Thursday, May 26, 2022

                                                       ‘ਜ਼ੀਰੋ ਟੌਲਰੈਂਸ’ 
                         ਵਿਧਾਇਕਾਂ ਅਤੇ ਵਜ਼ੀਰਾਂ ਦੇ 'ਸਕਿਆਂ' ਦੇ ਦਿਨ ਪੁੱਗੇ
                                                       ਚਰਨਜੀਤ ਭੁੱਲਰ     

ਚੰਡੀਗੜ੍ਹ :ਪੰਜਾਬ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਦੀ ‘ਜ਼ੀਰੋ ਟੌਲਰੈਂਸ’ ਦੀ ਨੀਤੀ ਰੰਗ ਦਿਖਾਉਣ ਲੱਗੀ ਹੈ। ਵਿਧਾਇਕਾਂ ਅਤੇ ਵਜ਼ੀਰਾਂ ਨਾਲ ਤਾਇਨਾਤ ਨੇੜਲੇ ਰਿਸ਼ਤੇਦਾਰਾਂ ਦੀ ਛੁੱਟੀ ਕਰਨ ਲਈ ਮੁੱਖ ਮੰਤਰੀ ਨੇ ਇਸ਼ਾਰਾ ਕਰ ਦਿੱਤਾ ਹੈ। ਦੋ ਤਿੰਨ ਵਜ਼ੀਰਾਂ ਨਾਲ ਉਨ੍ਹਾਂ ਦੇ ਸਕੇ ਸਬੰਧੀ ਵੀ ਤਾਇਨਾਤ ਸਨ। ਦੱਸਣਯੋਗ ਹੈ ਕਿ ਸਿਹਤ ਮੰਤਰੀ ਵਿਜੈ ਸਿੰਗਲਾ ਨੇ ਆਪਣੇ ਭਾਣਜੇ ਨੂੰ ਓਐੱਸਡੀ ਤਾਇਨਾਤ ਕੀਤਾ ਹੋਇਆ ਸੀ। ਸੂਤਰ ਇਹ ਵੀ ਦੱਸ ਰਹੇ ਹਨ ਕਿ ਮੁੱਖ ਮੰਤਰੀ ਨੇ ਬੀਤੇ ਦਿਨ ਅਤੇ ਅੱਜ ਰੁਟੀਨ ਵਿੱਚ ਮਿਲਣ ਆਏ ਕਈ ਵਜ਼ੀਰਾਂ ਨੂੰ ਤਾੜਨਾ ਕੀਤੀ ਹੈ ਕਿ ਉਹ ਭਾਈ-ਭਤੀਜਾਵਾਦ ਤੋਂ ਦੂਰ ਰਹਿਣ।ਚੇਤੇ ਰਹੇ ਕਿ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਪਿਛਲੀ ਮਿਲਣੀ ਵਿੱਚ ਸਾਫ਼ ਆਖਿਆ ਸੀ ਕਿ ਪਰਿਵਾਰਕ ਮੈਂਬਰਾਂ ਵੱਲੋਂ ਜੋ ਅਧਿਕਾਰੀਆਂ ਨੂੰ ਫ਼ੋਨ ਖੜਕਾਏ ਜਾ ਰਹੇ ਹਨ, ਉਹ ਫ਼ੌਰੀ ਬੰਦ ਕੀਤੇ ਜਾਣ। ਭਾਵ ਕਿ ਪ੍ਰਸ਼ਾਸਨ ਵਿੱਚ ਸਕੇ ਸਬੰਧੀਆਂ ਦਾ ਦਖ਼ਲ ਘਟਾਇਆ ਜਾਵੇ।

            ਸੂਤਰ ਦੱਸਦੇ ਹਨ ਕਿ ਕਈ ਵਿਧਾਇਕਾਂ ਨੇ ਪੀਏ ਵੀ ਆਪਣੇ ਰਿਸ਼ਤੇਦਾਰ ਰੱਖੇ ਹੋਏ ਹਨ। ਬੀਤੇ ਦਿਨ ਦੀ ਕਾਰਵਾਈ ਮਗਰੋਂ ਵਿਧਾਇਕ ਵੀ ਚੌਕਸ ਹੋ ਗਏ ਹਨ ਅਤੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਚੱਲਣ ਤੋਂ ਗੁਰੇਜ਼ ਕਰਨ ਲੱਗੇ ਹਨ। ਸਿਹਤ ਮੰਤਰੀ ਵਿਜੈ ਸਿੰਗਲਾ ਦੀ ਗ੍ਰਿਫ਼ਤਾਰੀ ਮਗਰੋਂ ‘ਆਪ’ ਵਿਧਾਇਕਾਂ ਤੇ ਵਜ਼ੀਰਾਂ ਵਿੱਚ ਵੀ ਅੰਦਰੋ-ਅੰਦਰੀ ਖੌਫ਼ ਪੈਦਾ ਹੋ ਗਿਆ ਹੈ, ਜਦੋਂਕਿ ਵਿਰੋਧੀ ਧਿਰਾਂ ਦੇ ਆਗੂ ਵੀ ਡਰੇ ਹੋਏ ਹਨ। ਵਿਜੈ ਸਿੰਗਲਾ ਖ਼ਿਲਾਫ਼ ਕਾਰਵਾਈ ਪਿੱਛੋਂ ਵੱਢੀਖੋਰ ਸੁਭਾਅ ਵਾਲੇ ਅਧਿਕਾਰੀ ਵੀ ਦੜ ਵੱਟ ਗਏ ਹਨ। ਵੇਰਵਿਆਂ ਅਨੁਸਾਰ ਪਿਛਲੇ ਦਿਨਾਂ ਵਿੱਚ ਮੁੱਖ ਮੰਤਰੀ ਦੀ ‘ਕੁੰਡੀ ਹਟਾਓ’ ਮੁਹਿੰਮ ਤਹਿਤ ਕੁਨੈਕਸ਼ਨ ਕੱਟਣ ਵਾਲੇ ਬਰਗਾੜੀ ਦੇ ਜੇਈ ਦੀ ਬਦਲੀ ਪਠਾਨਕੋਟ ਦੀ ਹਲਕਾ ਵਿਧਾਇਕ ਦੀ ਸਿਫ਼ਾਰਸ਼ ’ਤੇ ਬਿਜਲੀ ਵਿਭਾਗ ਨੇ ਕਰ ਦਿੱਤੀ ਸੀ। ਅੱਜ ਬਿਜਲੀ ਵਿਭਾਗ ਵੱਲੋਂ ਜੇਈ ਦੀ ਬਦਲੀ ਰੱਦ ਕਰ ਦਿੱਤੀ ਗਈ ਹੈ। 

           ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਵੀ ਕਈ ਅਧਿਕਾਰੀਆਂ ਦੇ ਬਦਲੀ ਦੇ ਹੁਕਮ ਰੱਦ ਕਰ ਦਿੱਤੇ ਗਏ ਹਨ। ਕਈ ਵਿਭਾਗਾਂ ਵਿੱਚ ਉਨ੍ਹਾਂ ਅਧਿਕਾਰੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ, ਜਿਨ੍ਹਾਂ ਦਾ ਸਰਕਾਰੀ ਪਿਛੋਕੜ ਦਾਗ਼ਦਾਰ ਰਿਹਾ ਹੈ। ਮੁੱਖ ਮੰਤਰੀ ਨੇ ਹੁਕਮ ਦਿੱਤੇ ਹਨ ਕਿ ਸਾਫ਼-ਸੁਥਰੇ ਅਕਸ ਵਾਲੇ ਅਧਿਕਾਰੀਆਂ ਨੂੰ ਪ੍ਰਮੁੱਖ ਥਾਵਾਂ ’ਤੇ ਤਾਇਨਾਤ ਕੀਤਾ ਜਾਵੇ। ਇੱਕ ਕੈਬਨਿਟ ਮੰਤਰੀ ਦੇ ਪਤੀ ਜੋ ਕਿ ਸਰਕਾਰੀ ਵਿਭਾਗ ਵਿੱਚ ਅਧਿਕਾਰੀ ਹੈ, ਦੇ ਪ੍ਰਸ਼ਾਸਨ ਵਿੱਚ ਦਖ਼ਲ ਨੂੰ ਮੁੱਖ ਮੰਤਰੀ ਦਫ਼ਤਰ ਨੇੜਿਓਂ ਦੇਖ ਰਿਹਾ ਹੈ। ਸੂਤਰ ਦੱਸਦੇ ਹਨ ਕਿ ਪਿਛਲੇ ਸਮੇਂ ਦੌਰਾਨ ‘ਆਪ’ ਵਿਧਾਇਕਾਂ ’ਤੇ ਦਾਗ਼ੀ ਅਫ਼ਸਰਾਂ ਨੇ ਆਪਣੀ ਪੈਂਠ ਕਾਇਮ ਕਰ ਲਈ ਸੀ, ਜਿਸ ਵਜੋਂ ‘ਆਪ’ ਵਿਧਾਇਕ ਅਜਿਹੇ ਦਾਗ਼ਦਾਰ ਅਧਿਕਾਰੀਆਂ ਦੀ ਸਿਫ਼ਾਰਸ਼ ਵਾਸਤੇ ਮੰਤਰੀਆਂ ਨੂੰ ਫ਼ੋਨ ਖੜਕਾ ਰਹੇ ਸਨ। ਇੱਕ ਵਜ਼ੀਰ ਨੇ ਦੱਸਿਆ ਕਿ ਅੱਜ ਕਿਸੇ ਵੀ ਅਧਿਕਾਰੀ ਦੀ ਤਾਇਨਾਤੀ ਲਈ ਵਿਧਾਇਕ ਦੀ ਸਿਫ਼ਾਰਸ਼ ਨਹੀਂ ਆਈ ਹੈ। 

