Wednesday, June 10, 2015

                                                                          ਕੌਣ ਰੋਕੂ
                                    ਸ੍ਰੋਮਣੀ ਕਮੇਟੀ ਦੇ ਖੇਤਾਂ ਨੂੰ ਚੋਰੀ ਦੀ ਬਿਜਲੀ
                                                                      ਚਰਨਜੀਤ ਭੁੱਲਰ
ਬਠਿੰਡਾ  : ਸ੍ਰੋਮਣੀ ਕਮੇਟੀ ਵਲੋਂ ਬਿਜਲੀ ਚੋਰੀ ਕਰਕੇ ਆਪਣੇ ਖੇਤਾਂ ਨੂੰ ਪਾਣੀ ਲਾਇਆ ਜਾਂਦਾ ਹੈ। ਸ੍ਰੋਮਣੀ ਕਮੇਟੀ ਦੇ ਤਲਵੰਡੀ ਸਾਬੋ ਵਿਚਲੇ ਗੁਰਦੁਆਰਾ ਜੰਡਸਰ ਵਿਚ ਸਾਢੇ ਸੱਤ ਹਾਰਸ ਪਾਵਰ ਦੀ ਮੋਟਰ ਲੱਗੀ ਹੋਈ ਹੈ ਜਿਸ ਨੂੰ ਟਰਾਂਸਫਾਰਮਰ ਤੋਂ ਸਿੱਧੀ ਕੁੰਡੀ ਲਗਾ ਕੇ ਚਲਾਇਆ ਜਾਂਦਾ ਹੈ। ਅੱਜ ਜਦੋਂ ਸ੍ਰੋਮਣੀ ਕਮੇਟੀ ਨੇ ਅੱਜ ਦਿਨ ਚੜ•ਦੇ ਹੀ ਕੁੰਡੀ ਕੁਨੈਕਸ਼ਨ ਨਾਲ ਖੇਤਾਂ ਦੀ ਸਿੰਜਾਈ ਸ਼ੁਰੂ ਕਰ ਦਿੱਤੀ ਤਾਂ ਮਾਮਲਾ ਪਾਵਰਕੌਮ ਦੇ ਅਫਸਰਾਂ ਦੇ ਧਿਆਨ ਵਿਚ ਵੀ ਆ ਗਿਆ। ਪਾਵਰਕੌਮ ਦੇ ਅਫਸਰਾਂ ਨੇ ਕੋਈ ਕਾਰਵਾਈ ਕਰਨ ਦੀ ਥਾਂ ਮੌਕਾ ਵੇਖ ਕੇ ਗੱਲ ਨੂੰ ਰਫਾ ਦਫਾ ਕਰ ਦਿੱਤਾ। ਸ੍ਰੋਮਣੀ ਕਮੇਟੀ ਨੇ ਅੱਜ ਆਪਣੀ ਸਿਆਸੀ ਦਬਾਓ ਵਰਤ ਕੇ ਮਾਮਲਾ ਠੰਢਾ ਕਰ ਦਿੱਤਾ। ਵੇਰਵਿਆਂ ਅਨੁਸਾਰ ਸ੍ਰੋਮਣੀ ਕਮੇਟੀ ਦੇ ਗੁਰੂਦੁਆਰਾ ਜੰਡਸਰ ਕੋਲ ਹੀ ਸ੍ਰੋਮਣੀ ਕਮੇਟੀ ਦੀ ਕਰੀਬ ਪੰਜ ਏਕੜ ਤੋਂ ਜਿਆਦਾ ਜ਼ਮੀਨ ਹੈ ਜਿਸ ਨੂੰ ਪਾਣੀ ਦੇਣ ਵਾਸਤੇ ਗੁਰਦੁਆਰਾ ਜੰਡਸਰ ਵਿਚਲੀ ਮੋਟਰ ਤੋਂ 60 ਮੀਟਰ ਦੇ ਕਰੀਬ ਚਿੱਟੀ ਪਾਣੀ ਵਾਲੀ ਪਾਈਪ ਵਿਛਾਈ ਹੋਈ ਸੀ। ਗੁਰੂਘਰ ਵਿਚਲੀ ਮੋਟਰ ਨੂੰ ਬਿਜਲੀ ਸਪਲਾਈ ਦੇਣ ਵਾਸਤੇ ਹੀ ਕਰੀਬ 80 ਮੀਟਰ ਲੰਮੀ ਤਾਰ ਪਾ ਕੇ ਗੁਰਮਤਿ ਕਾਲਜ ਦੇ ਗੇਟ ਅੱਗੇ ਲੱਗੇ 200 ਕੇ.ਵੀ ਟਰਾਂਸਫਾਰਮਰ ਤੋਂ ਸਿੱਧੀ ਕੁੰਡੀ ਲਗਾਈ ਹੋਈ ਸੀ। ਇਹ ਜ਼ਮੀਨ ਸਾਉਣੀ ਦੀ ਫਸਲ ਵਾਸਤੇ ਤਿਆਰ ਕੀਤੀ ਜਾ ਰਹੀ ਸੀ।
                     ਸੂਤਰ ਆਖਦੇ ਹਨ ਕਿ ਹਮੇਸ਼ਾ ਦੀ ਤਰ•ਾਂ ਅੱਜ ਵੀ ਸ੍ਰੋਮਣੀ ਕਮੇਟੀ ਨੇ ਗੁਰੂ ਘਰ ਵਿਚਲੀ ਮੋਟਰ ਨੂੰ ਸਿੱਧੀ ਕੁੰਡੀ ਲਗਾ ਕੇ ਹੀ ਚਲਾਇਆ। ਜਦੋਂ ਪਾਵਰਕੌਮ ਦੇ ਅਫਸਰਾਂ ਨੂੰ ਭਿਣਕ ਪੈ ਗਈ ਤਾਂ ਸ੍ਰੋਮਣੀ ਕਮੇਟੀ ਦੇ ਅਧਿਕਾਰੀ ਚੌਕਸ ਹੋ ਗਏ ਅਤੇ ਉਨ•ਾਂ ਨੇ ਅਫਸਰਾਂ ਤੱਕ ਪਹੁੰਚ ਕਰ ਲਈ। ਵੇਰਵਿਆਂ ਅਨੁਸਾਰ ਗੁਰਦੁਆਰਾ ਜੰਡਸਰ ਦੇ ਅੰਦਰ ਸਿੰਗਲ ਫੇਜ ਕੁਨੈਕਸ਼ਨ ਹੈ ਜਿਸ ਤੇ ਸਾਢੇ ਸੱਤ ਹਾਰਸ ਪਾਵਰ ਦੀ ਮੋਟਰ ਨਹੀਂ ਚੱਲਦੀ ਹੈ। ਸੂਤਰਾਂ ਅਨੁਸਾਰ ਪਹਿਲਾਂ ਇਹ ਮੋਟਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਾਲੇ ਤਿੰਨ ਫੇਜ ਸਪਲਾਈ ਵਾਲੇ ਟਰਾਂਸਫਾਰਮਰ ਤੋਂ ਕੁੰਡੀ ਕੁਨੈਕਸ਼ਨ ਲਗਾ ਕੇ ਚਲਾਈ ਜਾਂਦੀ ਸੀ। ਪਾਵਰਕੌਮ ਨੂੰ ਜਦੋਂ ਇਸ ਦਾ ਪਤਾ ਲੱਗ ਗਿਆ ਤਾਂ ਅਫਸਰਾਂ ਨੇ ਇਸ ਟਰਾਂਸਫਾਰਮਰ ਨੂੰ ਸਿੰਗਲ ਫੇਜ ਕਰ ਦਿੱਤਾ ਤਾਂ ਜੋ ਮੋਟਰ ਨਾ ਚੱਲ ਸਕੇ। ਜਦੋਂ ਪਾਵਰਕੌਮ ਨੇ ਇਹ ਰਾਹ ਬੰਦ ਕਰ ਦਿੱਤਾ ਤਾਂ ਸ੍ਰੋਮਣੀ ਕਮੇਟੀ ਨੇ ਤਿੰਨ ਫੇਜ ਵਾਲੇ ਦੂਰ ਪੈਂਦੇ ਦੂਸਰੇ ਟਰਾਂਸਫਾਰਮਰ ਤੋਂ ਕੁੰਡੀ ਲਾਉਣੀ ਸ਼ੁਰੂ ਕਰ ਦਿੱਤੀ ਹੈ। ਹਾਲੇ ਕੁਝ ਅਰਸਾ ਪਹਿਲਾਂ ਹੀ ਸਿੰਚਾਈ ਵਿਭਾਗ ਦੀ ਟੀਮ ਨੇ ਸ੍ਰੋਮਣੀ ਕਮੇਟੀ ਵਲੋਂ ਕੀਤੀ ਜਾ ਰਹੀ ਨਹਿਰੀ ਪਾਣੀ ਦੀ ਚੋਰੀ ਨੂੰ ਬੇਨਕਾਬ ਕਰ ਦਿੱਤਾ ਸੀ। ਸ੍ਰੋਮਣੀ ਕਮੇਟੀ ਦੇ ਖੇਤਾਂ ਨੂੰ ਤਲਵੰਡੀ ਸਾਬੋ ਰਜਬਾਹੇ ਚੋਂ ਸਿੱਧੀਆਂ ਦੋ ਪਾਈਪਾਂ ਲਗਾ ਕੇ ਪਾਣੀ ਦਿੱਤਾ ਜਾ ਰਿਹਾ ਸੀ।                                                                                                                                         ਸਿੰਚਾਈ ਵਿਭਾਗ ਨੇ ਪਾਈਪਾਂ ਜਬਤ ਕਰ ਲਈਆਂ ਸਨ ਅਤੇ ਕੇਸ ਵੀ ਤਿਆਰ ਕਰ ਲਿਆ ਸੀ ਪ੍ਰੰਤੂ ਸ੍ਰੋਮਣੀ ਕਮੇਟੀ ਦੇ ਦਬਾਓ ਕਾਰਨ ਕੇਸ ਖਾਰਜ ਕਰਨਾ ਪਿਆ ਸੀ। ਉਸ ਵੇਲੇ ਸਿੰਚਾਈ ਮਹਿਕਮੇ ਨੇ ਸ੍ਰੋਮਣੀ ਕਮੇਟੀ ਨੂੰ ਵਾਰਨਿੰਗ ਦੇ ਕੇ ਮਾਮਲਾ ਰਫਾ ਦਫਾ ਕਰ ਦਿੱਤਾ ਸੀ। ਹੁਣ ਪਾਵਰਕੌਮ ਨੇ ਵੀ ਇਹੋ ਰਾਹ ਅਖਤਿਆਰ ਕੀਤਾ ਹੈ। ਤਖਤ ਦਮਦਮਾ ਸਾਹਿਬ ਦੇ ਮੈਨੇਜਰ ਜਗਪਾਲ ਸਿੰਘ ਦਾ ਕਹਿਣਾ ਸੀ ਕਿ ਏਦਾ ਦਾ ਕੋਈ ਮਾਮਲਾ ਉਨ•ਾਂ ਦੇ ਧਿਆਨ ਵਿਚ ਨਹੀਂ ਹੈ ਅਤੇ ਉਨ•ਾਂ ਦੇ ਖੇਤਾਂ ਵਾਸਤੇ ਤਾਂ ਨਹਿਰੀ ਮੋਘਾ ਲੱਗਾ ਹੋਇਆ ਹੈ ਜਿਸ ਕਰਕੇ ਪਾਣੀ ਦੀ ਕੋਈ ਕਮੀ ਨਹੀਂ ਹੈ। ਉਨ•ਾਂ ਆਖਿਆ ਕਿ ਸਰੋਵਰ ਭਰਨ ਵਾਸਤੇ ਮੋਟਰ ਚਲਾਈ ਹੋਵੇਗੀ। ਉਨ•ਾਂ ਇਹ ਵੀ ਆਖਿਆ ਕਿ ਤਿੰਨ ਫੇਜ ਕੁਨੈਕਸ਼ਨ ਲੈਣ ਵਾਸਤੇ ਪਾਵਰਕੌਮ ਕੋਲ ਪੈਸੇ ਭਰੇ ਹੋਏ ਹਨ। ਉਨ•ਾਂ ਆਖਿਆ ਕਿ ਖੇਤਾਂ ਵਿਚ ਉਹ ਗੁਆਰੀ ਵਗੈਰਾ ਦੀ ਬਿਜਾਂਦ ਕਰਦੇ ਹਨ। ਸੂਤਰ ਆਖਦੇ ਹਨ ਕਿ ਨਿਯਮਾਂ ਅਨੁਸਾਰ ਸ੍ਰੋਮਣੀ ਕਮੇਟੀ ਤੇ ਖਿਲਾਫ ਕੇਸ ਕਰਾਉਣਾ ਬਣਦਾ ਸੀ ਅਤੇ ਜੁਰਮਾਨਾ ਪਾਇਆ ਜਾਣਾ ਚਾਹੀਦਾ ਸੀ। ਸੂਤਰ ਆਖਦੇ ਹਨ ਕਿ ਕਾਫੀ ਸਮੇਂ ਤੋਂ ਲੱਖਾਂ ਰੁਪਏ ਦੀ ਬਿਜਲੀ ਚੋਰੀ ਕੀਤੀ ਜਾ ਚੁੱਕੀ ਹੈ।
                 ਪਾਵਰਕੌਮ ਤਲਵੰਡੀ ਸਾਬੋ ਦੇ ਐਸ.ਡੀ.ਓ ਕਮਲਜੀਤ ਸਿੰਘ ਮਾਨ ਦਾ ਪ੍ਰਤੀਕਰਮ ਸੀ ਕਿ ਜਦੋਂ ਸ੍ਰੋਮਣੀ ਕਮੇਟੀ ਵਲੋਂ ਬਿਜਲੀ ਚੋਰੀ ਕਰਕੇ ਮੋਟਰ ਚਲਾਏ ਜਾਣ ਦਾ ਪਤਾ ਲੱਗਾ ਤਾਂ ਉਹ ਮੌਕੇ ਤੇ ਗਏ ਸਨ ਪ੍ਰੰਤੂ ਉਨ•ਾਂ ਨੇ ਉਸ ਤੋਂ ਪਹਿਲਾਂ ਹੀ ਤਾਰ ਉਤਾਰ ਲਈ ਜਿਸ ਕਰਕੇ ਕੋਈ ਕਾਰਵਾਈ ਕੀਤੀ ਜਾਣੀ ਬਣਦੀ ਨਹੀਂ ਹੈ।
                                                  ਰਿਪੋਰਟ ਮੰਗ ਲਈ ਹੈ : ਐਕਸੀਅਨ
ਪਾਵਰਕੌਮ ਦੇ ਐਕਸੀਅਨ ਸ੍ਰੀ ਜੀਵਨ ਕਾਂਸਲ ਦਾ ਕਹਿਣਾ ਸੀ ਕਿ ਉਨ•ਾਂ ਨੇ ਇਸ ਮਾਮਲੇ ਤੇ ਐਸ.ਡੀ.ਓ ਤੋਂ ਰਿਪੋਰਟ ਮੰਗ ਲਈ ਹੈ ਅਤੇ ਰਿਪੋਰਟ ਆਉਣ ਮਗਰੋਂ ਕਾਰਵਾਈ ਕੀਤੀ ਜਾਵੇਗੀ। ਨਿਗਰਾਨ ਇੰਜੀਨੀਅਰ ਸ੍ਰੀ ਗਿਆਨ ਚੰਦ ਦਾ ਕਹਿਣਾ ਸੀ ਕਿ ਪਾਵਰਕੌਮ ਦੀਆਂ ਹਦਾਇਤਾਂ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।
   

No comments:

Post a Comment