ਸਰਕਾਰੀ ਘਰ
ਕੁੰਜੀਆਂ ਨਹੀਂ ਮੋੜ ਰਹੇ ਸਾਬਕਾ ਵਿਧਾਇਕ..!
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਵਿਧਾਇਕਾਂ ਤੇ ਮੰਤਰੀਆਂ ਦਾ ਸਰਕਾਰੀ ਘਰ ਛੱਡਣ ਨੂੰ ਦਿਲ ਨਹੀਂ ਕਰ ਰਿਹਾ ਤੇ ਇਸ ਕਾਰਨ ਸੱਤਾਧਾਰੀ ਧਿਰ ‘ਆਪ’ ਦੇ ਵਿਧਾਇਕਾਂ ਨੂੰ ਇੱਧਰ-ਉਧਰ ਭਟਕਣਾ ਪੈ ਰਿਹਾ ਹੈ| ਇਨ੍ਹਾਂ ਵਿਧਾਇਕਾਂ ਨੂੰ ਹਾਲੇ ਸਰਕਾਰੀ ਫਲੈਟ ’ਚ ਪੈਰ ਪਾਉਣ ਦਾ ਮੌਕਾ ਨਹੀਂ ਮਿਲਿਆ ਹੈ ਜਦਕਿ ਫਲੈਟਾਂ ਦੀ ਅਲਾਟਮੈਂਟ ਹੋ ਚੁੱਕੀ ਹੈ| ਹਾਲੇ ਤੱਕ 18 ਸਾਬਕਾ ਵਿਧਾਇਕਾਂ ਨੇ ਸਰਕਾਰੀ ਫਲੈਟ ਖਾਲੀ ਨਹੀਂ ਕੀਤੇ ਹਨ। ਇਨ੍ਹਾਂ ਵਿਚ ਪੰਜ ਸਾਬਕਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਦੇ ਹਨ| ਲੰਘੇ ਹਫ਼ਤੇ 9 ਸਾਬਕਾ ਵਿਧਾਇਕਾਂ ਨੇ ਸਰਕਾਰੀ ਫਲੈਟ ਖਾਲੀ ਕੀਤੇ ਹਨ| ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਲੰਘੇ ਦਿਨੀਂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਤੋਂ ਤਾਂ ਸਰਕਾਰੀ ਕੋਠੀ ਖਾਲੀ ਕਰਾਉਣ ਵਿਚ ਸਫ਼ਲਤਾ ਹਾਸਲ ਕਰ ਲਈ ਹੈ ਪਰ ਕਾਂਗਰਸ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਸੁਖਬਿੰਦਰ ਸਿੰਘ ਸਰਕਾਰੀਆ ਨੇ ਹਾਲੇ ਤੱਕ ਕੋਠੀ ਖਾਲੀ ਨਹੀਂ ਕੀਤੀ ਹੈ|
ਪੰਜਾਬ ਸਰਕਾਰ ਨੇ ਕੁੱਝ ਦਿਨ ਪਹਿਲਾਂ ਸਾਬਕਾ ਮੰਤਰੀ ਸਰਕਾਰੀਆ ਨੂੰ ਸੈਕਟਰ 16 ਵਿਚਲੀ ਕੋਠੀ ਨੰਬਰ 500 ਖਾਲੀ ਕਰਨ ਦਾ ਨੋਟਿਸ ਦਿੱਤਾ ਸੀ| ਪੰਜਾਬ ਸਰਕਾਰ ਹੁਣ ਤੱਕ ਕੋਠੀ ਖਾਲੀ ਕਰਾਉਣ ਲਈ ਤਿੰਨ ਨੋਟਿਸ ਜਾਰੀ ਕਰ ਚੁੱਕੀ ਹੈ| ਸਾਬਕਾ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦਾ ਕਹਿਣਾ ਸੀ ਕਿ ਉਹ ਕੋਠੀ ਖਾਲੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਹੁਣ ਤਕ ਕੋਈ ਨੋਟਿਸ ਪ੍ਰਾਪਤ ਨਹੀਂ ਹੋਇਆ ਹੈ| ਉਨ੍ਹਾਂ ਨੇ ਸ਼ਿਫਟਿੰਗ ਸ਼ੁਰੂ ਕਰ ਦਿੱਤੀ ਹੈ| ਵੇਰਵਿਆਂ ਮੁਤਾਬਕ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਵੀ ਕੋਠੀ ਖਾਲੀ ਕਰਾਉਣ ਲਈ ਦੋ ਨੋਟਿਸ ਕੱਢੇ ਗਏ ਸਨ| ਇਸੇ ਤਰ੍ਹਾਂ ਵਿਧਾਇਕਾਂ ਨੂੰ ਸੈਕਟਰ ਤਿੰਨ ਅਤੇ ਚਾਰ ਤੋਂ ਇਲਾਵਾ ਸੈਕਟਰ 39 ਵਿਚ ਵੀ ਸਰਕਾਰੀ ਫਲੈਟ ਦਿੱਤੇ ਜਾਂਦੇ ਹਨ| ਡੇਢ ਦਰਜਨ ਸਾਬਕਾ ਵਿਧਾਇਕ ਸਰਕਾਰੀ ਫਲੈਟ ਛੱਡ ਨਹੀਂ ਰਹੇ ਹਨ| ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਵੀ ਆਪਣਾ ਸਰਕਾਰੀ ਫਲੈਟ ਖਾਲੀ ਨਹੀਂ ਕੀਤਾ ਹੈ|
