Wednesday, June 17, 2015

                                    ਹਲਕੇ ਸੁੰਨੇ
               ਨੇਤਾ ਛੁੱਟੀ ਕੱਟਣ ਵਿਦੇਸ਼ ਗਏ ...
                                 ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਦੇ ਵਜ਼ੀਰ ਤੇ ਐਮ.ਐਲ.ਏ ਵਿਦੇਸ਼ਾਂ ਵਿਚ ਛੁੱਟੀਆਂ ਮਨਾ ਰਹੇ ਹਨ ਜਦੋਂ ਕਿ ਉਨ•ਾਂ ਦੇ ਅਸੈਂਬਲੀ ਹਲਕੇ ਦੇ ਸੁੰਨੇ ਪਏ ਹਨ। ਟਾਵੇਂ ਵਿਧਾਇਕ ਹਨ ਜੋ ਆਪੋ ਆਪਣੇ ਹਲਕੇ ਵਿਚ ਗਰਮੀ ਕੱਟ ਰਹੇ ਹਨ। ਬਹੁਤੇ ਹਲਕਿਆਂ ਵਿਚ ਨੇਤਾ ਲੋਕਾਂ ਨੂੰ ਲੱਭ ਨਹੀਂ ਰਹੇ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੋ ਹਫਤੇ ਵਿਦੇਸ਼ ਵਿਚ ਛੁੱਟੀਆਂ ਕੱਟਣ ਮਗਰੋਂ ਹੁਣ ਪੰਜਾਬ ਪਰਤੇ ਹਨ। ਲੋਕ ਸੰਪਰਕ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਚੰਡੀਗੜ• ਤੇ ਹਲਕੇ ਚੋਂ ਗਾਇਬ ਹਨ ਜਿਨ•ਾਂ ਵਾਰੇ ਕੋਈ ਪਤਾ ਨਹੀਂ ਲੱਗ ਸਕਿਆ ਹੈ। ਵੇਰਵਿਆਂ ਅਨੁਸਾਰ ਪੰਜਾਬ ਦੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਛੁੱਟੀਆਂ ਕੱਟਣ ਵਾਸਤੇ ਡੈਨਮਾਰਕ ਗਏ ਹੋਏ ਹਨ ਜਦੋਂ ਕਿ ਸਿੰਜਾਈ ਮੰਤਰੀ ਸ਼ਰਨਜੀਤ ਸਿੰਘ ਢਿਲੋਂ ਪਿਛਲੇ ਹਫਤੇ ਹੀ ਸਿੰਘਾਪੁਰ ਵਿਚ ਆਪਣੇ ਪ੍ਰਵਾਰ ਨਾਲ ਛੁੱਟੀਆਂ ਮਨਾਉਣ ਮਗਰੋਂ ਵਾਪਸ ਪਰਤ ਆਏ ਹਨ। ਢਿਲੋਂ ਨੇ ਆਖਿਆ ਕਿ ਉਹ ਆਪਣੇ ਪਰਿਵਾਰ ਤੇ ਬੱਚਿਆਂ ਨਾਲ ਛੁੱਟੀਆਂ ਕਰਕੇ ਚਾਰ ਦਿਨਾਂ ਲਈ ਸਿੰਘਾਪੁਰ ਗਏ ਸਨ। ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ (ਪੇਂਡੂ ਵਿਕਾਸ ਤੇ ਪੰਚਾਇਤਾਂ) ਦੋ ਹਫਤਿਆਂ ਤੋਂ ਕੈਨੇਡਾ ਵਿਚ ਹਨ। ਉਨ•ਾਂ ਦੇ ਨਿੱਜੀ ਸਕੱਤਰ ਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਬਰਾੜ ਆਪਣੇ ਸਹੁਰੇ ਪ੍ਰਵਾਰ ਕੋਲ ਕੈਨੇਡਾ ਗਏ ਹੋਏ ਹਨ।
