‘ਕੁੰਡੀ ਹਟਾਓ’ ਮੁਹਿੰਮ
ਅੜਿੱਕੇ ਆਏ ਡੇਰੇ ਤੇ ਥਾਣੇ..!
ਚਰਨਜੀਤ ਭੁੱਲਰ
ਚੰਡੀਗੜ੍ਹ : ‘ਆਪ’ ਸਰਕਾਰ ਵੱਲੋਂ ਵਿੱਢੀ ‘ਕੁੰਡੀ ਹਟਾਓ’ ਮੁਹਿੰਮ ਨੂੰ ਬੂਰ ਪੈਣ ਲੱਗਾ ਹੈ। ਪਹਿਲੇ ਹੀ ਦਿਨ ਹੀ ਕਈ ‘ਬਾਬੇ’ ਅਤੇ ‘ਥਾਣੇਦਾਰ’ ਪਾਵਰਕੌਮ ਦੇ ਅੜਿੱਕੇ ਆ ਗਏ ਹਨ। ਕਈ ਬਾਬਿਆਂ ਵੱਲੋਂ ਵਿਰੋਧ ਵੀ ਕੀਤਾ ਜਾਣ ਲੱਗਾ ਹੈ। ਕਿਸਾਨ ਧਿਰਾਂ ਦਾ ਬਿਜਲੀ ਚੋਰੀ ਰੋਕੇ ਜਾਣ ਬਾਰੇ ਨਜ਼ਰੀਆ ਹਾਲੇ ਸਾਹਮਣੇ ਨਹੀਂ ਆਇਆ ਹੈ। ਪਾਵਰਕੌਮ ਦੀ ਟੀਮ ਨੇ ਅੱਜ ਬਠਿੰਡਾ ਜ਼ਿਲ੍ਹੇ ਦੇ ਕਸਬਾ ਫੂਲ ’ਚ ਇੱਕ ਪਾਵਰਫੁੱਲ ਬਾਬੇ ਨੂੰ ਹੱਥ ਪਾਇਆ ਹੈ। ਅਫ਼ਸਰਾਂ ਨੇ ਅੱਜ ਸਵੇਰੇ ਇਸ ਬਾਬੇ ਦੇ ਡੇਰੇ ’ਤੇ ਛਾਪਾ ਮਾਰਿਆ ਅਤੇ ਸਿੱਧੀ ਕੁੰਡੀ ਚੱਲਦੀ ਫੜ ਲਈ। ਟੀਮਾਂ ਨੇ ਤਾਰਾਂ ਉਤਾਰ ਲਈਆਂ। ਡੇਰੇ ਦਾ ਸਿਰਫ਼ 2.5 ਕਿੱਲੋਵਾਟ ਹੀ ਲੋਡ ਸੀ।
ਪਾਵਰਕੌਮ ਨੇ ਫੌਰੀ 1.05 ਲੱਖ ਰੁਪਏ ਜੁਰਮਾਨਾ ਪਾ ਦਿੱਤਾ ਅਤੇ ਨਾਲ ਹੀ ਡੇਰੇ ਪ੍ਰਬੰਧਕ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ ਹੈ। ਇਵੇਂ ਹੀ ਪਾਵਰਕੌਮ ਨੇ ਤਰਨ ਤਾਰਨ ਦੇ ਪਿੰਡ ਸੁਰ ਸਿੰਘ ਵਿੱਚ ਇੱਕ ਬਾਬੇ ਦੇ ਕੰਪਲੈਕਸ ’ਤੇ ਛਾਪਾ ਮਾਰਿਆ ਜਿੱਥੇ 8 ਏਸੀ, 15 ਪੱਖੇ, ਇੱਕ ਮੋਟਰ ਅਤੇ ਦੋ ਗੀਜ਼ਰ ਚੱਲ ਰਹੇ ਸਨ। ਇਸ ਡੇਰੇ ਲਈ ਸਿੱਧੀ ਬਿਜਲੀ ਚੋਰੀ ਕਰਨ ਵਾਸਤੇ 10 ਪੋਲਾਂ ਦੀ ਇੱਕ ਲਾਈਨ ਵੀ ਖਿੱਚੀ ਹੋਈ ਸੀ। ਪ੍ਰਬੰਧਕਾਂ ਨੇ ਮੌਕੇ ’ਤੇ ਟੀਮ ਦਾ ਵਿਰੋਧ ਕੀਤਾ ਜਿਸ ਕਰਕੇ ਪੂਰੇ ਕੰਪਲੈਕਸ ਦੀ ਚੈਕਿੰਗ ਨਹੀਂ ਹੋ ਸਕੀ। ਅੱਜ ਹੀ ਪਾਵਰਕੌਮ ਨੇ ਲੁਧਿਆਣਾ ਦੀ ਗਿੱਲ ਰੋਡ ’ਤੇ ਪੰਜਾਬ ਪੁਲੀਸ ਦੇ ਨਾਰਕੋਟਿਕਸ ਸੈੱਲ (ਥਾਣਾ) ’ਤੇ ਛਾਪਾ ਮਾਰਿਆ ਜਿੱਥੇ ਸਿੱਧੀ ਕੁੰਡੀ ਚੱਲ ਰਹੀ ਸੀ।
ਬਿਜਲੀ ਚੋਰੀ ਨਾਲ ਇਸ ਥਾਣੇ ਵਿਚ 7 ਏਸੀ ਚੱਲ ਰਹੇ ਸਨ। ਪਾਵਰਕੌਮ ਟੀਮ ਨੇ ਇਸ ਦੀਆਂ ਤਾਰਾਂ ਕੱਟ ਦਿੱਤੀਆਂ ਹਨ। ਥਾਣੇ ਨੂੰ ਹੁਣ ਜੁਰਮਾਨਾ ਪਾਇਆ ਜਾਣਾ ਹੈ।ਪਾਵਰਕੌਮ ਵੱਲੋਂ ਬਿਜਲੀ ਚੋਰੀ ਦੀ ਸੂਚਨਾ ਦੇਣ ਲਈ ਜਾਰੀ ਕੀਤੇ ਵਿਸ਼ੇਸ਼ ਵਟਸਐਪ ਨੰਬਰ 96461-75770 ’ਤੇ ਬਿਜਲੀ ਚੋਰੀ ਦੀਆਂ ਸੂਚਨਾਵਾਂ ਦਾ ਹੜ੍ਹ ਆ ਗਿਆ ਹੈ। ਸੂਤਰ ਦੱਸਦੇ ਹਨ ਕਿ ਇਨ੍ਹਾਂ ਸੂਚਨਾਵਾਂ ਦੇ ਆਧਾਰ ’ਤੇ ਪਾਵਰਕੌਮ ਵੱਲੋਂ ਟੀਮਾਂ ਭੇਜੀਆਂ ਜਾ ਰਹੀਆਂ ਹਨ।
ਤਿੰਨ ਦਰਜਨ ਥਾਣੇ ਸਿੱਧੀ ਕੁੰਡੀ ’ਤੇ
ਪਾਵਰਕੌਮ ਦੀ ਅੱਜ ਪੂਰੇ ਦਿਨ ਦੀ ਵਿਸ਼ੇਸ਼ ਮੁਹਿੰਮ ਦੌਰਾਨ ਪੰਜਾਬ ਭਰ ਵਿਚ ਕਰੀਬ ਤਿੰਨ ਦਰਜਨ ਥਾਣੇ ਅਤੇ ਪੁਲੀਸ ਚੌਂਕੀਆਂ ਸਿੱਧੀ ਕੁੰਡੀ ’ਤੇ ਚੱਲਦੀਆਂ ਫੜੀਆਂ ਗਈਆਂ। ਟੀਮਾਂ ਨੇ ਅੱਜ ਜਿਨ੍ਹਾਂ ਪੁਲੀਸ ਦਫ਼ਤਰਾਂ ਤੇ ਥਾਣਿਆਂ, ਚੌਕੀਆਂ ਦੀ ਚੈਕਿੰਗ ਕੀਤੀ ਉਨ੍ਹਾਂ ਵਿੱਚ ਬਡਰੁੱਖਾਂ, ਮੂਨਕ, ਸਿਟੀ ਸੰਗਰੂਰ, ਮਮਦੋਟ, ਵਾੜੇਕੇ, ਮੁੱਦਕੀ, ਸੀਤੋ ਗੁਨੋ, ਮੰਡੀ ਲਾਧੂਕਾ, ਕੱਲਰਖੇੜਾ, ਵਜੀਦਪੁਰ ਭੋਮਾ, ਸਾਂਝ ਕੇਂਦਰ ਸਮਰਾਲਾ, ਅਰਬਨ ਅਸਟੇਟ ਗੁਰਦਾਸਪੁਰ, ਕੁਰਾਲੀ, ਭੁਨਰਹੇੜੀ, ਰਾਮਸਰਾ, ਡਕਾਲਾ ਤੇ ਅੰਮ੍ਰਿਤਸਰ ਆਦਿ ਸ਼ਾਮਲ ਹਨ।
No comments:
Post a Comment