ਰਿਸ਼ਤਾ ਮਨਜ਼ੂਰ ਨਹੀਂ !
ਚਰਨਜੀਤ ਭੁੱਲਰ
ਚੰਡੀਗੜ੍ਹ : ਅਕਾਲੀ ਦਲ ਤੇ ਭਾਜਪਾ ਦੀ ਹਿੱਟ ਜੋੜੀ ਦੇਖ ਇੰਜ ਜਾਪਦਾ ਸੀ ਜਿਵੇਂ ‘ਲਕਸ਼ਮੀ ਕਾਂਤ ਤੇ ਪਿਆਰੇ ਲਾਲ’ ਹੋਣ। ਲਗਾਅ ਰਾਮ ਲਸ਼ਮਣ ਜੇਡਾ, ਜੁੜਾਅ ਆਹ ਗਾਣੇ ਵਰਗਾ, ‘ਤੇਰੀ ਮੇਰੀ ਅੜੀਏ ਨੀ, ਟਿੱਚ ਬਟਨਾਂ ਦੀ ਜੋੜੀ।’ ਜ਼ਰੂਰ ਹੰਸਾਂ ਦੀ ਜੋੜੀ ਨੂੰ ਨਜ਼ਰ ਲੱਗੀ ਹੈ। ਨਾਗਪੁਰ ਆਲੇ ਸੰਤ ਕਿਤੇ ਜੋੜੀ ਦੇ ਕਾਲਾ ਟਿੱਕਾ ਲਾਉਂਦੇ ਤਾਂ ਅੱਜ ਚੋਣ ਆਸਮਾਨ ’ਚ ਹੰਸਾਂ ਨਾਲ ਹੰਸ ਉੱਡਦੇ। ਪਾਸ਼ ਦੀ ਕਵਿਤਾ ‘ਉੱਡਦੇ ਬਾਜ਼ਾਂ ਮਗਰ’, ਪੰਜਾਬ ਦੇ ਜਾਇਆ ਨੇ ਪੜ੍ਹੀ ਹੋਈ ਹੈ ਜਿਨ੍ਹਾਂ ਨੂੰ ਦਿੱਲੀ ਬਾਰਡਰ ਤੋਂ ਉਠੀਆਂ ਅਰਥੀਆਂ ਨੂੰ ਦਿੱਤਾ ਮੋਢਾ ਹਾਲੇ ਭੁੱਲਿਆ ਨਹੀਂ।
ਗੁਰਮੁਖੋ! ਯਾਦ ਕਰੋ ਓਹ ਦਿਨ, ਜਦੋਂ ਬਾਬੂ ਕਾਂਸ਼ੀ ਰਾਮ ਨੂੰ ’ਟੇਸ਼ਨ ਉਤੇ ਖੜ੍ਹੇ ਛੱਡ, ਵੱਡੇ ਬਾਦਲ ਭਾਜਪਾ ਦੀ ਮੋਟਰ ’ਚ ਜਾ ਬੈਠੇ। ਨਾ ਵਚਨ ਦਿੱਤਾ, ਨਾ ਵਚਨ ਲਿਆ, ਵਾਜਪਾਈ ਤੇ ਬਾਦਲ ਨੇ ਘੁੱਟ ਕੇ ਜੱਫੀ ਪਾਈ, ਖ਼ੁਸ਼ੀ ਦੇ ਮੌਕੇ ’ਤੇ ਗਾਣਾ ਤਾਂ ਵੱਜਣਾ ਹੀ ਸੀ, ‘ਛੋੜੇਂਗੇ ਨਾ ਹਮ ਤੇਰਾ ਸਾਥ, ਓ ਸਾਥੀ ਮਰਤੇ ਦਮ ਤਕ…।’ ਜਿਵੇਂ ਵਾਜਪਾਈ ਨਾਲ ਨਿਭੇ, ਉਵੇਂ ਨਰੇਂਦਰ ਭਾਈ ਨਾਲ। ਭਾਜਪਾਈ ਘਰ ’ਚ ਕਾਹਦਾ ਘਾਟਾ, ਜਦੋਂ ਵਜ਼ੀਰੀਆਂ ਦੇ ਖੁੱਲ੍ਹੇ ਗੱਫੇ ਵਰਤੇ ਤਾਂ ਕਾਕਾ ਸੁਖਬੀਰ ਨੇ ਝੋਲੀ ਕਰ ਲਈ। ਮਗਰੋਂ ਬੀਬਾ ਜੀ ਵੀ ਨਿਹਾਲ ਕਰ’ਤੇ।