ਹਲਕਾ ਲੰਬੀ ਤੋਂ ‘ਆਪ’ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੂੰ ਫਲੈਟ ਨੰਬਰ 37 ਅਲਾਟ ਹੋਇਆ ਹੈ ਜਿਸ ਨੂੰ ਸਾਬਕਾ ਮੁੱਖ ਮੰਤਰੀ ਬਾਦਲ ਵੱਲੋਂ ਖਾਲੀ ਨਹੀਂ ਕੀਤਾ ਗਿਆ ਹੈ| ‘ਆਪ’ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਫਲੈਟ ਨੰਬਰ 35 ਅਲਾਟ ਹੋ ਚੁੱਕਾ ਹੈ ਪਰ ਇਸ ਫਲੈਟ ਨੂੰ ਹਾਲੇ ਤੱਕ ਬਿਕਰਮ ਸਿੰਘ ਮਜੀਠੀਆ ਵੱਲੋਂ ਖਾਲੀ ਨਹੀਂ ਕੀਤਾ ਗਿਆ ਹੈ| ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਅਤੇ ਹਲਕਾ ਧੂਰੀ ਤੋਂ ਵਿਧਾਇਕ ਰਹੇ ਦਲਵੀਰ ਸਿੰਘ ਗੋਲਡੀ ਨੇ ਵੀ ਹਾਲੇ ਤੱਕ ਫਲੈਟ ਖਾਲੀ ਨਹੀਂ ਕੀਤਾ ਹੈ| ਕਈ ਸਾਬਕਾ ਵਿਧਾਇਕਾਂ ਨੇ ਫਲੈਟ ਖਾਲੀ ਤਾਂ ਕਰ ਦਿੱਤੇ ਹਨ ਪਰ ਬਿਜਲੀ-ਪਾਣੀ ਦੇ ਬਕਾਏ ਨਹੀਂ ਤਾਰੇ ਹਨ ਜਿਸ ਕਰਕੇ ਨਵੇਂ ਵਿਧਾਇਕਾਂ ਦੀ ਉਡੀਕ ਲੰਮੀ ਹੋਣ ਲੱਗੀ ਹੈ| ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਹਾਲੇ ਤੱਕ ਫਲੈਟਾਂ ਦੇ ਬਿਜਲੀ/ਪਾਣੀ ਦੇ ਬਕਾਏ ਤਾਰੇ ਨਹੀਂ ਹਨ|
‘ਆਪ’ ਵਿਧਾਇਕ ਨਿਰਮਲ ਸਿੰਘ ਪੰਡੋਰੀ ਨੂੰ 57 ਨੰਬਰ ਸਰਕਾਰੀ ਫਲੈਟ ਅਲਾਟ ਹੋ ਚੁੱਕਾ ਹੈ ਪਰ ਇਹ ਖਾਲੀ ਨਹੀਂ ਹੋਇਆ ਹੈ| ਸਰਕਾਰੀ ਰਿਕਾਰਡ ਵਿਚ ਇਹ ਫਲੈਟ ਰਮਿੰਦਰ ਆਂਵਲਾ ਦੇ ਨਾਮ ’ਤੇ ਅਲਾਟ ਹੈ| ਵਿਧਾਇਕ ਨਿਰਮਲ ਪੰਡੋਰੀ ਦਾ ਕਹਿਣਾ ਸੀ ਕਿ ਫਲੈਟ ਨੰਬਰ 57 ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਕੋਲ ਹੈ ਜੋ ਹਾਲੇ ਫਲੈਟ ਖਾਲੀ ਨਹੀਂ ਕਰ ਰਹੇ ਹਨ| ਪੰਡੋਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਬਦਲਵਾਂ ਪ੍ਰਬੰਧ ਕਰਨਾ ਪਿਆ ਹੈ| ਜਿਨ੍ਹਾਂ ਹੋਰਨਾਂ ਸਾਬਕਾ ਵਿਧਾਇਕਾਂ ਨੇ ਸਰਕਾਰੀ ਫਲੈਟ ਖਾਲੀ ਨਹੀਂ ਕੀਤੇ ਹਨ ਉਨ੍ਹਾਂ ਵਿਚ ਗੁਰਪ੍ਰਤਾਪ ਸਿੰਘ ਵਡਾਲਾ, ਦਰਸ਼ਨ ਸਿੰਘ ਬਰਾੜ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਦਿਨੇਸ਼ ਸਿੰਘ, ਜੋਗਿੰਦਰਪਾਲ, ਸਤਿਕਾਰ ਕੌਰ, ਗੁਰਪ੍ਰੀਤ ਸਿੰਘ ਜੀ.ਪੀ, ਕੁਲਬੀਰ ਸਿੰਘ ਜ਼ੀਰਾ, ਸੁਖਪਾਲ ਸਿੰਘ ਭੁੱਲਰ, ਅੰਗਦ ਸਿੰਘ ਅਤੇ ਸੁਰਜੀਤ ਸਿੰਘ ਧੀਮਾਨ ਦੇ ਨਾਂ ਸ਼ਾਮਲ ਹਨ| ਨਵੇਂ ਵਿਧਾਇਕ ਇਨ੍ਹਾਂ ਫਲੈਟਾਂ ਨੂੰ ਖਾਲੀ ਕਰਾਉਣ ਲਈ ਵਿਧਾਨ ਸਭਾ ਸਕੱਤਰੇਤ ਵਿਚ ਗੇੜੇ ਮਾਰ ਰਹੇ ਹਨ|ਪ੍ਰਾਪਤ ਜਾਣਕਾਰੀ ਮੁਤਾਬਕ ਲੋਕ ਨਿਰਮਾਣ ਵਿਭਾਗ ਵੱਲੋਂ ਸਮੇਂ ਸਿਰ ਕੋਠੀ ਖਾਲੀ ਨਾ ਕਰਨ ਵਾਲੇ ਸਾਬਕਾ ਮੰਤਰੀਆਂ ਨੂੰ ਪੀਨਲ ਰੈਂਟ ਪਾਇਆ ਜਾ ਰਿਹਾ ਹੈ ਜੋ ਲੱਖਾਂ ਰੁਪਏ ਵਿਚ ਹੈ|
ਸਾਬਕਾ ਵਿਧਾਇਕ ਆਪਣੀ ਜ਼ਿੰਮੇਵਾਰੀ ਸਮਝਣ: ਸੰਧਵਾਂ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਕਹਿਣਾ ਸੀ ਕਿ ਜਿਨ੍ਹਾਂ ਸਾਬਕਾ ਵਿਧਾਇਕਾਂ ਦਾ ਸਰਕਾਰੀ ਫਲੈਟਾਂ ’ਤੇ ਹੁਣ ਕੋਈ ਹੱਕ ਨਹੀਂ ਰਿਹਾ ਹੈ, ਉਨ੍ਹਾਂ ਦੀ ਖ਼ੁਦ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਫਲੈਟ ਖਾਲੀ ਕਰ ਦੇਣ। ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਜ਼ਿੰਮੇਵਾਰ ਹਸਤੀਆਂ ਹਨ ਜਿਸ ਕਰਕੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਜਲਦੀ ਫਲੈਟ ਖਾਲੀ ਕਰ ਦੇਣਗੇ।
ਸਭ ਦੀ ਪਸੰਦ ਬਣੀ 500 ਨੰਬਰ ਕੋਠੀ
ਚੰਡੀਗੜ੍ਹ ਦੇ ਸੈਕਟਰ 16 ਵਿਚਲੀ 500 ਨੰਬਰ ਸਰਕਾਰੀ ਕੋਠੀ ਸਭ ਦੀ ਪਸੰਦ ਬਣ ਗਈ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕੋਠੀ ਨੰਬਰ 500 ਲੈਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਇਹ ਕੋਠੀ ਲੈਣ ਖ਼ਾਤਰ ਸਰਕਾਰ ਤੱਕ ਪਹੁੰਚ ਵੀ ਕੀਤੀ ਸੀ ਪਰ ਉਨ੍ਹਾਂ ਦੀ ਗੱਲ ਬਣ ਨਹੀਂ ਸਕੀ ਹੈ। ਸਰਕਾਰ ਨੇ ਬਾਜਵਾ ਨੂੰ ਸੈਕਟਰ 39 ਵਿਚ ਕੋਠੀ ਅਲਾਟ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਨੇ ਹਾਲੇ ਕੋਠੀ ਵਿਚ ਰਿਹਾਇਸ਼ ਨਹੀਂ ਕੀਤੀ ਹੈ। ਸਿਹਤ ਮੰਤਰੀ ਵਿਜੈ ਸਿੰਗਲਾ ਵੀ ਕੋਠੀ ਨੰਬਰ 500 ਲੈਣ ਦੇ ਇੱਛੁਕ ਸਨ।
No comments:
Post a Comment