Tuesday, May 31, 2022

                                                        ਅਸ਼ੁਭ ਸਵੇਰ 
                               ਜਿੱਧਰ ਨਿਗ੍ਹਾ ਮਾਰੋ, ਹਰ ਪਾਸੇ ਸੰਨਾਟਾ ਹੈ..!
                                                       ਚਰਨਜੀਤ ਭੁੱਲਰ   

ਚੰਡੀਗੜ੍ਹ :ਪੰਜਾਬ 'ਚ ਜਿੱਧਰ ਵੀ ਨਿਗ੍ਹਾ ਮਾਰੋ, ਹਰ ਪਾਸੇ ਸੰਨਾਟਾ ਛਾਇਆ ਹੈ | ਕਿਧਰੇ ਭਾਵੁਕਤਾ ਦਾ ਵਹਿਣ ਹੈ, ਕਿਧਰੇ ਸੰਵੇਦਨਾ 'ਤੇ ਖ਼ੌਫ਼ ਤੇ ਸਹਿਮ ਭਾਰੂ ਦਿੱਖ ਰਿਹਾ ਹੈ | 29 ਵਰਿ੍ਹਆਂ ਦਾ ਨੌਜਵਾਨ ਸਿੱਧੂ ਮੂਸੇਵਾਲਾ, ਇਕੱਲਾ ਗਾਇਕ ਨਹੀਂ, ਹੁਣ ਇੱਕ ਰਾਜਸੀ ਆਗੂ ਵੀ ਸੀ | ਪੰਜਾਬ ਨੇ ਕਿੰਨਾ ਕੁੱਝ ਤਨ 'ਤੇ ਝੱਲਿਆ, ਇਤਿਹਾਸ ਪ੍ਰਤੱਖ ਗਵਾਹੀ ਭਰਦਾ ਹੈ | ਬਹੁਤ ਘੱਟ ਮੌਕੇ ਹੋਣਗੇ, ਜਦੋਂ ਇੰਜ ਪੰਜਾਬ ਦੇ ਗਲੀ ਮੁਹੱਲੇ, ਨਗਰ ਖੇੜਿਆਂ 'ਚ ਚੁੱਪ ਪਸਰੀ ਹੋਵੇਗੀ | ਮਾਪਿਆਂ ਦੇ ਇਕਲੌਤੇ ਪੁੱਤ ਦਾ ਚਲੇ ਜਾਣਾ, ਉਹ ਵੀ ਏਨੀ ਬੇਰਹਿਮੀ ਨਾਲ ਛਲਨੀ ਹੋ ਜਾਣਾ, ਦਿਹਾਤੀ ਪੰਜਾਬ ਦੇ ਧੁਰ ਅੰਦਰ ਤੱਕ ਚੀਸ ਪਈ ਹੈ |ਮਾਨਸਾ ਦੇ ਪਿੰਡ ਮੂਸਾ ਤੋਂ ਸਭ ਕੁੱਝ ਝੱਲ ਨਹੀਂ ਹੋ ਰਿਹਾ | ਅੱਜ ਦਿਨ ਚੜ੍ਹਦੇ ਹੀ ਆਪ ਮੁਹਾਰੇ ਨੌਜਵਾਨ ਮਾਨਸਾ ਪੁੱਜੇ ਹਨ | ਸਿੱਧੂ ਮੂਸੇਵਾਲਾ ਦੇ ਗੀਤਾਂ ਦੇ ਮਿਆਰ ਨੂੰ ਛੱਡ ਵੀ ਦੇਈਏ, ਲੱਖਾਂ ਪ੍ਰਸੰਸਕਾਂ ਦੇ ਪਿਆਰ ਨੂੰ ਕਿਵੇਂ ਛੱਡ ਸਕਦੇ ਹਨ ਜਿਨ੍ਹਾਂ ਨੇ ਕੈਨੇਡਾ ਤੇ ਆਸਟ੍ਰੇਲੀਆ ਸਮੇਤ ਦਰਜਨਾਂ ਮੁਲਕਾਂ 'ਚ ਕੈਂਡਲ ਮਾਰਚ ਕੀਤੇ ਹਨ |

