ਮਾਈ ਦੇ ਲਾਲ
ਜਿਨ੍ਹਾਂ ਲਈ ਹਨ੍ਹੇਰੀ ਹੀ ਝੁੱਲ ਗਈ..!
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦੇ ਲੋਕ ਸਭਾ ਚੋਣਾਂ ਦੇ ਰਾਜਸੀ ਅਤੀਤ ’ਤੇ ਝਾਤ ਮਾਰਦੇ ਹਨ ਤਾਂ ਅਜਿਹੀਆਂ ਟਾਵੀਆਂ ਹਸਤੀਆਂ ਨਜ਼ਰ ਪੈਂਦੀਆਂ ਹਨ ਜਿਨ੍ਹਾਂ ਦੇ ਜਿੱਤ ਦੇ ਨਿਸ਼ਾਨ ਅੱਜ ਤੱਕ ਕੋਈ ਮਿਟਾ ਨਹੀਂ ਸਕਿਆ ਹੈ। ਇਨ੍ਹਾਂ ਸਿਆਸੀ ਸ਼ਖ਼ਸੀਅਤਾਂ ਨੂੰ ਲੋਕਾਂ ਨੇ ਦਿਲ ਖੋਲ੍ਹ ਕੇ ਵੋਟਾਂ ਪਾਈਆਂ ਜਿਸ ਕਰਕੇ ਵੱਡੀ ਜਿੱਤ ਦਾ ਰਿਕਾਰਡ ਅੱਜ ਵੀ ਇਨ੍ਹਾਂ ਦੇ ਨਾਮ ਬੋਲਦਾ ਹੈ। ਇਹ ਵੱਖਰਾ ਮਸਲਾ ਹੈ ਕਿ ਵੱਡੇ ਫ਼ਰਕ ਨਾਲ ਜਿਤਾਏ ਇਨ੍ਹਾਂ ਸੰਸਦ ਮੈਂਬਰਾਂ ਨੇ ਲੋਕਾਂ ਦੀ ਘਾਲਣਾ ਦਾ ਮੁੱਲ ਮੋੜਿਆ ਜਾਂ ਨਹੀਂ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦਾ ਰਿਕਾਰਡ ਅੱਜ ਕੋਈ ਤੋੜ ਨਹੀਂ ਸਕਿਆ। ਸਾਲ 1989 ਵਿਚ ਬਦਲਾਅ ਵਰਗੀ ਹਨ੍ਹੇਰੀ ਚੋਣਾਂ ਵਿਚ ਝੁੱਲੀ ਸੀ ਜਦੋਂ ਤਰਨਤਾਰਨ ਹਲਕੇ ਤੋਂ ਸਿਮਰਨਜੀਤ ਸਿੰਘ ਮਾਨ 4.80 ਲੱਖ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੇ ਸਨ।
ਵਰ੍ਹਾ 1989 ਦੀਆਂ ਚੋਣਾਂ ਵਿਚ ਸਿਮਰਨਜੀਤ ਮਾਨ ਦਾ ਦੇਸ਼ ਭਰ ਚੋਂ ਵੋਟਾਂ ਦੇ ਮਾਰਜਿਨ ਦੇ ਮਾਮਲੇ ਵਿਚ ਦੂਜਾ ਨੰਬਰ ਸੀ ਜਦੋਂ ਕਿ ਦੇਸ਼ ਚੋਂ ਪਹਿਲਾ ਨੰਬਰ ਬਿਹਾਰ ਦੇ ਹਾਜੀਪੁਰ ਹਲਕੇ ਚੋਂ ਜਨਤਾ ਦਲ ਦੇ ਉਮੀਦਵਾਰ ਰਾਮ ਵਿਲਾਸ ਪਾਸਵਾਨ ਦਾ ਸੀ ਜਿਨ੍ਹਾਂ ਨੇ ਚੋਣ 5.04 ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ। ਪੰਜਾਬ ਵਿਚ ਹੁਣ ਤੱਕ 17 ਲੋਕ ਸਭਾ ਚੋਣਾਂ ਹੋਈਆਂ ਹਨ। ਸਿਮਰਨਜੀਤ ਮਾਨ ਤੋਂ ਬਾਅਦ ਮਾਰਜਿਨ ਦੇ ਮਾਮਲੇ ਵਿਚ ਦੂਜਾ ਨੰਬਰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਆਉਂਦਾ ਹੈ ਜਿਨ੍ਹਾਂ ਨੇ 2014 ਦੀਆਂ ਵੋਟਾਂ ਵਿਚ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ ਸੰਗਰੂਰ ਹਲਕੇ ਤੋਂ 2.11 ਲੱਖ ਵੋਟਾਂ ਨਾਲ ਹਰਾਇਆ ਸੀ। 