ਇੰਝ ਭੰਨੀ ਮੜਕ
ਬਠਿੰਡੇ ਆਲ਼ੇ ਵੋਟਾਂ ਪਾਉਣ ਦੇ ਸ਼ੌਂਕੀ..!
ਚਰਨਜੀਤ ਭੁੱਲਰ
ਚੰਡੀਗੜ੍ਹ: ਕਦੇ ਬਠਿੰਡਾ ’ਤੇ ਪਛੜੇ ਹੋਣ ਦਾ ਦਾਗ਼ ਲੱਗਾ ਅਤੇ ਕਦੇ ਕਿਹਾ ਗਿਆ ‘ਬਠਿੰਡਾ ਆਲ਼ੇ ਰਫ਼ਲਾਂ ਰੱਖਣ ਦੇ ਸ਼ੌਂਕੀ’। ਪੁਰਾਣੀ ਪੀੜ੍ਹੀ ਨੂੰ ‘ਵੇਖਿਆ ਤੇਰਾ ਬਠਿੰਡਾ, ਨਾ ਤੋਰੀ ਨਾ ਟਿੰਡਾ’ ਦਾ ਮਿਹਣਾ ਵੀ ਸੁਣਨਾ ਪਿਆ। ਨਵੀਂ ਪੀੜ੍ਹੀ ਨੇ ਹੁਣ ਮਿਹਣੇ ਦੇਣ ਵਾਲਿਆਂ ਦੀ ਮੜਕ ਭੰਨ ਦਿੱਤੀ ਹੈ ਅਤੇ ਲੋਕ ਰਾਜ ਦੀ ਮਜ਼ਬੂਤੀ ਲਈ ਬਠਿੰਡਾ ਦੇ ਵੋਟਰ ਪੰਜਾਬ ਭਰ ਵਿੱਚੋਂ ਮੋਹਰੀ ਬਣ ਗਏ ਹਨ ਜਿਨ੍ਹਾਂ ਨੇ ਜਮਹੂਰੀਅਤ ਵਿੱਚ ਭਾਗੀਦਾਰੀ ਦੇ ਮਾਮਲੇ ਵਿਚ ਪੰਜਾਬ ਵਿੱਚੋਂ ਝੰਡੀ ਲਈ ਹੈ। ਲੰਘੀਆਂ ਤਿੰਨ ਲੋਕ ਸਭਾ ਚੋਣਾਂ ’ਚ ਬਠਿੰਡਾ ਲੋਕ ਸਭਾ ਹਲਕੇ ਦੀ ਪੋਲਿੰਗ ਦਰ ਪੰਜਾਬ ਭਰ ਵਿੱਚੋਂ ਪਹਿਲੇ ਨੰਬਰ ’ਤੇ ਹੈ। ਪਹਿਲਾਂ ਬਠਿੰਡਾ ਹਲਕਾ ਰਾਖਵਾਂ ਹੁੰਦਾ ਸੀ ਅਤੇ ਸਾਲ 2009 ਵਿੱਚ ਜਨਰਲ ਹਲਕਾ ਹੋਇਆ ਹੈ। ਉਦੋਂ ਤੋਂ ਹੀ ਇਹ ਝੰਡੀ ਵਾਲਾ ਰੁਝਾਨ ਜਾਰੀ ਹੈ। ਬਠਿੰਡਾ ਲੋਕ ਸਭਾ ਹਲਕੇ ਦੀ ਪੋਲਿੰਗ ਦਰ ਸੂਬਾਈ ਔਸਤ ਨਾਲੋਂ ਉੱਚੀ ਰਹੀ ਹੈ। ਪੰਜਾਬ ਵਿੱਚ ਸਮੁੱਚੀ ਪੋਲਿੰਗ ਦਰ ਦੇਖੀਏ ਤਾਂ ਦੂਜੀ ਲੋਕ ਸਭਾ ਚੋਣ 1952 ਵਿੱਚ ਸਭ ਤੋਂ ਵੱਧ 78 ਫ਼ੀਸਦੀ ਪੋਲਿੰਗ ਰਹੀ ਹੈ ਜਦੋਂਕਿ ਪਹਿਲੀ ਲੋਕ ਸਭਾ ਵਿੱਚ ਇਹੋ ਦਰ 74.3 ਫ਼ੀਸਦੀ ਰਹੀ ਹੈ।
ਮਗਰੋਂ 1967 ਵਿੱਚ 71.1 , 1977 ਵਿੱਚ 70.1 ਅਤੇ 2014 ਵਿੱਚ 70.6 ਫ਼ੀਸਦੀ ਪੋਲਿੰਗ ਰਹੀ ਹੈ। ਇਨ੍ਹਾਂ ਚੋਣਾਂ ਤੋਂ ਬਿਨਾਂ ਕਦੇ ਵੀ ਪੰਜਾਬ ਦੀ ਪੋਲਿੰਗ ਦਰ 70 ਫ਼ੀਸਦੀ ਨੂੰ ਛੂਹ ਨਾ ਸਕੀ। ਹੁਣ ਤੱਕ ਹੋਈਆਂ ਲੋਕ ਸਭਾ ਚੋਣਾਂ ਵਿੱਚੋਂ ਸਭ ਤੋਂ ਘੱਟ ਪੋਲਿੰਗ ਦਰ 1991 ਵਿੱਚ 24 ਫ਼ੀਸਦੀ ਰਹੀ ਹੈ। ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਐਤਕੀਂ ਪੰਜਾਬ ਦੀ ਪੋਲਿੰਗ ਦਰ ਦਾ ਟੀਚਾ 70 ਫ਼ੀਸਦੀ ਨੂੰ ਪਾਰ ਕਰਨ ਦਾ ਰੱਖਿਆ ਹੈ। ਲੋਕ ਸਭਾ ਹਲਕਾ ਵਾਰ ਗੱਲ ਕਰੀਏ ਤਾਂ 2019 ਦੀਆਂ ਚੋਣਾਂ ਵਿੱਚ ਪੰਜਾਬ ਭਰ ਵਿੱਚੋਂ ਉੱਚੀ ਪੋਲਿੰਗ ਦਰ ਬਠਿੰਡਾ ਹਲਕੇ ਦੀ 76.4 ਫ਼ੀਸਦੀ ਰਹੀ ਜਦੋਂਕਿ ਸਭ ਤੋਂ ਘੱਟ ਅੰਮ੍ਰਿਤਸਰ ਵਿੱਚ 59.1 ਫ਼ੀਸਦੀ ਰਹੀ। 2014 ਵਿੱਚ ਬਠਿੰਡਾ ਹਲਕੇ ਵਿੱਚ ਸਭ ਤੋਂ ਵੱਧ 77.2 ਫ਼ੀਸਦੀ ਪੋਲਿੰਗ ਰਹੀ ਅਤੇ ਸਭ ਤੋਂ ਘੱਟ 64.7 ਫ਼ੀਸਦੀ ਹੁਸ਼ਿਆਰਪੁਰ ਦੀ ਰਹੀ। 2009 ਵਿੱਚ ਬਠਿੰਡਾ ਹਲਕੇ ਦੀ 78.4 ਫ਼ੀਸਦੀ ਪੋਲਿੰਗ ਰਹੀ ਅਤੇ ਸਭ ਤੋਂ ਘੱਟ ਲੁਧਿਆਣਾ ਦੀ 64.6 ਫ਼ੀਸਦੀ ਰਹੀ। ਜਦੋਂ ਫ਼ਰੀਦਕੋਟ ਲੋਕ ਸਭਾ ਹਲਕਾ ਰਾਖਵਾਂ ਨਹੀਂ ਸੀ ਤਾਂ ਉਦੋਂ ਫ਼ਰੀਦੋਕਟੀਆਂ ਦੀ ਪੋਲਿੰਗ ਦਰ ਵਿਚ ਸਰਦਾਰੀ ਰਹੀ ਹੈ।
2004 ਦੀਆਂ ਚੋਣਾਂ ਵਿੱਚ ਪੰਜਾਬ ਭਰ ਵਿੱਚ ਸਭ ਤੋਂ ਵੱਧ 70.7 ਫ਼ੀਸਦੀ ਪੋਲਿੰਗ ਫਰੀਦਕੋਟ ਹਲਕੇ ਦੀ ਰਹੀ ਅਤੇ ਸਭ ਤੋਂ ਘੱਟ ਅੰਮ੍ਰਿਤਸਰ ਦੀ 55.1 ਫ਼ੀਸਦੀ ਰਹੀ ਹੈ। 1999 ਵਿੱਚ ਫ਼ਰੀਦਕੋਟ ਹਲਕਾ 71.2 ਫ਼ੀਸਦੀ ਨਾਲ ਅੱਵਲ ਰਿਹਾ ਅਤੇ 1998 ਵਿਚ ਵੀ 72.7 ਫ਼ੀਸਦੀ ਤੋਂ ਇਲਾਵਾ 1996 ਵਿਚ ਵੀ ਫ਼ਰੀਦਕੋਟ ਹਲਕਾ 72 ਫ਼ੀਸਦੀ ਪੋਲਿੰਗ ਨਾਲ ਪੰਜਾਬ ਵਿੱਚੋਂ ਪਹਿਲੇ ਨੰਬਰ ’ਤੇ ਰਿਹਾ। ਰੁਝਾਨ ਗਵਾਹੀ ਭਰਦੇ ਹਨ ਕਿ ਰਾਖਵੇਂ ਹਲਕਿਆਂ ਵਿੱਚ ਪੋਲਿੰਗ ਦਰ ਘੱਟ ਹੁੰਦੀ ਹੈ। 