ਕੌਣ ਫੜੂ ਝੰਡੀ
ਸਿਆਸਤ ਦੇ ਰੁਸਤਮੇ-ਹਿੰਦ ਹੋਣ ਦਾ ਮਾਣ..!
ਚਰਨਜੀਤ ਭੁੱਲਰ
ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਘੜਮੱਸ ’ਚ ਅਤੀਤ ਦੀ ਸਿਆਸਤ ਵਿੱਚੋਂ ਕਈ ਅਜਿਹੇ ਚਿਹਰੇ ਹਨ ਜਿਨ੍ਹਾਂ ਦਾ ਜੇਤੂ ਰੱਥ ਕਦੇ ਰੁਕਿਆ ਹੀ ਨਹੀਂ। ਇਹ ਨੇਤਾ ਨਾ ਲੋਕ ਸਰੋਕਾਰਾਂ ਨਾਲੋਂ ਟੁੱਟੇ ਅਤੇ ਨਾ ਹੀ ਆਪਣੇ ਹਲਕਿਆਂ ਨਾਲੋਂ। ਇਨ੍ਹਾਂ ਭਰੋਸੇਯੋਗਤਾ ਹੀ ਨਹੀਂ ਕਮਾਈ ਬਲਕਿ ਸਿਆਸਤ ’ਚ ਨਵੀਂਆਂ ਪੈੜਾਂ ਪਾਈਆਂ ਤਾਂ ਜੋ ਨਵੀਂ ਪੀੜ੍ਹੀ ਮਾਣ ਕਰ ਸਕੇ। ਵੱਡੀ ਗੱਲ ਇਹ ਕਿ ਇਨ੍ਹਾਂ ਨੇ ਹਰ ਚੋਣ ਇੱਕੋ ਚੋਣ ਨਿਸ਼ਾਨ ’ਤੇ ਲੜੀ। ਸਥਾਪਤੀ ਵਿਰੋਧੀ ਲਹਿਰ ਇਨ੍ਹਾਂ ਦਾ ਵਾਲ ਵਿੰਗਾ ਨਹੀਂ ਕਰ ਸਕੀ। ਕੋਈ ਦੇਸ਼ ’ਚ ਧਰੂ ਤਾਰੇ ਵਾਂਗੂ ਚਮਕਿਆ ਅਤੇ ਕੋਈ ਸਿਆਸੀ ਅਖਾੜੇ ਦਾ ਰੁਸਤਮੇ ਹਿੰਦ ਬਣਿਆ। ਆਜ਼ਾਦ ਭਾਰਤ ’ਚ ਹੁਣ ਤੱਕ 17 ਵਾਰ ਲੋਕ ਸਭਾ ਚੋਣ ਹੋ ਚੁੱਕੀ ਹੈ ਅਤੇ ਜਦਕਿ ਹੁਣ 18ਵੀਂ ਲੋਕ ਸਭਾ ਲਈ ਵੋਟਾਂ ਪੈਣੀਆਂ ਹਨ। ਪੱਛਮੀ ਬੰਗਾਲ ਦੇ ਕਾਮਰੇਡ ਇੰਦਰਜੀਤ ਗੁਪਤਾ ਦਾ ਰਿਕਾਰਡ ਅੱਜ ਤੱਕ ਕੋਈ ਤੋੜ ਨਹੀਂ ਸਕਿਆ। ਉਨ੍ਹਾਂ ਨੇ 11 ਵਾਰ ਲੋਕ ਸਭਾ ਚੋਣ ਜਿੱਤੀ ਅਤੇ ਦੂਸਰੀ ਲੋਕ ਸਭਾ ਤੋਂ ਉਨ੍ਹਾਂ ਜਿੱਤ ਦਾ ਮਹੂਰਤ ਕੀਤਾ ਤੇ ਕਦੇ ਚੋਣ ਹਾਰੇ ਨਹੀਂ। ਸਾਲ 1996 ਵਿਚ ਉਹ ਕੇਂਦਰੀ ਗ੍ਰਹਿ ਮੰਤਰੀ ਬਣੇ।
