Tuesday, August 25, 2015

                                  ਖੇਤੀ ਸ਼ਹੀਦ
                    ਤੁਰ ਗਏ ਜਿਨਾਂ ਦੇ ਸਾਈਂ...
                                 ਚਰਨਜੀਤ ਭੁੱਲਰ
ਬਠਿੰਡਾ : ਵਿਧਵਾ ਅਮਰਜੀਤ ਕੌਰ ਲਈ ਕੁਝ ਵੀ ਨਵਾਂ ਨਹੀਂ। ਸਾਹੂਕਾਰਾਂ ਦੇ ਦਬਕੇ, ਬੈਂਕਾਂ ਦੇ ਨੋਟਿਸ ਅਤੇ ਸਰਕਾਰੀ ਲਾਰੇ,ਉਸ ਲਈ ਸਭ ਕੁਝ ਪੁਰਾਣਾ ਹੈ। ਬੱਸ ਇੱਕੋ ਦੁੱਖ ਹਨ ਜਿਨ•ਾਂ ਦੇ ਜ਼ਖਮ ਅੱਜ ਵੀ ਹਰੇ ਹਨ। ਪਿੰਡ ਪਿਥੋ ਦੀ ਇਸ ਵਿਧਵਾਂ ਨੂੰ ਤਾਂ ਚਾਰ ਵਰਿ•ਆਂ ਤੋਂ ਨਾ ਕੋਈ ਸੜਕ ਓਪਰੀ ਲੱਗੀ ਹੈ ਅਤੇ ਨਾ ਕੋਈ ਰੇਲ ਮਾਰਗ। ਉਸ ਦਾ ਪਤੀ ਕਰਜ਼ੇ ਦਾ ਬੋਝ ਨਹੀਂ ਸਹਾਰ ਸਕਿਆ ਸੀ। ਖੇਤਾਂ ਚੋਂ ਖੁਦਕੁਸ਼ੀ ਦੀ ਹੀ ਖਬਰ ਆਈ। ਸਿਰਫ ਡੇਢ ਏਕੜ ਜ਼ਮੀਨ ਬਚੀ ਹੈ ਅਤੇ ਸਿਰ ਤਿੰਨ ਲੱਖ ਦਾ ਕਰਜ਼। ਅੰਗਹੀਣ ਲੜਕਾ ਗੁਰਪ੍ਰੀਤ ਸਿੰਘ ਮਾਂ ਨੂੰ ਕਦੇ ਕਿਸੇ ਧਰਨੇ ਵਿਚ ਭੇਜਦਾ ਹੈ ਅਤੇ ਕਦੇ ਕਿਸੇ ਦਫਤਰ ਵਿਚ। ਅਮਰਜੀਤ ਕੌਰ ਦੱਸਦੀ ਹੈ ਕਿ ਚਾਰ ਵਰਿ•ਆਂ ਦੌਰਾਨ ਉਹ ਹਰ ਸੜਕ ਤੇ ਕਿਸਾਨਾਂ ਨਾਲ ਧਰਨੇ ਵਿਚ ਬੈਠੀ ਹੈ। ਮਾਲੀ ਇਮਦਾਦ ਵਾਲੇ ਪਰਿਵਾਰਾਂ ਦੀ ਸੂਚੀ ਵਿਚ ਉਸ ਦਾ ਨਾਮ ਤਾਂ ਆ ਗਿਆ ਹੈ ਪ੍ਰੰਤੂ ਹਾਲੇ ਤੱਕ ਚੈੱਕ ਨਹੀਂ ਆਇਆ।
                     ਪਿੰਡ ਜੇਠੂਕੇ ਦੀ 80 ਵਰਿ•ਆਂ ਦੀ ਬਸੰਤ ਕੌਰ ਨੂੰ ਸੜਕਾਂ ਤੇ ਬੈਠਣ ਦਾ ਸੌਂਕ ਨਹੀਂ। ਜ਼ਿੰਦਗੀ ਦੇ ਆਖਰੀ ਪੜਾਅ ਵਿਚ ਉਹ ਕਿਸਾਨ ਪਰਿਵਾਰਾਂ ਦੀ ਲੜਾਈ ਪੂਰੇ ਡੇਢ ਦਹਾਕੇ ਤੋਂ ਲੜ ਰਹੀ ਹੈ। ਮਹਿਲਾ ਕਿਸਾਨ ਆਗੂ ਬਿੰਦੂ ਆਖਦੀ ਹੈ ਕਿ ਇਸ ਬਜ਼ੁਰਗ ਦੀ ਮੁਜ਼ਾਹਰਿਆਂ ਵਿਚ ਮੌਜੂਦਗੀ ਹੋਰਨਾਂ ਮਹਿਲਾਵਾਂ ਲਈ ਢਾਰਸ ਤੇ ਹੌਸਲਾ ਬਣਦੀ ਹੈ। ਬਸੰਤ ਕੌਰ ਨੇ 15 ਵਰਿ•ਆਂ ਵਿਚ ਲੋਕ ਸੰਘਰਸ਼ਾਂ ਦੇ ਹਰ ਰੰਗ ਵੇਖੇ ਹਨ ਅਤੇ ਪੁਲੀਸ ਦੇ ਰੌਂਅ ਤੋਂ ਵੀ ਵਾਕਿਫ ਹੈ। ਉਹ ਆਖਦੀ ਹੈ ਕਿ ਖੇਤਾਂ ਦੇ ਪੁੱਤਾਂ ਦੇ ਘਰਾਂ ਵਿਚ ਵੀ ਚਿੜੀਆਂ ਚਹਿਕਣ, ਇਸੇ ਕਰਕੇ ਉਹ ਸੜਕਾਂ ਤੇ ਬੈਠਦੀ ਹੈ। ਇਵੇਂ ਹੀ 70 ਵਰਿ•ਆਂ ਦੀ ਗੁਰਦੇਵ ਕੌਰ ਤੇ ਉਮਰਾਂ ਤੋਂ ਵੱਡਾ ਦੁੱਖਾਂ ਦਾ ਭਾਰ ਹੈ। ਹਰ ਧਰਨੇ ਦਾ ਸੱਦਾ ਉਸ ਵਿਚ ਨਵੀਂ ਉਮੀਦ ਭਰ ਦਿੰਦਾ ਹੈ।
                      ਗੁਰਦੇਵ ਕੌਰ ਆਪਣੇ ਖੇਤਾਂ ਵਿਚ ਗੁਆਚੇ ਪੁੱਤ ਬਿੰਦਰ ਸਿੰਘ ਦੀ ਤਕਦੀਰ ਹੁਣ ਸੜਕਾਂ ਤੋਂ ਭਾਲ ਰਹੀ ਹੈ। ਭਾਰਤੀ ਕਿਸਾਨ ਯੂਨੀਅਨ(ਉਗਰਾਹਾਂ) ਵਲੋਂ ਜ਼ਿਲ•ਾ ਪੱਧਰ ਤੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਲਈ ਲਗਾਤਾਰ ਧਰਨੇ ਸ਼ੁਰੂ ਕੀਤੇ ਹਨ। ਇਨ•ਾਂ ਧਰਨਿਆਂ ਦੇ ਪਹਿਲੇ ਦਿਨ ਸੜਕਾਂ ਤੇ ਗੂੰਜਣ ਵਾਲਿਆਂ ਵਿਚ ਬਜ਼ੁਰਗ ਵੀ ਸ਼ਾਮਲ ਸਨ। ਵੱਡੀ ਉਮਰ ਦੀਆਂ ਬਜ਼ੁਰਗ ਔਰਤਾਂ ਦਾ ਸੜਕਾਂ ਤੇ ਝੰਡੇ ਚੁੱਕ ਦੇ ਬੈਠਣਾ ਸੰਕੇਤ ਕਰਦਾ ਹੈ ਕਿ ਪੰਜਾਬ ਦੇ ਵਿਹੜੇ ਸੁੱਖ ਨਹੀਂ। ਪਿੰਡ ਬਾਲਿਆਂ ਵਾਲੀ ਦੀ ਮਾਂ ਹਰਬੰਸ ਕੌਰ ਆਪਣੀ ਖੁਦਕੁਸ਼ੀ ਕਰ ਗਏ ਪੁੱਤ ਦੀ ਤਸਵੀਰ ਲੈ ਕੇ ਹਰ ਦਫਤਰ ਗਈ ਹੈ ਪ੍ਰੰਤੂ ਉਸ ਨੂੰ ਹੰਝੂ ਪੂੰਝਣ ਵਾਲਾ ਕੋਈ ਹੱਥ ਨਹੀਂ ਮਿਲਿਆ। ਨਾ ਹੀ ਕੋਈ ਛੋਟੀ ਵੱਡੀ ਸਿਆਸੀ ਚੋਣ ਉਸ ਦਾ ਸਹਾਰਾ ਬਣ ਸਕੀ ਹੈ। ਅੱਜ ਧਰਨੇ ਵਿਚ ਵੀ ਉਹ ਆਪਣੇ ਪੁੱਤ ਦੀ ਤਸਵੀਰ ਉਚੀ ਕਰਕੇ ਦਿਖਾ ਰਹੀ ਸੀ ਕਿ ਸਾਇਦ ਕਿਸੇ ਦਰਬਾਰੀ ਦੇ ਨਜ਼ਰ ਪੈ ਜਾਵੇ।