                    ਮੁੱਖ ਸੰਸਦੀ ਸਕੱਤਰ (ਸਨਅਤ ਤੇ ਵਣਜ) ਅਤੇ ਸ੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਸ੍ਰੀ ਐਨ.ਕੇ.ਸ਼ਰਮਾ ਵੀ ਕੁਝ ਦਿਨ ਪਹਿਲਾਂ ਹੀ ਵਿਦੇਸ਼ ਵਿਚ ਛੁੱਟੀਆਂ ਕੱਟ ਕੇ ਪਰਤੇ ਹਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਮਲੇਸ਼ੀਆ ਅਤੇ ਸਿੰਘਾਪੁਰ ਗਏ ਸਨ। ਇਵੇਂ ਹੀ ਮੁੱਖ ਸੰਸਦੀ ਸਕੱਤਰ ਐਫ.ਨਿਸਾਰਾ ਖਾਤੂਨ ਵੀ ਸਿੰਘਾਪੁਰ ਵਿਚ ਛੁੱਟੀਆਂ ਕਰਕੇ ਗਏ ਹੋਏ ਸਨ। ਉਨ•ਾਂ ਦੇ ਪ੍ਰਾਈਵੇਟ ਸੈਕਟਰੀ ਪ੍ਰੇਮ ਨਾਥ ਨੇ ਦੱਸਿਆ ਕਿ ਉਹ ਪਿਛਲੇ ਹਫਤੇ ਹੀ ਸਿੰਘਾਪੁਰ ਤੋਂ ਵਾਪਸ ਆਏ ਹਨ। ਇਸ ਵੇਲੇ ਪੰਜਾਬ ਦੇ ਕਿਸਾਨ ਸੰਕਟ ਵਿਚ ਹਨ ਤੇ ਝੋਨੇ ਦੀ ਲਵਾਈ ਵਿਚ ਉਲਝੇ ਹੋਏ ਹਨ। ਮਜ਼ਦੂਰ ਖੇਤਾਂ ਚੋਂ ਚਾਰ ਦਾਣੇ ਇਕੱਠੇ ਕਰਨ ਵਿਚ ਜੁਟੇ ਹੋਏ ਹਨ। ਮੁਲਾਜ਼ਮ ਤੇ ਸੰਘਰਸ਼ੀ ਲੋਕ ਹੱਕਾਂ ਲਈ ਤਿੱਖੜ ਦੁਪਾਹਿਰੇ ਸੜਕਾਂ ਤੇ ਕੱਟ ਰਹੇ ਹਨ। ਇਨ•ਾਂ ਲੋਕਾਂ ਨੂੰ ਢਿੱਡ ਦੀ ਭੁੱਖ ਤੋਂ ਗਰਮੀ ਦਾ ਮੌਸਮ ਛੋਟਾ ਲੱਗਦਾ ਹੈ। ਜਾਣਕਾਰੀ ਅਨੁਸਾਰ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਵਿਧਾਇਕ ਸ੍ਰੀ ਸੁਨੀਲ ਜਾਖੜ ਵੀ ਸਵਿਟਰਜ਼ਲੈਂਡ ਵਿਚ ਛੁੱਟੀਆਂ ਮਨਾਉਣ ਵਾਸਤੇ ਗਏ ਹੋਏ ਹਨ। ਉਨ•ਾਂ ਦੇ ਨਿੱਜੀ ਸਹਾਇਕ ਸੰਜੀਵ ਤ੍ਰਿਖਾ ਨੇ ਦੱਸਿਆ ਕਿ ਸ੍ਰੀ ਜਾਖੜ 23 ਮਈ ਤੋਂ ਸਵਿਸ ਗਏ ਹੋਏ ਹਨ ਅਤੇ ਭਲਕੇ ਵਾਪਸ ਪਰਤ ਰਹੇ ਹਨ।
                  ਹਲਕਾ ਜੈਤੋ ਤੋਂ ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਇਨ•ਾਂ ਦਿਨਾਂ ਵਿਚ ਇੰਗਲੈਂਡ ਗਏ ਹੋਏ ਹਨ ਜਦੋਂ ਕਿ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਵੀ ਕੈਨੇਡਾ ਗਏ ਹੋਏ ਹਨ। ਲੁਧਿਆਣਾ ਜ਼ਿਲ•ੇ ਦੇ ਦੋ ਵਿਧਾਇਕ ਇੱਕ ਇੱਕ ਹਫਤਾ ਪਹਾੜਾਂ ਵਿਚ ਲਗਾ ਕੇ ਆਏ ਹਨ। ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਯੂ.ਪੀ ਵਿਚ ਆਪਣੇ ਫਾਰਮ ਹਾਊਸ ਤੋਂ ਬੀਤੀ ਰਾਤ ਹੀ ਵਾਪਸ ਪਰਤੇ ਹਨ। ਹੋਰ ਵੀ ਕਾਫੀ ਨੇਤਾ ਹਨ ਜੋ ਵਿਦੇਸ਼ਾਂ ਵਿਚ ਗੇੜਾ ਮਾਰ ਕੇ ਆਏ ਹਨ। ਪੰਜਾਬ ਦੇ ਪੰਜ ਵਿਧਾਇਕ ਤਾਂ ਸਰਕਾਰੀ ਟੂਰ ਬਣਾ ਕੇ ਹੀ ਮਸੂਰੀ ਵਿਚ ਹਫਤਾ ਲਗਾ ਕੇ ਆਏ ਹਨ। ਪੰਜਾਬ ਵਿਧਾਨ ਸਭਾ ਦੀ ਲਾਇਬਰੇਰੀ ਕਮੇਟੀ ਨੇ ਗਰਮੀ ਦੇ ਦਿਨ ਹੋਣ ਕਰਕੇ ਕਮੇਟੀ ਦੀ ਮੀਟਿੰਗ ਐਤਕੀਂ ਮਸੂਰੀ ਰੱਖੀ ਸੀ ਜੋ ਕਿ 7 ਜੂਨ ਤੋਂ ਮਸੂਰੀ ਵਿਚ ਸੀ। ਮੀਟਿੰਗ ਬਹਾਨੇ ਹਾਕਮ ਧਿਰ ਦੇ ਪੰਜ ਵਿਧਾਇਕ ਹਫਤਾ ਮਸੂਰੀ ਲਗਾ ਕੇ ਆਏ ਹਨ ਜਦੋਂ ਕਿ ਵਿਰੋਧੀ ਧਿਰ ਦਾ ਕਮੇਟੀ ਮੈਂਬਰ ਵਿਧਾਇਕ ਰਾਜਾ ਵੜਿੰਗ ਗੈਰਹਾਜ਼ਰ ਰਿਹਾ। ਲਾਇਬਰੇਰੀ ਕਮੇਟੀ ਦੇ ਚੇਅਰਮੈਨ ਹਰੀ ਸਿੰਘ ਜ਼ੀਰਾ ਤੋਂ ਇਲਾਵਾ ਕਮੇਟੀ ਮੈਂਬਰ ਅਤੇ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਸੁਖਜੀਤ ਕੌਰ ਸਾਹੀ,ਅਰੁਨਾ ਚੌਧਰੀ ਅਤੇ ਹਰਪ੍ਰੀਤ ਕੌਰ ਮੁਖਮੈਲਪੁਰ ਨੇ ਹਫਤਾ ਮਸੂਰੀ ਵਿੱਚ ਲਾਇਆ ਹੈ।                                                     ਚੇਅਰਮੈਨ ਹਰੀ ਸਿੰਘ ਜ਼ੀਰਾ ਦਾ ਕਹਿਣਾ ਸੀ ਕਿ ਨਿਯਮਾਂ ਮੁਤਾਬਿਕ ਉਹ ਕਮੇਟੀ ਦੀ ਸਾਲ ਵਿਚ ਇੱਕ ਮੀਟਿੰਗ ਆਊਟ ਆਫ ਪੰਜਾਬ ਕਰ ਸਕਦੇ ਹਨ ਜਿਸ ਕਰਕੇ ਮੀਟਿੰਗ ਮਸੂਰੀ ਵਿਚ ਰੱਖੀ ਗਈ ਸੀ। ਕਮੇਟੀ ਮੈਂਬਰ ਦਰਸ਼ਨ ਸਿੰਘ ਕੋਟਫੱਤਾ ਦਾ ਪ੍ਰਤੀਕਰਮ ਸੀ ਕਿ ਉਨ•ਾਂ ਨੇ ਮਸੂਰੀ ਵਿਚ ਕਿਤਾਬਾਂ ਵਗੈਰਾ ਦੇਖੀਆਂ ਅਤੇ ਵਿਧਾਨ ਸਭਾ ਦੀ ਲਾਇਬਰੇਰੀ ਵੀ ਵਿਜ਼ਟ ਕੀਤੀ ਸੀ।ਅਹਿਮ ਸੂਤਰਾਂ ਅਨੁਸਾਰ ਕਮੇਟੀ ਦੇ ਕਈ ਮੈਂਬਰ ਆਪਣੇ ਪ੍ਰਵਾਰਿਕ ਮੈਂਬਰਾਂ ਨੂੰ ਵੀ ਮਸੂਰੀ ਨਾਲ ਲੈ ਕੇ ਗਏ ਸਨ। ਹੋਰ ਵੀ ਕਈ ਨੇਤਾ ਇਸ ਹਫਤੇ ਪਹਾੜਾਂ ਵਿਚ ਜਾ ਰਹੇ ਹਨ। ਸ੍ਰੋਮਣੀ ਅਕਾਲੀ ਦਲ ਦੇ ਕਾਫੀ ਨੇਤਾ ਐਤਕੀਂ ਸ੍ਰੀ ਆਨੰਦਪੁਰ ਸਾਹਿਬ ਦੇ 350 ਸਾਲਾਂ ਸਮਾਗਮਾਂ ਕਰਕੇ ਜਾ ਵੀ ਨਹੀਂ ਸਕੇ ਹਨ। ਭਾਜਪਾ ਵਜ਼ੀਰ ਅਨਿਲ ਜੋਸ਼ੀ ਦਾ ਵੀ ਵਿਦੇਸ਼ ਜਾਣ ਦਾ ਪ੍ਰੋਗਰਾਮ ਸੀ ਪ੍ਰੰਤੂ ਬਾਅਦ ਵਿਚ ਕੈਂਸਲ ਹੋ ਗਿਆ।
                        ਕੈਬਨਿਟ ਵਜ਼ੀਰ ਸਿਕੰਦਰ ਸਿੰਘ ਮਲੂਕਾ ਅਤੇ ਮੈਂਬਰ ਪਾਰਲੀਮੈਂਟ ਬਲਵਿੰਦਰ ਸਿੰਘ ਭੂੰਦੜ ਨੇ ਇਨ•ਾਂ ਛੁੱਟੀਆਂ ਨੂੰ ਸਰੀਰਕ ਸ਼ੁੱਧੀ ਲਈ ਇਸਤੇਮਾਲ ਕੀਤਾ ਹੈ। ਇਹ ਨੇਤਾ ਇੱਕ ਹਫਤਾ ਬੰਗਲੌਰ ਦੇ ਜ਼ਿੰਦਲ ਨੇਚਰ ਕਯੁਰ ਇੰਸਟੀਚੂਟ ਵਿਚ ਲਗਾ ਕੇ ਆਏ ਹਨ ਜਿਥੇ ਉਨ•ਾਂ ਨੇ ਯੋਗ ਤੇ ਕੁਦਰਤੀ ਵਿਧੀ ਦਾ ਅਭਿਆਸ ਕੀਤਾ ਹੈ। ਉਨ•ਾਂ ਨਾਲ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਦੇ ਚੇਅਰਮੈਨ ਸੁਖਦਰਸ਼ਨ ਸਿੰਘ ਮਰਾੜ ਵੀ ਗਏ ਹੋਏ ਸਨ।
    

No comments:

Post a Comment