Tuesday, May 10, 2022

                                                      ਸਿਆਸੀ ‘ਬਦਲਾਅ’
                               ਭਗਵੰਤ ਮਾਨ ਦੇ ਮੋਹ ’ਚ ਭਿੱਜੇ ਨਵਜੋਤ ਸਿੱਧੂ
                                                         ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਮਗਰੋਂ ਬਦਲੇ ਬਦਲੇ ਨਜ਼ਰ ਆਏ। ਨਵਜੋਤ ਸਿੱਧੂ ਦੀ ਭਾਸ਼ਾ ’ਚ ਨਿੱਘ ਵੀ ਦਿਸਿਆ ਅਤੇ ਲਹਿਜੇ ’ਚ ਗਰਮਜੋਸ਼ੀ ਵੀ। ਸਾਬਕਾ ਪ੍ਰਧਾਨ ਸਿੱਧੂ ਦਾ ਅੱਜ ਪ੍ਰਸ਼ੰਸਾ ਵਾਲਾ ਲਹਿਜਾ ਸੱਚਮੁੱਚ ਹੈਰਾਨ ਕਰਨ ਵਾਲਾ ਸੀ। ਅਜਿਹੇ ਮੋਹ ਭਰੇ ਅਲਫਾਜ਼ ਸਿੱਧੂ ਦੇ ਮੂੰਹੋਂ ਪਹਿਲਾਂ ਕਿਸੇ ਵੀ ਮੁੱਖ ਮੰਤਰੀ ਲਈ ਨਹੀਂ ਨਿਕਲੇ। ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ ਪਲੇਠੀ ਮੁਲਾਕਾਤ ਸੀ। ਮੁੱਖ ਮੰਤਰੀ ਨਾਲ ਮਿਲਣੀ ਮਗਰੋਂ ਨਵਜੋਤ ਸਿੱਧੂ ਨੇ ਆਪਣੇ ਇੱਕ ਨੇੜਲੇ ਕੋਲ ਦਿਲ ਦੀ ਗੱਲ ਸਾਂਝੀ ਕਰਦਿਆਂ ਕਿਹਾ, ‘ਇੰਨਾ ਪਿਆਰ ਤਾਂ ਕਦੇ ਆਪਣਿਆਂ ਤੋਂ ਨਹੀਂ ਮਿਲਿਆ ਸੀ।’ 

            ਨਵਜੋਤ ਸਿੱਧੂ ਨੇ ਇੱਥੋਂ ਤੱਕ ਕਿਹਾ, ‘ਮੁੱਖ ਮੰਤਰੀ ਇੰਨੇ ਨਿੱਘ ਨਾਲ ਮਿਲੇ ਕਿ ਮੇਰੀਆਂ ਅੱਖਾਂ ਨਮ ਹੋ ਗਈਆਂ।’ ਸੂਤਰਾਂ ਅਨੁਸਾਰ ਮੁੱਖ ਮੰਤਰੀ ਨਾਲ ਇਹ ਮੀਟਿੰਗ ਨਿਰਧਾਰਤ ਸਮੇਂ ਤੋਂ 15 ਮਿੰਟ ਵੱਧ ਚੱਲੀ। ਸਿੱਧੂ ਨੇ ਮਿਲਣੀ ਮਗਰੋਂ ਮੀਡੀਆ ਕੋਲ ਮੁੱਖ ਮੰਤਰੀ ਦੀ ਰੱਜ ਕੇ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਿੱਚ ਨਾ ਕੋਈ ਹਉਮੈ, ਨਾ ਕੋਈ ਹੰਕਾਰ, ਜਿਵੇਂ ਪੰਦਰਾਂ ਸਾਲ ਪਹਿਲਾਂ ਹੁੰਦੇ ਸਨ, ਅੱਜ ਵੀ ਉਵੇਂ ਦੇ ਹਨ, ਬਲਕਿ ਉਦੋਂ ਨਾਲੋਂ ਵੀ ਨਿਮਰ ਹੋ ਗਏ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਨੂੰ ਮਿਲਣ ਮਗਰੋਂ ਮਹਿਸੂਸ ਹੋਇਆ ਕਿ ਜਿੰਨਾ ਦਰਦ ਪੰਜਾਬ ਪ੍ਰਤੀ ਉਨ੍ਹਾਂ ਦੇ ਦਿਲ ’ਚ ਹੈ, ਉਨਾਂ ਹੀ ਮੁੱਖ ਮੰਤਰੀ ਦੇ ਦਿਲ ’ਚ ਵੀ ਹੈ। ਪੰਜਾਬ ਦੇ ਲੋਕਾਂ ਨੇ ਨਵੀਂ ਸੋਚ ਅਤੇ ਨਵਾਂ ਫ਼ਤਵਾ ਦਿੱਤਾ ਹੈ, ਜਿਸ ਤੋਂ ਉਸ ਨੂੰ ਭਰਵੀਂ ਆਸ ਹੈ। 