ਐਸੀ ਅਸਾਂ ਦੇ ਰੱਬ ਦੀ ਕਰਨੀ, ਜਿਹੜੇ ਸੰਦੂਕ ’ਚ ਪੰਜਾਬ ਦੇ ਮੁੱਦੇ ਸਾਂਭੇ ਸਨ, ਉਹਦੀ ਚਾਬੀ ਗੁਆਚ ਗਈ। ਚਾਬੀਆਂ ਦਾ ਮੋਰਚਾ ਲਾਉਣ ਵਾਲਾ ਅਕਾਲੀ ਦਲ ਰਾਜ ਭਾਗ ਦੀ ਸਹੁੰ ਚੁੱਕਣ ’ਚ ਰੁੱਝ ਗਿਆ, ਪੰਥ ਦੀ ਅਮਾਨਤ ਸੰਦੂਕ ’ਚ ਪਈ ਰਹਿ ਗਈ। ਤੁਸੀਂ ਇਸ ਨੂੰ ਸਰਪ੍ਰਸਤੀ ਕਹੋ, ਚਾਹੇ ਮੌਕਾਪ੍ਰਸਤੀ; ਪਰ ਸੱਚ ਇਹ ਕਿ ਪਾਣੀ ਦੀ ਇੱਕ ਬੂੰਦ ਵੀ ਹਰਿਆਣਾ ਨੂੰ ਨਹੀਂ ਜਾਣ ਦਿੱਤੀ। ਚੰਡੀਗੜ੍ਹ ਦਾ ਮਸਲਾ ਤੰਦੂਰੀ ਮੁਰਗ਼ੇ ਵਾਂਗੂੰ ਅੱਜ ਵੀ ਲਟਕਿਆ ਹੋਇਐ। ਤਾਇਆ ਫਿਕਰ ਦਾਸ ਪੁੱਛਦਾ ਪਿਐ, ਬਈ! ਪੰਜਾਬ ਦਾ ਕੀ ਬਣੂ। ਸਾਡੇ ਭਾਂਤ ਭਾਂਤ ਦੇ ਨੇਤਾ, ਹੈ ਵੀ ਸ਼ਕਤੀਮਾਨ ਵਰਗੇ, ‘‘ਤਾਇਆ! ਪੰਜਾਬ ‘ਪੈਰਿਸ’ ਬਣੂ, ਕਹੋਗੇ ਤਾਂ ਕੈਲੇਫੋਰਨੀਆ ਵੀ ਬਣਾ ਦਿਆਂਗੇ।’’
ਮਾਸਟਰ ਤਾਰਾ ਸਿੰਘ ਦੇ ਕੁੜਤੇ ਨੂੰ ਦੋ ਖੀਸੇ ਹੁੰਦੇ ਸਨ। ਧੀ ਨੇ ਪੈਸੇ ਮੰਗੇ, ਤਾਰਾ ਸਿਓਂ ਨੇ ਖ਼ਾਲੀ ਖੀਸਾ ਦਿਖਾ ਦਿੱਤਾ। ਜਦੋਂ ਕੁੜੀ ਨੇ ਦੂਜੇ ਖੀਸੇ ਨੂੰ ਹੱਥ ਲਾਇਆ, ਮਾਸਟਰ ਜੀ ਪੈ ਨਿਕਲੇ, ਕੁੜੀਏ! ਇਹ ਪੰਥ ਦੀ ਅਮਾਨਤ ਐ। ਇਵੇਂ ਵੱਡੇ ਬਾਦਲ ਦੀ ਪੁਰਾਣੀ ਘਾਲਣਾ ਦਾ ਮੁਰੀਦ ਕੌਣ ਨਹੀਂ। ਸ਼ਾਇਦ ਅਜੈ ਦੇਵਗਨ ਨੇ ਵੀ ਵੱਡੇ ਬਾਦਲ ਤੋਂ ਆਹ ਗੱਲ ਸੁਣੀ ਹੋਊ, ‘ਜ਼ਿੰਦਗੀ ਬੜੀ ਛੋਟੀ ਹੈ, ਬੜੇ ਬੜੇ ਫ਼ੈਸਲੇ ਲੇਨੇ ਕੇ ਲੀਏ, ਜ਼ਿਆਦਾ ਟਾਈਮ ਨਹੀਂ ਲੇਨਾ ਚਾਹੀਏ।’ ‘ਰੱਬ ਬਣਾਏ ਬੰਦੇ, ਕੋਈ ਚੰਗੇ ਕੋਈ ਮੰਦੇ।’