ਸੀਪੀਆਈ ਦੇ ਪੱਛਮੀ ਬੰਗਾਲ ਵਿੱਚੋਂ ਹੀ ਸੋਮਨਾਥ ਚੈਟਰਜੀ ਜੋ ਲੋਕ ਸਭਾ ਦੇ ਸਪੀਕਰ ਵੀ ਰਹੇ, ਨੇ 9 ਵਾਰ ਲਗਾਤਾਰ ਚੋਣ ਜਿੱਤੀ ਅਤੇ ਉਨ੍ਹਾਂ 89 ਵਰ੍ਹਿਆਂ ਦੀ ਉਮਰ ਭੋਗੀ। ਲਗਾਤਾਰ ਜੇਤੂ ਰਹਿਣ ਪਿੱਛੇ ਜ਼ਰੂਰ ਕੋਈ ਤਾਂ ਰਾਜ਼ ਰਿਹਾ ਹੋਵੇਗਾ। ਜੌਰਜ ਫਰਨਾਂਡੇਜ਼ ਨੂੰ ਕੌਣ ਭੁੱਲਿਆ ਹੈ ਜਿਨ੍ਹਾਂ ਬਿਹਾਰ ਤੋਂ 9 ਵਾਰ ਲੋਕ ਸਭਾ ਚੋਣ ਜਿੱਤੀ। ਉਨ੍ਹਾਂ ਦੀ ਅਗਵਾਈ ’ਚ 1974 ਦੀ ਰੇਲਵੇ ਹੜਤਾਲ ਨੂੰ ਵੀ ਅੱਜ ਤੱਕ ਚੇਤੇ ਕੀਤਾ ਜਾਂਦਾ ਹੈ ਅਤੇ ਐਮਰਜੈਂਸੀ ਦੇ ਦਿਨਾਂ ਵਿਚ ਉਹ ਜੇਲ੍ਹ ਵਿਚ ਰਹੇ ਤੇ 1977 ਵਿੱਚ ਜੇਲ੍ਹ ਵਿੱਚੋਂ ਹੀ ਚੋਣ ਜਿੱਤ ਗਏ ਸਨ। ਜਨਤਾ ਦਲ ਦੇ ਆਗੂ ਫਰਨਾਂਡੇਜ਼ ਕੇਂਦਰੀ ਰੱਖਿਆ ਮੰਤਰੀ ਅਤੇ ਰੇਲ ਮੰਤਰੀ ਵੀ ਰਹੇ। ਮੇਨਕਾ ਗਾਂਧੀ ਵੀ ਇਸ ਮਾਮਲੇ ’ਚ ਅੱਗੇ ਹੈ ਜਿਸ ਨੇ ਅੱਠ ਵਾਰ ਚੋਣ ਜਿੱਤੀ ਹੈ। ਉਹ ਕੇਂਦਰੀ ਮੰਤਰੀ ਵੀ ਰਹਿ ਚੁੱਕੀ ਹੈ। ਪੀਐੱਮ ਸਈਦ ਵੀ ਲਗਾਤਾਰ 10 ਚੋਣਾਂ ਜਿੱਤੇ। ਲਕਸ਼ਦੀਪ ਤੋਂ ਉਨ੍ਹਾਂ ਕਾਂਗਰਸ ਟਿਕਟ ’ਤੇ ਜਿੱਤਾਂ ਹਾਸਲ ਕੀਤੀਆਂ ਤੇ ਕੇਂਦਰੀ ਬਿਜਲੀ ਮੰਤਰੀ ਵੀ ਰਹੇ।ਮਾਧਵ ਰਾਓ ਸਿੰਧੀਆ ਗਵਾਲੀਅਰ ਦੇ ਸ਼ਾਹੀ ਪਰਿਵਾਰ ਵਿੱਚੋਂ ਸਨ ਜਿਨ੍ਹਾਂ ਨੇ 9 ਵਾਰ ਲੋਕ ਸਭਾ ਚੋਣ ਜਿੱਤੀ।
