Thursday, November 30, 2017

                                ਬੇਦਰਦ ਹਕੂਮਤ
             ਰੋਲ ਦਿੱਤਾ ਮਰਨਾ ਪੁੱਤ ਸ਼ੇਰ ਬੱਗੇ ਦਾ
                                ਚਰਨਜੀਤ ਭੁੱਲਰ
ਬਠਿੰਡਾ  : ਕੈਪਟਨ ਹਕੂਮਤ ਹੁਣ ਮਾਂ ਸੁਖਜੀਤ ਕੌਰ ਦੇ ਜੇਰੇ ਨੂੰ ਪਰਖ ਰਹੀ ਹੈ। ਇਸ ਮਾਂ ਨੇ ਪਹਿਲਾਂ ਖੇਤਾਂ 'ਚ ਰੁਲਦਾ ਪੁੱਤ ਵੇਖਿਆ ਤੇ ਹੁਣ ਨੌ ਦਿਨਾਂ ਤੋਂ ਪੁੱਤ ਦੀ ਰੁਲਦੀ ਲਾਸ਼ ਦੇਖ ਰਹੀ ਹੈ। ਜਦੋਂ ਸਰਕਾਰ 'ਬੁੱਤ' ਬਣ ਜਾਏ ਤਾਂ ਮਾਂਵਾਂ ਦੇ ਪੁੱਤਾਂ ਦਾ ਮਰਨਾ ਵੀ ਰੁਲ ਜਾਂਦਾ ਹੈ। ਪੂਰੇ ਨੌ ਦਿਨਾਂ ਤੋਂ ਜਵਾਨ ਕਿਸਾਨ ਭੁਪਿੰਦਰ ਸਿੰਘ ਦੀ ਲਾਸ਼ ਰੁਲ ਰਹੀ ਹੈ। ਸਰਕਾਰ ਇਨਸਾਫ ਲੈਣ ਲਈ ਮੈਦਾਨ 'ਚ ਕੁੱਦੇ ਕਿਸਾਨਾਂ ਦਾ ਸਿਰੜ ਵੀ ਤੋਲ ਰਹੀ ਹੈ। ਹਾਲੇ ਤੱਕ ਕਿਸੇ ਅਫਸਰ ਦਾ ਵੀ ਮਨ ਸਭ ਕੁਝ ਦੇਖ ਕੇ ਨਹੀਂ ਉੱਛਲਿਆ। ਮਾਂ ਸੁਖਜੀਤ ਕੌਰ ਹੁਣ ਚਲਦੀ ਫਿਰਦੀ 'ਲਾਸ਼' ਤੋਂ ਵੱਧ ਕੇ ਕੁਝ ਨਹੀਂ। ਰਾਤ ਨੂੰ ਜਦੋਂ ਖੜਾਕ ਹੁੰਦਾ ਹੈ ਤਾਂ ਬੂਹੇ ਵੱਲ ਦੇਖਦੀ ਹੈ। ਨਿਆਂ ਦੇਣ ਦੀ ਥਾਂ ਪੁਲੀਸ ਇਸ ਮਾਂ ਦੇ ਸਬਰ ਨੂੰ ਗਜ਼ਾਂ ਨਾਲ ਨਾਪਣ ਲੱਗੀ ਹੈ। ਬਾਪ ਦਰਸ਼ਨ ਸਿੰਘ ਆਖਦਾ ਹੈ ਕਿ ਜੋ ਪੁੱਤ ਦੀ ਮੌਤ ਲਈ ਜਿੰਮੇਵਾਰ ਹਨ, ਉਨ•ਾਂ ਤੇ ਕੇਸ ਦਰਜ ਹੋਵੇ। ਪਿੰਡ ਮੰਡੀ ਕਲਾਂ ਦੇ ਭੁਪਿੰਦਰ ਸਿੰਘ ਨੇ 20 ਨਵੰਬਰ ਦੀ ਰਾਤ ਨੂੰ ਖੁਦਕੁਸ਼ੀ ਕਰ ਲਈ ਸੀ। ਖੁਦਕੁਸ਼ੀ ਨੋਟ 'ਚ ਉਸ ਨੇ ਇੱਕ ਏ.