2014 ਦੀਆਂ ਵੋਟਾਂ ਵਿਚ ਪੰਜਾਬ ਭਰ ਚੋਂ ਇਹ ਸਭ ਤੋਂ ਵੱਡਾ ਮਾਰਜਿਨ ਸੀ।
ਪੰਜਾਬ ਚੋਂ ਮਾਰਜਿਨ ਦੇ ਲਿਹਾਜ਼ ਨਾਲ ਤੀਜਾ ਨੰਬਰ ਸੁਖਬੀਰ ਸਿੰਘ ਬਾਦਲ ਦਾ ਆਉਂਦਾ ਹੈ ਜਿਨ੍ਹਾਂ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਫ਼ਿਰੋਜ਼ਪੁਰ ਹਲਕੇ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੂੰ 1.98 ਲੱਖ ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ ਸੀ। ਵੱਡੀਆਂ ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕਰਾਉਣ ਦਾ ਮਤਲਬ ਹੈ ਕਿ ਲੋਕਾਂ ਨੇ ਲੱਕ ਬੰਨ੍ਹ ਵੋਟਾਂ ਪਾਈਆਂ। ਚੋਣ ਵਾਈਜ਼ ਗੱਲ ਕਰੀਏ ਤਾਂ ਸਾਲ 2019 ਦੀਆਂ ਚੋਣਾਂ ਵਿਚ ਸਭ ਤੋਂ ਵੱਡਾ ਮਾਰਜਿਨ ਸੁਖਬੀਰ ਬਾਦਲ ਦਾ ਰਿਹਾ। ਇਸੇ ਤਰ੍ਹਾਂ ਸਾਲ 2014 ਦੀਆਂ ਵੋਟਾਂ ਵਿਚ ਸੂਬੇ ਚੋਂ ਸਭ ਤੋਂ ਵੱਧ ਫ਼ਰਕ ਨਾਲ ਸੰਗਰੂਰ ਤੋਂ ਭਗਵੰਤ ਮਾਨ ਜੇਤੂ ਰਹੇ । ਸਾਲ 2009 ਦੀਆਂ ਚੋਣਾਂ ਵਿਚ ਸੂਬੇ ਭਰ ਚੋਂ ਹਰਸਿਮਰਤ ਕੌਰ ਬਾਦਲ ਨੇ ਸਭ ਤੋਂ ਵੱਡੇ ਮਾਰਜਿਨ 1.20 ਲੱਖ ਨਾਲ ਚੋਣ ਜਿੱਤੀ ਸੀ।
ਲੋਕ ਸਭਾ ਚੋਣਾਂ 2004 ਵਿਚ ਪੰਜਾਬ ਚੋਂ ਸਭ ਤੋਂ ਵੱਡੇ ਮਾਰਜਿਨ ਨਾਲ ਫ਼ਰੀਦਕੋਟ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਜੇਤੂ ਰਹੇ ਸਨ ਅਤੇ ਉਹ 1.35 ਲੱਖ ਵੋਟਾਂ ਦੇ ਫ਼ਰਕ ਨਾਲ ਸਫਲ ਹੋਏ ਸਨ। 1999 ਦੀਆਂ ਚੋਣਾਂ ਵਿਚ ਜਿੱਤ ਦਾ ਵੱਡਾ ਫ਼ਰਕ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਗੁਰਚਰਨ ਸਿੰਘ ਗ਼ਾਲਿਬ ਦਾ ਰਿਹਾ ਸੀ ਜਿਨ੍ਹਾਂ ਨੇ 1.05 ਲੱਖ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਸੀ। 1998 ਦੀਆਂ ਚੋਣਾਂ ਵਿਚ ਸੂਬੇ ਚੋਂ ਤਰਨਤਾਰਨ ਹਲਕੇ ਤੋਂ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਲਾਲਪੁਰਾ 1.41 ਲੱਖ ਵੋਟਾਂ ਦੇ ਫ਼ਰਕ ਨਾਲ ਜੇਤੂ ਹੋ ਨਿਕਲੇ ਸਨ ਜਦੋਂ ਕਿ ਸਾਲ 1996 ਦੀਆਂ ਚੋਣਾਂ ਵਿਚ ਸੂਬੇ ਭਰ ਚੋਂ ਬਠਿੰਡਾ ਤੋਂ ਅਕਾਲੀ ਉਮੀਦਵਾਰ ਹਰਿੰਦਰ ਸਿੰਘ ਨਾਰਵੇ ਨੇ 92,229 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਕੇ ਬਾਜ਼ੀ ਮਾਰੀ ਸੀ।
ਸਾਲ 1991 ਦੀਆਂ ਚੋਣਾਂ ਵਿਚ ਜਲੰਧਰ ਤੋਂ ਯਸ਼ ਨੇ 1.13 ਵੋਟਾਂ ਦੇ ਫ਼ਰਕ ਨਾਲ, 1989 ਵਿਚ ਤਰਨਤਾਰਨ ਤੋਂ ਸਿਮਰਨਜੀਤ ਸਿੰਘ ਮਾਨ ਨੇ 4.80 ਲੱਖ ਵੋਟਾਂ ਦੇ ਫ਼ਰਕ ਨਾਲ, 1984 ਵਿਚ ਸੰਗਰੂਰ ਤੋਂ ਬਲਵੰਤ ਸਿੰਘ ਰਾਮੂਵਾਲੀਆ ਨੇ 1.22 ਲੱਖ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਸੀ ਜਦੋਂ ਕਿ ਸਾਲ 1980 ਵਿਚ ਫ਼ਿਰੋਜ਼ਪੁਰ ਤੋਂ ਬਲਰਾਮ ਜਾਖੜ ਨੇ 1.94 ਲੱਖ ਵੋਟਾਂ ਦੇ ਫ਼ਰਕ ਨਾਲ, 1977 ਵਿਚ ਬਠਿੰਡਾ ਤੋਂ ਧੰਨਾ ਸਿੰਘ ਗੁਲਸ਼ਨ ਨੇ 1.75 ਲੱਖ ਵੋਟਾਂ ਦੇ ਮਾਰਜਿਨ ਨਾਲ, ਸਾਲ 1971 ਵਿਚ ਫਿਲੌਰ ਤੋਂ ਸਾਧੂ ਰਾਮ ਨੇ 1.05 ਲੱਖ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਸੀ। ਹਰ ਚੋਣ ਵਿਚ ਉਪਰੋਕਤ ਦੀ ਮਾਰਜਿਨ ਵਿਚ ਝੰਡੀ ਰਹੀ ਹੈ।