          ਮਾਨਸਾ ਸ਼ਹਿਰ ਦੇ ਸਭ ਬਾਜ਼ਾਰ ਬੰਦ ਰਹੇ, ਕਿਸੇ ਦੇ ਕਹਿਣ 'ਤੇ ਨਹੀਂ, ਆਪ ਮੁਹਾਰੇ ਹਿੰਦੂ ਭਾਈਚਾਰੇ ਨੇ ਸ਼ਟਰ ਸੁੱਟ ਦਿੱਤੇ | ਸੁਰੱਖਿਆ ਵਾਪਸ ਲੈਣ ਕਰਕੇ ਲੋਕਾਂ ਨੂੰ 'ਆਪ' ਸਰਕਾਰ ਨਾਲ ਰੰਜ ਹੈ, ਬੇਸ਼ੁਮਾਰ ਗ਼ੁੱਸਾ ਵੀ ਹੈ |ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ | ਹਿੰਦੂ ਭਾਈਚਾਰੇ 'ਚ ਦਹਿਲ ਵੀ ਹੈ ਅਤੇ ਸਹਿਮ ਵੀ, ਜਿਨ੍ਹਾਂ ਨੂੰ ਸੁਰੱਖਿਅਤ ਮਾਹੌਲ ਦੇਣਾ, ਭਰੋਸਾ ਦੇਣਾ, ਸਰਕਾਰ ਦਾ ਕੰਮ ਹੈ | ਸਿੱਧੂ ਮੂਸੇਵਾਲਾ ਨੇ ਕਿਹੋ ਜੇਹਾ ਗਾਇਆ, ਪਾਸੇ ਰੱਖਦੇ ਹਨ, ਕੋਈ ਇਸ ਗੱਲੋਂ ਇਨਕਾਰ ਕਰੇਗਾ ਕਿ ਕੌਮਾਂਤਰੀ ਸ਼ਫ਼ਾ 'ਚ ਗੂੰਜਣ ਵਾਲਾ ਪਿੰਡ 'ਚ ਰਹਿਣ ਨੂੰ ਤਰਜ਼ੀਹ ਦੇਏਗਾ | ਖੇਤੀ ਨਾਲ ਤੇ ਟਰੈਕਟਰ ਨਾਲੋਂ ਉਹਦਾ ਪਿਆਰ ਟੁੱਟਿਆ ਕਦੇ ਨਹੀਂ ਟੁੱਟਿਆ | ਵਿਧਾਨ ਸਭਾ ਚੋਣਾਂ 'ਚ ਕਾਂਗਰਸੀ ਉਮੀਦਵਾਰ ਵਜੋਂ ਮਾਨਸਾ ਹਲਕੇ ਤੋਂ ਖੜ੍ਹਾ ਹੋਇਆ | ਉਦੋਂ ਤਾਂ ਚੋਣ ਹਾਰ ਗਿਆ ਸੀ, ਹੁਣ ਮੌਤ ਮਗਰੋਂ ਹਰ ਕਿਸੇ ਨੂੰ ਹਲੂਣ ਗਿਆ |

