ਸੰਸਦ ਦੀ ਪੌੜੀ
ਕੌਣ ਨਹੀਂ ਚਾਹੁੰਦਾ ਚੋਣਾਂ ਵਾਲਾ ਲੱਡੂ ਖਾਣਾ
ਚਰਨਜੀਤ ਭੁੱਲਰ
ਚੰਡੀਗੜ੍ਹ : ਲੋਕ ਸਭਾ ਚੋਣਾਂ ’ਚ ਜਿੱਤ ਵਾਲਾ ਲੱਡੂ ਖਾਣ ਲਈ ਹੁਣ ਉਮੀਦਵਾਰਾਂ ਦਾ ਕੋਈ ਘਾਟਾ ਨਹੀਂ ਹੈ। ਪੰਜਾਬ ’ਚੋਂ ਲੋਕ ਸਭਾ ਚੋਣਾਂ ਵਿਚ 13 ਮੈਂਬਰਾਂ ਨੂੰ ਸੰਸਦ ਦੀ ਪੌੜੀ ਚੜ੍ਹਨ ਦਾ ਮੌਕਾ ਮਿਲਦਾ ਹੈ। ਵਰ੍ਹਾ 1989 ਦੀਆਂ ਲੋਕ ਸਭਾ ਚੋਣਾਂ ਮਗਰੋਂ ਸੂਬੇ ਵਿਚ ਉਮੀਦਵਾਰਾਂ ਦਾ ਅੰਕੜਾ ਵਧਣ ਲੱਗ ਪਿਆ ਹੈ। ਚੋਣ ਮੈਦਾਨ ਵਿਚ ਨਿੱਤਰਨ ਵਾਲੇ ਜ਼ਿਆਦਾਤਰ ਉਮੀਦਵਾਰ ਆਜ਼ਾਦ ਹੀ ਚੋਣ ਲੜੇ ਹਨ ਪਰ ਉਨ੍ਹਾਂ ਨੂੰ ਲੋਕ ਫ਼ਤਵਾ ਟਾਵੇਂ-ਟਾਵੇਂ ਮੌਕਿਆਂ ’ਤੇ ਹੀ ਮਿਲਿਆ ਹੈ। ਉਮੀਦਵਾਰਾਂ ਨੇ ਸੁਫ਼ਨੇ ਵੀ ਦੇਖੇ ਅਤੇ ਲੋਕਾਂ ਨੂੰ ਵੀ ਸੁਫ਼ਨੇ ਦਿਖਾਏ। ਬਹੁਤੇ ਉਮੀਦਵਾਰਾਂ ਨੇ ਹਾਰ ਦੇ ਬਾਵਜੂਦ ਹੌਸਲਾ ਨਹੀਂ ਛੱਡਿਆ ਹੈ।ਵੇਰਵਿਆਂ ਅਨੁਸਾਰ ਸਾਲ 2019 ਅਤੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੇ 13 ਸੰਸਦੀ ਹਲਕਿਆਂ ਦੇ ਚੋਣ ਪਿੜ ’ਚ ਨਿੱਤਰਨ ਵਾਲਿਆਂ ਦੀ ਗਿਣਤੀ 253 ਰਹੀ। ਮਤਲਬ ਇਹ ਕਿ ਇਨ੍ਹਾਂ ਦੋਵਾਂ ਚੋਣਾਂ ਵਿਚ ਪ੍ਰਤੀ ਹਲਕਾ ਉਮੀਦਵਾਰਾਂ ਦੀ ਗਿਣਤੀ ਔਸਤਨ 19-19 ਰਹੀ ਹੈ। ਇੱਕ ਹਲਕਾ ਅਜਿਹਾ ਵੀ ਸੀ ਜਿੱਥੇ 29 ਉਮੀਦਵਾਰ ਚੋਣ ਮੈਦਾਨ ਵਿਚ ਸਨ।
ਪਹਿਲੀ ਲੋਕ ਸਭਾ ਚੋਣ ਸਮੇਂ 15 ਹਲਕੇ ਹੁੰਦੇ ਸਨ ਜਿਨ੍ਹਾਂ ਤੋਂ 101 ਉਮੀਦਵਾਰਾਂ ਨੇ ਚੋਣ ਲੜੀ ਸੀ ਅਤੇ ਪ੍ਰਤੀ ਹਲਕਾ ਔਸਤਨ ਚਾਰ ਉਮੀਦਵਾਰ ਸਨ। 