ਜਦੋਂ ਸਮੁੱਚੇ ਦੇਸ਼ ਚੋਂ ਵੋਟ ਮਾਰਜਿਨ ਵਿਚ ਪਹਿਲੇ ਨੰਬਰ ’ਤੇ ਆਉਣ ਵਾਲੇ ਉਮੀਦਵਾਰਾਂ ਦੀ ਗੱਲ ਕਰਦੇ ਹਾਂ ਤਾਂ ਸਾਲ 2019 ਵਿਚ ਗੁਜਰਾਤ ਦੇ ਨਵਸਾਰੀ ਹਲਕੇ ਤੋਂ ਭਾਜਪਾ ਦੇ ਸੀਆਰ ਪਾਟਿਲ ਨੇ 6.89 ਲੱਖ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਸੀ ਅਤੇ ਅੱਜ ਤੱਕ ਏਨੀਆਂ ਵੋਟਾਂ ਦਾ ਫ਼ਰਕ ਕਿਸੇ ਵੀ ਉਮੀਦਵਾਰ ਦਾ ਦੇਸ਼ ਵਿਚ ਨਹੀਂ ਰਿਹਾ ਹੈ। 2009 ਦੀਆਂ ਚੋਣਾਂ ਵਿਚ ਨਾਗਾਲੈਂਡ ਦੇ ਸੀਐਮ ਚਾਂਗ ਦਾ 4.83 ਲੱਖ ਵੋਟਾਂ ਦਾ ਫ਼ਰਕ ਰਿਹਾ ਜਦੋਂ ਕਿ ਸਾਲ 2004 ਦੀਆਂ ਵੋਟਾਂ ਵਿਚ ਰਿਕਾਰਡ ਪੱਛਮੀ ਬੰਗਾਲ ਦੇ ਅਨਿਲ ਬਾਸੂ ਨੇ 5.92 ਲੱਖਾਂ ਵੋਟਾਂ ਨਾਲ ਬਣਾਇਆ। ਬਿਹਾਰ ਚੋਂ ਰਾਮ ਵਿਲਾਸ ਪਾਸਵਾਨ ਨੇ ਦੇਸ਼ ਚੋਂ ਝੰਡੀ ਲੈਣ ਵਿਚ ਦੋ ਵਾਰੀ ਮੱਲ ਮਾਰੀ ਹੈ। ਪਾਸਵਾਨ ਨੇ 1989 ਦੀਆਂ ਚੋਣਾਂ ਵਿਚ ਹਾਜੀਪੁਰ ਤੋਂ 5.04 ਲੱਖ ਵੋਟਾਂ ਦੇ ਫ਼ਰਕ ਨਾਲ ਅਤੇ ਉਸ ਤੋਂ ਪਹਿਲਾਂ 1977 ਦੀਆਂ ਚੋਣਾਂ ਵਿਚ 4.24 ਲੱਖ ਵੋਟਾਂ ਦੇ ਫ਼ਰਕ ਨਾਲ ਕਾਮਯਾਬੀ ਪਾਈ ਸੀ।
ਨਰੇਂਦਰ ਮੋਦੀ ਤੇ ਰਾਜੀਵ ਗਾਂਧੀ ਦੀ ਰਹੀ ਝੰਡੀ..
ਦੇਸ਼ ਭਰ ਚੋਂ ਮਾਰਜਿਨ ਦੇ ਮਾਮਲੇ ਵਿਚ ਪਹਿਲੇ ਨੰਬਰ ’ਤੇ ਆਉਣ ਵਾਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਨ ਜਿਨ੍ਹਾਂ ਨੇ ਸਾਲ 2014 ਵਿਚ ਵਡੋਦਰਾ ਹਲਕੇ ਤੋਂ 5.70 ਲੱਖ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਸੀ। ਦੂਜਾ ਨੰਬਰ ਰਾਜੀਵ ਗਾਂਧੀ ਦਾ ਆਉਂਦਾ ਹੈ ਜਿਨ੍ਹਾਂ ਨੇ 1984 ਦੀਆਂ ਚੋਣਾਂ ਵਿਚ ਅਮੇਠੀ ਹਲਕੇ ਤੋਂ 3.14 ਲੱਖ ਵੋਟਾਂ ਦੇ ਫ਼ਰਕ ਨਾਲ ਸਫਲਤਾ ਹਾਸਲ ਕੀਤੀ ਸੀ। ਇਹ ਦੋ ਅਜਿਹੇ ਪ੍ਰਧਾਨ ਮੰਤਰੀ ਰਹੇ ਜਿਨ੍ਹਾਂ ਦਾ ਦੇਸ਼ ਭਰ ਚੋਂ ਮਾਰਜਿਨ ਵਿਚ ਰਿਕਾਰਡ ਰਿਹਾ। ਦੇਸ਼ ਦਾ ਹੋਰ ਕੋਈ ਵੀ ਪ੍ਰਧਾਨ ਮੰਤਰੀ ਮੁਲਕ ਚੋਂ ਵੋਟ ਮਾਰਜਿਨ ਵਿਚ ਪਹਿਲਾ ਨੰਬਰ ਹਾਸਲ ਨਹੀਂ ਕਰ ਸਕਿਆ ਹੈ।
ਹੁਸਨ ਦੀ ਸ਼ਹਿਜ਼ਾਦੀ ਨੂੰ ਮਾਤ ਕੌਣ ਦੇਊ..