ਮਰਹੂਮ ਗੁਰਦੇਵ ਬਾਦਲ ਆਖਦੇ ਹੁੰਦੇ ਸੀ ਕਿ ਬਈ ਪੰਜਾਬ ਦਾ ਹਾਲ ਉਸ ਖਟਾਰਾ ਟਰੱਕ ਵਰਗੈ, ਜੀਹਦੇ ਪਿੱਛੇ ਲਿਖਿਐ, ‘ਚੱਲ ਰਾਣੀ ਤੇਰਾ ਰੱਬ ਰਾਖਾ।’ ਭਾਜਪਾਈ ਆਖਦੇ ਨੇ ਕਿ ਪ੍ਰਾਣ ਜਾਏ ਪਰ ਵਚਨ ਨਾ ਜਾਏ। ਪੰਜਾਬ ਦੀ ਚਿੰਤਾਂ ’ਚ ਭਾਜਪਾ ਆਲੇ ਸੁੱਕ ਕੇ ਤੀਲ੍ਹਾ ਬਣੇ ਨੇ। ਲਾਲਾ ਹਿੱਤ ਮੱਲ ਫ਼ਰਮਾ ਰਹੇ ਹਨ ਕਿ ਓਸ ਝੂਠ ’ਚ ਕੋਈ ਪਾਪ ਨਹੀਂ ਹੁੰਦਾ, ਜਿਹੜਾ ਪੰਜਾਬ ਹਿੱਤ ’ਚ ਮਾਰਿਆ ਹੋਵੇ। ਭਾਜਪਾ ਦੇਸ਼ ਹਿੱਤ ’ਚ ਤਿੰਨ ਕਾਨੂੰਨ ਲੈ ਆਈ। ਬਾਦਲ ਪਰਿਵਾਰ ਆਖਣ ਲੱਗਾ, ਕਾਨੂੰਨ ਏਨੇ ਚੰਗੇ ਨੇ ਕਿ ਰਹੇ ਰੱਬ ਦਾ ਨਾ।
ਅੰਨਦਾਤਾ ਨੇ ਡਾਂਗ ਆਲਾ ਡੇਰਾ ਦਿੱਲੀ ਲਾ ਲਿਆ। ਰੱਬ ਨੇੜੇ ਕਿ ਘਸੁੰਨ, ਅਕਾਲੀਆਂ ਨੇ ਕਿਸਾਨ ਹਿੱਤ ’ਚ ਭਾਜਪਾ ਨਾਲੋਂ ਯਾਰੀ ਤੋੜ ਲਈ। ਲੱਡੂ ਮੁੱਕ ਗਏ, ਯਰਾਨੇ ਟੁੱਟ ਗਏ। ਅਕਾਲੀ ਦਲ ’ਚ ਕਿਸਾਨ-ਕਿਸਾਨ ਪਈ ਹੋਵੇ। ਭਾਜਪਾ ਔਖੀ ਭਾਰੀ ਹੋਈ ਤਾਂ ਕੁਲਦੀਪ ਮਾਣਕ ਨੇ ਹੇਕ ਲਾ’ਤੀ, ‘ਮਾਣ ਕਰੀ ਨਾ ਜੱਟੀਏ, ਸਾਨੂੰ ਬਾਗ਼ ਬਥੇਰੇ।’ ‘ਕਭੀ ਖ਼ੁਸ਼ੀ ਕਭੀ ਗ਼ਮ।’ ਕੋਈ ਪੰਜਾਬ ਦੇ ਬਨੇਰੇ ’ਤੇ ਖੜ੍ਹਾ ਅਵਾ-ਤਵਾ ਬੋਲ ਰਿਹਾ ਸੀ, ਕਿਸਾਨਾਂ ਦਾ ਕੱਖ ਨਾ ਰਹੇ ! ਵੱਡੇ ਛੋਟੇ ਭਰਾਵਾਂ ’ਚ ਫਿੱਕ ਪਾ ਕੇ ਰੱਖ’ਤਾ। ਸ਼ੁਕਰ ਕਰੋ ਕਿ ਅਮਰਿੰਦਰ ਗਿੱਲ ਨੇ ਧਰਵਾਸਾ ਦਿੱਤਾ, ‘ਕੀ ਹੋਇਆ ਜੇ ਅੱਡ ਅੱਡ ਸਾਡੇ ਰਾਹ ਹੋ ਗਏ…’