1957 ਦੀਆਂ ਲੋਕ ਸਭਾ ਚੋਣਾਂ ਵਿਚ 78 ਉਮੀਦਵਾਰਾਂ ਨੇ ਕਿਸਮਤ ਅਜ਼ਮਾਈ ਸੀ ਅਤੇ ਪ੍ਰਤੀ ਹਲਕਾ ਪੰਜ ਉਮੀਦਵਾਰ ਮੈਦਾਨ ’ਚ ਸਨ। ਪੰਜਾਬ ਵਿਚ 1996 ਦੀ ਲੋਕ ਸਭਾ ’ਚ ਉਮੀਦਵਾਰਾਂ ਦੀ ਭਾਗੀਦਾਰੀ ਦਾ ਰਿਕਾਰਡ ਅੱਜ ਤੱਕ ਕੋਈ ਨਹੀਂ ਤੋੜ ਸਕਿਆ ਹੈ। ਉਸ ਸਮੇਂ 259 ਉਮੀਦਵਾਰ ਮੈਦਾਨ ’ਚ ਕੁੱਦੇ ਸਨ ਜਿਨ੍ਹਾਂ ਦੀ ਪ੍ਰਤੀ ਹਲਕਾ ਉਮੀਦਵਾਰੀ ਔਸਤਨ 20 ਬਣਦੀ ਹੈ। ਮੌਜੂਦਾ ਲੋਕ ਸਭਾ ਚੋਣਾਂ ਵਿਚ ਇਹ ਰਿਕਾਰਡ ਟੁੱਟਣ ਦੀ ਸੰਭਾਵਨਾ ਹੈ। ਸਾਲ 1989 ਦੀਆਂ ਚੋਣਾਂ ਵਿਚ ਵੀ 227 ਉਮੀਦਵਾਰ ਚੋਣ ਲੜੇ ਸਨ ਅਤੇ ਇਹ ਔਸਤਨ 17 ਉਮੀਦਵਾਰਾਂ ਦੀ ਪ੍ਰਤੀ ਹਲਕਾ ਬਣਦੀ ਹੈ। ਉਦੋਂ ਇੱਕ ਹਲਕੇ ’ਚੋਂ ਤਾਂ 38 ਉਮੀਦਵਾਰ ਚੋਣ ਮੈਦਾਨ ਵਿਚ ਸਨ। ਹੁਣ ਤੱਕ ਸਭ ਤੋਂ ਘੱਟ ਉਮੀਦਵਾਰਾਂ ਵਾਲੀ ਚੋਣ 1985 ਦੀ ਹੈ ਜਦੋਂ ਸਿਰਫ਼ 74 ਉਮੀਦਵਾਰ ਹੀ ਚੋਣ ਲੜੇ ਸਨ। 1996 ਦੀ ਚੋਣ ਮਗਰੋਂ ਉਮੀਦਵਾਰਾਂ ਦਾ ਅੰਕੜਾ ਕਦੇ ਘਟਿਆ ਨਹੀਂ।
1998 ਵਿਚ ਚੋਣ ਮੈਦਾਨ ਵਿਚ 102 ਉਮੀਦਵਾਰ ਸਨ ਜਦੋਂ ਕਿ ਸਾਲ 1999 ਵਿਚ 120 ਉਮੀਦਵਾਰ ਚੋਣ ਲੜੇ ਸਨ। ਇਸੇ ਤਰ੍ਹਾਂ ਸਾਲ 2004 ਵਿਚ 142 ਉਮੀਦਵਾਰ ਅਤੇ 2009 ਵਿਚ 218 ਉਮੀਦਵਾਰਾਂ ਨੇ ਕਿਸਮਤ ਅਜ਼ਮਾਈ ਸੀ। ਹਾਲਾਂਕਿ ਆਜ਼ਾਦ ਉਮੀਦਵਾਰਾਂ ਦੀ ਗਿਣਤੀ ਵੱਡੀ ਰਹੀ ਹੈ। ਮਿਸਾਲ ਦੇ ਤੌਰ ’ਤੇ 2019 ਦੀਆਂ ਚੋਣਾਂ ਵਿਚ ਪੰਜਾਬ ਦੇ 13 ਹਲਕਿਆਂ ਤੋਂ 223 ਆਜ਼ਾਦ ਉਮੀਦਵਾਰਾਂ, 2014 ਵਿਚ 118 ਅਤੇ 2009 ਵਿਚ 113 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਸਨ। ਬਹੁਤੇ ਆਜ਼ਾਦ ਉਮੀਦਵਾਰਾਂ ਦੇ ਮਨਸ਼ੇ ਕੁੱਝ ਹੋਰ ਹੁੰਦੇ ਹਨ। ਕਈ ਵਾਰੀ ਪ੍ਰਮੁੱਖ ਸਿਆਸੀ ਧਿਰਾਂ ਵੀ ਵਿਰੋਧੀ ਵੋਟਾਂ ਨੂੰ ਵੰਡਣ ਖ਼ਾਤਰ ਆਜ਼ਾਦ ਉਮੀਦਵਾਰਾਂ ਨੂੰ ਸ਼ਿੰਗਾਰ ਲੈਂਦੀ ਹੈ ਤਾਂ ਜੋ ਇੱਕ ਖ਼ਾਸ ਵਰਗ ਦੀ ਇੱਕ ਖ਼ਾਸ ਏਰੀਏ ਵਿਚ ਵੋਟ ਵੰਡੀ ਜਾ ਸਕੇ। ਕਈ ਆਜ਼ਾਦ ਉਮੀਦਵਾਰ ਅਜਿਹੇ ਹਨ, ਜੋ ਲੋਕ ਸਭਾ ਚੋਣਾਂ ਵਿਚ ਖੜ੍ਹਦੇ ਹਨ ਜਿਨ੍ਹਾਂ ਨੂੰ ਕਦੇ ਬਹੁਤੀ ਵੋਟ ਵੀ ਹਾਸਲ ਨਹੀਂ ਹੋਈ ਹੈ।ਸਿਆਸੀ ਵਿਸ਼ਲੇਸ਼ਕ ਪ੍ਰੋ. ਰਜਿੰਦਰਪਾਲ ਸਿੰਘ ਬਰਾੜ ਆਖਦੇ ਹਨ ਕਿ ਉਮੀਦਵਾਰਾਂ ਦੀ ਵਧੇਰੇ ਭਾਗੀਦਾਰੀ ਜਮਹੂਰੀਅਤ ਲਈ ਸ਼ੁਭ ਸੰਕੇਤ ਹੈ ਪ੍ਰੰਤੂ ਬਹੁਤੇ ਆਜ਼ਾਦ ਉਮੀਦਵਾਰ ਚੋਣਾਂ ਵਿਚ ਸੰਜੀਦਗੀ ਨਹੀਂ ਦਿਖਾਉਂਦੇ ਹਨ।
ਤਿੰਨ ਆਜ਼ਾਦ ਉਮੀਦਵਾਰ ਚੜ੍ਹੇ ਸੰਸਦ ਦੀ ਪੌੜੀ
ਪੰਜਾਬ ਵਿਚ ਹੁਣ ਤੱਕ ਸਿਰਫ਼ ਤਿੰਨ ਆਜ਼ਾਦ ਉਮੀਦਵਾਰ ਹੀ ਸੰਸਦ ਦੀ ਪੌੜੀ ਚੜ੍ਹੇ ਹਨ। ਸਾਲ 1998 ਵਿਚ ਫਿਲੌਰ ਹਲਕੇ ਤੋਂ ਆਜ਼ਾਦ ਉਮੀਦਵਾਰ ਸਤਨਾਮ ਕੈਂਥ ਨੇ ਚੋਣ ਜਿੱਤੀ ਸੀ ਜਿਨ੍ਹਾਂ ਨੇ ਆਪਣੇ ਵਿਰੋਧੀ ਬਸਪਾ ਉਮੀਦਵਾਰ ਹਰਭਜਨ ਲਾਖਾ ਨੂੰ ਹਰਾਇਆ ਸੀ। ਇਸੇ ਤਰ੍ਹਾਂ ਸਾਲ 1989 ਵਿਚ ਦੋ ਆਜ਼ਾਦ ਉਮੀਦਵਾਰ ਚੋਣ ਜਿੱਤੇ ਸਨ। ਫ਼ਿਰੋਜ਼ਪੁਰ ਤੋਂ ਧਿਆਨ ਸਿੰਘ ਮੰਡ ਨੇ ਆਪਣੇ ਵਿਰੋਧੀ ਜਗਮੀਤ ਬਰਾੜ ਤੇ ਚੌਧਰੀ ਦੇਵੀ ਲਾਲ ਨੂੰ ਚਿੱਤ ਕੀਤਾ ਸੀ ਜਦੋਂ ਕਿ ਪਟਿਆਲਾ ਤੋਂ ਆਜ਼ਾਦ ਉਮੀਦਵਾਰ ਅਤਿੰਦਰਪਾਲ ਸਿੰਘ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਵਿਨੋਦ ਕੁਮਾਰ ਨੂੰ ਹਰਾਇਆ ਸੀ।
No comments:
Post a Comment