Tuesday, January 17, 2012

                                 ਸਵਾ ਸੌ ਉਮੀਦਵਾਰਾਂ ਨੇ ਡੇਰੇ ਦਾ ਆਸਰਾ ਤੱਕਿਆ
                                                                   ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਚੋਣਾਂ ਵਿੱਚ ਕੁੱਦੇ ਕਰੀਬ ਸਵਾ ਸੌ ਉਮੀਦਵਾਰਾਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਨਾਲ ਮੁਲਾਕਾਤ ਕੀਤੀ। ਸ੍ਰ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਵੱਡੇ ਨੇਤਾਵਾਂ ਨੇ ਡੇਰਾ ਮੁਖੀ ਨੂੰ ਮਿਲਣ ਤੋਂ ਪਾਸਾ ਹੀ ਵੱਟਿਆ ਹੈ ਜਦੋਂ ਕਿ ਸ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਤੋਂ ਇਲਾਵਾ ਪੀਪਲਜ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਡੇਰਾ ਮੁਖੀ ਨੂੰ ਰਾਤ ਡੇਰਾ ਸਿਰਸਾ ਵਿੱਚ ਮਿਲੇ ਹਨ। ਮਾਲਵੇ ਖਿੱਤੇ ਦੇ ਕਰੀਬ 40 ਅਸੈਂਬਲੀ ਹਲਕਿਆਂ ਦੇ ਉਮੀਦਵਾਰਾਂ ਤੋਂ ਇਲਾਵਾ ਕਈ ਉਮੀਦਵਾਰਾਂ ਦੇ ਰਿਸ਼ਤੇਦਾਰ ਵੀ ਡੇਰਾ ਮੁਖੀ ਨੂੰ ਮਿਲਣ ਵਾਲਿਆਂ ਵਿੱਚ ਸ਼ਾਮਲ ਹਨ। ਕਰੀਬ ਅੱਧੀ ਦਰਜ਼ਨ ਉਮੀਦਵਾਰਾਂ ਨੇ ਇਕੱਲਿਆਂ ਮਿਲਣ ਦੀ ਡੇਰਾ ਮੁਖੀ ਨੂੰ ਅਪੀਲ ਕੀਤੀ ਪ੍ਰੰਤੂ ਡੇਰਾ ਮੁਖੀ ਨੇ ਕਿਸੇ ਨੂੰ ਵੀ ਵਿਅਕਤੀਗਤ ਤੌਰ 'ਤੇ ਮਿਲਣ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਉਮੀਦਵਾਰਾਂ ਵਲੋਂ ਡੇਰਾ ਮੁਖੀ ਵਲੋਂ ਦਿੱਤੇ ਪ੍ਰਤੀਗਿਆ ਫਾਰਮ ਵੀ ਭਰੇ ਹਨ। ਉਮੀਦਵਾਰਾਂ ਵਲੋਂ ਅਗਾਊ ਤੌਰ ਤੇ ਹੀ ਡੇਰਾ ਮੈਨੋਜਮੈਂਟ ਤੋਂ ਸਮੇਂ ਦੀ ਮੰਗ ਕੀਤੀ ਹੋਈ ਸੀ। ਕਰੀਬ ਸਵਾ ਪੰਜ ਵਜੇ ਸਾਰੇ ਉਮੀਦਵਾਰ ਡੇਰਾ ਸਿਰਸਾ ਵਿਖੇ ਪਹੁੰਚ ਗਏ ਸਨ।