ਔਖੀ ਘੜੀ ’ਚ ਵੀਰ ਸੁਖਬੀਰ ਦੇ ਵਿਹੜੇ ਭੈਣ ਮਾਇਆਵਤੀ ਤਸ਼ਰੀਫ਼ ਲੈ ਆਏ। ‘ਹਾਥੀ ਚੱਲੇ ਬਾਜ਼ਾਰ, ਕੁੱਤੇ ਭੌਂਕਣ ਹਜ਼ਾਰ।’ ਭੈਣ ਨੇ ਸ਼ਾਹਰੁਖ਼ ਖ਼ਾਨ ਦਾ ਡਾਇਲਾਗ ਧਿਆਉਣ ਲਈ ਕਿਹਾ, ‘ਕਭੀ ਕਭੀ ਜੀਤਨੇ ਕੇ ਲੀਏ, ਕੁਛ ਹਾਰਨਾ ਵੀ ਪੜਤਾ ਹੈ।’ ਅਸੈਂਬਲੀ ਚੋਣਾਂ ’ਚ ਠਣ-ਠਣ ਗੋਪਾਲ ਹੋ ਗਈ। ਏਨਾ ਸੈਕੂਲਰ ਚੋਣ ਨਤੀਜਾ, ਕੀ ਵੱਡੇ ਕੀ ਛੋਟੇ, ਸਭਨੂੰ ਪੰਜੀ ਦਾ ਭੌਣ ਦਿਖਾ’ਤਾ। ਚਲੋ ਚਾਲ ਸਮਾਂ ਲੰਘਦਾ ਗਿਆ। ਹੁਣੇ ਚੋਣਾਂ ਦੀ ਮੁਨਾਦੀ ਹੋਈ ਐ, ਢੀਂਡਸਾ ਟਰਾਂਸਪੋਰਟ ਮੁੜ ਪੁਰਾਣੇ ਕਾਊਂਟਰ ’ਤੇ ਆ ਲੱਗੀ। ਬੀਬੀ ਜਗੀਰ ਕੌਰ ਨੇ ‘ਲਿਫ਼ਾਫ਼ਾ ਕਲਚਰ’ ਖ਼ਤਮ ਕਰ ਕੇ ਮੁੜ ਕਾਕਾ ਜੀ ਨੂੰ ਹੱਲਾਸ਼ੇਰੀ ਦਿੱਤੀ ਹੈ।
ਚੰਗੀ ਭਲੀ ਪੱਕ ਠੱਕ ਹੋ ਚੱਲੀ ਸੀ, ਸੀਟਾਂ ਆਲੇ ਯੱਭ ਨੇ, ਉੱਪਰੋਂ ਸੰਯੁਕਤ ਕਿਸਾਨ ਮੋਰਚੇ ਆਲਿਆਂ ਨੇ ਵਿਆਹ ’ਚ ਬੀ ਦਾ ਲੇਖਾ ਪਾ’ਤਾ। ਅਖੇ, ਭਾਜਪਾ ਤੇ ਉਹਦੇ ਜੋਟੀਦਾਰਾਂ ਦਾ ਚੋਣਾਂ ’ਚ ਵਿਰੋਧ ਕਰਾਂਗੇ। ਕੈਪਟਨ ਅਮਰਿੰਦਰ ਨੇ ਬਥੇਰਾ ਤਾਣ ਲਾਇਆ ਕਿ ਬਈ ਰਿਸ਼ਤਾ ਸਿਰੇ ਚੜ੍ਹਜੇ। ਅਮਰਿੰਦਰ ਤੋਂ ਯਾਦ ਆਇਆ ਕਿ ਕੇਰਾਂ ਅਮਰਿੰਦਰ ਨੇ ਸੁਖਬੀਰ ਬਾਦਲ ਨੂੰ ਹਿਟਲਰ ਦੀ ਆਤਮ-ਕਥਾ ਭੇਜ ਆਖਿਆ ਸੀ ਕਿ ਆਹ ਕਿਤਾਬ ਪੜ੍ਹ ਕੇ ਥੋਨੂੰ ਭਾਜਪਾ ਦੀ ਸੋਚ ਦਾ ਪਤਾ ਲੱਗੂ। ਉਦੋਂ ਮਨਜਿੰਦਰ ਸਿਰਸਾ, ਅਕਾਲੀ ਹੁੰਦੇ ਸਨ, ਉਨ੍ਹਾਂ ਕੈਪਟਨ ਨੂੰ ਟਕੇ ਵਰਗਾ ਜੁਆਬ ਦਿੱਤਾ, ‘ਹਿਟਲਰ ਤੋਂ ਥੋਡੇ ਦਾਦੇ ਨੇ ਤੋਹਫ਼ੇ ਲਏ।’ ਕਿਤਾਬਾਂ ਤੁਸੀਂ ਪੜ੍ਹੋ, ਸਾਨੂੰ ਗੁਟਕਾ ਸਾਹਿਬ ਮੁਬਾਰਕ।
