ਸਿਆਸੀ ਲਹਿਜ਼ਾ
ਜਿਨ੍ਹਾਂ ਜੇਲ੍ਹ ਵਿੱਚੋਂ ਹੀ ਲਹਿਰਾਏ ਜਿੱਤ ਦੇ ਝੰਡੇ..!
ਚਰਨਜੀਤ ਭੁੱਲਰ
ਚੰਡੀਗੜ੍ਹ :ਜਿਨ੍ਹਾਂ ਨੂੰ ਹਕੂਮਤਾਂ ਨੇ ਜੇਲ੍ਹ ਦਿਖਾਈ, ਉਨ੍ਹਾਂ ਲਈ ਲੋਕ ਫ਼ਤਵੇ ਨੇ ਰਾਹ ਬਣਾ ਦਿੱਤੇ। ਪੰਜਾਬ ਵਿੱਚ ਜਦ ਚੋਣਾਂ ਦੇ ਪਿਛੋਕੜ ਨੂੰ ਦੇਖਦੇ ਹਾਂ ਤਾਂ ਲੋਕਾਂ ਦੇ ਲੇਖੇ ਜ਼ਿੰਦਗੀ ਲਾਉਣ ਵਾਲੇ ਜੇਲ੍ਹਾਂ ਵਿੱਚੋਂ ਵੀ ਚੋਣਾਂ ਜਿੱਤਦੇ ਰਹੇ ਹਨ। ਇੱਕ ਉਹ ਵੇਲਾ ਸੀ ਜਦੋਂ ਲੋਕ ਘੋਲਾਂ ’ਚ ਕੁੱਦੇ ਆਗੂਆਂ ਨੂੰ ਜੇਲ੍ਹਾਂ ਵਿੱਚੋਂ ਹੀ ਜਿਤਾ ਦਿੰਦੇ ਸਨ ਕਿਉਂਕਿ ਉਨ੍ਹਾਂ ਆਗੂਆਂ ਦੇ ਪੱਲੇ ਕਿਰਦਾਰ ਸੀ ਅਤੇ ਉਹ ਲੋਕ ਚੇਤਿਆਂ ਦਾ ਹਿੱਸਾ ਸਨ। ਉੱਤਰ ਪ੍ਰਦੇਸ਼ ਅਤੇ ਬਿਹਾਰ ਦਾ ਸਿਆਸੀ ਲਹਿਜ਼ਾ ਵੱਖਰਾ ਹੈ ਜਿੱਥੇ ਪਿਛਲੇ ਸਮੇਂ ਦੌਰਾਨ ਬਾਹੂਬਲੀ ਜੇਲ੍ਹਾਂ ਵਿੱਚੋਂ ਚੋਣਾਂ ਜਿੱਤਦੇ ਰਹੇ ਹਨ। ਇਸ ਮਾਮਲੇ ’ਚ ਪੰਜਾਬ ਦੀ ਸਿਆਸੀ ਤੋਰ ਵੱਖਰੀ ਰਹੀ ਹੈ। ਫ਼ਾਜ਼ਿਲਕਾ ਤੋਂ ਪਹਿਲਾ ਵਿਧਾਇਕ ਕਾਮਰੇਡ ਵਧਾਵਾ ਰਾਮ ਬਣਿਆ। ਉਹ ਹਿਸਾਰ ਜੇਲ੍ਹ ਵਿੱਚ ਬੰਦ ਸੀ ਜਦੋਂ ਲੋਕਾਂ ਨੇ ਉਨ੍ਹਾਂ ਦੇ ਗਲ ਜਿੱਤ ਦੇ ਹਾਰ ਪਾ ਦਿੱਤੇ। ਆਜ਼ਾਦੀ ਦੀ ਲੜਾਈ ਵਿੱਚ ਉਹ ਸੰਘਰਸ਼ੀ ਯੋਧਾ ਬਣ ਕੇ ਕੁੱਦਿਆ ਸੀ। ਉਸ ਨੂੰ 22 ਅਗਸਤ 1948 ਨੂੰ ਗ੍ਰਿਫ਼ਤਾਰ ਕੀਤਾ ਗਿਆ। ਵਧਾਵਾ ਰਾਮ ਆਪਣੇ ਸਾਥੀਆਂ ਸਣੇ ਜੇਲ੍ਹ ਵਿੱਚੋਂ ਸੁਰੰਗ ਬਣਾ ਕੇ ਫ਼ਰਾਰ ਹੋ ਗਿਆ ਸੀ ਪਰ ਉਸ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਮਗਰੋਂ ਅਦਾਲਤ ਨੇ ਉਨ੍ਹਾਂ ਨੂੰ 4 ਅਪਰੈਲ 1952 ਨੂੰ ਬਰੀ ਕਰ ਦਿੱਤਾ ਸੀ। ਕਾਮਰੇਡ ਵਧਾਵਾ ਰਾਮ ਦੀ 29 ਮਈ 1989 ਨੂੰ ਮੌਤ ਹੋ ਗਈ ਸੀ। ਕਾਮਰੇਡ ਜਗੀਰ ਸਿੰਘ ਜੋਗਾ ਹਲਕਾ ਮਾਨਸਾ ਤੋਂ ਉਸ ਸਮੇਂ ਚੋਣ ਜਿੱਤੇ ਜਦੋਂ ਉਹ ਜੇਲ੍ਹ ਵਿੱਚ ਬੰਦ ਸਨ। ਉਹ ਮੁਜ਼ਾਰਾ ਲਹਿਰ ਦੇ ਮੋਢੀਆਂ ਵਿੱਚੋਂ ਸਨ। ਧਰਮ ਸਿੰਘ ਫ਼ੱਕਰ ਬੁਢਲਾਡਾ ਤੋਂ ਵਿਧਾਇਕ ਬਣੇ ਸਨ ਜਿਨ੍ਹਾਂ ਦੇ ਚੋਣ ਸਮੇਂ ਜੇਲ੍ਹ ਵਿਚ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਹ ਦੋਵੇਂ ਆਗੂ ਭਾਰਤੀ ਕਮਿਊਨਿਸਟ ਪਾਰਟੀ ਦੇ ਸਿਰਕੱਢ ਨੇਤਾ ਸਨ। ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਆਖਦੇ ਹਨ ਕਿ ਉਨ੍ਹਾਂ ਸਮਿਆਂ ਵਿੱਚ ਜੇਲ੍ਹ ਜਾਣ ਦਾ ਕੋਈ ਮਕਸਦ ਹੁੰਦਾ ਸੀ ਅਤੇ ਲੋਕਾਂ ਲਈ ਆਗੂ ਜੇਲ੍ਹਾਂ ਝੱਲਦੇ ਸਨ ਜਿਸ ਦੇ ਸਤਿਕਾਰ ਵਜੋਂ ਵੱਡੇ ਆਗੂਆਂ ਨੂੰ ਜੇਲ੍ਹਾਂ ਵਿੱਚੋਂ ਲੋਕਾਂ ਨੇ ਜਿਤਾਇਆ ਵੀ। ਸੰਘਰਸ਼ੀ ਆਗੂ ਤੇਜਾ ਸਿੰਘ ਸੁਤੰਤਰ ਨੇ ਬੇਸ਼ੱਕ ਜੇਲ੍ਹ ਵਿੱਚੋਂ ਚੋਣ ਨਹੀਂ ਜਿੱਤੀ ਸੀ ਪਰ ਉਹ ਲੰਮਾ ਸਮਾਂ ਗੁਪਤਵਾਸ ਰਹੇ ਅਤੇ ਜੇਲ੍ਹਾਂ ਵੀ ਕੱਟੀਆਂ। ਸੰਗਰੂਰ ਲੋਕ ਸਭਾ ਹਲਕੇ ਤੋਂ ਉਨ੍ਹਾਂ ਨੂੰ ਜਿੱਤ ਮਿਲੀ ਸੀ। ਉਹ ਪੂਰੀ ਤਰ੍ਹਾਂ ਲੋਕ ਹਿੱਤਾਂ ਨੂੰ ਪ੍ਰਣਾਏ ਹੋਏ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ 13 ਅਪਰੈਲ 2023 ਨੂੰ ਸੰਗਰੂਰ ਦੇ ਪਿੰਡ ਨਿਹਾਲਗੜ੍ਹ ਵਿੱਚ ਤੇਜਾ ਸਿੰਘ ਸੁਤੰਤਰ ਦੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ ਸੀ। 