          ਚੋਣ ਪ੍ਰਚਾਰ 'ਚ ਇੱਕ ਵਾਰੀ ਉਸ ਨੇ ਆਖਿਆ ,' ਏਥੇ ਪਿੰਡ 'ਚ ਹੀ ਜੰਮਿਆ, ਪਿੰਡ 'ਚ ਹੀ ਰਹਿਣਾ, ਏਥੇ ਹੀ ਮਰਨਾ ਹੈ |' ਸਹਿਜ ਸੁਭਾਅ ਨਿਕਲੇ ਬੋਲ ਆਖ਼ਰ ਇਹ ਗਾਇਕ ਪੁਗਾ ਗਿਆ | ਸਭ ਵਰਗਾਂ ਅਤੇ ਵਲਗਣਾਂ ਤੋਂ ਉੱਪਰ ਉੱਠ ਕੇ ਲੋਕਾਂ ਨੇ ਇਸ ਗਾਇਕ ਦੀ ਮੌਤ ਦਾ ਸੋਗ ਮਨਾਇਆ ਹੈ | ਏਨੀ ਛੋਟੀ ਉਮਰੇ, ਏਡੀ ਵੱਡੀ ਸੋਹਰਤ, ਟਾਵੇਂ ਵਿਰਲੇ ਦੇ ਹਿੱਸੇ ਆਉਂਦੀ ਹੈ, ਤਾਹੀਓਾ ਲੰਘੇ ਕੱਲ੍ਹ ਤੋਂ ਹਰ ਨਿਆਣੇ ਸਿਆਣੇ ਦੀ ਅੱਖ ਨਮ ਹੈ | ਉਸ ਦੇ ਗਾਣਿਆਂ ਦੇ ਆਲੋਚਕ ਵੀ ਇਸ ਅਣਹੋਣੀ ਮੌਤ 'ਤੇ ਅੰਦਰੋਂ ਹਿੱਲੇ ਹਨ | ਬੰਦੂਕ ਕਲਚਰ ਨੂੰ ਉਛਾਲਨਾ, ਆਖ਼ਰ ਉਸ 'ਤੇ ਹੀ ਭਾਰੂ ਪੈ ਗਿਆ |ਮੁੰਬਈ ਫ਼ਿਲਮ ਨਗਰੀ ਤੱਕ ਨਹੀਂ, ਪ੍ਰਦੇਸ਼ਾਂ ਤੱਕ ਸੋਗ ਦੀ ਲਹਿਰ ਪੁੱਜੀ ਹੈ | ਉਸ ਮਾਸੀ ਦਾ ਕੀ ਹਾਲ ਹੋਵੇਗਾ ਜਿਸ ਨੂੰ ਮਿਲਣ ਲਈ ਸਿੱਧੂ ਮੂਸੇਵਾਲਾ ਘਰੋਂ ਨਿਕਲਿਆ ਪਰ ਮਾਸੀ ਦੇ ਘਰ ਤੱਕ ਪੁੱਜਣਾ ਨਸੀਬ ਨਾ ਹੋਇਆ | ਸਿਆਸੀ ਆਗੂਆਂ ਨੇ ਆਪਣੇ ਮੂੰਹ ਪਿੰਡ ਮੂਸਾ ਵੱਲ ਕੀਤੇ ਹਨ | 'ਆਪ' ਸਰਕਾਰ ਕਟਹਿਰੇ ਵਿਚ ਖੜ੍ਹੀ ਹੈ |

