‘ਸਿੰਘ ਬਨਾਮ ਕੌਰ’ ਇੱਕ ਲਈ ‘ਪੱਪੂ’, ਦੂਜੇ ਲਈ ‘ਗੁਰੂ’ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦੀ ਸਿਆਸਤ ’ਚ ਸਿੱਧੂ ਜੋੜਾ ਮੁੜ ਸੁਰਖ਼ੀਆਂ ’ਚ ਹੈ। ਨਾਮ ਇੱਕ, ਰਿਸ਼ਤਾ ਇੱਕ, ਸ਼ਹਿਰ ਇੱਕ, ਘਰ ਇੱਕ ਪਰ ਜਨਤਿਕ ਤੌਰ ’ਤੇ ਸਿਆਸੀ ਰਾਹ ਵੱਖ ਵੱਖ ਹਨ। ਕੋਈ ਸਿਆਸੀ ਟੇਵਾ ਲਾ ਰਿਹਾ ਹੈ ਕਿ ਡਾ.ਨਵਜੋਤ ਕੌਰ ਸਿੱਧੂ ਦੇਰ ਸਵੇਰ ਭਾਜਪਾ ਦਾ ਪੱਲਾ ਫੜਨਗੇ, ਕੋਈ ਆਖ ਰਿਹਾ ਹੈ ਕਿ ਇਹ ਤਾਂ ‘ਸਿੰਘ ਬਨਾਮ ਕੌਰ’ ਦੀ ਸਿਆਸਤ ਹੈ। ਦੋਵੇਂ ਸਿੱਧੂ ਵਜੋਂ ਮਸ਼ਹੂਰ ਹਨ, ਫ਼ਰਕ ਸਿਰਫ਼ ਸਿੰਘ ਤੇ ਕੌਰ ਦਾ ਹੀ ਨਹੀਂ, ਅੰਦਰੂਨੀ ਜੁਗਲਬੰਦੀ ਦਾ ਵੀ ਜਾਪਦਾ ਹੈ।ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੂੰ ਕਾਂਗਰਸੀ ਨੇਤਾ ਰਾਹੁਲ ਗਾਂਧੀ ਚੋਂ ‘ਪੱਪੂ’ ਦਿਸਦਾ ਹੈ ਜਦੋਂ ਕਿ ਪਤੀ ਨਵਜੋਤ ਸਿੰਘ ਸਿੱਧੂ ਨੂੰ ਰਾਹੁਲ ਗਾਂਧੀ ਚੋਂ ਸਿਆਸੀ ‘ਗੁਰੂ’ ਨਜ਼ਰ ਪੈਂਦਾ ਹੈ। ਨਵਜੋਤ ਸਿੰਘ ਸਿੱਧੂ ਅਕਸਰ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਆਪਣੇ ਗੁਰੂ ਤੇ ਮਾਰਗ ਦਰਸ਼ਕ ਆਖਦੇ ਹਨ।
ਜਦੋਂ ਡਾ. ਨਵਜੋਤ ਕੌਰ ਸਿੱਧੂ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ‘ਪੰਜ ਸੌ ਕਰੋੜ ਦਾ ਸੂਟਕੇਸ’ ਜ਼ਰੂਰੀ ਹੋਣ ਦਾ ਬਿਆਨ ਦਾਗਿਆ ਤਾਂ ਕਾਂਗਰਸ ’ਤੇ ਇਹ ਸੂਟਕੇਸ ਪਹਾੜ ਵਾਂਗ ਡਿੱਗਿਆ ਸੀ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ‘ਸਿਆਸੀ ਸੂਟਕੇਸ’ ਖੁੱਲ੍ਹਣ ਤੋਂ ਪਹਿਲਾਂ ਹੀ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਹਾਲ ਹੀ ਵਿੱਚ ਡਾ.ਨਵਜੋਤ ਕੌਰ ਸਿੱਧੂ ਨੇ ਟਵੀਟ ਕਰਕੇ ਰਾਹੁਲ ਗਾਂਧੀ ਨੂੰ ‘ਪੱਪੂ’ ਆਖ ਕੇ ਸੰਬੋਧਨ ਕੀਤਾ ਹੈ। ਉਹ ਭਾਜਪਾ ਦੀ ਤਾਰੀਫ਼ ਕਰਦੇ ਵੀ ਨਜ਼ਰ ਆਏ ਹਨ। ਡਾ. ਨਵਜੋਤ ਕੌਰ ਸਿੱਧੂ ਆਖਦੇ ਹਨ ਕਿ ਰਾਹੁਲ ਗਾਂਧੀ ਜ਼ਮੀਨੀ ਹਕੀਕਤਾਂ ਤੋਂ ਅਣਜਾਣ ਹੈ ਅਤੇ ਸਵਾਰਥੀ ਲੋਕਾਂ ’ਚ ਘਿਰੇ ਹੋਣ ਦੀ ਗੱਲ ਕਰਦੇ ਹਨ। ਦੂਸਰੀ ਤਰਫ਼ ਨਵਜੋਤ ਸਿੰਘ ਸਿੱਧੂ ਜੋ ਅਕਸਰ ਬੋਲਣ ਤੋਂ ਗੁਰੇਜ਼ ਨਹੀਂ ਕਰਦੇ, ਹੁਣ ਸਿਆਸੀ ਤੌਰ ’ਤੇ ਚੁੱਪ ਹਨ।
ਉਨ੍ਹਾਂ ਨੇ ਆਪਣੇ ਐਕਸ ਖਾਤੇ ’ਤੇ ਅੱਜ ਵੀ ਕਵਰ ਫ਼ੋਟੋ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੀ ਲਾਈ ਹੋਈ ਹੈ। ਨਵਜੋਤ ਸਿੰਘ ਸਿੱਧੂ ਨੇ ਆਪਣੀ ਡਾਕਟਰ ਪਤਨੀ ਵੱਲੋਂ ਕਾਂਗਰਸ ’ਤੇ ਕੀਤੇ ਜਾ ਰਹੇ ਸ਼ਬਦੀ ਹਮਲਿਆਂ ’ਤੇ ਵੀ ਖ਼ਾਮੋਸ਼ੀ ਧਾਰੀ ਹੋਈ ਹੈ। ਸਿਆਸੀ ਵਿਸ਼ਲੇਸ਼ਕ ਆਖਦੇ ਹਨ ਕਿ ਡਾ. ਨਵਜੋਤ ਕੌਰ ਸਿੱਧੂ ਆਪਣੇ ਪਤੀ ਵਾਲੀ ਤਰਜ਼ ’ਤੇ ਸਿਆਸੀ ਹੱਲੇ ਬੋਲ ਰਹੇ ਹਨ। ਨਵਜੋਤ ਸਿੰਘ ਸਿੱਧੂ ਇਸ ਵੇਲੇ ਕਾਮੇਡੀ ਸ਼ੋਅ ’ਚ ਰੁੱਝੇ ਹੋਏ ਹਨ ਅਤੇ ਕਦੇ ਕਦੇ ਐਕਸ ਖਾਤੇ ’ਤੇ ਵੀਡੀਓ ਸਾਂਝਾ ਕਰਕੇ ਨਵਾਂ ਭੇਤ ਖੜ੍ਹਾ ਕਰ ਦਿੰਦੇ ਹਨ। ਜਦੋਂ ਨਵਜੋਤ ਸਿੰਘ ਸਿੱਧੂ ਸਿਆਸਤ ’ਚ ਸਰਗਰਮ ਸਨ ਤਾਂ ਉਹ ਸਿਆਸੀ ਛਿੱਕੇ ਲਾਉਣ ਤੋਂ ਖੁੰਝਦੇ ਨਹੀਂ ਸਨ ਅਤੇ ਉਸ ਵਕਤ ਡਾ. ਨਵਜੋਤ ਕੌਰ ਸਿੱਧੂ ਚੁੱਪ ਸਨ। ਹੁਣ ਪਤੀ ਚੁੱਪ ਹੈ ਤੇ ਬੀਵੀ ਸ਼ਬਦੀ ਹਮਲੇ ਕਾਂਗਰਸ ’ਤੇ ਬੋਲ ਰਹੀ ਹੈ। ਕੁੱਝ ਵੀ ਹੋਵੇ, ਸਿੱਧੂ ਜੋੜੇ ਨੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਇਨ੍ਹਾਂ ਦੇ ਭਵਿੱਖ ਦੇ ਸਿਆਸੀ ਫ਼ੈਸਲੇ ਬਾਰੇ ਪੰਜਾਬ ਟੇਵੇ ਲਾ ਰਿਹਾ ਹੈ।
.jpg)
No comments:
Post a Comment