ਐਸ.ਆਈ ਦਾ ਨਾਮ ਲਿਖਿਆ ਜੋ ਉਸ ਨੂੰ ਡਰਾ ਧਮਕਾ ਰਿਹਾ ਸੀ। ਘਰੋਂ ਮਾਂ ਨੂੰ ਉਹ ਇਹੋ ਆਖ ਕੇ ਗਿਆ ਕਿ ' ਤੜਕੇ ਨਰਮਾ ਮੰਡੀ ਲੈ ਕੇ ਜਾਵਾਂਗੇ'। ਤੜਕਸਾਰ ਮਾਪਿਆਂ ਨੂੰ ਭੁਪਿੰਦਰ ਦੀ ਲਾਸ਼ ਮੰਡੀ ਰਾਮਪੁਰਾ ਦੇ ਹਸਪਤਾਲ ਲਿਜਾਣੀ ਪੈ ਗਈ।
                   ਆੜ•ਤੀਆਂ ਤਾਂ ਕਿਸਾਨ ਭੁਪਿੰਦਰ ਦੇ ਰਾਹ ਦੇਖ ਰਿਹਾ ਸੀ ਪ੍ਰੰਤੂ ਉਸ ਤੋਂ ਪਹਿਲਾਂ ਹੀ ਇਹ ਕਿਸਾਨ ਕਿਸੇ ਹੋਰ 'ਮੰਡੀ' ਚਲਾ ਗਿਆ। ਜਮ•ਾਂ ਦੋ ਦੀ ਪੜਾਈ ਮਗਰੋਂ ਉਸ ਨੇ ਪਾਸਪੋਰਟ ਬਣਾਇਆ ਤੇ ਵਿਦੇਸ਼ ਜਾਣ ਦੇ ਸੁਫਨੇ ਵੇਖਣ ਲੱਗਾ। ਉਸ ਤੋਂ ਪਹਿਲਾਂ ਪੁਲੀਸ ਨੇ ਇੱਕ ਕੇਸ ਦਰਜ ਕਰ ਦਿੱਤਾ ਜਿਸ ਦੀ ਪੜਤਾਲ 'ਚ ਉਹ ਨਿਰਦੋਸ਼ ਨਿਕਲਿਆ। ਛੋਟੀ ਕਿਸਾਨੀ ਵਾਲੇ ਇਸ ਪਰਿਵਾਰ ਨੂੰ ਪੁਲੀਸ ਦੀ ਡਰਾਉਣੀ ਚੁੱਪ ਹੁਣ ਰੜਕ ਰਹੀ ਹੈ। ਬਾਪ ਦਰਸ਼ਨ ਸਿੰਘ ਆਖਦਾ ਹੈ ,' ਏਨੀ ਨਿਰਦਈ ਸਰਕਾਰ, ਕਿਸੇ ਨੇ ਫੋਕਾ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ।'  ਭੁਪਿੰਦਰ ਸਿੰਘ ਨੇ 20 ਨਵੰਬਰ ਦੀ ਰਾਤ ਨੂੰ ਮੌਤ ਨੂੰ ਜੱਫੀ ਪਾ ਲਈ ਅਤੇ ਮਾਂ ਸੁਖਜੀਤ ਕੌਰ ਨੂੰ ਨਾ ਦਿਨੇ ਚੈਨ ਹੈ ਅਤੇ ਨਾ ਰਾਤ ਨੂੰ ਅੱਖ ਲੱਗਦੀ ਹੈ। ਮਾਂ ਆਖਦੀ ਹੈ ' ਜਿਹਦੇ ਪੁੱਤ ਦੀ ਲਾਸ਼ ਰੁਲ ਜਾਏ, ਉਸ ਨੂੰ ਨੀਂਦਾਂ ਕਿਥੇ'। 