ਰਾਜਸਥਾਨ ਚੋਂ ਪਹਿਲੀ ਮਹਿਲਾ ਸੰਸਦ ਮੈਂਬਰ ਮਹਾਰਾਣੀ ਗਾਇਤਰੀ ਦੇਵੀ ਸੀ ਜਿਸ ਨੇ ਸਾਲ 1962 ਦੀਆਂ ਚੋਣਾਂ ਵਿਚ ਸਮੁੱਚੇ ਮੁਲਕ ਚੋਂ ਸਭ ਤੋਂ ਵੱਧ ਮਾਰਜ਼ਿਨ 1.57 ਲੱਖ ਨਾਲ ਚੋਣ ਜਿੱਤੀ ਸੀ। ਦੇਸ਼ ਵਿਚ ਹੁਣ ਤੱਕ ਹੋਈਆਂ 17 ਚੋਣਾਂ ਵਿਚ ਗਾਇਤਰੀ ਦੇਵੀ ਤੋਂ ਬਿਨਾਂ ਕੋਈ ਵੀ ਮਹਿਲਾ ਉਮੀਦਵਾਰ ਦੇਸ਼ ਚੋਂ ਵੋਟਾਂ ਦੇ ਮਾਰਜਿਨ ਵਿਚ ਪਹਿਲੇ ਨੰਬਰ ’ਤੇ ਨਹੀਂ ਆਈ ਹੈ। ਜੈਪੁਰ ਹਲਕੇ ਤੋਂ ਜੇਤੂ ਰਹੀ ਗਾਇਤਰੀ ਦੇਵੀ ਨੂੰ ਹੁਸਨ ਦੀ ਸ਼ਹਿਜ਼ਾਦੀ ਕਿਹਾ ਜਾਂਦਾ ਸੀ।
ਆਜ਼ਾਦ ਉਮੀਦਵਾਰਾਂ ਨੇ ਬਣਾਏ ਰਾਹ..
