Thursday, January 26, 2012

      ਖੜ੍ਹੇ ਉਮੀਦਵਾਰਾਂ ਦੇ ਗਲੇ ਬੈਠੇ
                       ਚਰਨਜੀਤ ਭੁੱਲਰ
ਬਠਿੰਡਾ : ਚੋਣ ਪਿੜ ਵਿਚ ਉਮੀਦਵਾਰ ਤਾਂ ਖੜ੍ਹੇ ਹਨ ਪ੍ਰੰਤੂ ਉਨ੍ਹਾਂ ਦੇ ਗਲੇ ਬੈਠ ਗਏ ਹਨ। ਹੁਣ ਨੇਤਾਵਾਂ ਨੂੰ ਪੂਰਾ ਪੂਰਾ ਦਿਨ ਭਾਸ਼ਣ ਦੇਣੇ ਪੈਂਦੇ ਹਨ ਜਾਂ ਫਿਰ ਦਿਨ ਰਾਤ ਵਾਂਗ ਹੀ ਬੋਲਣਾ ਪੈਂਦਾ ਹੈ ਜੋ ਚੋਣ ਪਿੜ ਵਿੱਚ ਨਵੇਂ ਉਮੀਦਵਾਰ ਹਨ,ਉਨ੍ਹਾਂ ਦੇ ਬੋਲ ਬੋਲ ਕੇ ਗਲੇ ਖਰਾਬ ਹੋ ਗਏ ਹਨ। ਮਾਲਵਾ ਖ਼ਿੱਤੇ ਵਿੱਚ ਸਭਨਾਂ ਉਮੀਦਵਾਰਾਂ ਦੀ ਆਵਾਜ਼ ਬਦਲ ਗਈ ਹੈ। ਜਿਨ੍ਹਾਂ ਉਮੀਦਵਾਰਾਂ ਦੇ ਬੋਲ ਬੋਲ ਕੇ ਗਲੇ ਖਰਾਬ ਹੋ ਗਏ ਹਨ, ਉਹ ਦੇਸੀ ਇਲਾਜ ਨਾਲ ਕੰਮ ਚਲਾ ਰਹੇ ਹਨ। ਕੋਈ ਉਮੀਦਵਾਰ ਗਰਮ ਪਾਣੀ ਪੀ ਰਿਹਾ ਹੈ ਅਤੇ ਕੋਈ ਪਾਣੀ ਦੇ ਗਰਾਰੇ ਕਰ ਰਿਹਾ ਹੈ। ਕਾਫ਼ੀ ਉਮੀਦਵਾਰਾਂ ਨਾਲ ਜਦੋਂ ਉਨ੍ਹਾਂ ਦੇ ਖਰਾਬ ਗਲੇ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਇਹ ਤਾਂ ਪੁੱਛੋ ਹੀ ਨਾ, ਬੁਰਾ ਹਾਲ ਹੋਇਆ ਪਿਆ ਹੈ।ਕਾਂਗਰਸ ਪਾਰਟੀ ਦੇ ਭਦੌੜ ਹਲਕੇ ਤੋਂ ਉਮੀਦਵਾਰ ਮੁਹੰਮਦ ਸਦੀਕ ਹਾਲਾਂਕਿ ਖੁਦ ਪੁਰਾਣੇ ਕਲਾਕਾਰ ਹਨ ਪ੍ਰੰਤੂ ਉਨ੍ਹਾਂ ਨੂੰ ਗਲੇ ਦੀ ਸਮੱਸਿਆ ਆ ਰਹੀ ਹੈ। ਮੁਹੰਮਦ ਸਦੀਕ ਆਪਣੇ ਕੋਲ ਛੋਟੀ ਲੈਚੀ ਅਤੇ ਮਿਸ਼ਰੀ ਰੱਖਦੇ ਹਨ ਜੋ ਕਿ ਥੋੜ੍ਹੇ ਥੋੜ੍ਹੇ ਸਮੇਂ ਮਗਰੋਂ ਲੈਂਦੇ ਰਹਿੰਦੇ ਹਨ। ਉਨ੍ਹਾਂ ਦੀ ਆਵਾਜ਼ ਵਿੱਚ ਸੁਣਨ ਤੇ ਬਹੁਤਾ ਫਰਕ ਨਹੀਂ ਲੱਗਦਾ ਪ੍ਰੰਤੂ ਉਹ ਦੱਸਦੇ ਹਨ ਕਿ ਲਗਾਤਾਰ ਬੋਲਣ ਕਰਕੇ ਗਲਾ ਖਰਾਬ ਹੋਇਆ ਹੈ।ਹਲਕਾ ਭੁੱਚੋ ਤੋਂ ਕਾਂਗਰਸੀ ਉਮੀਦਵਾਰ ਅਜਾਇਬ ਸਿੰਘ ਭੱਟੀ ਦੀ ਆਵਾਜ਼ ਦੀ ਪਛਾਣ ਆਉਣੋਂ ਹੀ ਹਟ ਗਈ ਹੈ। ਉਹ ਦੱਸਦੇ ਹਨ ਕਿ ਉਹ ਸਵੇਰ ਵਕਤ ਚੋਣ ਪ੍ਰਚਾਰ ਲਈ ਜਾਣ ਤੋਂ ਪਹਿਲਾਂ ਗਰਮ ਪਾਣੀ ਦੇ ਨਮਕ ਪਾ ਕੇ ਗਰਾਰਾ ਕਰਦਾ ਹੈ। ਦਿਨ ਵੇਲੇ ਜਿਥੇ ਵਕਤ ਮਿਲੇ,ਉਥੇ ਵੀ ਗਰਾਰੇ ਕਰ ਲੈਂਦੇ ਹਾਂ।
           ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪ੍ਰਚਾਰ ਦੇ ਨਾਲ ਨਾਲ ਕਾਫ਼ੀ ਕਾਫ਼ੀ ਸਮਾਂ ਫੋਨ ਵੀ ਸੁਣਨਾ ਪੈਂਦਾ ਹੈ। ਹਲਕਾ ਲੰਬੀ ਤੋਂ ਕਾਂਗਰਸ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਬਾਦਲ ਇਸ ਗੱਲੋਂ ਕਾਫ਼ੀ ਬੇਹਤਰ ਹਨ ਕਿਉਂਕਿ ਬਹੁਤ ਹੀ ਠਰੰਮੇ ਨਾਲ ਅਤੇ ਸੰਜਮ ਨਾਲ ਭਾਸ਼ਣ ਕਰਦੇ ਹਨ। ਉਹ ਥੋੜ੍ਹਾ ਬੋਲਦੇ ਹਨ ਜਿਸ ਕਰਕੇ ਉਹ ਗਲੇ ਦੀ ਸਮੱਸਿਆ ਤੋਂ ਬਚੇ ਹੋਏ ਹਨ। ਹਲਕਾ ਬਠਿੰਡਾ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਕਿ ਉਹ ਨਿੱਤ ਸਵੇਰ ਵਕਤ ਗਰਮ ਪਾਣੀ ਵਿਚ ਲੂਣ ਪਾ ਕੇ ਗਰਾਰੇ ਕਰਦੇ ਹਨ ਅਤੇ ਦਿਨ ਵਕਤ ਜਦੋਂ ਗਲੇ ਦੀ ਸਮੱਸਿਆ ਵੱਧਦੀ ਹੈ ਤਾਂ ਉਹ ਦੇਸੀ ਦਵਾਈ ਲੈ ਲੈਂਦੇ ਹਨ। ਉਹ ਦੱਸਦੇ ਹਨ ਕਿ ਉਹ ਨਿੱਤ ਦਰਜਨਾਂ ਥਾਂਵਾਂ 'ਤੇ ਭਾਸ਼ਣ ਕਰਦੇ ਹਨ ਅਤੇ ਹਜ਼ਾਰਾਂ ਲੋਕਾਂ ਨਾਲ ਗੱਲਬਾਤ ਕਰਦੇ ਹਨ ਜਿਸ ਕਰਕੇ ਗਲੇ ਦਾ ਕੋਈ ਕਸੂਰ ਨਹੀਂ ਹੈ।ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਮਲੱਠੀ ਦੀ ਵਰਤੋਂ ਕਰ ਰਹੇ ਹਨ। ਉਹ ਹਰ ਥਾਂ ਪਾਣੀ ਵੀ ਗਰਮ ਹੀ ਪੀਂਦੇ ਹਨ। ਉਹ ਦੱਸਦੇ ਹਨ ਕਿ ਉਹ ਗਲੇ ਦੇ ਡਰੋ ਬਹੁਤਾ ਖਾਂਦੇ ਪੀਂਦੇ ਵੀ ਨਹੀਂ ਹਨ। ਹਲਕਾ ਰਾਮਪੁਰਾ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੇ ਗਲੇ ਦਾ ਸਭ ਤੋਂ ਮਾੜਾ ਹਾਲ ਹੈ ਕਿਉਂਕਿ ਰਾਮਪੁਰਾ ਹਲਕੇ ਵਿਚ ਤਾਂ ਇਹ ਹਾਲ ਹੈ ਕਿ ਇਥੇ ਟੱਕਰ ਏਨੀ ਸਖ਼ਤ ਹੈ ਕਿ ਹਲਕੇ ਦੇ ਬਹੁਤੇ ਲੋਕਾਂ ਦੇ ਗਲੇ ਖਰਾਬ ਹੋਏ ਪਏ ਹਨ। ਸ੍ਰੀ ਕਾਂਗੜ ਦੱਸਦੇ ਹਨ ਕਿ ਲੋਕ ਏਨਾ ਪਿਆਰ ਕਰਦੇ ਹਨ,ਜੋ ਚੋਣ ਪ੍ਰਚਾਰ ਦੌਰਾਨ ਦਿੰਦੇ ਹਨ, ਖਾ ਲੈਂਦੇ ਹਾਂ ਅਤੇ ਉਪਰੋਂ ਜ਼ਿਆਦਾ ਸਮਾਂ ਬੋਲਣਾ ਪੈਂਦਾ ਹੈ।
          ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਅਤੇ ਹਲਕਾ ਮੌੜ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਗਲੇ ਨੂੰ ਸਭ ਤੋਂ ਵੱਡੀ ਮਾਰ ਪੰਜਾਬ ਚੋਣਾਂ ਦੀ ਝੱਲਣੀ ਪੈ ਰਹੀ ਹੈ। ਉਨ੍ਹਾਂ ਵੱਲੋਂ ਆਪਣੇ ਗਲੇ ਦਾ ਇਲਾਜ ਕਰਾਉਣ ਦਾ ਮਾਮਲਾ ਚੋਣਾਂ ਕਰਕੇ ਅੱਗੇ ਪਾ ਦਿੱਤਾ ਹੈ। ਉਹ ਘੰਟਿਆਂਬੱਧੀ ਬੋਲਦੇ ਹਨ। ਉਨ੍ਹਾਂ ਦੇ ਪੀ ਏ ਜਸਵੀਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਬਾਦਲ ਰੋਜ਼ਾਨਾ ਸ਼ਹਿਦ ਲੈਂਦੇ ਹਨ ਅਤੇ ਗੱਡੀ ਵਿੱਚ ਸ਼ਹਿਦ ਰੱਖਦੇ ਹਨ। ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਉਹ ਤਾਂ ਦੇਸੀ ਦਵਾਈ ਲੈ ਰਹੇ ਹਨ ਜਿਸ ਕਰਕੇ ਗਲਾ ਥੋੜ੍ਹਾ ਠੀਕ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਦਵਾਈ ਦਾ ਇਸਤੇਮਾਲ ਕਰਦੇ ਹਨ।ਏਦਾਂ ਦਾ ਹਾਲ ਸਾਰੇ ਉਮੀਦਵਾਰਾਂ ਦਾ ਹੈ। ਪਿੰਡ ਰਾਈਆ ਦੇ ਵਸਨੀਕ ਅਤੇ ਪਰਵਾਸੀ ਭਾਰਤੀ ਕਮਲਜੀਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਉਮੀਦਵਾਰਾਂ ਦੇ ਗਲੇ ਏਨੀ ਬੁਰੀ ਤਰ੍ਹਾਂ ਬੈਠੇ ਹੋਏ ਹਨ ਕਿ ਫੋਨ 'ਤੇ ਤਾਂ ਉਨ੍ਹਾਂ ਦੀ ਅਵਾਜ਼ ਦੀ ਪਛਾਣ ਹੀ ਨਹੀਂ ਹੁੰਦੀ ਹੈ। ਕੁਝ ਵੀ ਹੋਵੇ, ਇਨ੍ਹਾਂ ਦਿਨਾਂ ਵਿੱਚ ਉਮੀਦਵਾਰਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਸੁਣ ਕੇ ਆਮ ਲੋਕ ਕਾਫ਼ੀ ਖੁਸ਼ ਹੁੰਦੇ ਹਨ। ਕਈ ਉਮੀਦਵਾਰ ਤਾਂ ਵੋਟਾਂ ਲੈਣ ਲਈ ਜਦੋਂ ਘਰੋ ਘਰੀ ਜਾਂਦੇ ਹਨ ਤਾਂ ਲੋਕਾਂ ਅੱਗੇ ਲੇਲ੍ਹੜੀਆਂ ਵੀ ਜ਼ਿਆਦਾ ਹੀ ਕੱਢਦੇ ਹਨ ਜਿਸ ਕਰਕੇ ਗਲੇ 'ਤੇ ਦਬਾਓ ਪੈਦਾ ਹੈ।

5 comments: