ਸਿਆਸੀ ਕੁੰਡਲੀ
ਜੀਵੇ ਆਸਾ, ਜਾਵੇ ਨਿਰਾਸ਼ਾ, ਦੇਵੇ ਕੌਣ ਦਿਲਾਸਾ..!
ਚਰਨਜੀਤ ਭੁੱਲਰ
ਚੰਡੀਗੜ੍ਹ : ਐਤਕੀਂ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਪੱਲੇ ਉਮੀਦਾਂ ਵੀ ਨੇ, ਨਮੋਸ਼ੀਆਂ ਵੀ ਹਨ ਅਤੇ ਧਰਵਾਸੇ ਵੀ। ਚੋਣ ਮੁਕਾਬਲੇ ਬਹੁਕੋਣੇ ਹੋਣਗੇ ਅਤੇ ‘ਆਪ’ ਨੇ ਉਮੀਦਵਾਰ ਐਲਾਨਣ ਵਿਚ ਪਹਿਲ ਵੀ ਕੀਤੀ ਹੈ। ਦਿਲਚਸਪ ਹੋਵੇਗਾ ਕਿ ਐਤਕੀਂ ਅਕਾਲੀ ਦਲ ਅਤੇ ਭਾਜਪਾ ਵੱਖੋ-ਵੱਖ ਚੋਣਾਂ ਲੜਨਗੇ। ਵੱਡਾ ਸੁਆਲ ਹੈ ਕਿ ਕੀ ਮਾਲਵੇ ਦੇ ਟਿੱਬਿਆਂ ’ਚ ‘ਕਮਲ ਦਾ ਫੁੱਲ’ ਖਿੜੇਗਾ? ਵਿਧਾਨ ਸਭਾ ਚੋਣਾਂ 2022 ਦੇ ਚੋਣ ਨਤੀਜੇ ’ਤੇ ਝਾਤ ਮਾਰੀਏ ਤਾਂ ਮਾਲਵਾ ਖ਼ਿੱਤੇ ’ਚ ਭਾਜਪਾ ਦੇ ਪੈਰ ਲੱਗਣੇ ਮੁਸ਼ਕਲ ਜਾਪਦੇ ਹਨ ਜਦੋਂਕਿ ਮਾਝੇ ਅਤੇ ਦੁਆਬੇ ’ਚ ਭਾਜਪਾ ਨੂੰ ਵੋਟ ਪ੍ਰਤੀਸ਼ਤ ’ਚ ਥੋੜ੍ਹਾ ਹੁੰਗਾਰਾ ਮਿਲਿਆ ਹੈ। ਭਾਜਪਾ ਵੱਲੋਂ 1998 ਤੋਂ ਬਾਅਦ ਪਹਿਲੀ ਦਫ਼ਾ ਲੋਕ ਸਭਾ ਚੋਣਾਂ ਇਕੱਲੇ ਤੌਰ ’ਤੇ ਲੜੀਆਂ ਜਾ ਰਹੀਆਂ ਹਨ ਅਤੇ ਇਸ ਤੋਂ ਪਹਿਲਾਂ ਭਾਜਪਾ ਨੇ 2022 ਵਿਚ ਵਿਧਾਨ ਸਭਾ ਚੋਣਾਂ ’ਚ ਆਪਣੇ ਦਮ ’ਤੇ ਲੜੀਆਂ ਸਨ ਜਿਨ੍ਹਾਂ ’ਚ ਸਮੁੱਚੇ ਪੰਜਾਬ ’ਚੋਂ ਭਾਜਪਾ ਨੂੰ 6.6 ਫ਼ੀਸਦੀ ਵੋਟਾਂ ਮਿਲੀਆਂ ਸਨ। ਪੰਜਾਬ ਦੇ 13 ਲੋਕ ਸਭਾ ਹਲਕਿਆਂ ’ਚ ਭਾਜਪਾ ਆਪਣੇ ਉਮੀਦਵਾਰ ਉਤਾਰੇਗੀ ਅਤੇ ਪੰਜ ਹਲਕਿਆਂ ’ਚ ਉਮੀਦਵਾਰ ਐਲਾਨ ਵੀ ਦਿੱਤੇ ਗਏ ਹਨ।
ਸਾਲ 2022 ਦੀਆਂ ਅਸੈਂਬਲੀ ਚੋਣਾਂ ’ਚ ਸਭ ਤੋਂ ਘੱਟ ਲੋਕ ਸਭਾ ਹਲਕਾ ਫ਼ਰੀਦਕੋਟ ਵਿਚ ਸਿਰਫ਼ 1.1 ਫ਼ੀਸਦੀ ਵੋਟਾਂ ਮਿਲੀਆਂ ਸਨ ਅਤੇ 9 ਹਲਕਿਆਂ ’ਚੋਂ ਸਿਰਫ਼ ਦੋ ਹਲਕਿਆਂ ਵਿਚ ਭਾਜਪਾ ਨੇ ਚੋਣ ਲੜੀ ਸੀ ਜਿਨ੍ਹਾਂ ’ਚੋਂ 13031 ਵੋਟਾਂ ਮਿਲੀਆਂ ਸਨ। ਬਠਿੰਡਾ ਲੋਕ ਸਭਾ ਹਲਕੇ ਦੇ ਨੌਂ ਅਸੈਂਬਲੀ ਹਲਕਿਆਂ ’ਚ ਭਾਜਪਾ ਨੂੰ ਦੋ ਫ਼ੀਸਦੀ ਵੋਟਾਂ ਮਿਲੀਆਂ ਸਨ। ਇੱਥੇ ਲੋਕ ਸਭਾ ਹਲਕੇ ਦੇ ਛੇ ਅਸੈਂਬਲੀ ਹਲਕਿਆਂ ’ਚ ਭਾਜਪਾ ਨੇ ਚੋਣ ਲੜੀ ਸੀ ਜਿਨ੍ਹਾਂ ’ਚੋਂ ਭਾਜਪਾ ਨੂੰ 26032 ਵੋਟਾਂ ਮਿਲੀਆਂ ਸਨ। ਵਿਧਾਨ ਸਭਾ ਚੋਣਾਂ-2022 ਭਾਜਪਾ ਨੇ 74 ਹਲਕਿਆਂ ਤੋਂ ਲੜੀਆਂ ਸਨ ਅਤੇ 10.10 ਲੱਖ ਵੋਟਾਂ ਹਾਸਲ ਕੀਤੀਆਂ ਸਨ। ਲੋਕ ਸਭਾ ਹਲਕਾ ਵਾਈਜ਼ ਦੇਖੀਏ ਤਾਂ ਸੰਗਰੂਰ ਦੇ ਤਿੰਨ ਅਸੈਂਬਲੀ ਹਲਕਿਆਂ ’ਚੋਂ ਭਾਜਪਾ ਨੂੰ 13,766 ਵੋਟਾਂ ਮਿਲੀਆਂ ਜੋ ਕਿ 2.3 ਫ਼ੀਸਦੀ ਬਣਦੀਆਂ ਹਨ ਜਦੋਂਕਿ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਦੇ ਚਾਰ ਅਸੈਂਬਲੀ ਹਲਕਿਆਂ ’ਚੋਂ 38,672 ਵੋਟਾਂ ਮਿਲੀਆਂ ਜੋ ਕਿ 3.3 ਫ਼ੀਸਦੀ ਬਣਦੀਆਂ ਹਨ। ਪਟਿਆਲਾ ਲੋਕ ਸਭਾ ਹਲਕੇ ਦੇ 5 ਵਿਧਾਨ ਸਭਾ ਹਲਕਿਆਂ ’ਚ ਭਾਜਪਾ ਨੂੰ 71,476 ਵੋਟਾਂ ਮਤਲਬ 5.4 ਫ਼ੀਸਦੀ ਵੋਟ ਫ਼ੀਸਦ ਹਾਸਲ ਹੋਇਆ।
ਲੰਘੀਆਂ ਅਸੈਂਬਲੀ ਚੋਣਾਂ ਵਿਚ ਭਾਜਪਾ ਨੂੰ ਮਾਲਵਾ ਖ਼ਿੱਤੇ ਦੇ ਲੋਕ ਸਭਾ ਹਲਕਾ ਲੁਧਿਆਣਾ ’ਚ ਸਭ ਤੋਂ ਵੱਧ 13.4 ਫ਼ੀਸਦੀ ਵੋਟਾਂ ਮਿਲੀਆਂ ਸਨ। ਇੱਥੋਂ ਦੇ ਅੱਠ ਵਿਧਾਨ ਸਭਾ ਹਲਕਿਆਂ ’ਚੋਂ ਭਾਜਪਾ ਨੂੰ 1.54 ਲੱਖ ਵੋਟ ਹਾਸਲ ਹੋਈ ਸੀ। ਇਸੇ ਤਰ੍ਹਾਂ ਫ਼ਿਰੋਜ਼ਪੁਰ ਲੋਕ ਸਭਾ ਹਲਕੇ ’ਚੋਂ 10.9 