ਦੇਸ਼ ਵਿਚ ਦੋ ਵਾਰ ਅਜਿਹਾ ਮੌਕਾ ਆਇਆ ਜਾਂਦਾ ਸਮੁੱਚੇ ਮੁਲਕ ਚੋਂ ਵੋਟਾਂ ਦੇ ਮਾਰਜਿਨ ’ਚ ਆਜ਼ਾਦ ਉਮੀਦਵਾਰਾਂ ਦੀ ਸਰਦਾਰੀ ਰਹੀ। 1967 ਦੀਆਂ ਲੋਕ ਸਭਾ ਚੋਣਾਂ ਵਿਚ ਦੇਸ਼ ਭਰ ਚੋਂ ਸਭ ਤੋਂ ਵੱਡਾ ਵੋਟਾਂ ਦਾ ਮਾਰਜਿਨ ਬੀਕਾਨੇਰ ਤੋਂ ਆਜ਼ਾਦ ਉਮੀਦਵਾਰ ਮਹਾਰਾਜਾ ਕਰਨੀ ਸਿੰਘ ਦਾ ਸੀ ਜਿਸ ਨੇ 1.93 ਲੱਖ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਸੀ। ਇਸੇ ਤਰ੍ਹਾਂ ਸਾਲ 1980 ਦੀਆਂ ਚੋਣਾਂ ਵਿਚ ਦੇਸ਼ ਚੋਂ ਵੋਟ ਮਾਰਜਿਨ ਵਿਚ ਪਹਿਲੇ ਨੰਬਰ ’ਤੇ ਮੱਧ ਪ੍ਰਦੇਸ਼ ਦੇ ਹਲਕਾ ਰੇਵਾ ਤੋਂ ਆਜ਼ਾਦ ਉਮੀਦਵਾਰ ਮਹਾਰਾਜਾ ਮਰਤੰਡ ਸਿੰਘ ਸੀ ਜਿਸ ਨੇ 2.38 ਲੱਖ ਵੋਟਾਂ ਦੇ ਫ਼ਰਕ ਨਾਲ ਕਾਮਯਾਬੀ ਪਾਈ ਸੀ।
ਪੰਜਾਬ ’ਚ ਸਭ ਤੋਂ ਵੱਧ ਮਾਰਜਿਨ
ਚੋਣ ਵਰ੍ਹਾ ਹਲਕਾ ਜੇਤੂ ਰਿਹਾ ਉਮੀਦਵਾਰ ਜੇਤੂ ਮਾਰਜਿਨ
2019 ਫ਼ਿਰੋਜ਼ਪੁਰ ਸੁਖਬੀਰ ਸਿੰਘ ਬਾਦਲ 1.98 ਲੱਖ
2014 ਸੰਗਰੂਰ ਭਗਵੰਤ ਮਾਨ 2.11 ਲੱਖ
2009 ਬਠਿੰਡਾ ਹਰਸਿਮਰਤ ਕੌਰ ਬਾਦਲ 1.20 ਲੱਖ
2004 ਫ਼ਰੀਦਕੋਟ ਸੁਖਬੀਰ ਸਿੰਘ ਬਾਦਲ 1.35 ਲੱਖ
1999 ਲੁਧਿਆਣਾ ਗੁਰਚਰਨ ਸਿੰਘ ਗ਼ਾਲਿਬ 1.05 ਲੱਖ
1998 ਤਰਨਤਾਰਨ ਪ੍ਰੇਮ ਸਿੰਘ ਲਾਲਪੁਰਾ 1.46 ਲੱਖ
1996 ਬਠਿੰਡਾ ਹਰਿੰਦਰ ਸਿੰਘ ਨਾਰਵੇ 92,229
1991 ਜਲੰਧਰ ਯਸ਼ 1.13 ਲੱਖ
1989 ਤਰਨਤਾਰਨ ਸਿਮਰਨਜੀਤ ਸਿੰਘ ਮਾਨ 4.80 ਲੱਖ
1984 ਸੰਗਰੂਰ ਬਲਵੰਤ ਸਿੰਘ ਰਾਮੂਵਾਲੀਆ 1.22 ਲੱਖ
1980 ਫ਼ਿਰੋਜ਼ਪੁਰ ਬਲਰਾਮ ਜਾਖੜ 1.94 ਲੱਖ
1977 ਬਠਿੰਡਾ ਧੰਨਾ ਸਿੰਘ ਗੁਲਸ਼ਨ 1.75 ਲੱਖ
1971 ਫਿਲੌਰ ਸਾਧੂ ਰਾਮ 1.05 ਲੱਖ
1967 ਪਟਿਆਲਾ ਮਹਿੰਦਰ ਕੌਰ 1.10 ਲੱਖ
1962 ਊਨਾ ਦਲਜੀਤ ਸਿੰਘ 70,222
No comments:
Post a Comment