ਉਹ ਪਹਿਲੀ ਵਾਰ 26 ਸਾਲ ਦੀ ਉਮਰ ਵਿਚ ਲੋਕ ਸਭਾ ਲਈ ਚੁਣੇ ਗਏ ਸਨ ਤੇ ਕੇਂਦਰੀ ਵਜ਼ੀਰ ਵੀ ਰਹੇ। ਪ੍ਰਧਾਨ ਮੰਤਰੀ ਰਹੇ ਅਟਲ ਬਿਹਾਰੀ ਵਾਜਪਾਈ ਨੂੰ 10 ਵਾਰ ਲੋਕ ਸਭਾ ਚੋਣ ਜਿੱਤਣ ਦਾ ਮਾਣ ਹਾਸਲ ਹੈ। ਵਾਜਪਾਈ ਪਹਿਲਾਂ 13 ਦਿਨ ਲਈ ਮਗਰੋਂ 13 ਮਹੀਨੇ ਪ੍ਰਧਾਨ ਮੰਤਰੀ ਰਹੇ। ਸਾਲ 1999-2004 ਤੱਕ ਵਾਜਪਾਈ ਪੰਜ ਸਾਲ ਪ੍ਰਧਾਨ ਮੰਤਰੀ ਰਹੇ। ਕੇਂਦਰੀ ਗ੍ਰਹਿ ਮੰਤਰੀ ਰਹੇ ਬੂਟਾ ਸਿੰਘ ਨੇ ਵੀ ਅੱਠ ਵਾਰ ਚੋਣ ਜਿੱਤੀ ਸੀ। ਉਨ੍ਹਾਂ 1962 ਵਿੱਚ ਪਹਿਲੀ ਚੋਣ ਮੋਗਾ ਹਲਕੇ ਤੋਂ ਜਿੱਤੀ ਅਤੇ ਮਗਰੋਂ ਰੋਪੜ ਹਲਕੇ ਤੋਂ ਜਿੱਤਦੇ ਰਹੇ। ਉਹ ਰਾਜਸਥਾਨ ਦੇ ਜਲੌਰ ਹਲਕੇ ਤੋਂ ਵੀ ਜਿੱਤੇ। ਬਾਬੂ ਜਗਜੀਵਨ ਰਾਮ ਲਗਾਤਾਰ ਅੱਠ ਵਾਰ ਲੋਕ ਸਭਾ ਚੋਣ ਜਿੱਤੇ। ਉਨ੍ਹਾਂ ਦੀ ਲੜਕੀ ਮੀਰਾ ਕੁਮਾਰ ਵੀ ਪੰਜ ਵਾਰ ਚੋਣ ਜਿੱਤ ਚੁੱਕੀ ਹੈ ਤੇ ਲੋਕ ਸਭਾ ਦੀ ਪੰਜ ਸਾਲ ਸਪੀਕਰ ਵੀ ਰਹੀ। ਪ੍ਰਧਾਨ ਮੰਤਰੀ ਰਹੇ ਚੰਦਰ ਸ਼ੇਖਰ ਵੀ ਅੱਠ ਵਾਰ ਲੋਕ ਸਭਾ ਮੈਂਬਰ ਬਣੇ ਜਦੋਂਕਿ ਝਾਰਖੰਡ ਵਿੱਚੋਂ ਭਾਜਪਾਈ ਕਰੀਆ ਮੁੰਡਾ ਵੀ ਅੱਠ ਵਾਰ ਚੁਣੇ ਗਏ ਹਨ। ਰਾਜੇਸ਼ ਪਾਇਲਟ ਰਾਜਸਥਾਨ ਵਿੱਚੋਂ ਛੇ ਵਾਰੀ ਅਤੇ ਰਾਮ ਵਿਲਾਸ ਪਾਸਵਾਨ ਬਿਹਾਰ ਵਿੱਚੋਂ 9 ਵਾਰ ਲੋਕ ਸਭਾ ਮੈਂਬਰ ਬਣੇ।