           ਸਿੱਧੂ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਸਾਹਮਣੇ ਤੋਂ ਹੁੰਗਾਰਾ ਨਾ ਮਿਲਦਾ ਤਾਂ ਮੀਟਿੰਗ ਇੰਨੀ ਲੰਮੀ ਚੱਲਣੀ ਹੀ ਨਹੀਂ ਸੀ। ਯਾਦ ਰਹੇ ਕਿ ਨਵਜੋਤ ਸਿੱਧੂ ਪਹਿਲਾਂ ਵੀ ਆਖਦੇ ਰਹੇ ਹਨ ਕਿ ਉਨ੍ਹਾਂ ਦੀ ਪੁਰਾਣੀ ਸਾਂਝ ਹੈ ਅਤੇ ਮੁੱਖ ਮੰਤਰੀ ਨੂੰ ਛੋਟਾ ਵੀਰ ਆਖ ਕੇ ਵੀ ਸੰਬੋਧਨ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਬਿਨਾਂ ਕੋਈ ਗੁਲਦਸਤਾ ਲਏ ਹੀ ਮਿਲੇ ਹਨ।ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਪਿਛਲੇ ਦਿਨਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਲਈ ਵੀ ਉਵੇਂ ਹੀ ਤਿੱਖੀ ਭਾਸ਼ਾ ਦੀ ਵਰਤੋਂ ਕੀਤੀ ਸੀ ਜਿਵੇਂ ਉਹ ਆਪਣਿਆਂ ’ਤੇ ਵਾਰ ਕਰਨ ਵੇਲੇ ਵਰਤਦੇ ਰਹੇ ਹਨ। ਬੀਤੇ ਕੱਲ੍ਹ ਜਦੋਂ ਨਵਜੋਤ ਸਿੱਧੂ ਨੇ ਟਵੀਟ ਕਰਕੇ ਕਿਹਾ ਸੀ ਕਿ ਇਮਾਨਦਾਰ ਸਮੂਹਿਕ ਉਪਰਾਲੇ ਨਾਲ ਪੰਜਾਬ ਦਾ ਉਭਾਰ ਹੋ ਸਕਦਾ ਹੈ ਤਾਂ ਉਸ ਤੋਂ ਸਾਫ਼ ਹੋ ਗਿਆ ਸੀ ਕਿ ਨਵਜੋਤ ਸਿੱਧੂ ਆਪਣੇ ਤੇ ਭਗਵੰਤ ਮਾਨ ’ਚ ਇਮਾਨਦਾਰੀ ਵਾਲੇ ਗੁਣ ਨੂੰ ਸਾਂਝੀ ਕੜੀ ਮੰਨਦੇ ਹਨ। 

          ਨਵਜੋਤ ਸਿੱਧੂ ਨੇ ਅੱਜ ਆਪਣੀ ਪਾਰਟੀ ਦੇ ਪੁਰਾਣੇ ਮੁੱਖ ਮੰਤਰੀ ਨੂੰ ਰਗੜੇ ਲਾਉਂਦਿਆਂ ਮੁੱਖ ਮੰਤਰੀ ਪ੍ਰਤੀ ਆਪਣੇ ਨੇੜਲਿਆਂ ਕੋਲ ਇੱਥੋਂ ਤੱਕ ਆਖ ਦਿੱਤਾ ਕਿ ‘ਕਾਂਗਰਸੀ ਮੁੱਖ ਮੰਤਰੀਆਂ ਨਾਲੋਂ ਭਗਵੰਤ ਮਾਨ ਸੌ ਗੁਣਾ ਚੰਗੇ ਹਨ।’ ਦੱਸਣਯੋਗ ਹੈ ਕਿ ਨਵਜੋਤ ਸਿੱਧੂ ਦਾ ਮਾਮਲਾ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਕੋਲ ਬਕਾਇਆ ਪਿਆ ਹੈ, ਜਿਸ ’ਤੇ ਕਿਸੇ ਵੀ ਵੇਲੇ ਫ਼ੈਸਲਾ ਆ ਸਕਦਾ ਹੈ। ਨਵਜੋਤ ਸਿੱਧੂ ਦੇ ਮੂੰਹੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਇੰਨੀ ਤਾਰੀਫ਼ ’ਤੇ ਕਾਂਗਰਸੀ ਆਗੂ ਕਿਵੇਂ ਪ੍ਰਤੀਕਿਰਿਆ ਦਿੰਦੇ ਹਨ, ਇਹ ਵੀ ਦੇਖਣਾ ਹੋਵੇਗਾ।  

No comments:

Post a Comment