Monday, January 16, 2012

    ਡੇਰਾ ਮੁਖੀ ਨੂੰ ਨੇਤਾ ਮਿਲਣ ਲਈ ਕਾਹਲੇ !
                               ਚਰਨਜੀਤ ਭੁੱਲਰ
ਬਠਿੰਡਾ : ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਨੂੰ ਪੰਜਾਬ ਦੇ ਤਿੰਨ ਦਰਜਨ ਨੇਤਾ ਮਿਲਣਾ ਚਾਹੁੰਦੇ ਹਨ। ਡੇਰਾ ਮੁਖੀ ਵਲੋਂ ਇਨ੍ਹਾਂ ਨੇਤਾਵਾਂ ਨੂੰ ਹਾਲੇ ਸਮਾਂ ਨਹੀਂ ਦਿੱਤਾ ਗਿਆ। ਪਹਿਲੀ ਵਾਰ ਹੈ ਜਦੋਂ ਚੋਣਾਂ ਮੌਕੇ ਡੇਰਾ ਮੁਖੀ ਨੂੰ ਕਿਸੇ ਵੀ ਉਮੀਦਵਾਰ ਜਾਂ ਸਿਆਸੀ ਨੇਤਾ ਨੂੰ ਸਿੱਧੇ ਤੌਰ 'ਤੇ ਮਿਲਣ ਤੋਂ ਪਾਸਾ ਵੱਟਿਆ ਹੈ। ਪਹਿਲਾਂ ਚੋਣਾਂ ਸਮੇਂ ਕੋਈ ਵੀ ਉਮੀਦਵਾਰ ਜਾਂ ਸਿਆਸੀ ਨੇਤਾ ਬਿਨਾਂ ਸਮਾਂ ਲਏ ਹੀ ਡੇਰਾ ਸਿਰਸਾ ਚਲਾ ਜਾਂਦਾ ਸੀ ਅਤੇ ਡੇਰਾ ਮੁਖੀ ਨੂੰ ਮਿਲਣ ਦੀ ਕੋਈ ਮੁਸ਼ਕਲ ਨਹੀਂ  ਸੀ ਹੁੰਦੀ। ਐਤਕੀਂ ਪੰਜਾਬ ਚੋਣਾਂ ਕਰਕੇ ਡੇਰਾ ਮੁਖੀ ਨੇ ਕਿਸੇ ਵੀ ਨੇਤਾ ਨੂੰ ਸਿੱਧੇ ਨਾ ਮਿਲਣ ਦਾ ਫੈਸਲਾ ਕੀਤਾ ਹੈ। ਡੇਰਾ ਮੁਖੀ ਨੇ ਡੇਰਾ ਮੈਨੇਜਮੈਂਟ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਵੀ ਨੇਤਾ ਨੂੰ ਬਿਨਾਂ ਸਮਾਂ ਲਏ ਉਨ੍ਹਾਂ ਨਾਲ ਨਾ ਮਿਲਾਇਆ ਜਾਵੇ। ਜਿਨ੍ਹਾਂ ਨੇਤਾਵਾਂ ਨੇ ਡੇਰਾ ਮੁਖੀ ਤੋਂ ਮਿਲਣ ਦਾ ਸਮਾਂ ਮੰਗਿਆ ਹੈ, ਉਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਕੁਝ ਨੇਤਾ ਅਤੇ ਉਮੀਦਵਾਰ ਸ਼ਾਮਲ ਦੱਸੇ ਜਾਂਦੇ ਹਨ। ਡੇਰਾ ਮੈਨੇਜਮੈਂਟ ਵਲੋਂ ਇਨ੍ਹਾਂ ਨੇਤਾਵਾਂ ਨੂੰ ਆਖਿਆ ਗਿਆ ਹੈ ਕਿ ਜਦੋਂ ਡੇਰਾ ਮੁਖੀ ਸਮਾਂ ਦੇਣਗੇ, ਉਨ੍ਹਾਂ ਨੂੰ ਫੋਨ 'ਤੇ ਸੂਚਿਤ ਕਰ ਦਿੱਤਾ ਜਾਵੇਗਾ।
ਡੇਰੇ ਅੰਦਰ ਇੱਕ ਵੱਖਰਾ ਸੈੱਲ ਹੈ ਜਿਸ ਵਲੋਂ ਡੇਰਾ ਮੁਖੀ ਤੋਂ ਸਮਾਂ ਲੈ ਕੇ ਦਿੱਤਾ ਜਾਂਦਾ ਹੈ।
          ਡੇਰੇ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਦਾ ਕਹਿਣਾ ਸੀ ਕਿ ਇਸ ਵਾਰ ਡੇਰਾ ਮੁਖੀ ਦੇ ਰੁਝੇਵੇਂ ਬਹੁਤ ਹਨ ਜਿਸ ਕਰਕੇ ਉਮੀਦਵਾਰਾਂ ਨੂੰ ਸਿੱਧਾ ਨਹੀਂ ਮਿਲਾਇਆ ਜਾ ਰਿਹਾ। ਉਨ੍ਹਾਂ ਪੁਸ਼ਟੀ ਕੀਤੀ ਕਿ ਪੰਜਾਬ ਦੇ ਬਹੁਤ ਸਾਰੇ ਆਗੂ ਡੇਰਾ ਮੁਖੀ ਨੂੰ ਮਿਲਣ ਲਈ 'ਬਿਹਬਲ' ਹਨ। ਉਨ੍ਹਾਂ ਨੇ ਨਾਮ ਦੱਸਣ ਤੋਂ ਗੁਰੇਜ਼ ਕੀਤਾ ਪ੍ਰੰਤੂ ਇਹ ਜ਼ਰੂਰ ਕਿਹਾ ਕਿ ਇਨ੍ਹਾਂ ਵਿੱਚ ਸਭਨਾਂ ਪਾਰਟੀਆਂ ਦੇ ਆਗੂ ਸ਼ਾਮਲ ਹਨ। ਡੇਰੇ ਦੇ ਕਰੀਬੀਆਂ ਅਨੁਸਾਰ ਐਤਕੀਂ ਡੇਰਾ ਮੁਖੀ ਸਭਨਾਂ ਨੂੰ ਇੱਕੋ ਸਮੇਂ ਮਿਲਣਗੇ ਅਤੇ ਇਹ ਘੱਟ ਸੰਭਾਵਨਾ ਹੈ ਕਿ ਇਕੱਲੇ ਇਕੱਲੇ ਨੇਤਾ ਨੂੰ ਵੱਖੋ ਵੱਖਰਾ ਸਮਾਂ ਦਿੱਤਾ ਜਾਵੇ। ਡੇਰਾ ਮੁਖੀ ਅੱਜ-ਕੱਲ੍ਹ ਰਾਜਸਥਾਨ ਅਤੇ ਯੂ.ਪੀ. ਵਿੱਚ ਸਤਿਸੰਗਾਂ ਵਿੱਚ ਰੁੱਝੇ ਹੋਏ ਹਨ। ਉਂਜ, ਡੇਰੇ ਦੇ ਸਿਆਸੀ ਵਿੰਗ ਨੇ ਆਪਣੀ ਸਰਗਰਮੀ ਕਾਫੀ ਵਧਾਈ ਹੋਈ ਹੈ। ਇਸ ਵੱਲੋਂ ਡੇਰਾ ਪੈਰੋਕਾਰਾਂ ਤੋਂ ਸੁਝਾਅ ਲੈਣ ਦਾ ਪਹਿਲਾ ਗੇੜ ਮੁਕੰਮਲ ਕਰ ਲਿਆ ਗਿਆ ਹੈ ਅਤੇ ਹੁਣ ਦੂਸਰਾ ਗੇੜ ਚੱਲ ਰਿਹਾ ਹੈ। ਬਲਾਕ ਅਤੇ ਜ਼ਿਲ੍ਹਾ ਪੱਧਰੀ ਮੀਟਿੰਗਾਂ ਵਿੱਚ ਵਿੰਗ ਵਲੋਂ ਇੱਕ ਅਪੀਲ ਕੀਤੀ ਜਾਂਦੀ ਹੈ ਕਿ ਚੋਣਾਂ ਵਿੱਚ ਇੱਕਮੁਠਤਾ ਰੱਖੀ ਜਾਵੇ। ਸ੍ਰੀ ਰਾਮ ਸਿੰਘ ਨੇ ਦੱਸਿਆ ਕਿ ਹਫਤੇ ਦੇ ਅੰਦਰ ਦੂਸਰਾ ਗੇੜ ਵੀ ਮੁਕੰਮਲ ਕਰ ਲਿਆ ਜਾਵੇਗਾ ਅਤੇ ਅੰਤਿਮ ਫੈਸਲਾ ਚੋਣਾਂ ਦੇ ਨੇੜੇ ਲਿਆ ਜਾਵੇਗਾ।
                                         ਪਾਰਟੀ ਦੀ ਥਾਂ ਉਮੀਦਵਾਰਾਂ ਦੀ ਹਮਾਇਤ ?
ਚੰਡੀਗੜ੍ਹ ਵਿਚ ਖੁਫ਼ੀਆ ਵਿਭਾਗ, ਪੰਜਾਬ ਦਾ ਅਨੁਮਾਨ ਹੈ ਕਿ ਡੇਰਾ ਸੱਚਾ ਸੌਦਾ ਕਿਸੇ ਇਕ ਸਿਆਸੀ ਧਿਰ ਦੀ ਹਮਾਇਤ ਕਰਨ ਦੀ ਥਾਂ ਵਿਅਕਤੀਗਤ ਪੱਧਰ 'ਤੇ ਉਮੀਦਵਾਰ ਦੀ ਹਮਾਇਤ ਕਰਨ ਜਾਂ ਨਾ ਕਰਨ ਦਾ ਫੈਸਲਾ ਲਵੇਗਾ। 2009 ਵਿਚ ਲੋਕ ਸਭਾ ਚੋਣਾਂ ਸਮੇਂ ਵੀ ਡੇਰੇ ਨੇ ਅਜਿਹਾ ਹੀ ਕੀਤਾ ਸੀ।

1 comment:

  1. Dhan Dhan Satguru Tera Hi Asra. Hun hr leader , party Aagu, Candidate chahe oh congressi/Akali/ PPP/ Azad Hindu Sikh Kio na hove, Sirf Dhan Dhan Satguru Tera hi Asra nara bolen vich apna bhla smjhda hai.

    ReplyDelete