ਸ਼ਿਵਰਾਜ ਪਾਟਿਲ 7 ਅਤੇ ਨਿਤੀਸ਼ ਕੁਮਾਰ ਛੇ ਵਾਰ ਐੱਮਪੀ ਬਣੇ ਹਨ। ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ 7 ਵਾਰ ਚੋਣ ਜਿੱਤੀ ਸੀ। ਲਾਲੂ ਪ੍ਰਸਾਦ ਯਾਦਵ ਨੂੰ ਵੀ ਪੰਜ ਵਾਰ ਚੋਣ ਜਿੱਤਣ ਦਾ ਮਾਣ ਹੈ। ਉੱਤਰ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਪੰਜ ਵਾਰ ਸੰਸਦ ਮੈਂਬਰ ਬਣੇ ਹਨ ਅਤੇ ਸਾਕਸ਼ੀ ਮਹਾਰਾਜ ਵੀ ਪੰਜ ਵਾਰ ਚੁਣੇ ਗਏ ਹਨ। ਝਾਂਸੀ ਤੋਂ ਭਾਜਪਾ ਟਿਕਟ ’ਤੇ ਉਮਾ ਭਾਰਤੀ ਛੇ ਵਾਰ ਸੰਸਦ ਮੈਂਬਰ ਬਣੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ 7 ਵਾਰ ਲੋਕ ਸਭਾ ਚੋਣ ਜਿੱਤ ਚੁੱਕੇ ਹਨ। ਇਵੇਂ ਹੀ ਸੋਨੀਆ ਗਾਂਧੀ ਨੇ ਪੰਜ ਵਾਰ ਲੋਕ ਸਭਾ ਚੋਣ ਜਿੱਤੀ ਹੈ ਅਤੇ ਹੁਣ ਉਹ ਰਾਜ ਸਭਾ ਮੈਂਬਰ ਬਣੇ ਹਨ। ਪੰਜਾਬ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਤੋਂ ਰਘੂਨੰਦਨ ਲਾਲ ਭਾਟੀਆ ਛੇ ਵਾਰ ਚੋਣ ਜਿੱਤੇ ਹਨ ਜਦੋਂਕਿ ਸੁਖਬੰਸ ਕੌਰ ਭਿੰਡਰ ਨੇ ਗੁਰਦਾਸਪੁਰ ਤੋਂ ਪੰਜ ਵਾਰ ਜਿੱਤ ਹਾਸਲ ਕੀਤੀ ਹੈ। ਮੌਜੂਦਾ ਵਿੱਚੋਂ ਪ੍ਰਨੀਤ ਕੌਰ ਚਾਰ ਵਾਰ ਐੱਮਪੀ ਰਹਿ ਚੁੱਕੇ ਹਨ ਅਤੇ ਹੁਣ ਭਾਜਪਾ ਟਿਕਟ ’ਤੇ ਚੋਣ ਮੈਦਾਨ ਵਿਚ ਹਨ। ਹਰਸਿਮਰਤ ਕੌਰ ਬਾਦਲ ਨੇ ਤਿੰਨ ਵਾਰ ਜਿੱਤਾਂ ਹਾਸਲ ਕੀਤੀਆਂ ਹਨ।
ਚੋਣਾਂ ਦੀ ਪੌੜੀ ਚੜ੍ਹੇ ਫ਼ਿਲਮੀ ਅਦਾਕਾਰ