          ਇਸ ਘਟਨਾ ਨੇ ਪੰਜਾਬ ਦੀ ਸਿਆਸਤ ਨੂੰ ਭਖਾ ਦਿੱਤਾ ਹੈ | ਗੈਂਗਸਟਰਾਂ ਦੀ ਦਹਿਸ਼ਤ 'ਚ ਪਸਾਰ ਹੋਇਆ ਹੈ | 'ਆਪ' ਸਰਕਾਰ ਨੇ ਵੇਲੇ ਸਿਰ ਮੌਕਾ ਨਾ ਸੰਭਾਲਿਆ ਤਾਂ ਮਾਹੌਲ ਕਿਧਰੇ ਹੋਰ ਪਾਸੇ ਮੋੜਾ ਨਾ ਖਾ ਜਾਵੇ |ਅਸੁਰੱਖਿਅਤ ਮਾਹੌਲ 'ਚ ਕੌਣ ਨਿਵੇਸ਼ ਲਈ ਪੰਜਾਬ ਵੱਲ ਮੂੰਹ ਕਰੇਗਾ | ਏਦਾਂ ਦੀ ਘਟਨਾ ਪੰਜਾਬ ਨੂੰ ਆਰਥਿਕ ਤਬਾਹੀ ਵੱਲ ਵੀ ਧੱਕਦੀ ਹੈ | ਸਿਆਸੀ ਆਗੂ ਇਸ ਘਟਨਾ 'ਤੇ ਰੋਟੀਆਂ ਸੇਕ ਸਕਦੇ ਹਨ ਪ੍ਰੰਤੂ ਪੰਜਾਬ ਨੂੰ ਇਹ ਵਾਰਾ ਨਹੀਂ ਖਾਂਦਾ ਹੈ | ਇੱਥੋਂ ਦੇ ਨਾਗਰਿਕ ਖ਼ੂਨ ਖ਼ਰਾਬਾ ਨਹੀਂ, ਨਿਆਂ ਤੇ ਸ਼ਾਂਤੀ ਭਰੀ ਜ਼ਿੰਦਗੀ ਚਾਹੁੰਦੇ ਹਨ | ਫ਼ੌਰੀ ਸੰਭਲਣ ਦੀ ਲੋੜ ਹੈ | ਇਸ ਘਟਨਾ ਨੇ 'ਆਪ' ਸਰਕਾਰ ਦੇ 'ਰੰਗਲਾ ਪੰਜਾਬ' ਦੇ ਸੁਪਨੇ ਨੂੰ ਵੀ ਧੱਕਾ ਲਾਇਆ ਹੈ | ਅੱਜ ਸਿੱਧੂ ਮੂਸੇਵਾਲਾ ਦੇ ਬਾਪ ਨੇ ਸਰਕਾਰ ਨੂੰ ਚਿੱਠੀ ਲਿਖੀ, ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਮੰਗਾਂ 'ਤੇ ਫ਼ੌਰੀ ਕਾਰਵਾਈ ਕਰ ਦਿੱਤੀ |

         'ਆਪ' ਸਰਕਾਰ ਅੱਗੇ ਇਹ ਵੱਡੀ ਚੁਣੌਤੀ ਹੈ | ਪੰਜਾਬ ਪੁਲੀਸ ਲਈ ਪਰਖ ਦਾ ਸਮਾਂ ਹੈ | ਮਾਪਿਆਂ ਨੂੰ ਗੁਆਚਾ ਪੁੱਤ ਨਹੀਂ ਲੱਭਣਾ ਪ੍ਰੰਤੂ ਉਦੋਂ ਮਾਪਿਆਂ ਨੂੰ ਧਰਵਾਸਾ ਬੱਝੇਗਾ ਜਦੋਂ ਕਾਤਲ ਫੜੇ ਜਾਣਗੇ | 'ਆਪ' ਸਰਕਾਰ ਦਾ ਹੁਣ ਇੱਕੋ ਏਜੰਡਾ ਹੈ, ਕਸੂਰਵਾਰਾਂ ਨੂੰ ਦਬੋਚਣਾ, ਇਸ ਤੋਂ ਘੱਟ ਲੋਕਾਂ ਨੂੰ ਸਵੀਕਾਰ ਨਹੀਂ ਹੋਣਾ |'ਆਪ' ਸਰਕਾਰ ਹੁਣ ਘਬਰਾਹਟ ਵਿਚ ਹੈ | ਸੰਗਰੂਰ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਇਸ ਤਰ੍ਹਾਂ ਦੀ ਘਟਨਾ, ਕਿਸੇ ਝਟਕੇ ਤੋਂ ਘੱਟ ਨਹੀਂ ਹੈ | ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ | ਪੰਜਾਬ ਵਿਧਾਨ ਸਭਾ ਸਕੱਤਰੇਤ ਵਿਚ ਵਿਧਾਇਕਾਂ ਦੀ ਸਿਖਲਾਈ ਵਾਲਾ ਕੈਂਪ ਅੱਜ ਮੁਲਤਵੀ ਕਰ ਦਿੱਤਾ ਗਿਆ ਹੈ | ਪਤਾ ਲੱਗਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲੀਸ ਦੇ ਉੱਚ ਅਫ਼ਸਰਾਂ ਨੂੰ ਤਾੜਿਆ ਹੈ ਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਸਖ਼ਤ ਆਦੇਸ਼ ਦਿੱਤੇ ਹਨ |

No comments:

Post a Comment