                    ਮਾਲਵਾ ਖਿੱਤੇ ਵਿਚ ਹਜ਼ਾਰਾਂ ਵਿਧਵਾਂ ਔਰਤਾਂ ਹਨ ਜਿਨ•ਾਂ ਦੇ ਕੋਲ ਸਿਰਫ ਤਸਵੀਰਾਂ ਹੀ ਬਚੀਆਂ ਹਨ। ਇਨ•ਾਂ ਔਰਤਾਂ ਕੋਲ ਨਾ ਖੇਤ ਬਚੇ ਹਨ ਅਤੇ ਨਾ ਹੀ ਇਨ•ਾਂ ਖੇਤਾਂ ਦੇ ਮਾਲਕ। ਜਦੋਂ ਵੀ ਕਿਸਾਨ ਧਰਨੇ ਮੁਜ਼ਾਹਰਾ ਕਰਦੇ ਹਨ,ਇਹ ਔਰਤਾਂ ਇਨ•ਾਂ ਲੋਕ ਸੰਘਰਸ਼ਾਂ ਚੋਂ ਹੀ ਆਪਣਾ ਭਵਿੱਖ ਤਲਾਸ਼ਣ ਲਈ ਉਠ ਤੁਰਦੀਆਂ ਹਨ। ਬਠਿੰਡਾ ਤੇ ਮਾਨਸਾ ਜ਼ਿਲ•ੇ ਵਿਚ ਤਾਂ ਕਿਸਾਨ ਧਿਰਾਂ ਨੇ ਹਰ ਪਿੰਡ ਵਿਚ ਔਰਤਾਂ ਦੇ ਜਥੇ ਤਿਆਰ ਕੀਤੇ ਹੋਏ ਹਨ ਜੋ ਵਿਧਵਾਂ ਔਰਤਾਂ ਦੀ ਲੜਾਈ ਲੜ ਰਹੇ ਹਨ। ਇਵੇਂ ਹੀ ਵੱਡੀ ਗਿਣਤੀ ਵਿਚ ਅੱਜ ਬਜ਼ੁਰਗ ਵੀ ਧਰਨੇ ਵਿਚ ਬੈਠੇ ਸਨ ਜਿਨ•ਾਂ ਦੇ ਕਮਾਊ ਪੁੱਤਾਂ ਨੂੰ ਤੂਤਾਂ ਵਾਲੇ ਖੇਤ ਜ਼ਜ਼ਬ ਕਰ ਗਏ ਹਨ।
                    ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰਾਂ ਦੀ ਮਾਲੀ ਇਮਦਾਦ ਦੀ ਰਾਸ਼ੀ ਤਿੰਨ ਲੱਖ ਰੁਪਏ ਕਰ ਦਿੱਤੀ ਹੈ ਅਤੇ ਇਸ ਤੋਂ ਪਹਿਲਾਂ ਦੋ ਲੱਖ ਰੁਪਏ ਸੀ। ਸੈਂਕੜੇ ਪਰਿਵਾਰਾਂ ਨੂੰ ਦੋ ਲੱਖ ਦੀ ਰਾਸ਼ੀ ਵੀ ਨਹੀਂ ਮਿਲੀ ਹੈ ਜਦੋਂ ਕਿ ਸਰਕਾਰੀ ਸਰਵੇ ਵਿਚ ਉਨ•ਾਂ ਦਾ ਨਾਮ ਸ਼ਾਮਲ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ•ਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਕਿਸਾਨ ਸੰਘਰਸ਼ ਸਦਕਾ ਹੀ ਪਹਿਲਾਂ ਸਰਕਾਰ ਨੇ ਮੁਆਵਜ਼ੇ ਦੀ ਰਾਸ਼ੀ ਜਾਰੀ ਕੀਤੀ ਸੀ ਅਤੇ ਹੁਣ ਵੀ ਉਹ ਬਕਾਇਆ ਰਾਸ਼ੀ ਜਾਰੀ ਕਰਾਉਣ ਲਈ ਧਰਨੇ ਲਾ ਰਹੇ ਹਨ। ਉਨ•ਾਂ ਆਖਿਆ ਕਿ ਹੁਣ ਲੋਕ ਸੰਘਰਸ਼ ਤੋਂ ਬਿਨ•ਾਂ ਕੋਈ ਚਾਰਾ ਨਹੀਂ ਬਚਿਆ ਹੈ ਅਤੇ ਕਿਸਾਨ ਮਜ਼ਦੂਰ ਵੀ ਇਹ ਗੱਲ ਜਾਣ ਚੁੱਕੇ ਹਨ।
   
                                 
           

No comments:

Post a Comment