ਫ਼ੀਸਦੀ ਵੋਟਾਂ ਪ੍ਰਾਪਤ ਹੋਈਆਂ ਸਨ ਜਿੱਥੇ 7 ਅਸੈਂਬਲੀ ਹਲਕਿਆਂ ਵਿਚ ਭਾਜਪਾ ਨੂੰ 1.41 ਲੱਖ ਵੋਟਾਂ ਮਿਲੀਆਂ। ਆਨੰਦਪੁਰ ਲੋਕ ਸਭਾ ਹਲਕੇ ਦੇ 9 ਹਲਕਿਆਂ ’ਚੋਂ ਭਾਜਪਾ ਨੂੰ 7.6 ਫ਼ੀਸਦੀ ਵੋਟਾਂ ਪ੍ਰਾਪਤ ਹੋਈਆਂ ਸਨ ਜੋ ਕਿ 7.6 ਫ਼ੀਸਦੀ ਬਣਦੀਆਂ ਹਨ। ਅਸੈਂਬਲੀ ਚੋਣਾਂ ਮੌਕੇ ਭਾਜਪਾ ਨੂੰ ਪੰਜਾਬ ’ਚੋਂ ਸਭ ਤੋਂ ਵੱਧ ਗੁਰਦਾਸਪੁਰ ਲੋਕ ਸਭਾ ਹਲਕੇ ’ਚੋਂ 13.6 ਫ਼ੀਸਦੀ ਵੋਟਾਂ ਮਿਲੀਆਂ ਸਨ ਜਦੋਂਕਿ ਲੁਧਿਆਣਾ ’ਚੋਂ 13.4 ਫ਼ੀਸਦੀ ਪ੍ਰਾਪਤ ਹੋਈਆਂ ਸਨ। ਜਲੰਧਰ ਲੋਕ ਸਭਾ ਹਲਕੇ ’ਚੋਂ 10.9 ਫ਼ੀਸਦੀ ਅਤੇ ਹੁਸ਼ਿਆਰਪੁਰ ਹਲਕੇ ’ਚੋਂ 10 ਫ਼ੀਸਦੀ ਵੋਟਾਂ ਪ੍ਰਾਪਤ ਹੋਈਆਂ ਸਨ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਨੂੰ ਦੇਖੀਏ ਤਾਂ ਭਾਜਪਾ ਲੋਕ ਸਭਾ ਹਲਕਾ ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ ਅਤੇ ਫ਼ਿਰੋਜ਼ਪੁਰ ਤੋਂ ਉਮੀਦਾਂ ਲਗਾ ਸਕਦੀ ਹੈ। ਅਸੈਂਬਲੀ ਚੋਣਾਂ ਵਿਚ ਭਾਜਪਾ ਦੇ ਸਿਰਫ਼ ਦੋ ਉਮੀਦਵਾਰ ਹੀ ਜਿੱਤੇ ਸਨ।
2022 ਚੋਣਾਂ ਵਿਚ ‘ਆਪ’ ਨੂੰ 42.3 ਫ਼ੀਸਦੀ ਵੋਟ ਮਿਲੇ ਸਨ ਜਦੋਂਕਿ ਕਾਂਗਰਸ ਨੂੰ 23.1 ਫ਼ੀਸਦੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 18.5 ਫ਼ੀਸਦੀ ਵੋਟ ਮਿਲੇ ਸਨ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦਾ ਲੋਕ ਸਭਾ ਹਲਕਾ ਬਠਿੰਡਾ, ਫ਼ਤਹਿਗੜ੍ਹ ਸਾਹਿਬ, ਫ਼ਿਰੋਜ਼ਪੁਰ, ਪਟਿਆਲਾ ਅਤੇ ਸੰਗਰੂਰ ਵਿਚ ਵੋਟ ਦਰ 20 