'ਜਦੋਂ ਰੋਟੀ ਦੀ ਬੁਰਕੀ ਮੂੰਹ 'ਚ ਪਾਉਂਦੀ ਹਾਂ ਤਾਂ ਲੰਘਦੀ ਨਹੀਂ।' ਮਾਂ ਨੇ ਰੋਂਦੀ ਹੋਈ ਨੇ ਦੱਸਿਆ। ਇਸ ਘਰ ਦਾ ਦੀਵਾ ਹੀ ਬੁੱਝ ਗਿਆ ਹੈ ਅਤੇ ਪੂਰੇ ਪਿੰਡ ਦੇ ਚੁੱਲ•ੇ ਠੰਢੇ ਹੋ ਗਏ ਹਨ। ਪਿੰਡ ਵਾਲਿਆਂ ਦੇ ਇਸ ਸ਼ੇਰ ਬੱਗੇ ਦੀ ਲਾਸ਼ ਨੂੰ ਵੀ ਹੁਣ ਲਮਕਣਾ ਪੈ ਰਿਹਾ ਹੈ। ਇਸ ਪਰਿਵਾਰ ਕੋਲ ਛੇ ਏਕੜ ਜ਼ਮੀਨ ਹੈ ਅਤੇ ਸਿਰ ਸੱਤ ਲੱਖ ਦਾ ਕਰਜ਼ਾ ਹੈ। ਭੁਪਿੰਦਰ ਸਿੰਘ ਦਾ ਇੱਕ ਛੋਟਾ ਭਰਾ ਪ੍ਰਲਾਦ ਸਿੰਘ ਹੈ ਜਿਸ ਨੂੰ ਹੁਣ ਕਦੇ ਵੀ ਸੱਜੀ ਬਾਂਹ ਦਾ ਅਹਿਸਾਸ ਨਹੀਂ ਹੋਵੇਗਾ।
                     ਭਰਾ ਦੱਸਦਾ ਹੈ ਕਿ ਭੁਪਿੰਦਰ ਨੇ ਖੇਤ ਜਾਣ ਤੋਂ ਪਹਿਲਾਂ ਮਾਂ ਤੋਂ ਰੋਟੀ ਖਾਧੀ ਤੇ ਰਾਤ ਨੂੰ ਖੁਦਕੁਸ਼ੀ ਦਾ ਸੁਨੇਹਾ ਆ ਗਿਆ। ਮਾਂ ਸੁਖਜੀਤ ਕੌਰ ਕੋਲ ਹੁਣ ਕੋਈ ਢਾਰਸ ਨਹੀਂ ਬਚੀ। ਕਿਸਾਨ ਆਗੂ ਕਈ ਦਿਨਾਂ ਤੋਂ ਸੜਕਾਂ ਤੇ ਧਰਨੇ ਮਾਰ ਰਹੇ ਹਨ। ਉਧਰ, ਸਰਕਾਰ ਵਲੋਂ ਵੱਟੀ ਚੁੱਪ ਨੇ ਕਿਸਾਨ ਸੰਘਰਸ਼ ਨੂੰ ਐਸਾ ਝੋਕਾ ਲਾਇਆ ਹੈ ਕਿ ਹੁਣ ਕਿਸਾਨ ਉਬਾਲੇ ਖਾਣ ਲੱਗੇ ਹਨ। ਮਾਂ ਸੁਖਜੀਤ ਕੌਰ ਪੁੱਤ ਦੇ ਚਲੇ ਜਾਣ ਮਗਰੋਂ ਵੀ ਮਿੱਟੀ ਫਰੋਲ ਰਹੀ ਹੈ। ਕਿਧਰੋਂ ਵੀ ਕੋਈ ਸਰਕਾਰੀ ਹੁੰਗਾਰਾ ਨਹੀਂ ਮਿਲਿਆ, ਹਾਲਾਂਕਿ ਜ਼ਿੰਦਗੀ ਨੇ ਇਸ ਕਿਸਾਨ ਪ੍ਰਵਾਰ ਨੂੰ ਏਡੀ ਫੇਟ ਮਾਰ ਦਿੱਤੀ ਹੈ। ਹਕੂਮਤ ਇਸ ਮਾਂ ਨੂੰ ਲਿਫਾਉਣਾ ਚਾਹੁੰਦੀ ਹੈ। ਜਦੋਂ ਕਿ ਮਾਂ ਆਪਣਾ ਕਸੂਰ ਪੁੱਛ ਰਹੀ ਹੈ। ਉਹ ਪੁੱਤ ਦੀ ਮੌਤ ਲਈ ਨਿਆਂ ਮੰਗ ਰਹੀ ਹੈ। ਦੂਸਰੀ ਤਰਫ਼ ਸਰਕਾਰ ਇਸ ਮਾਂ ਦੇ ਜਜ਼ਬਾਤਾਂ ਨਾਲ ਕਲੋਲਾਂ ਕਰ ਰਹੀ ਹੈ।
                                ਮੋਤੀ ਮਹਿਲ ਅੱਗੇ ਲਾਸ਼ ਰੱਖਾਂਗੇ : ਕਿਸਾਨ ਯੂਨੀਅਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਅਤੇ ਜਨਰਲ ਸਕੱਤਰ ਬੋਘ ਸਿੰਘ ਮਾਨਸਾ ਨੇ ਅੱਜ ਐਲਾਨ ਕੀਤਾ ਹੈ ਕਿ ਮ੍ਰਿਤਕ ਕਿਸਾਨ ਭੁਪਿੰਦਰ ਸਿੰਘ ਦੀ ਲਾਸ਼ ਨੂੰ 3 ਦਸੰਬਰ ਨੂੰ ਮੋਤੀ ਮਹਿਲ ਪਟਿਆਲਾ ਅੱਗੇ ਲਿਜਾਇਆ ਜਾਵੇਗਾ ਅਤੇ ਇਸ ਮੌਕੇ ਲਾਸ਼ ਰੱਖ ਕੇ ਧਰਨਾ ਦਿੱਤਾ ਜਾਵੇਗਾ। ਸਰਕਾਰ ਨੇ ਏਨੀ ਬੇਸ਼ਰਮੀ ਧਾਰ ਲਈ ਹੈ ਕਿ ਕਿਸੇ ਨੇ ਇਸ ਪ੍ਰਵਾਰ ਦੀ ਬਾਤ ਤੱਕ ਨਹੀਂ ਪੁੱਛੀ ਹੇ। ਹੁਣ ਪਟਿਆਲੇ ਤੋਂ ਸੁੱਕੇ ਨਹੀਂ ਮੁੜਾਂਗੇ। ਉਨ•ਾਂ ਮੰਗ ਕੀਤੀ ਕਿ ਸਰਕਾਰ ਫੌਰੀ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰੇ, ਪੀੜਤ ਪ੍ਰਵਾਰ ਨੂੰ ਮੁਆਵਜ਼ਾ ਦੇਵੇ। ਬਿਨ•ਾਂ ਇਨਸਾਫ ਤੋਂ ਲਾਸ਼ ਦਾ ਸਸਕਾਰ ਨਹੀਂ ਕੀਤਾ ਜਾਵੇਗਾ। 

2 comments:

  1. ਦੁਖਦ।ਦੁਖਾਂਤ । ।।

    ReplyDelete
  2. ਬਹੁਤ ਦੁਖ ਵਾਲੀ ਗਲ ਮਾਤਾ ਜੀ

    ReplyDelete