‘ਅਸਾਂ ਨੂੰ ਰਿਸ਼ਤਾ ਮਨਜ਼ੂਰ ਨਹੀਂ,’ ਆਖ ਭਾਜਪਾ ਨੇ ਬਿਗਲ ਵਜਾ’ਤਾ, ਇਕੱਲੇ ਚੋਣਾਂ ਲੜਾਂਗੇ, ਭਾਜਪਾ ਨੂੰ ਪੰਜਾਬ ਆਲੇ ਮਜ਼ਬੂਤ ਕਰਨਗੇ। ਜੁਆਬ ਆਹ ਅਦਾਕਾਰ ਯੋਗਰਾਜ ਤੋਂ ਸੁਣ ਲੋ,‘ ਅਸੀਂ ਮੂੰਹ ’ਤੇ ਮੱਖੀ ਬਹਿਣ ਨਹੀਂ ਦਿੰਦੇ, ਤੂੰ ਮੱਖੀ ਖਾਣ ਦੀ ਗੱਲ ਕਰਦੀ ਐ।’ ਸੁਰਗਪੁਰੀ ’ਚ ਵੱਡੇ ਬਾਦਲ ਦੀ ਰੂਹ ਕਰਲਾਪੀ ਹੋਊ, ਜਿਨ੍ਹਾਂ ਨਹੁੰ ਮਾਸ ਦਾ ਰਿਸ਼ਤਾ ਜੋੜਿਆ ਸੀ। ਨਵੇਂ ਸਜੇ ਭਾਜਪਾਈ ਆਖਦੇ ਪਏ ਨੇ ਕਿ ਆਪ ਤੋਂ ਵੱਡੇ ਘਰਾਂ ’ਚ ਜੋੜਿਆ ਰਿਸ਼ਤਾ ਕਿਤੇ ਨਿਭਦੈ। ਵੱਡੇ ਬਾਦਲ ਦੇ ਹੁੰਦਿਆਂ ਨਹੁੰ ਨਾਲੋਂ ਮਾਸ ਕਦੇ ਵੱਖ ਨਹੀਓਂ ਹੋਣਾ ਸੀ।
ਇੰਜ ਲੱਗਦਾ ਹੈ ਕਿ ਜਿਵੇਂ ਹੁਣ ਅਹਿਸਾਸ ਹੋਇਆ ਹੋਵੇ ਕਿ ਨਹੁੰ ਕੁਝ ਜ਼ਿਆਦਾ ਹੀ ਵਧ ਗਏ ਨੇ, ਉੱਪਰੋਂ ਨਹੁੰਆਂ ਵਿਚ ਗਿੱਠ ਗਿੱਠ ਮੈਲ ਵੀ ਜੰਮੀ ਐ। ਡਿਟਰਜੈਂਟ ਕੰਮ ਨਾ ਆਇਆ ਤਾਂ ਨਹੁੰ ਕੱਟਣੇ ਹੀ ਬਿਹਤਰ ਸਮਝੇ। ਕੌਣ ਨਹੁੰ ਹੈ ਤੇ ਕੌਣ ਮਾਸ, ਇਹੋ ਥੋਨੂੰ ਵੱਧ ਪਤਾ ਹੋਊ। ਸਾਨੂੰ ਤਾਂ ਏਨਾ ਪਤੈ ਕਿ ਜਥੇਦਾਰ ਸੁਖਬੀਰ ਬਾਦਲ ਜਿੱਥੇ ਖੜ੍ਹ ਜਾਂਦੇ ਨੇ, ਪਿੱਛੇ ਨਹੀਂ ਹਟਦੇ। ‘ਪੰਜਾਬ ਬਚਾਓ ਯਾਤਰਾ’ ਜੋਬਨ ’ਤੇ ਹੈ। ਪੰਜਾਬ-ਪੰਜਾਬ ਪਏ ਕਰਦੇ ਨੇ। ਯਾਤਰਾ ’ਚ ਗਾਣਾ ਵੀ ਗੂੰਜ ਰਿਹੈ, ‘ਓਹ ਬੰਦਿਆ, ਕਰ ਹਰ ਮੈਦਾਨ ਫ਼ਤਿਹ।’