ਫ਼ੀਸਦ ਤੋਂ ਵੀ ਘੱਟ ਰਹੀ ਸੀ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੀ ਅੱਠ ਲੋਕ ਸਭਾ ਹਲਕਿਆਂ ਵਿਚ ਵੋਟ ਫ਼ੀਸਦੀ 20 ਫ਼ੀਸਦ ਤੋਂ ਘੱਟ ਰਹੀ ਹੈ ਜਿਨ੍ਹਾਂ ਵਿਚ ਆਨੰਦਪੁਰ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਸੰਗਰੂਰ ਸ਼ਾਮਲ ਹਨ। ਆਮ ਆਦਮੀ ਪਾਰਟੀ ਦੀ ਵੋਟ ਦਰ 2022 ਵਿਚ ਲੋਕ ਸਭਾ ਹਲਕਾ ਵਾਈਜ਼ ਦੇਖੀਏ ਤਾਂ ਸਭ ਤੋਂ ਉੱਚੀ ਵੋਟ ਦਰ ਸੰਗਰੂਰ ਲੋਕ ਸਭਾ ਹਲਕੇ ਵਿਚ 53.2 ਫ਼ੀਸਦੀ ਰਹੀ ਹੈ ਜਦੋਂਕਿ ਦੂਜੇ ਨੰਬਰ ’ਤੇ ਬਠਿੰਡਾ ਲੋਕ ਸਭਾ ਹਲਕੇ ਵਿਚ 51.8 ਫ਼ੀਸਦੀ ਰਹੀ ਹੈ।
‘ਆਪ’ ਦੀ ਸਭ ਤੋਂ ਨੀਵੀਂ ਵੋਟ ਦਰ ਲੋਕ ਸਭਾ ਹਲਕਾ ਜਲੰਧਰ ਵਿਚ 28.3 ਫ਼ੀਸਦੀ ਰਹੀ ਹੈ ਅਤੇ ਇਸੇ ਤਰ੍ਹਾਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿਚ 33.9 ਫ਼ੀਸਦੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਹਲਕਾ ਅੰਮ੍ਰਿਤਸਰ ਵਿਚ ਸਭ ਤੋਂ ਉੱਚੀ ਵੋਟ ਦਰ 25 ਫ਼ੀਸਦੀ ਰਹੀ ਹੈ ਜਦੋਂ ਕਿ ਸਭ ਤੋਂ ਘੱਟ ਵੋਟ ਦਰ ਹਲਕਾ ਹੁਸ਼ਿਆਰਪੁਰ ਵਿਚ 10.1 ਫ਼ੀਸਦੀ ਰਹੀ ਹੈ। ਬਸਪਾ ਨੇ ਅਕਾਲੀ ਦਲ ਨਾਲ ਗੱਠਜੋੜ ’ਚ ਚੋਣਾਂ ਲੜੀਆਂ ਸਨ ਤਾਂ ਉਦੋਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿਚ ਸਭ ਤੋਂ ਵੱਧ ਬਸਪਾ ਦੀ ਵੋਟ ਦਰ 9.3 ਫ਼ੀਸਦੀ ਰਹੀ ਸੀ ਜਦੋਂ ਕਿ ਜਲੰਧਰ ਲੋਕ ਸਭਾ ਹਲਕੇ ਵਿਚ 3.9 ਫ਼ੀਸਦੀ ਰਹੀ ਸੀ।
ਚਾਰ ਹਲਕਿਆਂ ’ਚ ਅਕਾਲੀ- ਭਾਜਪਾਈ ਭਾਈ ਭਾਈ..