ਫ਼ਿਲਮੀ ਅਦਾਕਾਰ ਸੁਨੀਲ ਦੱਤ ਕਾਂਗਰਸ ਵੱਲੋਂ ਪੰਜ ਵਾਰ ਲੋਕ ਸਭਾ ਚੋਣ ਜਿੱਤੇ ਹਨ। ਉਹ ਕੇਂਦਰੀ ਖੇਡ ਮੰਤਰੀ ਵੀ ਰਹੇ। ਵਿਨੋਦ ਖੰਨਾ ਭਾਜਪਾ ਟਿਕਟ ’ਤੇ ਗੁਰਦਾਸਪੁਰ ਤੋਂ ਚਾਰ ਵਾਰ ਐੱਮਪੀ ਬਣੇ। ਹਾਲਾਂਕਿ ਸਨੀ ਦਿਉਲ ਦੀ ਪਹਿਲੀ ਜਿੱਤ ਨੇ ਹੀ ਲੋਕਾਂ ਨੂੰ ਨਿਰਾਸ਼ ਕੀਤਾ। ਰਾਜ ਬੱਬਰ ਨੇ ਤਿੰਨ ਵਾਰ ਜਿੱਤ ਹਾਸਲ ਕੀਤੀ ਅਤੇ ਇਸੇ ਤਰ੍ਹਾਂ ਸ਼ਤਰੂਘਨ ਸਿਨਹਾ ਵੀ ਤਿੰਨ ਵਾਰ ਸਫਲ ਹੋਏ। ਹੇਮਾ ਮਾਲਿਨੀ ਅਤੇ ਕਿਰਨ ਖੇਰ ਦੋ ਵਾਰ ਕਾਮਯਾਬ ਹੋ ਚੁੱਕੀਆਂ ਹਨ। ਹੋਰ ਵੀ ਬਹੁਤ ਸਾਰੇ ਨਾਮ ਹਨ।
ਇਨ੍ਹਾਂ ਔਰਤਾਂ ਨੇ ਵੀ ਗੱਡੇ ਨੇ ਝੰਡੇ..
ਲੋਕ ਸਭਾ ਚੋਣਾਂ ਵਿੱਚ ਮੱਧ ਪ੍ਰਦੇਸ਼ ਤੋਂ ਵਿਜੇ ਰਾਜੇ ਸਿੰਧੀਆ ਨੇ ਅੱਠ ਵਾਰ ਚੋਣ ਜਿੱਤੀ ਹੈ। ਯੂਪੀ ਦੇ ਸੁਲਤਾਨਪੁਰ ਤੋਂ ਹੁਣ ਚੋਣ ਮੈਦਾਨ ਵਿੱਚ ਉੱਤਰੀ ਮੇਨਕਾ ਗਾਂਧੀ ਹੁਣ ਤੱਕ ਅੱਠ ਵਾਰ ਚੋਣ ਜਿੱਤ ਚੁੱਕੀ ਹੈ। ਲੋਕ ਸਭਾ ਦੀ ਸਪੀਕਰ ਰਹਿ ਚੁੱਕੀ ਸੁਮਿਤਰਾ ਮਹਾਜਨ ਵੀ ਅੱਠ ਵਾਰ ਜੇਤੂ ਰਹੇ ਹਨ। ਰਾਜਸਥਾਨ ਤੋਂ ਵਸੁੰਧਰਾ ਰਾਜੇ ਸਿੰਧੀਆ ਨੇ ਪੰਜ ਵਾਰ ਲਗਾਤਾਰ ਚੋਣ ਜਿੱਤੀ ਹੈ। ਪੱਛਮੀ ਬੰਗਾਲ ਦੀ ਗੀਤਾ ਮੁਖਰਜੀ ਨੇ ਸੱਤ ਵਾਰ ਲਗਾਤਾਰ ਚੋਣ ਜਿੱਤੀ। ਪੰਜਾਬ ਦੀ ਸੁਖਬੰਸ ਕੌਰ ਭਿੰਡਰ ਵੀ ਗੁਰਦਾਸਪੁਰ ਤੋਂ ਲਗਾਤਾਰ ਪੰਜ ਵਾਰ ਚੋਣ ਜਿੱਤੀ ਹੈ।
No comments:
Post a Comment