾ ਕਹਿਣਾ ਸੀ ਕਿ ਉਹ ਪਿੰਡ ਪੱਧਰ 'ਤੇ ਪ੍ਰੋਗਰਾਮ ਬਣਾ ਰਹੇ ਹਨ ਕਿ ਸਾਂਝਾ ਸਮਾਗਮ ਕਰਕੇ  ਕੁਸੁਮਜੀਤ ਕੌਰ ਸਿੱਧੂ ਦਾ ਸਨਮਾਨ ਕੀਤਾ ਜਾਵੇ।

1 comment:

  1. ਕੁਸਮਜੀਤ ਕੱਲੇ ਮਹਿਰਾਜ ਦੀ ਨਹੀ ਪੂਰੇ ਪੰਜਾਬ ਦੀ ਧੀ ਹੋ ਨਿਬੜੀ । ਹਰ ਪੰਜਾਬੀ ਬਾਰੇ ਬਾਰੇ ਜਾ ਰਿਹਾ ਸ਼ੇਰ ਦੀ ਬੱਚੀ ਦੇ । ਹਰ ਪੰਜਾਬੀ ਦੇ ਮਨ ਵਿੱਚ ਮਣਾਂ ਮੂਹੀ ਸਤਿਕਾਰ ਹੈ ਕੁਸਮਜੀਤ ਵਾਸਤੇ । ਮਹਿਰਾਜ ਨਹੀ ਸਾਰੇ ਪੰਜਾਬ ਵੱਲੋਂ ਕਿਸੇ ਸਾਝੇ ਪਲੇਟਫਾਰਮ ਤੇ ਸਨਮਾਨਿਤ ਕਰਨਾ ਚਾਹੀਦਾ ਕੁਸਮਜੀਤ ਨੂੰ ।

    ਦਰਸ਼ਨ ਭੁੱਲਰ

    ReplyDelete