           ਮੁੱਖ ਮੰਤਰੀ ਵੱਲੋਂ ਬੀਤੇ ਦਿਨ ਕੀਤੀ ਗਈ ਕਾਰਵਾਈ ਨਾਲ ਆਮ ਲੋਕਾਂ ਦੇ ਹੌਸਲੇ ਵਧੇ ਹਨ ਅਤੇ ਇਮਾਨਦਾਰ ਅਧਿਕਾਰੀਆਂ ਨੂੰ ਵੀ ਆਪਣਾ ਸੁਖਾਵਾਂ ਭਵਿੱਖ ਦਿਖਾਈ ਦੇਣ ਲੱਗਿਆ ਹੈ। ‘ਆਪ’ ਸਰਕਾਰ ਦੀ ਇਹ ਮੁਹਿੰਮ ਕਿਸ ਮੁਕਾਮ ਨੂੰ ਛੂਹਦੀ ਹੈ, ਇਹ ਤਾਂ ਵਕਤ ਦੇ ਹੱਥ ਹੈ ਪਰ ਫ਼ਿਲਹਾਲ ਆਮ ਲੋਕਾਂ ਵਿੱਚ ਆਸ ਜਾਗੀ ਹੈ। ਜਾਣਕਾਰੀ ਅਨੁਸਾਰ ‘ਆਪ’ ਸਰਕਾਰ ਵੱਲੋਂ ਉਨ੍ਹਾਂ ਕੇਸਾਂ ਦੀ ਪੈਰਵੀਂ ਕਰਨ ਦੀ ਹਦਾਇਤ ਕੀਤੀ ਗਈ ਹੈ, ਜਿਨ੍ਹਾਂ ਦੀਆਂ ਪੜਤਾਲ ਰਿਪੋਰਟਾਂ ਸੀਲਬੰਦ ਲਿਫ਼ਾਫ਼ਿਆਂ ਵਿੱਚ ਪਈਆਂ ਹਨ ਅਤੇ ਇਹ ਮਾਮਲੇ ਅਦਾਲਤ ਵਿੱਚ ਚੱਲ ਰਹੇ ਹਨ। ਬਠਿੰਡਾ ਦੇ ਐਡਵੋਕੇਟ ਵਿਨੋਦ ਕੁਮਾਰ ਨੇ ਦੱਸਿਆ ਕਿ ਅੱਜ ਤਹਿਸੀਲਾਂ ਵਿੱਚ ਮਾਹੌਲ ਪੂਰੀ ਤਰ੍ਹਾਂ ਬਦਲਿਆ ਹੋਇਆ ਸੀ ਅਤੇ ਅਫ਼ਸਰਾਂ ਦਾ ਆਮ ਲੋਕਾਂ ਪ੍ਰਤੀ ਵਤੀਰਾ ਪੂਰੀ ਤਰ੍ਹਾਂ ਮਿਲਾਪੜਾ ਬਣ ਗਿਆ ਹੈ।

                                       ਸਾਬਕਾ ਵਜ਼ੀਰਾਂ ਨੂੰ ਲੱਗਿਆ ਧੁੜਕੂ

ਸਿਹਤ ਮੰਤਰੀ ਵਿਜੈ ਸਿੰਗਲਾ ਖ਼ਿਲਾਫ਼ ਕਾਰਵਾਈ ਨੇ ਕਈ ਸਾਬਕਾ ਵਜ਼ੀਰਾਂ ਨੂੰ ਵੀ ਧੁੜਕੂ ਲਾ ਦਿੱਤਾ ਹੈ, ਜਿਨ੍ਹਾਂ ਦਾ ਨਾਮ ਕਿਸੇ ਨਾ ਕਿਸੇ ਘੁਟਾਲੇ ਨਾਲ ਜੁੜਿਆ ਹੋਇਆ ਸੀ। ਪਿਛਲੀ ਕਾਂਗਰਸ ਸਰਕਾਰ ਸਮੇਂ ਨਵਜੋਤ ਸਿੱਧੂ ਨੇ ਤਤਕਾਲੀ ਮੁੱਖ ਮੰਤਰੀ ਤੋਂ ਕਾਰਵਾਈ ਦੀ ਮੰਗ ਵੀ ਕੀਤੀ ਸੀ ਪਰ ਇਨ੍ਹਾਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ ਸੀ। ਇੱਥੋਂ ਤੱਕ ਕਿ ਗੱਠਜੋੜ ਸਰਕਾਰ ਸਮੇਂ ਵਜ਼ੀਰੀਆਂ ਭੋਗਣ ਵਾਲੇ ਕਈ ਵਜ਼ੀਰ ਅੰਦਰੋਂ ਹਿੱਲੇ ਹੋਏ ਹਨ, ਜਿਨ੍ਹਾਂ ਵੱਲੋਂ ਅਧਿਕਾਰੀਆਂ ਜ਼ਰੀਏ ਕਨਸੋਆਂ ਲਈਆਂ ਜਾ ਰਹੀਆਂ ਹਨ।


No comments:

Post a Comment