           ਡੇਰਾ ਮੁਖੀ ਵਲੋਂ ਪਹਿਲਾਂ ਸਟੇਡੀਅਮ ਵਿੱਚ ਮਿਲਣ ਦਾ ਪ੍ਰੋਗਰਾਮ ਸੀ ਜਿਥੇ ਕਿ ਉਮੀਦਵਾਰਾਂ ਦੇ ਨਾਲ ਉਨ੍ਹਾਂ ਦੇ ਦੋ ਦੋ ਸਮਰਥਕ ਵੀ ਚਲੇ ਗਏ ਸਨ ਪ੍ਰੰਤੂ ਮੌਕੇ ਤੇ ਬਾਰਸ਼ ਹੋਣ ਕਰਕੇ ਪ੍ਰੋਗਰਾਮ ਬਦਲ ਦਿੱਤਾ ਗਿਆ। ਡੇਰਾ ਮੁਖੀ ਸਾਰੇ ਉਮੀਦਵਾਰਾਂ ਨੂੰ ਮਗਰੋਂ ਜੂਡੋ ਹਾਲ ਵਿੱਚ ਮਿਲੇ ਜਿਥੇ ਕਿ ਸਿਰਫ ਉਮੀਦਵਾਰ ਹੀ ਸਨ। ਕਰੀਬ ਸੱਤ ਵਜੇ ਡੇਰਾ ਮੁਖੀ ਨਾਲ ਮਿਲਣੀ ਸ਼ੁਰੂ ਹੋਈ ਅਤੇ ਅੱਠ ਵਜੇ ਸਾਰੇ ਉਮੀਦਵਾਰ ਡੇਰੇ ਚੋ ਵਾਪਸ ਪਰਤ ਆਏ ਸਨ। ਡੇਰਾ ਮੁਖੀ ਵਲੋਂ ਕਰੀਬ 20 ਮਿੰਟ ਸੰਦੇਸ਼ ਦਿੱਤਾ ਗਿਆ ਜਿਸ ਚ ਉਨ੍ਹਾਂ ਨੇ ਸਾਰੇ ਉਮੀਦਵਾਰਾਂ ਨੂੰ ਸਮਾਜਿਕ ਅਲਾਮਤਾਂ ਵਿਰੁਧ ਲੜਣ ਦੀ ਗੱਲ ਆਖੀ। ਉਨ੍ਹਾਂ ਆਖਿਆ ਕਿ ਸਾਰਿਆਂ ਨੂੰ ਮਨੁੱਖਤਾ ਦੀ ਭਲਾਈ, ਨਸ਼ਿਆਂ ਖਿਲਾਫ ਅਤੇ ਭਰੂਣ ਹੱਤਿਆ ਖਿਲਾਫ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਾਰੇ ਉਮੀਦਵਾਰਾਂ ਨੂੰ ਹੀ ਅਸ਼ੀਰਵਾਦ ਦਿੱਤਾ। ਇਸ ਮੌਕੇ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਅਤੇ ਹੋਰ ਆਗੂ ਵੀ ਮੌਜੂਦ ਸਨ। ਇਸ ਮੌਕੇ ਡੇਰਾ ਮੈਨੇਜਮੈਂਟ ਵਲੋਂ ਉਮੀਦਵਾਰਾਂ ਦੀ ਮਿਲਣੀ ਦੀ ਵੀਡੀਓਗਰਾਫੀ ਵੀ ਕੀਤੀ ਗਈ ਹੈ। ਡੇਰਾ ਸਿਰਸਾ ਤੋਂ ਮਿਲੇ ਤੱਥਾਂ ਅਨੁਸਾਰ ਡੇਰਾ ਮੁਖੀ ਨੂੰ ਮਿਲਣ ਵਾਲਿਆਂ ਵਿੱਚ ਵੱਡੇ ਨੇਤਾਵਾਂ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਸਮਾਣਾ ਤੋਂ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਅਤੇ ਕਾਂਗਰਸ ਦੇ ਸਾਬਕਾ ਮੰਤਰੀ ਲਾਲ ਸਿੰੰਘ ਸ਼ਾਮਲ ਹਨ। ਅਕਾਲੀ ਦਲ ਦੇ ਨੇਤਾ ਸੁਖਦੇਵ ਸਿੰਘ ਢੀਂਡਸਾ ਦੀ ਪਤਨੀ ਅਤੇ ਨੂੰਹ ਵੀ ਮਿਲਣ ਵਾਲਿਆਂ ਵਿੱਚ ਸ਼ਾਮਲ ਹਨ।