1977 ਦੀਆਂ ਚੋਣਾਂ ਵੇਲੇ ਪੰਜਾਬ ਦੇ ਵੱਡੀ ਗਿਣਤੀ ਅਕਾਲੀ ਨੇਤਾ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆਏ ਸਨ ਜਿਨ੍ਹਾਂ ਨੂੰ ਐਮਰਜੈਂਸੀ ਦੇ ਦਿਨਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜੇਲ੍ਹਾਂ ਵਿੱਚੋਂ ਰਿਹਾਅ ਹੋਏ ਆਗੂਆਂ ਨੂੰ ਲੋਕਾਂ ਨੇ ਜਿੱਤ ਨਾਲ ਨਿਵਾਜਿਆ ਸੀ। ਲੋਕ ਸਭਾ ਚੋਣਾਂ 1989 ਮੌਕੇ ਸ਼੍ਰੋਮਣੀ ਅਕਾਲੀ ਦਲ (ਮਾਨ ਦਲ) ਦੇ ਸਿਮਰਨਜੀਤ ਸਿੰਘ ਮਾਨ ਜੇਲ੍ਹ ਵਿੱਚ ਬੰਦ ਸਨ, ਇਸ ਦੌਰਾਨ ਉਹ ਹਲਕਾ ਤਰਨ ਤਾਰਨ ਤੋਂ ਚੋਣ ਜਿੱਤੇ ਸਨ। ਸ੍ਰੀ ਮਾਨ ਨੂੰ 4.80 ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤ ਮਿਲੀ ਸੀ। ਇਹ ਜੇਤੂ ਫ਼ਰਕ ਸਮੁੱਚੇ ਦੇਸ਼ ਵਿੱਚੋਂ ਦੂਜੇ ਨੰਬਰ ’ਤੇ ਸੀ। ਪਹਿਲੇ ਨੰਬਰ ’ਤੇ ਰਾਮ ਵਿਲਾਸ ਪਾਸਵਾਨ ਸਨ। ਪੰਜਾਬ ਵਿਚ ਮਾਨ ਦਾ ਇਹ ਰਿਕਾਰਡ ਅੱਜ ਤੱਕ ਕੋਈ ਤੋੜ ਨਹੀਂ ਸਕਿਆ। ਪਟਿਆਲਾ ਲੋਕ ਸਭਾ ਹਲਕੇ ਤੋਂ 1989 ਵਿੱਚ ਅਤਿੰਦਰਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਜਿੱਤੇ ਸਨ ਅਤੇ ਉਸ ਮੌਕੇ ਉਹ ਜੇਲ੍ਹ ਵਿੱਚ ਬੰਦ ਸਨ।
ਹਕੂਮਤਾਂ ਨੇ ਲੋਕ ਫ਼ਤਵੇ ਮਿਲਣ ਮਗਰੋਂ ਇਨ੍ਹਾਂ ਆਗੂਆਂ ਨੂੰ ਜੇਲ੍ਹਾਂ ਵਿੱਚੋਂ ਰਿਹਾਅ ਵੀ ਕਰ ਦਿੱਤਾ ਸੀ। ਦੇਸ਼ ਦੀ ਗੱਲ ਕਰੀਏ ਤਾਂ ਸਮਾਜਵਾਦੀ ਨੇਤਾ ਸ਼ਰਦ ਯਾਦਵ ਨੇ ਲੋਕ ਸਭਾ ਜੱਬਲਪੁਰ ਦੀ ਜ਼ਿਮਨੀ ਚੋਣ 1974 ਵਿੱਚ ਜੇਲ੍ਹ ਵਿੱਚੋਂ ਹੀ ਜਿੱਤੀ ਸੀ। ਉਸ ਸਮੇਂ ਸ਼ਰਦ ਯਾਦਵ ਵਿਦਿਆਰਥੀ ਨੇਤਾ ਸੀ ਅਤੇ ਜੇਲ੍ਹ ਵਿਚ ਬੰਦ ਸਨ। ਉਹ ਜੇਪੀ ਅੰਦੋਲਨ ਵਿਚ ਕੁੱਦੇ ਹੋਏ ਸਨ। ਖ਼ੁਦ ਇਹ ਆਗੂ ਜੇਲ੍ਹ ’ਚ ਹੁੰਦੇ ਸਨ ਪਰ ਉਨ੍ਹਾਂ ਦੇ ਚੋਣ ਪ੍ਰਚਾਰ ਦੀ ਕਮਾਨ ਲੋਕਾਂ ਦੇ ਹੱਥ ਹੀ ਹੁੰਦੀ ਸੀ। ਸਾਬਕਾ ਰੱਖਿਆ ਮੰਤਰੀ ਅਤੇ ਰੇਲਵੇ ਮੰਤਰੀ ਜਾਰਜ਼ ਫਰਨਾਡੇਜ਼ 1977 ਵਿਚ ਮੁਜ਼ੱਫ਼ਰਨਗਰ ਤੋਂ ਲੋਕ ਸਭਾ ਚੋਣ ਜਿੱਤੇ ਸਨ ਅਤੇ ਚੋਣ ਮੌਕੇ ਉਹ ਜੇਲ੍ਹ ਵਿਚ ਬੰਦ ਸਨ। ਜਦੋਂ ਲੋਕ ਨੇਤਾ ਜੇਲ੍ਹ ਜਾਂਦੇ ਹਨ ਤਾਂ ਉਨ੍ਹਾਂ ਦੀ ਲੋਕ ਮਨਾਂ ਵਿਚ ਇੱਜ਼ਤ ਵਧਦੀ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਬਹੁਤੇ ਬਾਹੂਬਲੀ ਜੇਲ੍ਹਾਂ ਵਿੱਚੋਂ ਚੋਣਾਂ ਜਿੱਤਦੇ ਆਏ ਹਨ ਜਿਨ੍ਹਾਂ ਦੀ ਜੇਲ੍ਹਾਂ ਚੋਂ ਹੀ ਹਕੂਮਤ ਚੱਲਦੀ ਰਹੀ ਹੈ। ਹਾਲ ਹੀ ਫ਼ੌਤ ਹੋਏ ਮੁਖਤਾਰ ਅੰਸਾਰੀ ਤਿੰਨ ਵਾਰ ਚੋਣਾਂ ਜੇਲ੍ਹ ਵਿਚ ਬੈਠਿਆਂ ਹੀ ਜਿੱਤੇ ਹਨ। ਹਰੀ ਸ਼ੰਕਰ ਤਿਵਾੜੀ ਅਤੇ ਵਰੇਂਦਰ ਪ੍ਰਤਾਪ ਸ਼ਾਹੀ ਦਾ ਪਿਛੋਕੜ ਵੀ ਅਪਰਾਧਿਕ ਰਿਹਾ ਹੈ ਜੋ ਜੇਲ੍ਹ ਵਿੱਚੋਂ ਚੋਣ ਜਿੱਤੇ ਸਨ। ਹੋਰ ਵੀ ਅਜਿਹੇ ਅਨੇਕਾਂ ਹਨ।
ਜੇਲ੍ਹ ਜਾਣ ਦਾ ਮਨੋਰਥ ਅਹਿਮ ਹੁੰਦਾ ਹੈ: ਪ੍ਰੋ. ਸੇਖੋਂ
ਸਿਆਸੀ ਵਿਸ਼ਲੇਸ਼ਕ ਪ੍ਰੋ. ਜਗਰੂਪ ਸਿੰਘ ਸੇਖੋਂ ਆਖਦੇ ਹਨ ਕਿ ਪਿਛਲੇ ਸਮਿਆਂ ਵਿੱਚ ਜੋ ਆਗੂ ਜੇਲ੍ਹਾਂ ਵਿੱਚੋਂ ਜਿੱਤੇ ਹਨ, ਉਨ੍ਹਾਂ ਦੀ ਜ਼ਿੰਦਗੀ ਦੀ ਖੁੱਲ੍ਹੀ ਕਿਤਾਬ ਸੀ ਜਿਸ ਦੇ ਹਰ ਪੰਨੇ ’ਤੇ ਲੋਕਾਈ ਦੀ ਇਬਾਰਤ ਲਿਖੀ ਹੋਈ ਸੀ। ਉਨ੍ਹਾਂ ਕਿਹਾ ਕਿ ਲੋਕਾਂ ਲਈ ਲੜਨ ਵਾਲੇ ਹੀ ਲੋਕ ਫ਼ਤਵੇ ਦਾ ਹੱਕ ਰੱਖਦੇ ਹਨ। ਪ੍ਰੋ.ਸੇਖੋਂ ਨੇ ਕਿਹਾ ਕਿ ਜੇਲ੍ਹ ਜਾਣ ਦਾ ਮਨੋਰਥ ਅਜਿਹੇ ਮੌਕਿਆਂ ’ਤੇ ਅਹਿਮ ਮਾਅਨੇ ਰੱਖਦਾ ਹੈ।
No comments:
Post a Comment