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਚਾਰ ਲੋਕ ਸਭਾ ਹਲਕਿਆਂ ਵਿਚ ਵੋਟ ਬੈਂਕ ਨੇੜੇ ਤੇੜੇ ਰਿਹਾ ਹੈ। 2022 ਚੋਣਾਂ ਮੌਕੇ ਲੋਕ ਸਭਾ ਹਲਕਾ ਗੁਰਦਾਸਪੁਰ ਵਿਚ ਭਾਜਪਾ ਨੂੰ 17.1 ਫ਼ੀਸਦੀ ਵੋਟ ਮਿਲੇ ਜਦੋਂ ਕਿ ਅਕਾਲੀ ਦਲ ਨੂੰ 13.6 ਫ਼ੀਸਦੀ ਵੋਟ ਮਿਲੇ ਸਨ। ਹੁਸ਼ਿਆਰਪੁਰ ਲੋਕ ਸਭਾ ਹਲਕੇ ’ਚ ਭਾਜਪਾ ਨੂੰ 10 ਫ਼ੀਸਦੀ ਜਦੋਂ ਕਿ ਅਕਾਲੀ ਨੂੰ 10.1 ਫ਼ੀਸਦੀ ਵੋਟ ਪ੍ਰਾਪਤ ਹੋਏ ਸਨ। ਇਸੇ ਤਰ੍ਹਾਂ ਜਲੰਧਰ ’ਚ ਭਾਜਪਾ ਨੂੰ 10.9 ਅਤੇ ਅਕਾਲੀ ਦਲ ਨੂੰ 16.8 ਫ਼ੀਸਦੀ ਵੋਟ ਪ੍ਰਾਪਤ ਹੋਏ ਸਨ। ਲੁਧਿਆਣਾ ਵਿਚ ਅਕਾਲੀ ਦਲ ਨੂੰ 15.6 ਅਤੇ ਭਾਜਪਾ ਨੂੰ 13.4 ਫ਼ੀਸਦੀ ਵੋਟ ਮਿਲੇ ਸਨ।
ਭਾਜਪਾ ਅੱਗੇ ਕਿਸਾਨਾਂ ਦੀ ਚੁਣੌਤੀ !
ਐਤਕੀਂ ਕਿਸਾਨ ਜਥੇਬੰਦੀਆਂ ਦੀ ਭਾਜਪਾ ਨੂੰ ਵੱਡੀ ਚੁਣੌਤੀ ਹੈ। ਪੇਂਡੂ ਖੇਤਰ ਵਿੱਚ ਕਿਸਾਨ ਧਿਰਾਂ ਭਾਜਪਾ ਦੇ ਵੋਟ ਬੈਂਕ ’ਤੇ ਚੋਟ ਕਰਨਗੀਆਂ। ਭਾਜਪਾ ਉਮੀਦਵਾਰਾਂ ਦਾ ਵਿਰੋਧ ਨਿੱਤ ਦਿਨ ਕਿਸਾਨ ਧਿਰਾਂ ਵੱਲੋਂ ਵਧ ਰਿਹਾ ਹੈ ਅਤੇ ਪਿੰਡਾਂ ਵਿਚ ਦਾਖ਼ਲੇ ’ਤੇ ਪਾਬੰਦੀ ਦੇ ਬੋਰਡ ਲੱਗਣ ਲੱਗੇ ਹਨ। ਦੂਜਾ ਸ਼੍ਰੋਮਣੀ ਅਕਾਲੀ ਦਲ ਨਾਲੋਂ ਅਲਹਿਦਾ ਹੋਣ ਕਰਕੇ ਭਾਜਪਾ ਨੂੰ ਪੇਂਡੂ ਖੇਤਰ ’ਚੋਂ ਵੱਡੀ ਮਾਰ ਝੱਲਣੀ ਪੈ ਸਕਦੀ ਹੈ। ਭਾਜਪਾ ਆਸਵੰਦ ਹੈ ਕਿ ਉਨ੍ਹਾਂ ਦਾ ਵੋਟ ਆਧਾਰ ਐਤਕੀਂ ਵਧੇਗਾ।
No comments:
Post a Comment