            ਜੋ ਹੋਰ ਅਕਾਲੀ ਉਮੀਦਵਾਰ ਜਾਂ ਅਕਾਲੀ ਨੇਤਾ ਮਿਲੇ ਹਨ, ਉਨ੍ਹਾਂ 'ਚ ਬਠਿੰਡਾ ਤੋਂ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ, ਤਲਵੰਡੀ ਸਾਬੋ ਤੋ ਅਕਾਲੀ ਉੋਮੀਦਵਾਰ ਅਮਰਜੀਤ ਸਿੰਘ ਸਿੱਧੂ,ਦਿਲਰਾਜ ਸਿੰਘ ਭੂੰਦੜ,ਅਜੈਬ ਸਿੰਘ ਮੁਖਮੈਲਪੁਰ,ਮਨਤਾਰ ਸਿੰਘ ਬਰਾੜ,ਅਕਾਲੀ ਉਮੀਦਵਾਰ ਵਰਦੇਵ ਸਿੰਘ ਮਾਨ ਦਾ ਰਿਸ਼ਤੇਦਾਰ ਗੁਰਸੇਵਕ ਸਿੰਘ ਮਾਨ, ਬਰਨਾਲਾ ਤੋਂ ਮਲਕੀਤ ਸਿੰ ਕੀਤੂ,ਫਿਰੋਜਪੁਰ ਦਿਹਾਤੀ ਤੋ ਅਕਾਲੀ ਉਮੀਦਵਾਰ ਜੋਗਿੰਦਰ ਸਿੰਘ ਦਾ ਲੜਕਾ ਬੱਬੂ ਆਦਿ ਸ਼ਾਮਲ ਸਨ। ਡੇਰਾ ਮੁਖੀ ਨੂੰ ਮਿਲਣ ਵਾਲੇ ਕਾਂਗਰਸੀ ਉਮੀਦਵਾਰਾਂ ਵਿੱਚ ਰਾਮਪੁਰਾ ਤੋਂ ਗੁਰਪ੍ਰੀਤ ਸਿੰਘ ਕਾਂਗੜ,ਭੁੱਚੋ ਤੋਂ ਅਜਾਇਬ ਸਿੰਘ ਭੱਟੀ,ਮੌੜ ਤੋਂ ਮੰਗਤ ਰਾਏ ਬਾਂਸਲ,ਬਰਨਾਲਾ ਤੋਂ ਕੇਵਲ ਸਿੰਘ ਢਿਲੋਂ,ਭਦੌੜ ਤੋਂ ਮੁਹੰਮਦ ਸਦੀਕ,ਫਰੀਦਕੋਟ ਤੋ ਅਵਤਾਰ ਸਿੰਘ ਬਰਾੜ,ਕੋਟਕਪੂਰਾ ਤੋਂ ਰਿਪਜੀਤ ਸਿੰਘ ਬਰਾੜ,ਮੋਗਾ ਤੋਂ ਜੋਗਿੰਦਰਪਾਲ ਜੈਨ,ਗਿੱਦੜਬਹਾ ਤੋਂ ਰਾਜਾ ਵੜਿੰਗ,ਬਾਘਾ ਪੁਰਾਣਾ ਤੋ ਦਰਸ਼ਨ ਸਿੰਘ,ਸੰਗਰੂਰ ਤੋ ਸੁਰਿੰਦਰਪਾਲ ਸਿਬੀਆਂ,ਨਿਹਾਲ ਸਿੰਘ ਵਾਲਾ ਤੋਂ ਅਜੀਤ ਸਿੰਘ ਸ਼ਾਂਤ,ਜੈਤੋ ਤੋਂ ਜੋਗਿੰਦਰ ਸਿੰਘ ਪੰਜਗਰਾਈ,ਮਲੋਟ ਤੋਂ ਨੱਥੂ ਰਾਮ,ਕਾਂਗਰਸੀ ਉਮੀਦਵਾਰ ਸੁਰਜੀਤ ਸਿੰਘ ਧੀਮਾਨ,ਨਾਭਾ ਤੋਂ ਰਣਦੀਪ ਨਾਭਾ ਆਦਿ ਸ਼ਾਮਲ ਹਨ। ਪੀਪਲਜ ਪਾਰਟੀ ਆਫ ਪੰਜਾਬ ਤਰਫੋਂ ਸਾਂਝੇ ਮੋਰਚੇ ਦੇ ਧੂਰੀ ਤੋਂ ਉਮੀਦਵਾਰ ਗਗਨਜੀਤ ਸਿੰਘ ਬਰਨਾਲਾ ਅਤੇ ਹਲਕਾ ਤਲਵੰਡੀ ਸਾਬੋ ਤੋਂ ਪੀਪਲਜ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚਹਿਲ ਸ਼ਾਮਲ ਸਨ। ਬਾਦਲ ਪਰਿਵਾਰ ਵਲੋਂ ਹਾਲੇ ਤੱਕ ਡੇਰਾ ਮੁਖੀ ਤੋਂ ਦੂਰੀ ਹੀ ਰੱਖੀ ਹੋਈ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਣ ਕਰਕੇ ਅਕਾਲੀ ਲੀਡਰਾਂ ਨੇ ਪਾਸਾ ਹੀ ਵੱਟਿਆ ਹੈ।
      

No comments:

Post a Comment