ਵੱਡੇ ਬਾਦਲ ਨੂੰ ਕਿਸੇ ਨੇ ਸੁਆਲ ਕੀਤਾ, ‘ਤੁਸੀਂ ਗੱਦੀ ਹੁਣ ਸੁਖਬੀਰ ਨੂੰ ਕਿਉਂ ਨ੍ਹੀਂ ਦੇ ਦਿੰਦੇ।’ ਅੱਗਿਓ ਵੱਡੇ ਬਾਦਲ ਆਖਣ ਲੱਗੇ, ‘ਰਾਜ ਤੇ ਖਾਜ ਆਪ ਕੀਤਿਆਂ ਹੀ ਸੁਆਦ ਆਉਂਦੈ।’ ਉਨ੍ਹਾਂ ਦੀ ਰਾਜਨੀਤੀ ਤੇ ਖਾਜਨੀਤੀ ਦਾ ਕੋਈ ਜੁਆਬ ਨਹੀਂ ਸੀ। ਪਤਾ ਨਹੀਂ ਕਿਉਂ, ਸੁਖਬੀਰ ਘਰੇ ਵਹਿੰਦੀ ਗੰਗਾ ’ਚ ਹੱਥ ਧੋਣੋਂ ਖੁੰਝ ਗਏ। ਚਾਚੇ ਦਾ ਮੁੰਡਾ ਡੁਬਕੀ ਲਾ ਕੇ ਔਹ ਗਿਆ। ਬਾਦਲ ਸਾਹਿਬ ਦੀ ਇੱਕ ਹੋਰ ਸੁਣੋ, ਨਵੀਂ ਨਵੀਂ ਸਰਕਾਰ ਬਣੀ ਸੀ, ਕੋਈ ਪੁਰਾਣਾ ਜਥੇਦਾਰ ਆਖਣ ਲੱਗਾ, ‘ਬਾਦਲ ਸਾਹਿਬ ਮੋਰਚਾ ਕਦੋਂ ਲਾਵਾਂਗੇ।’ ਅੱਗਿਓਂ ਬਾਦਲ ਨੇ ਕਿਹਾ, ‘ਬਜ਼ੁਰਗੋ ਹਾਲੇ ਆਪਣੀ ਸਰਕਾਰ ਹੈ।’
ਮਸ਼ਹੂਰ ਨਾਟਕ ਹੈ, ‘ਬਾਬਾ ਬੋਲਦਾ ਹੈ’ ਜਿਸ ’ਚ ਬਾਬਾ ਆਖਦੈ, ‘ਸਰਕਾਰ ਆਖਦੀ ਐ... ਦੇਸ਼ ਨੂੰ ਖ਼ਤਰੈ, ਜਥੇਦਾਰ ਆਖਦੇ ਨੇ, ਪੰਥ ਨੂੰ ਖ਼ਤਰੈ।’ ਨਾਟਕਾਂ ਨੂੰ ਛੱਡੋ, ਜਥੇਦਾਰ ਸੁਖਬੀਰ ਬਾਦਲ ਆਖਦੇ ਪਏ ਨੇ, ‘ਅਸੀਂ ਗੱਦੀ ਵਾਸਤੇ ਨਹੀਂ ਲੜ ਰਹੇ, ਸਾਨੂੰ ਅਸੂਲ ਪਿਆਰੇ ਨੇ।’ ਜੋਸ਼ ਤੋਂ ਲੱਗਦਾ ਕਿ ਬਈ! ਅਸੂਲਾਂ ਖ਼ਾਤਰ ਜਾਨ ਹਾਜ਼ਰ ਹੈ। ਆਖ਼ਰ ’ਚ ਲਾਲਾ ਬਾਂਕੇ ਦਿਆਲ ਦਾ ਹੋਕਾ, ‘ਬਣ ਗਏ ਨੇ ਤੇਰੇ ਲੀਡਰ, ਰਾਜੇ ਤੇ ਖ਼ਾਨ ਬਹਾਦਰ, ਤੈਨੂੰ ਫਸਾਉਣ ਦੀ ਖ਼ਾਤਰ, ਵਿਛਦੇ ਪਏ ਜਾਲ ਓਏ, ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ।
(29 ਮਾਰਚ, 2024)
No comments:
Post a Comment