1991 ਵਿੱਚ ਜਦੋਂ ਪੰਜਾਬ ਵਿੱਚ ਸਭ ਤੋਂ ਘੱਟ 24 ਫ਼ੀਸਦੀ ਪੋਲਿੰਗ ਹੋਈ ਸੀ ਤਾਂ ਉਦੋਂ ਫ਼ਿਰੋਜ਼ਪੁਰ ਹਲਕਾ 43.7 ਫ਼ੀਸਦੀ ਨਾਲ ਸੂਬੇ ਵਿੱਚੋਂ ਪਹਿਲੇ ਨੰਬਰ ’ਤੇ ਸੀ ਅਤੇ 1989 ਵਿੱਜ ਸੂਬੇ ਵਿੱਚੋਂ ਪਹਿਲਾਂ ਨੰਬਰ ਸੰਗਰੂਰ ਹਲਕੇ ਦਾ ਸੀ ਜਿੱਥੇ 71.7 ਫ਼ੀਸਦੀ ਵੋਟਾਂ ਪਈਆਂ ਸਨ। ਇਵੇਂ ਹੀ 1977, 1980 ਅਤੇ 1984 ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਭਰ ਵਿੱਚੋਂ ਰੋਪੜ ਲੋਕ ਸਭਾ ਹਲਕੇ ਦੀ ਝੰਡੀ ਰਹੀ ਹੈ।
ਇਸੇ ਤਰ੍ਹਾਂ ਹੀ ਅੰਮ੍ਰਿਤਸਰ ਲੋਕ ਸਭਾ ਹਲਕਾ ਸਾਲ 1967 ਅਤੇ 1971 ਦੀਆਂ ਚੋਣਾਂ ਵਿਚ ਸੂਬੇ ਵਿੱਚੋਂ ਮੋਹਰੀ ਰਿਹਾ। ਪਹਿਲੀ ਤਿੰਨ ਲੋਕ ਸਭਾ ਚੋਣਾਂ ਵਿਚ ਸਾਂਝੇ ਪੰਜਾਬ ਦੇ ਮੌਕੇ ’ਤੇ ਰੋਹਤਕ ਲੋਕ ਸਭਾ ਹਲਕਾ ਅੱਵਲ ਰਿਹਾ। ਸੰਗਰੂਰ ਲੋਕ ਸਭਾ ਹਲਕਾ ਪੰਜਾਬ ਵਿੱਚੋਂ ਸੱਤ ਚੋਣਾਂ ਵਿੱਚ ਦੂਜੇ ਨੰਬਰ ’ਤੇ ਰਿਹਾ ਹੈ। ਜਿਹੜੇ ਲੋਕ ਸਭਾ ਹਲਕੇ ਪਹਿਲੇ ਨੰਬਰ ’ਤੇ ਰਹੇ ਹਨ, ਉਨ੍ਹਾਂ ਵਿੱਚੋਂ 2009 ਵਿੱਚ ਸਭ ਤੋਂ ਵੱਧ ਵੋਟਾਂ 78.4 ਫ਼ੀਸਦ ਬਠਿੰਡਾ ਵਿੱਚ ਪਈਆਂ ਅਤੇ ਕੋਈ ਵੀ ਹਲਕਾ ਅੱਜ ਤੱਕ ਇਸ ਰਿਕਾਰਡ ਨੂੰ ਤੋੜ ਨਾ ਸਕਿਆ ਹੈ। ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਦੇ ਸਾਬਕਾ ਪ੍ਰੋ. ਜਗਤਾਰ ਸਿੰਘ ਜੋਗਾ ਆਖਦੇ ਹਨ ਕਿ ਬਠਿੰਡਾ ਸੰਸਦੀ ਹਲਕਾ ਸ਼ੁਰੂ ਤੋਂ ਲੋਕ ਲਹਿਰਾਂ ਦੇ ਪ੍ਰਭਾਵ ਵਿੱਚ ਰਿਹਾ ਹੈ ਅਤੇ ਲੋਕਾਂ ਦੀ ਸਿਆਸੀ ਸੋਝੀ ਔਸਤਨ ਤੋਂ ਉੱਚੀ ਰਹੀ ਹੈ ਜਿਸ ਦੇ ਵਜੋਂ ਲੋਕ ਉਤਸ਼ਾਹ ਨਾਲ ਵੋਟਾਂ ਪਾਉਂਦੇ ਹਨ। ਲੋਕ ਰਾਜ ਦੀ ਮਜ਼ਬੂਤੀ ਲਈ ਇਹ ਉਸਾਰੂ ਪਹਿਲੂ ਹੈ।
No comments:
Post a Comment